October 24, 2016 | By ਸਿੱਖ ਸਿਆਸਤ ਬਿਊਰੋ
ਮੋਗਾ: ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਕੀਤੇ ਗਏ ਸਿੱਖ ਕਤਲੇਆਮ ਦੀ 32ਵੀਂ ਵਰ੍ਹੇਗੰਢ ‘ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਦਲ ਖ਼ਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਸਹਿਯੋਗ ਨਾਲ ‘ਨਸਲਕੁਸ਼ੀ ਯਾਦਗਾਰੀ ਮਾਰਚ’ ਕੀਤਾ ਜਾਵੇਗਾ।
ਇਹਨਾਂ ਪੰਥਕ ਜਥੇਬੰਦੀਆਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਨਵੰਬਰ ਸਿੱਖ ਕਤਲੇਆਮ ਦੀ ਕਵਰੇਜ ਕਰਨ ਮੌਕੇ ‘ਦੰਗੇ’ ਸ਼ਬਦ ਦਾ ਇਸਤੇਮਾਲ ਨਾ ਕਰਨ। ਉਹਨਾਂ ਕਿਹਾ ਕਿ ਭਾਰਤੀ ਸਟੇਟ ਦੀ ਸਰਪ੍ਰਸਤੀ ਅਤੇ ਉਸ ਸਮੇ ਦੀ ਕਾਂਗਰਸ ਸਰਕਾਰ ਦੀ ਪੁਸ਼ਤਪਨਾਹੀ ਹੇਠ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਦਸਿਆ ਕਿ 3 ਨਵੰਬਰ ਦੀ ਸ਼ਾਮ ਨੂੰ ਮੋਗਾ ਸ਼ਹਿਰ ਵਿਚ ‘ਰੋਹ ਭਰਪੂਰ ਮਾਰਚ’ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਦੇ ਨਾਲ ਨਵੰਬਰ 84 ਕਤਲੇਆਮ ਵੈਲਫੇਅਰ ਸੁਸਾਇਟੀ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਹੱਥਾਂ ਵਿਚ ਬੈਨਰ ਅਤੇ ਪੋਸਟਰ ਫੜ ਕੇ ਇਹ ਮਾਰਚ ਕਰਨਗੇ। ਉਨ੍ਹਾਂ ਕਿਹਾ ਕਿ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਅਤੇ ਸਤਿਕਾਰ ਦੇਣ ਲਈ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਯਾਦ ਵਿਚ ਮੋਮਬੱਤੀਆਂ ਜਗਾਈਆਂ ਜਾਣਗੀਆਂ।
ਉਨ੍ਹਾਂ ਦੁਖ ਪ੍ਰਗਟਾਉਦਿਆਂ ਕਿਹਾ ਕਿ ਕਤਲੇਆਮ ਨੂੰ 32 ਸਾਲ ਬੀਤ ਗਏ ਹਨ ਪਰ ਹੁਣ ਤਕ ਇਨਸਾਫ ਨਹੀਂ ਮਿਲਿਆ ਕਿਉਂਕਿ ਭਾਰਤੀ ਜਸਟਿਸ ਸਿਸਟਮ ਵਲੋਂ ਇਸ ਕਤਲੇਆਮ ਨੂੰ ਅੰਜ਼ਾਮ ਦੇਣ ਅਤੇ ਸਾਜਿਸ਼ ਘੜਨ ਵਾਲੇ ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਕੋਈ ਸਜ਼ਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ 32 ਸਾਲਾਂ ਤੋਂ ਇਨਸਾਫ ਲੈਣ ਲਈ ਕਾਨੂੰਨੀ ਜਦੋਜਹਿਦ ਕਰ ਰਹੇ ਹਨ ਪਰ ਹੁਣ ਤਕ ਭਾਰਤੀ ਆਗੂਆਂ ਨੇ ਉਹਨਾਂ ਦੇ ਜ਼ਖਮਾਂ ‘ਤੇ ਕੇਵਲ ਲੂਣ ਹੀ ਛਿੜਕਿਆ ਹੈ। ਉਹਨਾਂ ਸੰਯੁਕਤ ਰਾਸ਼ਟਰ ਨੂੰ ਇਸ ਮਾਮਲੇ ਵਿਚ ਦਖਲ ਦੇ ਕੇ ਸਿੱਖਾਂ ਨੂੰ ਇਨਸਾਫ ਦੇਣ ਦੀ ਅਪੀਲ ਕੀਤੀ।
ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ 32 ਸਾਲ ਪਹਿਲਾਂ ਨਵੰਬਰ ਮਹੀਨੇ ਵਿਚ ਭਾਰਤ ਦਾ ਧਰਮ-ਨਿਰਪੱਖ ਹੋਣ ਦਾ ਦਾਅਵਾ ਦਮ ਤੋੜ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ‘ਤੇ 72 ਘੰਟੇ ਲਈ ਜ਼ਾਲਮਾਂ ਨੂੰ ਸਿੱਖਾਂ ਵਿਰੁੱਧ ਵਹਿਸ਼ੀਪੁਣਾ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ ਅਤੇ ਇਹ ਸੱਭ ਵਰਤਾਰਾ ਸਰਕਾਰੀ ਤੰਤਰ ਦੀ ਸਹਿਮਤੀ ਅਤੇ ਪੁਸ਼ਤਪਨਾਹੀ ਹੇਠ ਹੀ ਸੰਭਵ ਹੋਇਆ ਹੈ।
ਉਹਨਾਂ ਕਿਹਾ ਕਿ ਅਸੀਂ ਬਹੁਤ ਨਾਜ਼ੁਕ ਸਮੇਂ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਭਾਰਤੀ ਰਾਜ ਅਤੇ ਉਸਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਕਾਂਗਰਸ ਅਤੇ ਭਾਜਪਾ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਨਸਲਕੁਸ਼ੀ ਤੇ ਨਫਰਤ ਦੀ ਰਾਜਨੀਤੀ ਕਰਨ ਦੇ ਰਾਹ ਵਿਚ ਬਹੁਤ ਅੱਗੇ ਲੰਘ ਗਈਆਂ ਹਨ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਜਾ ਤਾਂ ਵਿਸ਼ਵ ਭਾਈਚਾਰੇ ਇਸ ਪੂਰੇ ਕੌੜੇ ਸੱਚ ਨੂੰ ਦੇਖਣ ਵਿਚ ਅਸਫਲ ਰਿਹਾ ਹੈ ਜਾਂ ਉਸ ਨੇ ਆਪਣੀਆਂ ਅੱਖਾਂ ਜਾਣਬੁਝ ਕੇ ਬੰਦ ਕਰ ਰੱਖੀਆਂ ਹਨ।
ਉਨ੍ਹਾਂ ਕਿਹਾ ਕਿ “ਕਾਂਗਰਸ ਅਤੇ ਭਾਜਪਾ ਦੋਨਾਂ ਨੇ ਹੁਣ ਤੱਕ ਨਸਲਕੁਸ਼ੀ ਦੀ ਰਾਜਨੀਤੀ ਖੇਡੀ ਹੈ, ਅਤੇ ਘੱਟਗਿਣਤੀਆਂ ਅਤੇ ਦਲਿਤ ਭਾਈਚਾਰੇ ਨੂੰ ਇਸ ਨਫਰਤ ਦਾ ਸ਼ਿਕਾਰ ਬਣਾਇਆ ਹੈ”।
ਇਸ ਮੌਕੇ ਸੁਰਜੀਤ ਸਿੰਘ ਖਾਲਿਸਤਾਨੀ, ਜਗਜੀਤ ਸਿੰਘ ਖੋਸਾ, ਡਾ ਕਾਰਜ ਸਿੰਘ ਧਰਮਸਿੰਘ ਵਾਲਾ, ਗੁਰਬਖਸ਼ ਸਿੰਘ ਸੇਖੋਂ, ਗੁਰਮੁੱਖ ਸਿੰਘ ਸੰਧੂ, ਯੂਥ ਆਗੂ ਗੁਰਮੀਤ ਸਿੰਘ ਕਰਤਾਰਪੁਰ ਆਦਿ ਹਾਜ਼ਿਰ ਸਨ।
Related Topics: All India Sikh Students Federation (AISSF), Dal Khalsa International, Sikh Youth of Punjab, ਸਿੱਖ ਨਸਲਕੁਸ਼ੀ 1984 (Sikh Genocide 1984)