August 16, 2020 | By ਸਿੱਖ ਸਿਆਸਤ ਬਿਊਰੋ
ਜਲੰਧਰ/ਨਵਾਂਸ਼ਹਿਰ: ਸਿੱਖ ਜਥੇਬੰਦੀਆਂ ਵਲੋਂ 15 ਅਗਸਤ ਨੂੰ “ਕਾਲਾ ਦਿਵਸ” ਮਨਾਉਦਿਆਂ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਵਿੱਚ ਵਿਖਾਵੇ ਕੀਤੇ ਗਏ ਜਿਸ ਤਹਿਤ ਨਵਾਂਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਚੌਂਕ ਵਿਚ ਕਾਲੇ ਝੰਡੇ ਅਤੇ ਬੈਨਰ ਲੈ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਕਿਹਾ ਕਿ “15 ਅਗਸਤ ਨੂੰ ਭਾਵੇਂ ਦੇਸ਼ ਆਜ਼ਾਦ ਹੋ ਗਿਆ ਸੀ ਪਰ ਸਿੱਖ ਇੱਕ ਗੁਲਾਮੀ ਚੋ ਨਿੱਕਲ ਕੇ ਦੂਜੀ ਗੁਲਾਮੀ ਹੇਠ ਆ ਗਏ”।
ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਮੁਜ਼ਾਹਰੇ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਯੁਆਪਾ ਕਾਨੂੰਨ ਸਿੱਧਾ ਸਿੱਧਾ ਸਿੱਖਾਂ ਅਤੇ ਹੋਰ ਘੱਟਗਿਣਤੀਆਂ ਤੇ ਜੁਲਮ ਅਤੇ ਤਸ਼ੱਦਦ ਕਰਨ ਦਾ ਹਥਿਆਰ ਹੈ।ਸਟੇਟ ਇਨ੍ਹਾਂ ਦਮਨਕਾਰੀ ਨੀਤੀਆਂ ਨੂੰ ਛੱਡ ਕੇ ਪੰਜਾਬ ਨੂੰ ਸਵੈ-ਨਿਰਣੇ ਦਾ ਹੱਕ ਦੇਵੇ ਤਾਂ ਕਿ ਇਸ ਖਿੱਤੇ ਵਿੱਚ ਸਦੀਵੀ ਸ਼ਾਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ।
ਬ੍ਰਿਟੇਨ ਵਲੋਂ ਸਕੋਟਲੈਂਡ ਅਤੇ ਕੈਨੇਡਾ ਵਲੋਂ ਕਿਊਬਿਕ ਵਿਚ ਦੋ ਵਾਰ ਰੈਫਰੈਂਡਮ ਕਰਾਉਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਿੱਲੀ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਉਹ ਪੰਜਾਬ ਅਤੇ ਕਸ਼ਮੀਰ ਵਿਚ ਰੈਫਰੈਂਡਮ ਕਰਾਉਣ ਤੋਂ ਕਿਉਂ ਭੱਜ ਰਹੀ ਹੈ?
ਦਲ ਖਾਲਸਾ ਪ੍ਰਧਾਨ ਨੇ ਕਿਹਾ ਕਿ ਉਹ ਸਵੈ-ਨਿਰਣੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ ਭਾਂਵੇ ਕਿ ਭਾਰਤ ਨੇ ਇਸ ਸਬੰਧੀ ਸਾਜਸ਼ੀ ਚੁੱਪ ਧਾਰ ਰੱਖੀ ਹੈ।ਪ੍ਰਧਾਨ ਚੀਮਾ ਨੇ ਅੱਗੇ ਕਿਹਾ ਕਿ ਖੇਤੀ ਸੁਧਾਰਾਂ ਦੇ ਨਾਂ ਹੇਠ ਜਾਰੀ ਆਰਡੀਨੈਂਸ, ਪੰਜਾਬ ਦੇ ਖੁਦਕੁਸ਼ੀ ਕਰ ਰਹੇ ਕਿਸਾਨਾਂ ਦੀ ਹਾਲਤ ਹੋਰ ਵੀ ਬਦਤਰ ਕਰੇਗਾ। ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਨੇ ਪਹਿਲਾਂ ਹੀ ਇਸ ਆਰਡੀਨੈਂਸ ਦੇ ਦੁਸ਼ਟ ਪ੍ਰਭਾਵਾਂ ਬਾਰੇ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਹੋਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਸਿੱਖ ਦੇਸ਼ ‘ਚ ਗੁਲਾਮ ਹਨ ਅਤੇ ਉਨ੍ਹਾਂ ਨੂੰ ਕਦੇ ਕੋਈ ਹੱਕ ਜਾ ਇਨਸਾਫ ਨਹੀਂ ਮਿਲਿਆ । ਉਨ੍ਹਾਂ ਕਿਹਾ ਕਿ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਰਕਾਰ ਜਾਣ ਬੁੱਝ ਕੇ ਟਾਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਜ਼ਾਦੀ ਦਿਵਸ ਨੂੰ ਕਾਲਾ ਦਿਵਸ ਮਨਾਉਣ ਦਾ ਮੁੱਖ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਯੁਆਪਾ ਅਤੇ ਦੇਸ਼ ਧ੍ਰੋਹ ਵਰਗੇ ਕਾਲੇ ਕਾਨੂੰਨਾਂ ਦੀ ਘੱਟ ਗਿਣਤੀ ਭਾਈਚਾਰੇ ਦੇ ਖ਼ਿਲਾਫ਼ ਦੁਰਵਰਤੋਂ ਕਰਨਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਬੋਲਦਿਆਂ ਕਿਹਾ ਕਿ 1947 ਵੇਲੇ ਕੀਤੇ ਬਾਅਦਿਆ ਤੋ ਮੁੱਕਰ ਕੇ ਹੁਕਮਰਾਨਾਂ ਨੇ ਉਦੋਂ ਹੀ ਦੱਸ ਦਿੱਤਾ ਸੀ ਕਿ ਸਿੱਖ ਹੁਣ ਉਨ੍ਹਾਂ ਦੇ ਗੁਲਾਮ ਹਨ। ਜਦੋਂ ਤੱਕ ਪੰਜਾਬ ਨੂੰ ਉਸਦੇ ਬਣਦੇ ਹੱਕ ਨਹੀਂ ਮਿਲਦੇ, ਉਦੋਂ ਤੱਕ ਲੋਕਤੰਤਰੀ ਢੰਗ ਤਰੀਕਿਆਂ ਨਾਲ ਇਹ ਲੜਾਈ ਜਾਰੀ ਰਹੇਗੀ।
ਮੁਜ਼ਾਹਰੇ ਦੋਰਾਨ ਪਾਰਟੀ ਵਰਕਰਾਂ ਨੇ ਹੱਥਾਂ ਕਾਲੇ ਝੰਡੇ ਅਤੇ ਤੱਖਤੀਆ ਫੜੀਆਂ ਹੋਈਆਂ ਸਨ। ਜਿਨ੍ਹਾਂ ਉਪਰ “ਯੂ.ਏ.ਪੀ.ਏ. ਭਾਰਤ ਦਾ ਘੱਟਗਿਣਤੀਆਂ ਖਿਲਾਫ ਘਿਣਾਉਣਾ ਹਥਿਆਰ” “15 ਅਗਸਤ ਕਾਲਾ ਦਿਨ””ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰੋ”ਖੇਤੀ ਆਰਡੀਨੈਂਸ ਕਿਸਾਨਾਂ ਲਈ ਛਲਾਵਾ” ਆਦਿ ਲਿਖਿਆ ਹੋਇਆ ਸੀ।
ਇਸ ਵਿਖਾਵੇ ਮੌਕੇ ਰਣਵੀਰ ਸਿੰਘ ਸਕੱਤਰ, ਦਲ ਖਾਲਸਾ ਦੇ ਜਿਲਾ ਪ੍ਰਧਾਨ ਸਤਨਾਮ ਸਿੰਘ ਭਾਰਾਪੁਰ ਮਨਦੀਪ, ਸਿੰਘ ਸਾਹਦੜਾ, ਜਰਨੈਲ ਸਿੰਘ ਨਵਾਂਸ਼ਹਿਰ, ਗੁਰਚਰਨ ਸਿੰਘ ਬਸਿਆਲਾ, ਜਗਜੀਤ ਸਿੰਘ ਪੰਜੋਲੀ,ਗਗਨਦੀਪ ਸਿੰਘ, ਮਨਜੀਤ ਸਿੰਘ ਮਾਹਿਲਪੁਰ, ਪਰਮਜੀਤ ਸਿੰਘ ਮੇਘੋਵਾਲ, ਬੂਟਾ ਸਿੰਘ,ਵੀਰ ਸਿੰਘ ਝਿੰਗੜਾਂ , ਹਰਬੰਸ ਸਿੰਘ ਪੈਲੀ, ਕਸ਼ਮੀਰ ਸਿੰਘ ਸਾਹਦੜਾ, ਰਜਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
Related Topics: Bhai Harpal Singh Cheema, Bhai Harpal Singh Cheema (Dal Khalsa), Dal Khalsa, Kanwar Pal Singh Bittu, Karnail Singh Panjoli, Shiromani Akali Dal Amritsar (Mann), Sukhdev SIngh Bhaur