March 26, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (25 ਮਾਰਚ 2015): ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਰਕਾਰੀ ਸਰਪ੍ਰਸਤੀ ਵਿੱਚ ਯੋਜਨਾਬੱਧ ਤਰੀਕੇ ਨਾਲ ਕੀਤੇ ਕਤਲੇਆਮ ਦੇ ਕੇਸ ਵਿੱਚ ਦਿੱਲੀ ਸਿੱਖ ਕਤਲੇਆਮ ਲਈ ਬਦਨਾਮ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਤੇ ਇਸ ਮਾਮਲੇ ਨੂੰ ਲੁਕਾ ਕੇ ਰੱਖੇ ਜਾਣ ਤੋਂ ਸਿੱਖ ਭਾਈਚਾਰੇ ਵਿੱਚ ਰੋਸ ਹੈ। ਸਿੱਖ ਆਗੂਆਂ ਨੇ ਇਸ ਕਾਰਵਾਈ ਨੂੰ ਨਿਰਾਸ਼ਾਜਨਕ ਦੱਸਿਆ ਹੈ।
ਸਿੱਖ ਨਸਲਕੁਸ਼ੀ ਮਾਮਲਿਆਂ ਦੀ ਚਸ਼ਮਦੀਦ ਗਵਾਹ ਬੀਬੀ ਜਗਦੀਸ਼ ਕੌਰ ਅਤੇ ਫੈਡਰੇਸ਼ਨ ਪੀਰ ਮੁਹੰਮਦ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਕਾਂਗਰਸੀ ਆਗੂ ਨੂੰ ਕਲੀਨ ਚਿੱਟ ਦੇ ਕੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਜਾਂਚ ਇੱਕ ਡਰਾਮਾ ਹੈ, ਜਿਸ ਤੋਂ ਸਾਬਿਤ ਹੋਇਆ ਹੈ ਕਿ ਭਾਰਤੀ ਨਿਆਂ ਪਾਲਿਕਾ ਕੋਲੋਂ ਸਿੱਖ ਕੌਮ ਨੂੰ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਆਖਿਆ ਕਿ ਅੱਜ ਦਾ ਦਿਨ ਸਿੱਖ ਭਾਈਚਾਰੇ ਲਈ ਮੰਦਭਾਗਾ ਦਿਨ ਹੈ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਇਸ ਮਾਮਲੇ ਵਿੱਚ ਸੀਬੀਆਈ ਦੀ ਕਾਰਵਾਈ ਤਸੱਲੀਬਖ਼ਸ਼ ਨਹੀਂ ਹੈ। ਇਹ ਫ਼ੈਸਲਾ ਚੁੱਪ-ਚਪੀਤੇ ਕਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਨੇ ਨਵੰਬਰ 1984 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਯੂ.ਐਨ.ਓ. ਰਾਹੀਂ ਕੌਮਾਂਤਰੀ ਪੱਧਰ ’ਤੇ ਕਰਾਉਣ ਦੀ ਮੰਗ ਕਰਦਿਆਂ ਆਖਿਆ ਕਿ ਹੁਣ ਇਸ ਰਾਹੀਂ ਹੀ ਨਿਆਂ ਮਿਲ ਸਕਦਾ ਹੈ।
ਉਘੇ ਸਿੱਖ ਵਕੀਲ ਐਚ.ਐਸ. ਫੂਲਕਾ ਨੇ ਦੱਸਿਆ ਕਿ ਟਾੲੀਟਲਰ ਕੇਸ ਵਿੱਚ ਸੀਬੀਆਈ ਵੱਲੋਂ ਚੁੱਪ-ਚਪੀਤੇ ਕੇਸ ਬੰਦ ਕਰ ਦਿੱਤਾ ਗਿਆ ਹੈ ਤੇ ਕਾਂਗਰਸੀ ਆਗੂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੇਸ 24 ਦਸੰਬਰ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਇਹ ਗੱਲ ਜ਼ਾਹਿਰ ਨਹੀਂ ਹੋਣ ਦਿੱਤੀ ਗੲੀ। ਤਿੰਨ ਮਹੀਨੇ ਇਸ ਨੂੰ ਭੇਦ ਬਣਾ ਕੇ ਰੱਖਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਕਾਰਵਾਈ ਤੋਂ ਜਾਣੂ ਸੀ ਪਰ ਉਸ ਨੇ ਇਸ ਭੇਤ ਨੂੰ ਜਨਤਕ ਨਹੀਂ ਕੀਤਾ ਹੈ। ਉਨ੍ਹਾਂ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਸੀਬੀਆਈ ਦਾ ਇਹ ਫ਼ੈਸਲਾ ਇਕਤਰਫ਼ਾ ਹੈ ਤੇ ਇਸ ਫ਼ੈਸਲੇ ਨਾਲ ਸੰਸਾਰ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਮਨਾਂ ਅੰਦਰ ਰੋਹ ਪੈਦਾ ਹੋਇਆ ਹੈ। ਇਸ ਮਾਮਲੇ ਵਿੱਚ ਗਵਾਹਾਂ ਅਤੇ ਲੋਕਾਂ ਵੱਲੋਂ ਦੁਹਾਈ ਦਿੱਤੀ ਜਾ ਰਹੀ ਹੈ ਕਿ ਸਿੱਖ ਕਤਲੇਆਮ ਦੀ ਅਗਵਾਈ ਇਸ ਕਾਂਗਰਸੀ ਆਗੂ ਨੇ ਕੀਤੀ ਸੀ ਪਰ ਇਸ ਕਾਂਗਰਸੀ ਆਗੂ ਨੂੰ ਸੀਬੀਆਈ ਨੇ ਕਲੀਨ ਚਿੱਟ ਦੇ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਇਹ ਦੁੱਖ ਵਾਲੀ ਗੱਲ ਹੈ ਕਿ ਸਿੱਖ ਕਤਲੇਆਮ ਦੀ ਹੁਣ ਤੱਕ ਸਹੀ ਢੰਗ ਨਾਲ ਜਾਂਚ ਵੀ ਨਹੀਂ ਹੋਈ ਹੈ ਤੇ ਨਾ ਹੀ ਥਾਣਿਆਂ ਵਿੱਚ ਐਫਆਈਆਰਜ਼ ਦਰਜ ਹੋੲੀਆਂ। ਉਨ੍ਹਾਂ ਨੇ ਜਾਂਚ ਏਜੰਸੀ ਦੇ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਦਿੱਲੀ ਵਿੱਚ ਮਾਰੇ ਗਏ ਲਗਪਗ 4 ਹਜ਼ਾਰ ਲੋਕਾਂ ਦਾ ਕਾਤਲ ਕੌਣ ਸੀ ਤੇ ਇਸ ਮਾਮਲੇ ਵਿੱਚ ਹੁਣ ਤਕ ਕਿੰਨੇ ਦੋਸ਼ੀਆਂ ਨੂੰ ਫਾਂਸੀ ਜਾਂ ਸਜ਼ਾਵਾਂ ਦਿੱਤੀਆਂ ਗਈਆਂ ਹਨ।
ਸਿੱਖ ਨਸਲਕੁਸ਼ੀ ਮਾਮਲਿਆਂ ਦੀ ਚਸ਼ਮਦੀਦ ਗਵਾਹ ਬੀਬੀ ਜਗਦੀਸ਼ ਕੌਰ ਅਤੇ ਫੈਡਰੇਸ਼ਨ ਪੀਰ ਮੁਹੰਮਦ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਕਾਂਗਰਸੀ ਆਗੂ ਨੂੰ ਕਲੀਨ ਚਿੱਟ ਦੇ ਕੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਜਾਂਚ ਇੱਕ ਡਰਾਮਾ ਹੈ, ਜਿਸ ਤੋਂ ਸਾਬਿਤ ਹੋਇਆ ਹੈ ਕਿ ਭਾਰਤੀ ਨਿਆਂ ਪਾਲਿਕਾ ਕੋਲੋਂ ਸਿੱਖ ਕੌਮ ਨੂੰ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਆਖਿਆ ਕਿ ਅੱਜ ਦਾ ਦਿਨ ਸਿੱਖ ਭਾਈਚਾਰੇ ਲਈ ਮੰਦਭਾਗਾ ਦਿਨ ਹੈ।
Related Topics: Avtar Singh Makkar, CBI, Dal Khalsa International, Jagdeesh Tytlar, Karnail Singh Peer Mohammad, Shiromani Gurdwara Parbandhak Committee (SGPC), ਸਿੱਖ ਨਸਲਕੁਸ਼ੀ 1984 (Sikh Genocide 1984)