ਸਿੱਖ ਖਬਰਾਂ

ਜੰਮੂ ਵਿਚ ਸਿੱਖ ਨੌਜਵਾਨ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋਣ ਪਿਛੋਂ ਪ੍ਰਦਰਸ਼ਨ ਅਤੇ ਮਾਮਲਾ ਦਰਜ

May 15, 2016 | By

ਜੰਮੂ: ਅਖਨੂਰ ਇਲਾਕੇ ’ਚ ਸਿੱਖ ਨੌਜਵਾਨ ’ਤੇ ਹੋਏ ਹਮਲੇ ਦੇ ਰੋਸ ਵਜੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਜੰਮੂ-ਪਠਾਨਕੋਟ ਕੌਮੀ ਰਾਜ ਮਾਰਗ ਕਈ ਘੰਟਿਆਂ ਤਕ ਠੱਪ ਕਰ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਆਰ.ਐਸ. ਪੁਰਾ ਇਲਾਕੇ ਦੇ ਵਸਨੀਕ ਹਰਵਿੰਦਰ ਸਿੰਘ ’ਤੇ ਕੁਝ ਗੁੰਡਿਆਂ ਨੇ 9 ਮਈ ਨੂੰ ਅਖਨੂਰ ’ਚ ਹਮਲਾ ਕੀਤਾ ਅਤੇ ਉਸ ਦੇ ਕੇਸ ਪੁੱਟੇ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਪਾ ਦਿੱਤਾ।

ਸਿੱਖ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਜੰਮੂ-ਪਠਾਨਕੋਟ ਕੌਮੀ ਰਾਜ ਮਾਰਗ ਕਈ ਘੰਟਿਆਂ ਤਕ ਠੱਪ ਕਰ ਕੇ ਪ੍ਰਦਰਸ਼ਨ ਕੀਤਾ

ਸਿੱਖ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਜੰਮੂ-ਪਠਾਨਕੋਟ ਕੌਮੀ ਰਾਜ ਮਾਰਗ ਕਈ ਘੰਟਿਆਂ ਤਕ ਠੱਪ ਕਰ ਕੇ ਪ੍ਰਦਰਸ਼ਨ ਕੀਤਾ

ਸਿੱਖ ਯੂਨਾਇਟਿਡ ਫਰੰਟ ਦੇ ਜਨਰਲ ਸਕੱਤਰ ਅਵਤਾਰ ਸਿੰਘ ਨੇ ਕਿਹਾ, “ਹਮਲਾਵਰਾਂ ਨੇ ਨਾ ਸਿਰਫ ਸਿੱਖ ਨੌਜਵਾਨ ’ਤੇ ਹਮਲਾ ਕੀਤਾ ਸਗੋਂ ਕਕਾਰਾਂ ਦੀ ਬੇਅਦਬੀ ਵੀ ਕੀਤੀ। ਅਸੀਂ ਸਾਰੇ ਹਮਲਾਵਰਾਂ ਦੀ ਫੌਰੀ ਗ੍ਰਿਫਤਾਰੀ ਚਾਹੁੰਦੇ ਹਾਂ।” ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਤਖ਼ਤੀਆਂ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਕਰੀਬ ਦੋ ਘੰਟਿਆਂ ਤਕ ਕੌਮੀ ਰਾਜਮਾਰਗ ਨੂੰ ਠੱਪ ਕਰ ਦਿੱਤਾ। ਪੁਲਿਸ ਅਤੇ ਸਿਵਲ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਜਾਮ ਨੂੰ ਖੁਲ੍ਹਵਾਇਆ।

ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਖਨੂਰ ਪੁਲਿਸ ਨੇ ਦੋ ਸਕੇ ਭਰਾਵਾਂ ਬਨੀ ਗੁਪਤਾ ਅਤੇ ਸਨੀ ਗੁਪਤਾ ਵਿਰੁੱਧ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਅਖਨੂਰ ਥਾਣੇ ਦੇ ਐਸ.ਐਚ.ਓ. ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਆਰ.ਐਸ.ਪੂਰਾ ਦੀਆਂ ਰਹਿਣ ਵਾਲੀਆਂ ਹਨ। ਸਿੱਖ ਨੌਜਵਾਨ ਜਿਸ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਹੋਈ, ਦੀ ਗੁਪਤਾ ਪਰਿਵਾਰ ਨਾਲ ਪੁਰਾਣੀ ਖਹਿਬਾਜ਼ੀ ਚੱਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸੇ ਸਾਲ ਫਰਵਰੀ ਮਹੀਨੇ ਹਰਵਿੰਦਰ ਸਿੰਘ ’ਤੇ ਦੋਸ਼ ਲੱਗਿਆ ਸੀ ਕਿ ਉਸ ਨੇ ਬਨੀ ਗੁਪਤਾ ’ਤੇ ਕਾਤਲਾਨਾ ਹਮਲਾ ਕੀਤਾ ਹੈ ਤੇ ਪੁਲਿਸ ਨੇ ਹਰਵਿੰਦਰ ਸਿੰਘ ਵਿਰੁੱਧ ਵੀ ਕੇਸ ਦਰਜ ਕੀਤਾ ਸੀ।

ਪੁਲਿਸ ਮੁਤਾਬਕ ਹਰਵਿੰਦਰ ਸਿੰਘ ਨੂੰ ਕੁੱਟਣ ਦੀ ਘਟਨਾ 9 ਮਈ ਨੂੰ ਵਾਪਰੀ। ਇਹ ਘਟਨਾ ਅਖਨੂਰ ਬਸ ਸਟੈਂਡ ਨੇੜੇ ਵਾਪਰੀ ਜਿੱਥੇ ਲੋਕਾਂ ਦੀ ਵੱਡੀ ਭੀੜ ਵੀ ਜੁੜੀ ਹੋਈ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ਅਤੇ ਪ੍ਰਦਰਸ਼ਨਾਂ ਪਿੱਛੋਂ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ। ਪੁਲਿਸ ਨੇ ਬਨੀ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਸਨੀ ਗੁਪਤਾ ਹਾਲੇ ਤਕ ਭਗੌੜਾ ਦੱਸਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: