May 5, 2016 | By ਸਿੱਖ ਸਿਆਸਤ ਬਿਊਰੋ
ਕੈਲੇਫੋਰਨੀਆ: ਬੀਤੇ ਦਿਨ ਅਮੀਰੀਕੀ ਸੂਬੇ ਕੈਲੇਫੋਰਨੀਆ ਦੇ ਫਰੈਜ਼ਨੋ ਸ਼ਹਿਰ ਵਿਚ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਪਰਵਾਸੀ ਸਿੱਖਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ। ਅਮਰਿੰਦਰ ਸਿੰਘ ਵੱਲੋਂ ਫਰੈਜ਼ਨੋ ਵਿਖੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਲਈ ਇਕ ਰੈਲੀ ਰੱਖੀ ਗਈ ਸੀ, ਜਿਸ ਮੌਕੇ ਅਮਰਿੰਦਰ ਸਿੰਘ ਦਾ ਸਿੱਖਾਂ ਵੱਲੋਂ ਵਿਰੋਧ ਕੀਤਾ ਗਿਆ।
ਅਮਰਿੰਦਰ ਸਿੰਘ ਵੱਲੋਂ ਹਾਲ ਵਿਚ ਹੀ ਇਹ ਬਿਆਨ ਦਿੱਤਾ ਗਿਆ ਸੀ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਕੇਂਦਰੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਕੋਈ ਹੱਥ ਨਹੀਂ ਸੀ। ਇਸ ਵਿਵਾਦਤ ਬਿਆਨ ਕਾਰਨ ਪਰਵਾਸੀ ਸਿੱਖਾਂ ਤੇ ਨਵੰਬਰ 1984 ਦੇ ਪੀੜਤਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਮਰਿੰਦਰ ਦਾ ਭਾਰੀ ਵਿਰੋਧ ਕੀਤਾ।
READ ENGLISH VERSION OF THIS NEWS:
Shoes hurled at Capt. Amarinder Singh in Fresno, California; Khalistan slogans raised
ਮੀਡੀਆ ਰਿਪੋਰਟਾਂ ਅਨੁਸਾਰ ਫਰੈਜ਼ਨੋ ਰੈਲੀ ਦੌਰਾਨ ਨਵੰਬਰ 1984 ਦੇ ਪੀੜਤਾਂ ਦੇ ਇਕ ਰਿਸ਼ਤੇਦਾਰ ਵੱਲੋਂ ਅਮਰਿੰਦਰ ਸਿੰਘ ਨੂੰ ਸਵਾਲ ਕਰਨ ਦਾ ਸਮਾਂ ਮੰਗਿਆ ਗਿਆ ਪਰ ਕਾਂਗਰਸੀ ਪ੍ਰਬੰਧਕਾਂ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਮਰਿੰਦਰ ਸਿੰਘ ਵਿਰੁਧ ਭਾਰੀ ਨਾਅਰੇਬਾਜ਼ੀ ਹੋਈ।
ਫੇਸਬੁੱਕ ਉੱਤੇ ਨਸ਼ਰ ਹੋਈ ਇਕ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਅਮਰਿੰਦਰ ਸਿੰਘ ਨੂੰ ਭਾਰੀ ਸੁਰੱਖਿਆ ਹੇਠ ਰੈਲੀ ਵਾਲੀ ਜਗ੍ਹਾ ਤੋਂ ਗੱਡੀ ਵਿਚ ਬਿਠਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਸ ਖਿਲਾਫ ਭਾਰੀ ਨਾਅਰੇਬਾਜ਼ੀ ਹੋ ਰਹੀ ਸੀ। ਪ੍ਰਦਰਸ਼ਨਕਾਰੀ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਗਾ ਰਹੇ ਸਨ।
ਇਸ ਮੌਕੇ ਕੁਝ ਵਿਅਕਤੀ ਅਮਰਿੰਦਰ ਸਿੰਘ ਦੀ ਗੱਡੀ ਉੱਤੇ ਕੁਝ ਚੀਜਾ ਸੁਟਦੇ ਵੀ ਨਜ਼ਰ ਆ ਰਹੇ ਹਨ ਤੇ ਮੀਡੀਆ ਖਬਰਾਂ ਅਨੁਸਾਰ ਇਹ ਚੀਜਾਂ ਜੁੱਤੀਆਂ ਤੇ ਬੋਤਲਾਂ ਸਨ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੂੰ ਕਨੇਡੀਅਨ ਸਿੱਖਾਂ ਵੱਲੋਂ ਕੀਤੀ ਲਾਮਬੰਦੀ ਕਰਕੇ ਆਪਣਾ ਕਨੇਡਾ ਦੌਰਾ ਰੱਦ ਕਰਨਾ ਪਿਆ ਸੀ। ਬੀਤੇ ਵਰ੍ਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੁਆਂ ਵਿਰੁਧ ਵੀ ਅਮਰੀਕਾ-ਕਨੇਡਾ ਇਸੇ ਤਰ੍ਹਾਂ ਪ੍ਰਦਰਸ਼ਨ ਹੋਏ ਸਨ।
Related Topics: Captain Amrinder Singh Government, Gurpatwant Singh Pann, Khalistan, Sikh Diaspora, Sikh News California, Sikh News Fresno, Sikh News USA, Sikhs For Justice (SFJ), Sikhs in California, Sikhs in Fresno, Sikhs in Untied States