June 20, 2019 | By ਸਿੱਖ ਸਿਆਸਤ ਬਿਊਰੋ
ਸ਼ਿਲੌਂਗ, ਮੇਘਾਲਿਆ: ਮੇਘਾਲਿਆ ਦੇ ਦੌਰੇ ਦੇ ਦੂਜੇ ਦਿਨ ਪੰਜਾਬ ਸਰਕਾਰ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸਵੇਰੇ ਮੇਘਾਲਿਆ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਜੇਮਜ਼ ਕੇ. ਸੰਗਮਾ ਨਾਲ ਮੁਲਾਕਾਤ ਕੀਤੀ ਤੇ ਮੇਘਾਲਿਆਂ ਸਰਕਾਰ ਨੂੰ ਸ਼ਿਲੌਂਗ ਦੀ ਪੰਜਾਬੀ ਲੇਨ ਵਿਚ ਵੱਸਦੇ ਸਿੱਖਾਂ ਦਾ ਮਾਮਲਾ ਛੇਤੀ ਤੇ ‘ਸੁਖਾਵੇਂ ਢੰਗ’ ਨਾਲ ਹੱਲ ਕਰਨ ਦੀ ਮੰਗ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦਾ ਵਫ਼ਦ ਨੇ ਮੇਘਾਲਿਆ ਸਰਕਾਰ ਵੱਲੋਂ ਇਸ ਮੁੱਦੇ ‘ਤੇ ਬਣਾਈ ਗਈ ਉੱਚ ਤਾਕਤੀ ਕਮੇਟੀ ਨੂੰ ਵੀ ਬੇਨਤੀ ਕੀਤੀ ਕਿ “ਕਿਸੇ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਸਿੱਖ ਪਰਿਵਾਰਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਵੀ ਵਿਚਾਰਿਆ ਜਾਵੇ”।
ਇਹ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਭੇਜਿਆ ਗਿਆ ਹੈ ਤਾਂ ਕਿ ਸ਼ਿਲੌਂਗ ‘ਚ ਵਸਦੇ ਸਿੱਖਾਂ ਨੂੰ ਧਮਕੀਆਂ ਦੇਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਜ਼ਮੀਨੀ ਸਥਿਤੀ ਦਾ ਪਤਾ ਲਾਇਆ ਜਾ ਸਕੇ।
ਵਫ਼ਦ ਨੇ ਮੇਘਾਲਿਆਂ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਨੂੰ ਸ਼ਿਲੌਂਗ ਦੇ ਪੰਜਾਬੀ ਲੇਨ ਇਲਾਕੇ ਵਿੱਚ ਕਈ ਦਹਾਕਿਆਂ ਤੋਂ ਰਹਿ ਰਹੇ ਸੈਂਕੜੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ।
ਇਸ ਵਫਦ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਕੁਲਬੀਰ ਸਿੰਘ ਜ਼ੀਰਾ ਸ਼ਾਮਲ ਹਨ। ਖਾਸ ਸਕੱਤਰ ਯੋਜਨਾਬੰਦੀ ਡੀ. ਐਸ. ਮਾਂਗਟ ਵੀ ਵਫ਼ਦ ਵਿੱਚ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਮੇਘਾਲਿਆ ਸਰਕਾਰ ਕਈ ਦਹਾਕਿਆਂ ਤੋਂ ਸਿਲੌਂਗ ਦੇ ਪੰਜਾਬੀ ਲੇਨ ਇਲਾਕੇ ਵਿਚ ਵੱਸ ਰਹੇ ਸਿੱਖਾਂ ਨੂੰ ਉੱਥੋਂ ਉਜਾੜਨਾ ਚਾਹੁੰਦੀ ਹੈ। ਇਹ ਮਾਮਲਾ ਮੇਘਾਲਿਆ ਹਾਈ-ਕੋਰਟ ਵਿਚ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਇਨ੍ਹਾਂ ਸਿੱਖਾਂ ਨੂੰ ਬੇਘਰ ਕਰਨ ਦੀ ਕਾਰਵਾਈ ਜਾਰੀ ਰੱਖੀ ਸੀ ਜਿਸ ਉੱਤੇ ਹਾਲ ਵਿਚ ਹੀ ਮੇਘਾਲਿਆ ਹਾਈਕੋਰਟ ਨੇ ਵੀ ਇਤਰਾਜ਼ ਪਰਗਟ ਕੀਤਾ ਹੈ।
Related Topics: Amarinder Singh, Congress Government in Punjab 2017-2022, Jasbir Singh Dimpa, Sikhs in Meghalaya, Sikhs in Shillong, Sukhjinder Singh Randhawa