Site icon Sikh Siyasat News

ਸ਼ੰਭੂ ਵਿਖੇ ਕਿਸਾਨੀ ਮੋਰਚਾ – ਲੜਾਈ ਮਿੱਟੀ ਦੀ: ਪਹਿਲੇ ਤਿੰਨ ਦਿਨਾਂ ਦਾ ਅੱਖੀਂ ਡਿੱਠਾ ਹਾਲ

ਫਤਿਹਗੜ੍ਹ ਸਾਹਿਬ ਤੋਂ ਚਾਲੇ:

12 ਫਰਵਰੀ 2024 ਦੀ ਸ਼ਾਮ ਨੂੰ ਕਿਸਾਨਾਂ ਦਾ ਇਕੱਠ ਸਰਹਿੰਦ ਦਾਣਾ ਮੰਡੀ ਵਿੱਚ ਹੋਣਾ ਸ਼ੁਰੂ ਹੋ ਗਿਆ ਸੀ। ਮਾਝੇ ਵਾਲੇ ਕਿਸਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 11 ਫਰਵਰੀ ਨੂੰ ਹੀ ਮਾਝੇ ਤੋਂ ਚੱਲ ਪਏ ਸਨ।

ਮਨਦੀਪ ਸਿੰਘ

13 ਫਰਵਰੀ ਦੇ “ਦਿੱਲੀ ਚੱਲੋ” ਦੇ ਸੱਦੇ ਅਨੁਸਾਰ ਸਰਹਿੰਦ ਦਾਣਾ ਮੰਡੀ ਤੋਂ 10 ਵਜੇ ਕਿਸਾਨਾਂ ਦੇ ਕਾਫ਼ਲੇ ਸ਼ੰਭੂ ਵੱਲ ਰਵਾਨਾ ਹੋਏ। ਕਈ ਕਿਸਾਨ ਪਹਿਲਾਂ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਕੋਲ ਪਹੁੰਚ ਗਏ ਸਨ।

ਕਿਸਾਨਾਂ ਦੇ ਕਾਫ਼ਲੇ ਸ਼ੰਭੂ ਵੱਲ ਵੱਧ ਦੇ ਹੋਏ

11 ਵਜੇ ਕਿਸਾਨਾਂ ਦੇ ਕਾਫਲੇ ਸੰਭੂ ਬਾਰਡਰ ਪਹੁੰਚੇ ਜਿੱਥੇ ਓਹਨਾਂ ਨੂੰ ਰੋਕਣ ਲਈ ਬੈਰੀਕੇਟ ਰੋਕਾਂ ਦੀਆਂ ਕਈ ਪਰਤਾਂ ਅਤੇ ਦੰਗਾ ਰੋਕੂ ਪੁਲਿਸ ਓਹਨਾਂ ਦਾ ‘ਸਵਾਗਤ ਕਰਨ’ (ਰਾਹ ਰੋਕਣ) ਲਈ ਖੜੇ ਸਨ। 

ਜਦੋਂ ਪਹਿਲਾ ਗੋਲਾ ਡਿੱਗਾ:

ਜਦੋਂ ਕਿਸਾਨਾਂ ਨੇ ਰੋਕਾਂ ਤੋੜਨ ਲਈ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਕਰੀਬ 12 ਵਜੇ ਪੁਲਿਸ ਵੱਲੋਂ ਹੰਝੂ ਗੈਸ ਦਾ ਪਹਿਲਾ ਗੋਲਾ ਦਾਗਿਆ ਗਿਆ। ਪਹਿਲਾ ਗੋਲਾ ਡਿੱਗਣ ਦੀ ਦੇਰ ਸੀ ਕਿ ਫਿਰ ਲਗਾਤਾਰ ਗੋਲਾਬਾਰੀ ਹੁੰਦੀ ਰਹੀ।

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ

ਜੱਦੋ-ਜਹਿਦ ਦੀ ਵਾਰਤਾ:

ਕਿਸਾਨਾਂ ਨੇ ਆਪਣੀ ਤਿਆਰੀ ਅਨੁਸਾਰ ਬੈਰੀਕੇਟ ਰੋਕਾਂ ਨੂੰ ਹਟਾਉਣਾ ਸ਼ੁਰੂ ਕੀਤਾ ਪਰ ਦੂਸਰੇ ਬੰਨ੍ਹੇ ਸਰਕਾਰ ਨੇ ਪਹਿਲਾਂ ਹੀ ਡਾਹਡੀ ਸਖ਼ਤੀ ਨਾਲ ਨਜਿੱਠਣ ਦਾ ਸੋਚਿਆ ਸੀ। ਬੈਰੀਕੇਟ ਰੋਕਾਂ ਹਟਾਉਂਦੇ ਕਿਸਾਨਾਂ ਦੇ ਟਰੈਕਟਰਾਂ ਦੇ ਟਾਇਰ ਪੈਂਚਰ ਕੀਤੇ ਗਏ, ਜਿਹਨਾਂ ਵਿੱਚ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ।

ਕਈ ਕਿਸਾਨਾਂ ਨੂੰ ਅਸਲ ਗੋਲੀਆਂ ਦੇ ਖੋਲ ਵੀ ਮਿਲੇ ਜਿਸ ਨਾਲ ਕਿਸਾਨਾਂ ਦੇ ਇਸ ਦਾਅਵੇ ਕਿ ਪੁਲਿਸ ਨੇ ਅਸਲ ਗੋਲੀਆਂ ਵੀ ਓਹਨਾਂ ‘ਤੇ ਚਲਾਈਆਂ ਹਨ, ਦੀ ਪੁਸ਼ਟੀ ਹੁੰਦੀ ਹੈ। 

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਵੀ ਆਪਣੇ ਬਿਜਲ ਸੱਥ ਸਫੇ ਤੋਂ ਵੀ ਗੋਲੀ ਦਾ ਖੋਲ ਦਿਖਾਉਂਦੇ ਹੋਏ ਇਹ ਜਾਣਕਾਰੀ ਦਿੱਤੀ ਗਈ ਸੀ। ਬਾਅਦ ਵਿੱਚ ਉਹਨਾਂ ਦੇ ਫੇਸਬੁੱਕ ਸਫੇ ’ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਗਈ। 

ਜਦੋਂ ਧਮਾਕਾ ਕਰਨ ਵਾਲੇ ਗੋਲੇ ਦਾਗਣੇ ਸ਼ੁਰੂ ਕੀਤੇ:

ਕਿਸਾਨਾਂ ਉੱਤੇ ਹੰਝੂ ਗੈਸ ਦੇ ਗੋਲੇ ਲਗਾਤਾਰ ਸੁੱਟੇ ਜਾਂਦੇ ਰਹੇ। ਕਰੀਬ 3 ਕੁ ਵਜੇ ਪੁਲਿਸ ਨੇ ਹੰਝੂ ਗੈਸ ਦੇ ਨਾਲ-ਨਾਲ ਧਮਾਕਾ ਕਰਨ ਵਾਲੇ ਗੋਲੇ ਵੀ ਕਿਸਾਨਾਂ ਵੱਲ ਦਾਗਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਕਈ ਕਿਸਾਨ ਜਖਮੀ ਹੋਏ। 

ਪ੍ਰਸਾਸਨ ਵੱਲੋਂ ਦਾਗੇ ਗਏ ਗੋਲੇ ਦਾ ਖੋਲ ਜੋ ਕਿਸਾਨਾਂ ਦਰਮਿਆਨ ਡਿੱਗ ਕੇ ਫਟਿਆ ਸੀ

ਦਰਜਨਾਂ ਕਿਸਾਨ ਜਖਮੀ ਹੋਏ:

ਪਹਿਲੇ ਦਿਨ ਕਿਸਾਨ ਆਗੂਆਂ ਦੀ ਪੱਤਰਕਾਰ ਵਾਰਤਾ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ 60 ਦੇ ਕਰੀਬ ਕਿਸਾਨ ਜ਼ਖਮੀ ਹੋਏ ਹਨ। ਕਈ ਕਿਸਾਨਾਂ ਦੀਆਂ ਅੱਖਾਂ ਨੁਕਸਾਨੀਆਂ ਗਈਆਂ; ਕਈਆਂ ਦੇ ਸਿਰ ’ਤੇ ਆ ਕੇ ਗੋਲੇ ਲੱਗੇ। 

ਨੌਜਵਾਨ ਨੂੰ ਘੱਗਰ ਵਿਚ ਸੁੱਟ ਕੇ ਗੋਲਿਆਂ ਨਾਲ ਨਿਸ਼ਾਨਾ ਬਣਾਇਆ:

ਪਹਿਲੇ ਦਿਨ ਰੋਕਾਂ ਹਟਾਉਣ ਗਏ ਇਕ ਨੌਜਵਾਨ ਨੂੰ ਹਰਿਆਣਾ ਪੁਲਿਸ ਨੇ ਘੱਗਰ ਦਰਿਆ ਦੇ ਪੁਲ ਤੋਂ ਥੱਲੇ ਵੀ ਸੁੱਟ ਦਿੱਤਾ ਸੀ ਤੇ ਬਾਅਦ ਵਿਚ ਡਿੱਗੇ ਪਏ ਨੂੰ ਗੋਲਿਆਂ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। 

ਜਖਮ ਤੇ ਜਜ਼ਬਾ:

ਮੋਗੇ ਨੇੜੇ ਦੇ ਇਕ ਨੌਜਵਾਨ ਨਿਹੰਗ ਸਿੰਘ ਦੇ ਮੂੰਹ ’ਤੇ ਹੰਝੂ ਗੈਸ ਦਾ ਗੋਲਾ ਲੱਗਣ ਕਰਕੇ ਚਾਰ ਟਾਂਕੇ ਲੱਗੇ। ਵੱਡੀ ਗੱਲ ਇਹ ਰਹੀ ਕਿ ਜਖਮੀ ਹੋਣ ਦੇ ਬਾਵਜੂਦ ਵੀ ਉਹ ਨਿਹੰਗ ਸਿੰਘ ਸ਼ਾਮ ਤੱਕ ਮੁੜ ਮੋਰਚੇ ਵਿੱਚ ਸ਼ਾਮਿਲ ਹੋ ਗਿਆ। 

ਹਰਿਆਣੇ ਦੇ ਇਕ ਨੌਜਵਾਨ ਕਿਸਾਨ ਦੀ ਲੱਤ ‘ਤੇ ਗੋਲਾ ਲੱਗਣ ਕਾਰਨ ਓਹਦੇ ਪੱਟ ’ਤੇ ਸੱਟ ਵੱਜੀ। 

ਜਖਮੀਆਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ:

ਪੁਲਿਸ ਵਾਲੇ ਜਖਮੀ ਕਿਸਾਨਾਂ ਦੀ ਮਦਦ ਕਰਨ ਜਾਂ ਉਹਨਾਂ ਨੂੰ ਚੁੱਕਣ ਵਾਲਿਆਂ ਉੱਤੇ ਵੀ ਗੋਲੇ ਦਾਗਦੇ ਰਹੇ। ਇੱਕ ਨੌਜਵਾਨ ਕਿਸਾਨ ਗੋਲਿਆਂ ਨਾਲ ਗੰਭੀਰ ਜਖਮੀ ਹੋ ਗਿਆ ਸੀ ਤੇ ਉਹ ਆਪ ਖੜਾ ਹੋਣ ਦੀ ਹਾਲਤ ਵਿੱਚ ਵੀ ਨਹੀਂ ਰਿਹਾ। ਜਦੋਂ ਦੂਜੇ ਦੋ ਨੌਜਵਾਨਾਂ ਨੇ ਉਸਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਗੋਲਾ ਓਹਨਾਂ ਕੋਲ ਆ ਡਿੱਗਾ ਤੇ ਮਦਦ ਕਰਨ ਆਏ ਇੱਕ ਨੌਜਵਾਨ ਦੀ ਉਂਗਲ ਬੁਰੀ ਤਰ੍ਹਾਂ ਨੁਕਸਾਨੀ ਗਈ।

ਡਰੋਨ ਦੀ ਵਰਤੋਂ:

ਕਿਸਾਨਾਂ ’ਤੇ ਗੋਲੇ ਦਾਗਣ ਲਈ ਪੁਲਸ  ਵੱਲੋਂ ਡਰੋਨ ਦੀ ਵਰਤੋਂ ਵੀ ਕੀਤੀ ਜਾ ਰਹੀ ਸੀ। 

ਕਿਸਾਨਾਂ ਦੇ ਪੱਕੀਆਂ ਗੋਲੀਆਂ ਵੀ ਮਾਰੀਆਂ:

ਇਕ ਕਿਸਾਨ ਰਬੜ ਦੀ ਗੋਲੀ ਵੱਜਣ ਨਾਲ ਗੰਭੀਰ ਜ਼ਖਮੀ ਹੋਇਆ। ਇੱਕ ਹੋਰ ਕਿਸਾਨ ਦੇ ਅਸਲ ਗੋਲੀ ਲੱਗੀ ਜੋ ਕਿ ਉਸਦੀ ਲੱਤ ਤੋਂ ਆਰ ਪਾਰ ਹੋ ਗਈ। ਇਸ ਗੱਲ ਦੀ ਪੁਸ਼ਟੀ ਸੰਭੂ ਬਾਰਡਰ ’ਤੇ ਤੈਨਾਤ ਇਕ ਮੈਡੀਕਲ ਟੀਮ ਦੇ ਕਰਮੀ ਨੇ ਵੀ ਕੀਤੀ। 

ਕਿਸਾਨਾਂ ਨੇ ਰੋਕਾਂ ਦੀ ਪਰਤ ਹਟਾਈ:

ਪੁਲਿਸ ਦੀ ਸਖਤੀ ਦੇ ਬਾਵਜੂਦ ਕਿਸਾਨਾਂ ਨੇ ਬੈਰੀਕੇਟ ਰੋਕਾਂ ਦੀ ਪਹਿਲੀ ਪਰਤ ਹਟਾ ਕੇ ਇਕ ਪਾਸੇ ਤੋਂ ਧਰਤੀ ਵਿੱਚ ਗੱਡੇ ਲੋਹੇ ਦੇ ਕਈ ਕਿੱਲ ਵੀ ਪੱਟ ਦਿੱਤੇ। 

ਜਦੋਂ ਕਿਸਾਨਾਂ ਹੋਰ ਰਾਹ ਲੱਭਣ ਦੀ ਕੋਸ਼ਿਸ਼ ਕੀਤੀ:

ਸ਼ਾਮ ਪੈਣ ਤੱਕ ਇਕ ਵਾਰ ਦੋਵੇਂ ਪਾਸੇ ਮਾਹੌਲ ਸ਼ਾਂਤ ਹੋ ਗਿਆ ਪਰ ਕਿਸਾਨ ਅੱਗੇ ਦਾ ਇਕ ਹੋਰ ਰਾਹ ਲੱਭਣ ਲੱਗੇ ਰਹੇ। 

ਕਿਸਾਨਾਂ ਨੇ ਘੱਗਰ ਦਰਿਆ ਵਿੱਚੋਂ ਆਪਣੇ ਟਰੈਕਟਰ ਟਰਾਲੀਆਂ ਕੱਢਣ ਦੀ ਸੋਚੀ ਪਰ ਓਥੇ ਵੀ ਪਾਣੀ ਹੋਣ ਕਰਕੇ ਮੁਸ਼ਕਿਲ ਖੜੀ ਸੀ। ਸਰਕਾਰ ਨੇ ਘੱਗਰ ਦਰਿਆ ‘ਤੇ ਪੰਜਾਬ ਹਰਿਆਣੇ ਨੂੰ ਜੋੜਦੇ ਪੁਲ ਉੱਤੇ ਰੋਕਾਂ ਦਾ ਪਹਾੜ ਖੜਾ ਕੀਤਾ ਹੋਇਆ ਸੀ। ਨਾਲ ਹੀ ਪੁੱਲ ਦੇ ਆਸੇ ਪਾਸੇ ਦਰਿਆ ਵਿੱਚ ਵੱਡੇ ਵੱਡੇ ਟੋਏ ਪੱਟੇ ਹੋਏ ਸਨ ਤਾਂ ਜੋ ਕਿਸਾਨ ਉੱਥੋਂ ਨਾ ਲੰਘ ਸਕਣ। 

ਜਦੋਂ ਕਿਸਾਨਾਂ ਨੇ ਪੁਲ ਦੇ ਦੋਵੇਂ ਪਾਸੇ ਰਾਹ ਲੱਭਣੇ ਸ਼ੁਰੂ ਕੀਤੇ ਤਾਂ ਪੁਲਿਸ ਨੇ ਦੋਵੇਂ ਪਾਸਿਆ ਵੱਲ ਵੀ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। 

ਕਿਸਾਨਾਂ ਨੇ ਪੁਲ ਦੇ ਸੱਜੇ ਪਾਸੇ ਜੇ.ਸੀ.ਬੀ. ਨਾਲ ਘੱਗਰ ਦਰਿਆ ਵਿੱਚ ਰਾਹ ਬਨਾਉਣ ਦੀ ਵੀ ਕੋਸ਼ਿਸ਼ ਕੀਤੀ ਜੋ ਕਿ ਅਸਫ਼ਲ ਰਹੀ। ਜੇ.ਸੀ.ਬੀ. ਨਾਲ ਰਾਹ ਬਨਾਉਣ ਦੀ ਕੋਸ਼ਿਸ਼ ਹਰਿਆਣੇ ਵਾਲੇ ਨੌਜਵਾਨ ਕਿਸਾਨ ਨਵਦੀਪ ਸਿੰਘ (ਵਾਟਰ ਕੈਨਨ ਵਾਲੇ) ਵੱਲੋਂ ਕੀਤੀ ਜਾ ਰਹੀ ਸੀ।

ਹਰਿਆਣਾ ਪੁਲਿਸ ਨੇ ਕਿਸਾਨ ਗ੍ਰਿਫਤਾਰ ਕੀਤੇ:

ਹਰਿਆਣੇ ਦੇ ਪੰਜਾਬ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਵੀ ਪੰਜਾਬ ਵਾਲੇ ਪਾਸੇ ਆ ਕੇ ਪੁਲਿਸ ਦਾ ਮੁਕਾਬਲਾ ਕਰ ਰਹੇ ਸਨ ਕਿਉਂਕਿ ਹਰਿਆਣੇ ਵਿੱਚ ਕਿਸਾਨਾਂ ਦੀ ਫੜੋ ਫੜੀ ਕੀਤੀ ਜਾ ਰਹੀ ਸੀ। 

ਕੁਝ ਨੌਜਵਾਨ ਦਰਿਆ ਪਾਰ ਕਰਕੇ ਪਰਲੇ ਪਾਸੇ ਗਏ ਤਾਂ ਓਹਨਾਂ ਨੂੰ ਹਰਿਆਣਾ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ। 

ਮੋਰਚੇ ਵਿੱਚ ਹੋ ਰਹੀ ਚਰਚਾ ਮੁਤਾਬਿਕ ਤੀਜੇ ਦਿਨ ਤੱਕ 30 ਦੇ ਕਰੀਬ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ। ਪਰ ਇਸ ਬਾਰੇ ਹਜੇ ਤੱਕ ਕਿਸੇ ਵੀ ਕਿਸਾਨ ਜਥੇਬੰਦੀ ਕੋਲ ਪੁਖਤਾ ਜਾਣਕਾਰੀ ਨਹੀਂ ਹੈ। ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦਾ ਕੋਈ ਸਾਥੀ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਤਾਂ ਉਸਦੀ ਜਾਣਕਾਰੀ ਜਥੇਬੰਦੀ ਤੱਕ ਪਹੁੰਚਦੀ ਕੀਤੀ ਜਾਵੇ ਤਾਂ ਕਿ ਅਗਲੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਰੱਖਿਆ ਜਾ ਸਕੇ।

ਜਖਮੀਆਂ ਦਾ ਇਲਾਜ:

ਪਹਿਲੇ ਦਿਨ ਕਿਸਾਨਾਂ ਕੋਲ ਮੈਡੀਕਲ ਸਹਾਇਤਾ ਕੇਵਲ ਸਰਕਾਰੀ ਰੂਪ ਵਿੱਚ ਹੀ ਉਪਲਬਧ ਸੀ ਜਿਸ ਵਿੱਚ ਗੰਭੀਰ ਸੱਟਾਂ ਵੱਜਣ ‘ਤੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਜਾਂਦਾ ਸੀ।

ਦਿੱਲੀ ਜਾਣ ਲਈ ਜੱਦੋ-ਜਹਿਦ ਜਾਰੀ ਰਹੀ:

ਕਿਸਾਨ ਰੋਕਾਂ ਹਟਾ ਕੇ ਦਿੱਲੀ ਜਾਣ ਲਈ ਲਾਂਘਾ ਲੈਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰਦੇ ਰਹੇ ਪਰ ਗੋਲੇ ਦਾਗਣ ਵਾਲੀਆਂ ਬੰਦੂਕਾਂ ਤੇ ਡਰੋਨ ਨਾਲ ਲਗਾਤਾਰ ਦਾਗੇ ਜਾ ਰਹੇ ਹੰਝੂ ਗੈਸ ਦੇ ਗੋਲਿਆਂ ਦਾ ਧੂੰਆਂ ਓਹਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਵਾਂਗ ਲੜ ਰਿਹਾ ਸੀ ਅਤੇ ਸਾਹ ਲੈਣਾ ਕਿਸੇ ਜ਼ਹਿਰ ਦੇ ਚੜ੍ਹਨ ਵਾਂਗ ਹੋ ਰਿਹਾ ਸੀ। 

ਇਸ ਧੂੰਏਂ ਵਿੱਚ ਕਿਸਾਨਾਂ ਦੀਆਂ ਅੱਖਾਂ ਖੁੱਲਣੀਆਂ ਵੀ ਬੰਦ ਹੋ ਗਈਆਂ ਜਿਸਤੋਂ ਇਸ ਹੰਝੂ ਗੈਸ ਦੀ ਖਤਰਨਾਕ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 

ਪਿਛਲੇ ਅੰਦੋਲਨ ਦੇ ਤਜਰਬਿਆਂ ਨੇ ਕਿਸਾਨਾਂ ਦੇ ਹੰਝੂ ਗੈਸ ਦੇ ਗੋਲਿਆਂ ਨੂੰ ਕੰਮ ਤੋਂ ਕਰਨ ਤੋਂ ਨਿਕਾਰਾ ਕਰਨ ਦਾ ਢੰਗ ਸਿਖਾ ਦਿੱਤਾ ਸੀ ਜਿਸ ਅਨੁਸਾਰ ਕਿਸਾਨ ਹੰਝੂ ਗੈਸ ਦੇ ਗੋਲਿਆਂ ਤੇ ਬੋਰੀਆਂ ਗਿੱਲੀਆਂ ਕਰਕੇ ਸੁੱਟ ਦਿੰਦੇ ਜਿਸ ਨਾਲ ਓਹਨਾਂ ਬੰਬਾਂ ਦਾ ਧੂੰਆਂ ਨਾ ਨਿਕਲਦਾ। 

ਆਪਣੇ ਸਾਹ ਵਿੱਚ ਜ਼ਹਿਰ ਘੁਲਣ ਤੋਂ ਬਚਾਉਣ ਲਈ ਕਿਸਾਨਾਂ ਨੇ ਪਰਨਿਆ ਨੂੰ ਗਿੱਲਾ ਕਰਕੇ ਮੂੰਹ ’ਤੇ ਲਪੇਟ ਲਿਆ, ਜਿਸ ਨਾਲ ਹੰਝੂ ਗੈਸ ਦਾ ਅਸਰ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। 

ਅੱਗੇ ਨੌਜਵਾਨ ਬੈਰੀਕੇਟ ਪੱਟਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਪਿੱਛੇ ਕਿਸਾਨ ਉਹਨਾ ਨੂੰ ਹੌਂਸਲਾ ਅਫਜਾਈ ਲਈ ਗੱਡੀ ਤੇ ਸਪੀਕਰ ਲਗਾ ਕੇ ਓਹਨਾਂ ਨੂੰ ਡਟੇ ਰਹਿਣ ਲਈ ਪ੍ਰੇਰ ਰਹੇ ਹਨ। ਕਿਸਾਨਾਂ ਨੂੰ ਪਾਣੀ ਦੀਆਂ ਬੋਰੀਆਂ ਦਾ ਪ੍ਰਬੰਧ ਕਰਨ ਲਈ ਵੀ ਸਪੀਕਰ ਤੋਂ ਬੋਲਿਆ ਜਾ ਰਿਹਾ ਸੀ। 

ਰਹਰਾਸਿ:

ਕਿਸਾਨਾਂ ਦੇ ਇਹਨਾਂ ਹੀ ਯਤਨਾਂ ਵਿੱਚ ਸ਼ਾਮ ਪੈ ਗਈ ਅਤੇ ਸਪੀਕਰ ਰਹਿਰਾਸ ਸਾਹਿਬ ਦੇ ਪਾਠ ਦੇ ਮਿੱਠੇ ਬੋਲ ਵਰਦੇ ਗੋਲਿਆਂ ਵਿੱਚ ਠੰਡ ਵਰਤਾਉਣ ਲੱਗੇ। ਪਰ ਸਾਹਮਣਿਓਂ ਪੁਲਿਸ ਵੱਲੋਂ ਗੋਲਾਬਾਰੀ ਹੁੰਦੀ ਰਹੀ। 

ਰਹਰਾਸਿ ਸਾਹਿਬ ਦੇ ਪਾਠ ਉਪਰੰਤ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਜਦੋਂ ਕਿਸਾਨ ਆਗੂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਪਿੱਛੇ ਗੋਲੇ ਚੱਲ ਰਹੇ ਸਨ।

ਪਹਿਲੇ ਦਿਨ ਦੀ ਪੱਤਰਕਾਰ ਵਾਰਤਾ:

ਪਹਿਲੇ ਦਿਨ ਦੀ ਪੱਤਰਕਾਰ ਵਾਰਤਾ (ਪ੍ਰੈੱਸ ਕਾਨਫਰੰਸ) ਵਿੱਚ ਕਿਸਾਨ ਆਗੂਆਂ ਨੇ ਸਰਕਾਰ ‘ਤੇ ਵਾਅਦਾ ਕਰਕੇ ਮੁੱਕਰਨ ਅਤੇ ਭਾਰਤੀ ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਜਾਕੇ ਭਾਰਤ ਦੇ ਦੁਨੀਆਂ ਦਾ ਸਭ ਵੱਡੇ ਲੋਕਤੰਤਰ ਹੋਣ ਦੇ ਦਾਅਵਿਆਂ ‘ਤੇ ਸਵਾਲ ਖੜੇ ਕੀਤੇ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 13 ਫਰਵਰੀ ਨੂੰ ਕਾਲਾ ਦਿਨ ਕਿਹਾ। ਕਿਸਾਨ ਆਗੂਆਂ ਨੇ ਸਰਕਾਰ ‘ਤੇ ਐਮ.ਐਸ.ਪੀ. (MSP) ਲਾਗੂ ਕਰਨ ਤੋਂ ਭੱਜਣ ਦੇ ਇਲਜ਼ਾਮ ਲਗਾਏ। ਕਿਸਾਨ ਆਗੂਾਂ ਨੇ ਹਰਿਆਣੇ ਵਿੱਚ ਕਿਸਾਨਾਂ ਦੀ ਫੜ੍ਹੋ ਫੜੀ ਦੀ ਕਸ਼ਮੀਰ ਦੇ ਹਾਲਾਤਾਂ ਨਾਲ ਤੁਲਨਾ ਕੀਤੀ। 

ਪਹਿਲੇ ਦਿਨ ਦੀ ਸਮੀਖਿਆ ਕਰਦੇ ਹੋਏ ਕਿਸਾਨ ਆਗੂਆਂ ਨੇ ਸਰਕਾਰ ਅੱਗੇ ਨਾ ਝੁਕਣ ਨੂੰ ਆਪਣੀ ਜਿੱਤ ਦਾ ਐਲਾਨ ਦੱਸਿਆ।

ਪਹਿਲੀ ਰਾਤ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਹੀ ਪੈ ਗਈ। ਰਾਤ ੧੦ ਵਜੇ ਤੱਕ ਗੋਲੇ ਚਲਦੇ ਰਹੇ। 

ਰਾਤ ਵੇਲੇ ਦਾ ਮਹੌਲ:

3 ਕਿਲੋਮੀਟਰ ਲੰਬੇ ਇਸ ਮੋਰਚੇ ਵਿਚ ਰਾਤ ਨੂੰ ਕਿਸਾਨ ਆਪੋ ਆਪਣੀਆਂ ਟਰਾਲੀਆਂ ਵਿੱਚ ਜਾ ਕੇ ਸੋ ਗਏ। ਰਾਤ ਨੂੰ ਚਲਦੇ ਗੋਲਿਆਂ ਦੀਆਂ ਆਵਾਜ਼ਾਂ ਅਤੇ ਧਮਾਕੇ ਕਾਰਨ ਫੈਲਦੀ ਅੱਗ ਕਿਸੇ ਜੰਗ ਵਰਗਾ ਮਹੌਲ ਪੇਸ਼ ਕਰ ਰਹੀ ਸੀ। 

ਲੋਕ ਕਿਸਾਨਾਂ ਦੀ ਮਦਦ ’ਤੇ ਆਏ:

ਲਾਗਲੇ ਪਿੰਡਾਂ ਦੇ ਲੋਕਾਂ ਨੇ ਪਹਿਲੇ ਦਿਨ ਤੋਂ ਹੀ ਲੰਗਰਾਂ ਦੀ ਸੇਵਾ ਸੰਭਾਲ ਲਈ। 

ਪਹਿਲੇ ਦਿਨ ਤੋਂ ਹੀ ਕਿਸਾਨ ਆਪਣੇ ਨਾਲ ਆਪਣੇ ਰਸਦ ਪਾਣੀ ਦੇ ਪ੍ਰਬੰਧ ਕਰਕੇ ਚੱਲੇ ਸਨ। ਪਰ ਸੰਭੂ ਦੇ ਨਜ਼ਦੀਕ ਪੈਂਦੇ ਪਿੰਡਾਂ ਅਤੇ ਫਤਹਿਗੜ੍ਹ ਸਾਹਿਬ, ਪਟਿਆਲੇ ਅਤੇ ਮੋਹਾਲੀ ਜ਼ਿਲਿਆਂ ਦੇ ਪਿੰਡਾਂ ਨੇ ਪਹਿਲੇ ਦਿਨ ਤੋਂ ਹੀ ਲੰਗਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਲੰਗਰ ਵਿੱਚ ਸੁੱਕੀ ਸਬਜ਼ੀ ਪ੍ਰਸ਼ਾਦਿਆਂ ਤੇ ਰੱਖ ਕੇ ਵਰਤਾਈ ਜਾ ਰਹੀ ਸੀ। 

ਕਾਰ ਸੇਵਾ ਵਾਲੇ ਬਾਬਿਆਂ ਨੇ ਵੀ ਲੰਗਰ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹਨਾਂ ਵੱਲੋਂ ਸੰਭੂ ਬਾਰਡਰ ‘ਤੇ ਪ੍ਰਸ਼ਾਦਿਆਂ ਨਾਲ ਸਾਗ ਵਰਤਾਇਆ ਜਾ ਰਿਹਾ ਸੀ। 

ਪ੍ਰਸ਼ਾਦਿਆਂ ਦੇ ਨਾਲ ਨਾਲ ਚਾਹ ਦੇ ਲੰਗਰ ਵੀ ਪਹਿਲੇ ਦਿਨ ਹੀ ਚੱਲ ਪਏ। ਹਾਲਾਂਕਿ ਪੱਕੇ ਮੋਰਚੇ ਨਾ ਲੱਗਣ ਕਾਰਨ ਪੰਗਤ ਰੂਪ ਵਿੱਚ ਬੈਠ ਪ੍ਰਸ਼ਾਦਾ ਵਰਤਾਉਣ ਦੀ ਘਾਟ ਮਹਿਸੂਸ ਹੋਈ। 

ਪਹਿਲੇ ਦਿਨ ਜਿਹਨਾਂ ਚੀਜਾਂ ਦੀ ਲੋੜ ਮਹਿਸੂਸ ਹੋਈ:

ਪਹਿਲੇ ਦਿਨ ਸਭ ਤੋਂ ਵੱਧ ਲੋੜ ਪਾਣੀ ਦੀ ਮਹਿਸੂਸ ਹੋਈ ਜੋ ਕਿ ਲੰਗਰ ਦੇ ਨਾਲ ਨਾਲ ਬੰਬਾਂ ਦਾ ਧੂੰਆਂ  ਰੋਕਣ ਲਈ ਬੋਰੀਆਂ ਗਿੱਲੀਆਂ ਕਰਨ ਲਈ ਲੋੜੀਂਦਾ ਸੀ। ਪਾਣੀ ਦੀ ਮਹਿਸੂਸ ਹੋਈ ਘਾਟ ਨੂੰ ਕਿਸਾਨ ਸਮਝ ਰਹੇ ਸਨ। ਜਿਸ ਕਰਕੇ ਉਹ ਪਾਣੀ ਇੱਕ ਵੀ ਘੁੱਟ ਅਜਾਈਂ ਡੋਲਣ ਤੋਂ ਬਚ ਰਹੇ ਸਨ। 

ਬਹੁਤ ਸਾਰੇ ਕਿਸਾਨ ਲਾਗਲੇ ਇਲਾਕਿਆਂ ਤੋਂ ਪਾਣੀ ਦੇ ਟੈਂਕਰ ਭਰ-ਭਰ ਲਿਆ ਰਹੇ ਸਨ। ਕੁਝ ਟੈਂਕਰ ਕਿਸਾਨ ਪਿੰਡਾਂ ਵਿੱਚੋਂ ਤੁਰਨ ਲੱਗੇ ਆਪਣੇ ਨਾਲ ਲੈਕੇ ਹੀ ਆਏ ਸਨ। 

ਮੋਰਚਾ ਕੁੱਲ ੩ ਕਿਲੋਮੀਟਰ ਲੰਬਾ ਹੈ ਜਿਸ ਵਿਚ ਡੇਢ ਕਿਲੋਮੀਟਰ ਵਿੱਚ ਤਾਂ ਕਿਸਾਨ ਤਿੰਨ ਸੜਕਾਂ ਉੱਤੇ ਕਿਸਾਨਾਂ ਨੇ ਮੋਰਚੇ ਗੱਡੇ (ਟਰੈਕਟਰ-ਟਰਾਲੀਆਂ ਲਗਾਏ) ਹੋਏ ਹਨ। ਡੇਢ ਕਿਲੋਮੀਟਰ ਦੇ ਮੋਰਚੇ ਤੋਂ ਬਾਅਦ ਇੱਕ ਰਾਸਤਾ ਖੁੱਲ ਜਾਂਦਾ ਹੈ। 

ਅੰਦਾਜ਼ਾ ਹੈ ਕਿ ਸ਼ੰਭੂ ਉੱਤੇ ਕਰੀਬ ੨ ਹਜ਼ਾਰ ਟਰੈਕਟਰ ਟਰਾਲੀਆਂ ਹੋਣਗੇ। ਜਿਹਨਾਂ ਵਿੱਚ ਸਵਾਰ ਹੋਕੇ ਦਸ ਤੋਂ ਬਾਰਾਂ ਹਜ਼ਾਰ ਕਿਸਾਨ ਦਿੱਲੀ ਪੁੱਜਣ ਲਈ ਕਾਹਲੇ ਹਨ। 

ਮੋਰਚੇ ਦਾ ਦੂਜਾ ਦਿਨ:

14 ਫਰਵਰੀ ਨੂੰ ਸਵੇਰ ਦੇ ਕਰੀਬ 10 ਵੱਜਣ ’ਤੇ ਤਕਰੀਬਨ 12 ਘੰਟੇ ਬੰਦ ਰਹੀ ਗੋਲਾਬਾਰੀ ਅਤੇ ਕਿਸਾਨਾਂ ਦੀਆਂ ਬੈਰੀਕੇਟ ਪੱਟਣ ਦੀਆਂ ਕੋਸ਼ਿਸ਼ਾਂ ਨਾਲ ਮੁੜ ਸ਼ੁਰੂ ਹੋਈ। 

ਸਖਤੀ ਤੇ ਜੁਗਤਾਂ:

ਦੂਜੇ ਦਿਨ ਪੁਲਿਸ ਦਾ ਰੁਖ ਹੋਰ ਵੀ ਸਖਤ ਸੀ। ਪਰ ਦੂਜੇ ਦਿਨ ਕਿਸਾਨਾਂ ਨੇ ਵੀ ਪੁਲਿਸ ਦੀ ਸਖ਼ਤੀ ਤੋਂ ਬਚਣ ਲਈ ਕੁਝ ਆਰਜੀ ਪ੍ਰਬੰਧ ਕਰ ਲਏ ਤੇ ਨਵੀਂਆਂ ਜੁਗਤਾਂ ਘੜ੍ਹ ਰਹੇ ਸਨ। ਬਹੁਤ ਸਾਰੇ ਕਿਸਾਨਾਂ ਨੇ ਦੂਜੇ ਦਿਨ ਆਪਣੀਆਂ ਅੱਖਾਂ ਨੂੰ ਹੰਝੂ ਗੈਸ ਤੋਂ ਬਚਾਉਣ ਲਈ ਤੈਰਾਕੀ ਲਈ ਵਰਤੀਆਂ ਜਾਣ ਵਾਲੀਆਂ ਐਨਕਾਂ ਲਾ ਲਈਆਂ। 

ਹੰਝੂ ਗੈਸ ਦੀ ਜਲਣ ਤੋ ਮੂੰਹ ਨੂੰ ਬਚਾਉਣ ਲਈ ਕਈ ਕਿਸਾਨਾਂ ਨੇ ਮੂੰਹ ‘ਤੇ ਟੁੱਥਪੇਸਟ ਅਤੇ ਮੁਲਤਾਨੀ ਮਿੱਟੀ ਲਗਾ ਲਈ। ਕਈ ਕਿਸਾਨਾਂ ਨੇ ਚਿਹਰੇ ਵਾਲੇ ਮਾਸਕ ਲਾ ਲਏ। 

ਪੱਖੇ, ਹਵਾ ਤੇ ਪਾਣੀ:

ਬਹੁਤ ਸਾਰੇ ਨੌਜਵਾਨ ਤਸਲੇ (ਬੱਠਲ) ਨਾਲ ਹੰਝੂ ਗੈਸ ਦੇ ਗੋਲਿਆਂ ਉੱਪਰ ਸੁੱਟ ਕੇ ਓਹਨਾਂ ਦੇ ਪ੍ਰਭਾਵ ਨੂੰ ਖ਼ਤਮ ਕਰ ਰਹੇ ਸਨ। ਕਿਸਾਨਾਂ ਨੇ ਟਰੈਕਟਰਾਂ ਦੇ ਪਿੱਛੇ ਵੱਡੇ ਪੱਖੇ ਪਾ ਲਿਆਂਦੇ ਜਿਸ ਨਾਲ ਕਿ ਹੰਝੂ ਗੈਸ ਦਾ ਧੂਆਂ ਹਰਿਆਣਾ ਪੁਲਿਸ ਵਾਲੇ ਪਾਸੇ ਭੇਜਿਆ ਜਾ ਸਕੇ। 

ਇਸ ਦਿਨ ਤਾਂ ਹਵਾ ਵੀ ਕਿਸਾਨਾਂ ਦੇ ਪੱਖ ਵਿੱਚ ਸੀ ਤੇ ਪੰਜਾਬ ਵੱਲੋਂ ਹਰਿਆਣੇ ਵਾਲੇ ਪਾਸੇ ਨੂੰ ਵਗ ਰਹੀ ਸੀ। 

ਕਿਸਾਨਾਂ ਨੇ ਲੰਬੇ ਪਾਈਪਾਂ ਦੇ ਪ੍ਰਬੰਧ ਕਰਕੇ ਓਹਨਾਂ ਨਾਲ ਹੰਝੂ ਗੈਸ ਵਾਲੇ ਧਮਾਕੇ ਵਾਲੇ ਗੋਲਿਆਂ ਤੇ ਪਾਣੀ ਦਾ ਛਿੜਕਾਅ ਕਰਨਾ ਸ਼ੁਰੂ ਕੀਤਾ। 

ਜ਼ਖ਼ਮੀਆਂ ਦੀ ਗਿਣਤੀ:

ਦੂਜੇ ਦਿਨ ਤੱਕ ਜ਼ਖ਼ਮੀ ਹੋਣ ਵਾਲੇ ਕਿਸਾਨਾਂ ਦੀ ਗਿਣਤੀ 90 ਦੇ ਕਰੀਬ ਪਹੁੰਚ ਗਈ। ਛੋਟੀਆਂ ਸੱਟਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ ਸੈਂਕੜਾ ਪਾਰ ਕਰ ਜਾਂਦੀ ਹੈ।  

ਪੁਲਿਸ ਦੇ ਛੱਰਿਆਂ ਵਾਲੇ ਰੌਂਦ ਦਾਗੇ:

ਪੁਲਿਸ ਵੱਲੋਂ ਕਿਸਾਨਾਂ ਉੱਤੇ ਛੱਰਿਆਂ ਵਾਲੀਆਂ ਗੋਲੀਆਂ (ਪੈਲੇਟ) ਦੀ ਵੀ ਵਰਤੋਂ ਕੀਤੀ ਤੇ ਕਈ ਕਿਸਾਨਾਂ ਦੇ ਸਰੀਰ ਤੇ ਛੱਰੇ ਵੀ ਵੱਜੇ। 

ਇੱਕ ਨੌਜਵਾਨ ਦੇ ਲੱਤ ਕੋਲ ਇੱਕ ਗੋਲਾ ਆ ਡਿੱਗਣ ਕਰਕੇ ਓਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਤੁਰਨ ਤੋਂ ਅਸਮਰੱਥ ਹੋ ਗਿਆ। 

ਜਿਹਨਾਂ ਕਿਸਾਨਾਂ ਦੇ ਸੱਟਾਂ ਵੱਜਦੀਆਂ ਸਨ ਓਹਨਾਂ ਨੂੰ ਦੂਜੇ ਕਿਸਾਨ ਮਦਦ ਕਰਕੇ ਮੈਡੀਕਲ ਕੈਂਪ ਤੱਕ ਪਹੁੰਚਾ ਦਿੰਦੇ। 

ਹਰਿਆਣੇ ਵਾਲੇ ਪਾਸਿਓ ਪੰਜਾਬ ਵੱਲ ਗੋਲਾਬਾਰੀ:

ਕਿਸਾਨਾਂ ਅੰਦਰ ਇਸ ਗੱਲ ਦਾ ਰੋਸ ਵੀ ਕਿ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਅੰਦਰ ਗੋਲੇ ਕਿਵੇਂ ਦਾਗ ਸਕਦੀ ਹੈ ਅਤੇ ਡਰੋਨ ਦੀ ਵਰਤੋਂ ਕਰਕੇ ਹਮਲਾ ਕਿਵੇਂ ਕਰ ਸਕਦੀ ਹੈ। 

ਕੁਝ ਕਿਸਾਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਕੋਲ ਜਾਕੇ ਇਸ ਦਾ ਰੋਸ ਵੀ ਪ੍ਰਗਟ ਕੀਤਾ ਪਰ ਪੰਜਾਬ ਪੁਲਿਸ ਅਤੇ ਉੱਚ ਅਧਿਕਾਰੀ ਕੁਝ ਵੀ ਕਰਨ ਤੋਂ ਅਸਮਰੱਥ ਨਜ਼ਰ ਆਏ। ਓਹਨਾਂ ਕੋਲ ਕਿਸਾਨਾਂ ਦੇ ਇਹਨਾਂ ਸਵਾਲਾਂ ਦੇ ਕੋਈ ਜਵਾਬ ਨਹੀਂ ਸਨ।  

ਘੱਗਰ ਵਿਚੋਂ ਲੰਘ ਜਾਣ ਦੀਆਂ ਕੋਸ਼ਿਸ਼ਾਂ:

ਕਿਸਾਨ ਘੱਗਰ ਦਰਿਆ ਦੇ ਦੋਵੇਂ ਪਾਸੇ ਪਹਿਲੇ ਦਿਨ ਵਾਂਗ ਕਿਸਾਨ ਅੱਗੇ ਵੱਧਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। 

ਹਰਿਆਣੇ ਨੂੰ ਜਾਂਦਿਆਂ ਦਰਿਆ ਦੇ ਸੱਜੇ ਪਾਸੇ ਕਿਸੇ ਕਿਸਾਨ ਦੀ ਕਈ ਏਕੜ ਕਣਕ ਇਸ ਮੋਰਚੇ ਦੀ ਜੱਦੋ ਜਹਿਦ ਦੀ ਭੇਟ ਚੜ੍ਹ ਗਈ। ਜਿੱਥੇ ਬੀਜੀ ਕਣਕ ਵਿੱਚ ਖੜ੍ਹੇ ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਵੱਲੋਂ ਉਸ ਪਾਸੇ ਵੀ ਦੋਵੇਂ ਦਿਨ ਬਹੁਤ ਗੋਲੇ ਦਾਗੇ ਗਏ।

ਕਿਸਾਨ ਆਗੂਆਂ ਦੇ ਸੰਬੋਧਨ:

ਦੂਜੇ ਦਿਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਸੇ ਵੀ ਹੀਲੇ ਦਿੱਲੀ ਜਾਣ ਦਾ ਐਲਾਨ ਸ਼ੰਭੂ ਬਾਰਡਰ ‘ਤੇ ਬਣਾਈ ਆਰਜ਼ੀ ਸਟੇਜ ਤੋਂ ਕੀਤਾ। 

ਇਸ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਸਿਹਤ ਬਾਰੇ ਵੱਡੀ ਗੱਲ ਆਖਦਿਆਂ ਖੁਦ ਨੂੰ ਕੈਂਸਰ ਹੋਣ ਦੀ ਗੱਲ ਕਿਸਾਨਾਂ ਨਾਲ ਸਾਂਝੀ ਕੀਤੀ।

ਸੰਸਥਾਵਾਂ ਮਦਦ ’ਤੇ ਪਹੁੰਚੀਆਂ:

ਦੂਜੇ ਦਿਨ ਕਿਸਾਨਾਂ ਵਾਸਤੇ ਸਮਾਜ ਸੇਵੀ ਸੰਸਥਾਵਾਂ ਮੈਡੀਕਲ ਸਹਾਇਤਾ ਲਈ ਮੋਰਚੇ ਵਿੱਚ ਪਹੁੰਚ ਗਏ ਜਿਸ ਵਿਚ ਖਾਲਸਾ ਏਡ, ਯੂਨਾਇਟਿਡ ਸਿਖਸ ਅਤੇ ਕਈ ਹੋਰ ਸੰਸਥਾਵਾਂ ਸ਼ੰਭੂ ਪਹੁੰਚ ਗਈਆਂ। ਸਰਕਾਰ ਨੇ ਵੀ ਐਮਬੂਲੈਂਸਾਂ ਦੀ ਗਿਣਤੀ ਵਧਾ ਦਿੱਤੀ। 

ਕਿਸਾਨ ਆਗੂਆਂ ਨੂੰ ਮੀਟਿੰਗ ਦਾ ਸੱਦਾ:

ਦੂਜੇ ਦਿਨ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਅਧਿਕਾਰੀਆਂ ਨਾਲ ਮੀਟਿੰਗ ਦਾ ਸੱਦਾ ਪਹੁੰਚ ਗਿਆ। ਜਿਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਕੇਂਦਰੀ ਮੰਤਰੀਆਂ ਨਾਲ ਤੀਜੇ ਦੌਰ ਦੀ ਮੀਟਿੰਗ ਕਰਨ ਲਈ ਆਈ ਚਿੱਠੀ ਦਾ ਜ਼ਿਕਰ ਕੀਤਾ।  

ਦਿੱਲੀ ਕੂਚ ਦਾ ਐਲਾਨ ਕਰਨ  ਤੋਂ ਬਾਅਦ ਕਿਸਾਨ ਆਗੂਆਂ ਦੀਆਂ ਦੋ ਮੀਟਿੰਗਾਂ 13 ਫਰਵਰੀ ਤੋਂ ਪਹਿਲਾਂ ਹੋ ਚੁੱਕੀਆਂ ਸਨ।

ਜਦੋਂ ਪਤੰਗ ਨੇ ਡਰੋਨ ਸੁੱਟ ਲਿਆ:

ਵੱਡੀ ਗੱਲ ਇਹ ਰਹੀ ਦੂਜੇ ਦਿਨ ਬਸੰਤ ਪੰਚਮੀ ਦਾ ਤਿਉਹਾਰ ਕਿਸਾਨਾਂ ਨੇ ਸੰਭੂ ਬਾਰਡਰ ‘ਤੇ ਬਹੁਤ ਅਨੋਖੇ ਢੰਗ ਨਾਲ ਮਨਾਇਆ। ਕਿਸਾਨਾਂ ਨੇ ਬਾਰਡਰ ਤੇ ਪਤੰਗ ਉਡਾ ਕੇ ਹਰਿਆਣਾ ਪੁਲਿਸ ਦੇ ਡਰੋਨ ਹਮਲੇ ਅਸਫ਼ਲ ਕਰ ਦਿੱਤੇ। 

ਕਿਸਾਨ ਦੇ ਪਤੰਗਾਂ ਨਾਲ ਡਰੋਨ ਨੂੰ ਕਾਬੂ ਕਰਨ ਦੀ ਇਕ ਤਸਵੀਰ

ਜਿੱਥੇ ਹਰਿਆਣਾ ਪੁਲਿਸ ਡਰੋਨ ਦੀ ਮਦਦ ਨਾਲ ਆਪਣੇ ਹੀ ਲੋਕਾਂ ‘ਤੇ ਗੋਲੇ ਸੁੱਟਣ ਵਾਲੀ ਭਾਰਤ ਦੀ ਪਹਿਲੀ ਪੁਲਿਸ ਬਣੀ  ਉੱਥੇ ਹੀ ਪੰਜਾਬ ਦੇ ਕਿਸਾਨ ਪਤੰਗਾਂ ਨਾਲ ਡਰੋਨ ਨੂੰ ਕਾਬੂ ਕਰਨ ਦਾ ਇਤਿਹਾਸ ਰਚਣ ਵਾਲੇ ਪਹਿਲੇ ਲੋਕ ਬਣੇ।

ਕਿਸਾਨਾਂ ਨੇ ਪਤੰਗਾਂ ਦੀਆਂ ਡੋਰਾਂ ਵਿੱਚ ਇੱਕ ਡਰੋਨ ਉਲਝਾ ਕੇ ਹੇਠਾਂ ਵੀ ਸੁੱਟ ਲਿਆ ਜੋ ਕਿ ਦਰਿਆ ਦੇ ਪਰਲੇ ਪਾਰ ਪੁਲਿਸ ਵਾਲੇ ਪਾਸੇ ਜਾ ਡਿੱਗਾ।

ਮੰਦਭਾਗੀ ਘਟਨਾ:

ਪਰ ਦੂਜੇ ਦਿਨ ਕੁਝ ਅਜਿਹਾ ਵੀ ਵਾਪਰਿਆ ਜੋ ਨਹੀਂ ਸੀ ਵਾਪਰਨਾ ਚਾਹੀਦਾ। ਕਿਸਾਨਾਂ ਨੇ ਜਿਹੜਾ ਡਰੋਨ ਆਪਣੇ ਪਤੰਗਾ ਨਾਲ ਹੇਠਾਂ ਲਾਹਿਆ ਸੀ ਉਸ ਮੌਕੇ ਏ.ਐਨ.ਆਈ. (ANI) ਦੇ ਪੱਤਰਕਾਰ ਕਰਨ ਵਰਮਾ (ਡੇਰਾ ਬਸੀ) ਅਤੇ ਕੈਮਰਾਮੈਨ ਸਿਕੰਦਰ ਨੂੰ ਹਰਿਆਣਾ ਪੁਲਿਸ ਦੇ ਬੰਦੇ ਦੱਸ ਕੇ ਕੁਝ ਲੋਕਾਂ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। 

ਸਾਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਅਸੀਂ ਪੱਤਰਕਾਰ ਕਰਨ ਵਰਮਾ ਨੂੰ ਬਚਾਉਣ ਵਿੱਚ ਸਫ਼ਲ ਰਹੇ ਪਰ ਕੈਮਰਾਮੈਨ ਸਿਕੰਦਰ ਦੇ ਸਿਰ ‘ਤੇ ਅਤੇ ਹੱਥ, ਬਾਂਹ ‘ਤੇ ਕਈ ਸੱਟਾਂ ਲੱਗ ਗਈਆਂ। ਉਸ ਮਾਹੌਲ ਨੂੰ ਦੇਖ ਕੇ ਲੱਗਾ ਕਿ ਆਪੇ ਅਤੇ ਮਰਿਯਾਦਾ ਤੋਂ ਬਾਹਰ ਹੋਣ ਵਾਲੇ ਆਮ ਜਹੇ ਬੰਦੇ ਵੀ ਲੋਕ ਭੀੜ ਦਾ ਰੂਪ ਧਾਰ ਸਕਦੇ ਹਨ। 

ਤਣਾਅ ਦੇ ਮਹੌਲ ਵਿਚ ਸੰਜਮ ਰੱਖਣ ਦੀ ਲੋੜ ਹੈ (ਵਿਚਾਰ):

ਜਿੱਥੇ ਕਿਸਾਨਾਂ ਨੇ ਡੋਰਾਂ ਅਤੇ ਪਤੰਗਾਂ ਦੇ ਸਿਰ ‘ਤੇ ਪੁਲਿਸ ਦੇ ਡਰੋਨ ਲਾਹ ਕੇ ਇਕ ਨਵਾਂ ਇਤਿਹਾਸ ਸਿਰਜਿਆ ਉੱਥੇ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਭੀੜ ਬਣ ਕੇ ਹਿੰਸਕ ਬਿਰਤੀ ਦਾ ਪ੍ਰਗਟਾਵਾ ਕੀਤਾ। ਯੋਧੇ ਅਤੇ ਡਾਕੂ ਵਿੱਚ ਬਸ ਇੱਕ ਮਰਿਯਾਦਾ ਦਾ ਹੀ ਫਰਕ ਹੁੰਦਾ ਕਿ ਮਰਿਯਾਦਾ ਭੁੱਲਿਆ ਬੰਦਾ ਯੋਧੇ ਤੋਂ ਕਦੋਂ ਡਾਕੂ ਬਣ ਜਾਂਦਾ ਇਹ ਉਹਨਾਂ ਨੂੰ ਵੀ ਨਹੀਂ ਪਤਾ ਚਲਦਾ। ਇਹ ਗੱਲ ਕਿਸਾਨਾਂ ਨੂੰ ਵੀ ਚੇਤੇ ਰੱਖਣੀ ਚਾਹੀਦੀ ਹੈ। 

ਬੇਭਰੋਸਗੀ, ਜਿਸ ਤੋਂ ਬਚਣ ਦੀ ਲੋੜ ਹੈ:

ਕਈ ਕਿਸਾਨਾਂ ਵਿੱਚ ਪੱਤਰਕਾਰਾਂ ਪ੍ਰਤੀ ਇੱਕ ਅਜੀਬ ਕਿਸਮ ਦੀ ਬੇਭਰੋਸਗੀ ਦੇਖਣ ਨੂੰ ਮਿਲੀ। ਕੁਝ ਨੌਜਵਾਨਾਂ ਵੱਲੋਂ ਇੰਡੀਆ ਦੇ ਰਾਸ਼ਟਰੀ ਮੀਡੀਆ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਜਾ ਰਿਹਾ ਸੀ ਪਰ ਨਾਲ ਹੀ ਕੁਝ ਸੂਝਵਾਨ ਕਿਸਾਨ ਮੀਡੀਆ ਦੇ ਹੱਕ ਵਿੱਚ ਵੀ ਡਟੇ। 

ਦੂਜੇ ਦਿਨ ਦਾ ਢਲਾਅ:

ਖੈਰ ਦੂਜੇ ਦਿਨ ਵੀ ਤਰਕਾਲਾਂ ਢਲੀਆਂ ਤੋਂ ਮੋਰਚੇ ਦੀ ਸਟੇਜ ਤੋਂ ਗੁਰੂ ਦੀ ਬਾਣੀ ਦੀ ਮਿੱਠੀ ਧੁਨ ਗੂੰਜਣ ਲੱਗੀ ਅਤੇ ਦੂਜੇ ਪਾਸੇ ਗੋਲਾਬਾਰੀ ਹੁੰਦੀ ਰਹੀ। 

ਦੂਜੇ ਦਿਨ ਕਿਸਾਨ ਆਗੂਆਂ ਦੀ ਪੱਤਰਕਾਰ ਵਾਰਤਾ:

ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਭ ਤੋਂ ਪਹਿਲਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੱਤਰਕਾਰਾਂ ਨਾਲ ਵਾਪਰੀ ਘਟਨਾ ਦੀ ਮਾਫੀ ਮੰਗੀ ਤੇ ਅਗਾਂਹ ਤੋਂ ਅਜਿਹਾ ਹੋਣੋ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ।

ਪੱਤਰਕਾਰ ਵਾਰਤਾ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਸਾਨੂੰ ਨਿਸ਼ਾਨਾ ਬਣਾ ਕੇ ਸਾਡੇ ‘ਤੇ ਡਰੋਨ ਹਮਲੇ ਕਰ ਰਹੀ ਹੈ। ਉਹਨਾ ਕਿਹਾ ਕਿ ਮੇਰਾ ਫੋਨ ‘ਟਰੇਸ’ ਕਰਕੇ ਮੇਰੇ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਜਦੋਂ ਉਹ ਸਟੇਜ ਤੋਂ ਨੌਜਵਾਨਾਂ ਨੂੰ ਰੋਕਾਂ ਵੱਲ ਨਾ ਵਧਣ ਦੀ ਅਪੀਲ ਕਰ ਰਹੇ ਸਨ ਉਸ ਵੇਲੇ ਉਹਨਾ ਉੱਤੇ ਰਬੜ ਦੀ ਗੋਲੀ ਨਾਲ ਹਮਲਾ ਵੀ ਕੀਤਾ ਗਿਆ ਜੋ ਕਿ ਉਹਨਾ ਪਿੱਛੇ ਖੜੇ ਨੌਜਵਾਨ ਦੀ ਅੱਖ ਵਿਚ ਜਾ ਲੱਗੀ। 

ਮੀਟਿੰਗ ਤੱਕ ਅੱਗੇ ਨਾ ਵਧਣ ਦਾ ਐਲਾਨ:

ਦੂਜੇ ਦਿਨ ਦੀ ਪੱਤਰਕਾਰ ਵਾਰਤਾ ਵਿੱਚ ਕਿਸਾਨ ਆਗੂਆਂ ਨੇ ਮੀਟਿੰਗ ਹੋਣ ਤੱਕ ਤੀਜੇ ਦਿਨ ਲਈ ਅੱਗੇ ਨਾ ਵੱਧਣ ਦਾ ਐਲਾਨ ਕੀਤਾ। ਜਿਸ ਤੋਂ ਇਹ ਸਪੱਸ਼ਟ ਸੀ ਕਿ ਤੀਜੇ ਦਿਨ ਸ਼ਾਂਤੀ ਰਹੇਗੀ ਅਤੇ ਕਿਸਾਨ ਬੈਰੀਕੇਟ ਤੋੜਨ ਲਈ ਅੱਗੇ ਨਹੀਂ ਵੱਧਣਗੇ।

ਰੋਕਾਂ ਤੇ ਗੱਲਬਾਤ:

ਇਕ ਪਾਸੇ ਸਰਕਾਰ ਵੱਲੋਂ ਕਿਸਾਨ ਆਗੂਆਂ ਦੇ ਬਿਜਲ ਸੱਥ (ਸੋਸ਼ਲ ਮੀਡੀਆ) ਖਾਤੇ ਬੰਦ ਕੀਤੇ ਜਾ ਰਹੇ ਨੇ, ਦੂਜੇ ਪਾਸੇ ਸਰਕਾਰ ਵੱਲੋਂ ਉਹਨਾ ਨੂੰ ਮੀਟਿੰਗ ਲਈ ਸੱਦਿਆ ਜਾ ਰਿਹਾ। 

ਤੀਜਾ ਦਿਨ:

ਤੀਜੇ ਦਿਨ ਪਹਿਲੇ ਦੋ ਦਿਨਾਂ ਦੇ ਮੁਕਾਬਲੇ ਕਾਫੀ ਚੁੱਪ ਚਾਪ ਸੀ ਪਰ ਕਿਸਾਨਾਂ ਦੀ ਚਹਿਲ ਪਹਿਲ ਜਾਰੀ ਸੀ। ਬਹੁਤ ਸਾਰੇ ਨੌਜਵਾਨ ਨਾਕੇ ਤੋੜਨ ਲਈ ਕਾਹਲੇ ਸਨ ਜੋ ਮੁੜ-ਮੁੜ ਬੈਰੀਕੇਟਾਂ ਵੱਲ ਦੇਖ ਰਹੇ ਸਨ। ਪਰ ਤੀਜੇ ਦਿਨ ਸਵੇਰ ਤੋਂ ਹੀ ਕਿਸਾਨ ਯੂਨੀਅਨਾਂ ਨੇ ਆਪਣੇ ਬੰਦਿਆਂ (ਵਲੰਟੀਅਰਾਂ) ਦੀ ਡਿਊਟੀ ਇਸ ਗੱਲ ‘ਤੇ ਲਗਾ ਦਿੱਤੀ ਸੀ ਕਿ ਕੋਈ ਵੀ ਨਾਕਿਆਂ ਵਾਲੇ ਪਾਸੇ ਨਾ ਜਾਵੇ ਕਿਉਂਕਿ ਇਸ ਨਾਲ ਪੁਲਿਸ ਨੂੰ ਗੋਲੇ ਦਾਗਣ ਦਾ ਬਹਾਨਾ ਮਿਲ ਜਾਣਾ ਸੀ। 

ਸਾਫ ਸਫਾਈ ਤੇ ਸੇਵਾ ਦੀ ਲੋੜ: 

ਤੀਜੇ ਦਿਨ ਤੱਕ ਕਿਸਾਨਾਂ ਨੇ ਰਹਿਣ ਲਈ ਕੋਈ ਵੀ ਪੱਕੇ ਪ੍ਰਬੰਧ ਨਹੀਂ ਸਨ ਕੀਤੇ ਕਿਉਂਕਿ ਕਿਸਾਨ ਅੱਗੇ ਵੱਧਣਾ ਚਾਹੁੰਦੇ ਸਨ। ਪਰ ਹੁਣ ਤੱਕ ਕਿਸਾਨਾਂ ਦੇ ਆਲੇ ਦੁਆਲੇ ਕਾਫ਼ੀ ਕੂੜਾ ਇਕੱਠਾ ਹੋ ਗਿਆ ਸੀ। ਜਿਸ ਨੂੰ ਕੁਝ ਨੌਜਵਾਨਾਂ ਵੱਲੋਂ ਸਾਫ਼ ਵੀ ਕੀਤਾ ਜਾ ਰਿਹਾ ਸੀ। ਤਿੰਨ ਕਿਲੋਮੀਟਰ ਲੰਬਾ ਮੋਰਚਾ ਸਾਫ਼ ਕਰਨ ਲਈ ਅਤੇ ਗੰਦ ਚੁੱਕਣ ਲਈ ਉੱਥੇ ਕਈ ਸਫਾਈ ਕਰਨ ਵਾਲੀਆਂ ਮਸ਼ੀਨਾਂ ਅਤੇ ਸੇਵਾਦਾਰਾਂ ਦੀ ਲੋੜ ਹੈ ਜਿਸਦੀ ਕਿ ਹਾਲੇ ਤੱਕ ਘਾਟ ਹੈ। 

ਕੀ ਕੁਝ ਪ੍ਰਬੰਧ ਹੋਏ ਹਨ ਤੇ ਕੀ ਕੁਝ ਦੀ ਘਾਟ ਹੈ:

ਤੀਜੇ ਦਿਨ ਤੱਕ 20 ਦੇ ਕਰੀਬ ਅਮਬੂਲੈਂਸਾਂ ਸ਼ੰਭੂ ਮੋਰਚੇ ਵਿੱਚ ਹਾਜ਼ਿਰ ਸਨ ਪਰ ਫੇਰ ਵੀ ਉੱਥੇ ਮੈਡੀਕਲ ਸਹੂਲਤ ਅਤੇ ਕਿਸਾਨਾਂ ਲਈ ਕਿਤਾਬਾਂ ਦਾ ਪ੍ਰਬੰਧ ਲੋੜੀਦਾ ਹੈ।

ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦਰਮਿਆਨ ਮੀਟਿੰਗ:

ਕਰੀਬ ਤਿੰਨ ਵਜੇ ਕਿਸਾਨ ਆਗੂ ਚੰਡੀਗੜ੍ਹ ਵਿਚ ਪੰਜ ਵਜੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਕਾਰਪੋਰੇਟ ਮਸਲਿਆਂ ਦੇ ਮੰਤਰੀ ਪਿਯੂਸ਼ ਗੋਇਲ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਆਦਿਤਿਆਨੰਦ ਰਾਏ ਨਾਲ ਹੋਣ ਵਾਲੀ ਮੀਟਿੰਗ ਲਈ ਚਲੇ ਗਏ। ਇਹ ਮੀਟਿੰਗ ਦੇਰ ਰਾਤ ਤੱਕ ਚਲਦੀ ਰਹੀ। 

ਹੋਰਨਾਂ ਕਿਸਾਨ ਯੂਨੀਅਨਾਂ ਵੱਲੋਂ ਹਿਮਾਇਤ:

ਤੀਜੇ ਦਿਨ ਤੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਸ ਮੋਰਚੇ ਨੂੰ ਹਿਮਾਇਤ ਨਹੀਂ ਕੀਤੀ ਓਹਨਾਂ ਨਾਲ ਜੁੜੇ ਕਿਸਾਨ ਆਪਣੇ ਪੱਧਰ ਉੱਤੇ ਇਸ ਮੋਰਚੇ ਸ਼ਮੂਲੀਅਤ ਕਰਨ ਲੱਗੇ ਪਏ। 

ਪਹਿਲੇ ਦਿਨ ਤੋਂ ਹੀ ਸੰਯੂਕਤ ਕਿਸਾਨ ਮੋਰਚਾ (ਰਾਜਨੀਤਿਕ ਜਥੇਬੰਦੀਆਂ) ਨਾਲ ਜੁੜੇ ਕਿਸਾਨ ਆਪਣੀਆਂ ਗੱਡੀਆਂ ਵਿੱਚ ਇੱਥੇ ਪਹੁੰਚ ਰਹੇ ਹਨ ਜਿਸ ਕਾਰਨ ਇਹ ਮੋਰਚਾ ਸਮੁੱਚੇ ਕਿਸਾਨਾਂ ਦੀ ਹਿਮਾਇਤ ਹਾਸਲ ਕਰਦਾ ਜਾ ਰਿਹਾ ਹੈ।

ਆਪਸੀ ਕਸ਼ਮਕਸ਼:

ਤੀਜੇ ਦਿਨ ਦੁਪਹਿਰ ਬਾਅਦ ਨਿਹੰਗ ਸਿੰਘਾਂ ਦਾ ਇਕ ਜਥਾ ਬਾਰਡਰ ‘ਤੇ ਜਾ ਪਹੁੰਚਿਆ। ਉਹ ਬੈਰੀਕੇਟ ਤੋੜ ਕੇ ਅੱਗੇ ਵੱਧਣਾ ਚਾਹੁੰਦਾ ਸਨ। ਉੱਥੇ ਬਹੁਤ ਸਮਾਂ ਅੱਗੇ ਜਾਣ ਅਤੇ ਨਾ ਜਾਣ ਵਾਲਿਆਂ ਵਿਚਾਲੇ ਬਹਿਸ ਚਲਦੀ ਰਹੀ। 

ਸ਼ੰਭੂ ਮੋਰਚੇ ਵਿੱਚ ਸ਼ਾਮ ਹੋਣ ਉਪਰੰਤ ਇਕ ਕਿਸਾਨ ਵੱਲੋਂ ਸਟੇਜ ਤੋਂ ਰਹਿਰਾਸ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਗਈ ਅਤੇ ਸਭ ਕਿਸਾਨ ਆਪਣੇ ਟਰਾਲੀਆਂ ਵਾਲੇ ਟਿਕਾਣਿਆਂ ਵੱਲ ਵੱਧ ਪਏ। ਓਦੋਂ ਹੀ ਇਕ ਨਿਹੰਗ ਸਿੰਘ ਪੁਲਿਸ ਰੋਕਾਂ ਦੇ ਬਹੁਤ ਨੇੜੇ ਚਲਿਆ ਗਿਆ ਤਾਂ ਹਰਿਆਣਾ ਪੁਲਿਸ ਨੇ ਉਸ ਨਿਹੰਗ ਸਿੰਘ ‘ਤੇ ਰਬੜ ਦੀ ਗੋਲੀ ਦਾ ਫਾਇਰ ਕਰ ਦਿੱਤਾ। ਜਿਸ ਪਿੱਛੋਂ ਫੇਰ ਕਿਸਾਨ ਰੋਹ ਵਿੱਚ ਆਏ ਅਤੇ ਉਹਨਾਂ ‘ਤੇ ਦੁਬਾਰਾ ਗੋਲਾਬਾਰੀ ਸ਼ੁਰੂ ਹੋ ਗਈ। 

ਇਕ ਪਾਸੇ ਗੱਲਬਾਤ ਚੱਲਦੀ ਰਹੀ ਤੇ ਦੂਜੇ ਪਾਸੇ ਗੋਲਾਬਾਰੀ:

ਤੀਜੇ ਦਿਨ ਦੇਰ ਸ਼ਾਮ ਨੂੰ ਇੱਕ ਪਾਸੇ ਚੰਡੀਗੜ੍ਹ ਵਿਚ ਕਿਸਾਨ ਆਗੂਆਂ ਤੇ ਸਰਕਾਰ ਦੇ ਮੰਤਰੀਆਂ ਵਿਚ ਮੀਟਿੰਗ ਚਲਦੀ ਰਹੀ ਤੇ ਦੂਜੇ ਪਾਸੇ ਗੋਲਾਬਾਰੀ ਪੰਜਾਬ ਹਰਿਆਣੇ ਦੀ ਹੱਦ ਉੱਤੇ ਕਿਸਾਨਾਂ ਉੱਤੇ ਪੁਲਿਸ ਗੋਲਾਬਾਰੀ ਕਰਦੀ ਰਹੀ।

****

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version