March 13, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ): ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋˆ ਪਰਦਾ ਹਟਾ ਕੇ ਲੋਕ ਸਮਰਪਣ ਕੀਤਾ ਅਤੇ ਜਲਿਆਂਵਾਲੇ ਬਾਗ ਵਿਚ ਅੰਗਰੇਜ਼ ਹਕੂਮਤ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਵਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਰਾਜਨਾਥ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਅਜ਼ਾਦੀ ਲਈ ਉਠ ਖੜੇ ਹੋਏ ਸਨ ਅਤੇ ਉਨ੍ਹਾਂ ਦੀ ਕੁਰਬਾਨੀ ਸਦਕਾ ਸਾਨੂੰ ਆਜ਼ਾਦੀ ਨਸੀਬ ਹੋਈ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਜੋ ਮਹਾਨ ਸ਼ਹੀਦਾਂ/ਸਖ਼ਸ਼ੀਅਤਾਂ ਦੇ ਬੁੱਤ ਤੋੜੇ ਜਾ ਰਹੇ ਹਨ ਉਹ ਬਹੁਤ ਮੰਦਭਾਗੀ ਗੱਲ ਹੈ ਅਤੇ ਅਜਿਹੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਇਸ ਮੌਕੇ ਪੰਜਾਬ ਸਰਕਾਰ ਵਲੋਂ ਪੁੱਜੇ ਕੈਬਨਿਟ ਮੰਤਰੀ ਸ:ਸਾਧੂ ਸਿੰਘ ਧਰਮਸੋਤ ਨੇ ਸ਼ਰਧਾ ਭੇਟ ਕਰਦਿਆਂ ਕਿਹਾ ਕਿ ਇਸ ਮਹਾਨ ਕਾਰਜ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਉਣਾ ਸੀ ਪਰ ਕੈਬਨਿਟ ਦੀ ਮੀਟਿੰਗ ਕਾਰਨ ਉਹ ਨਹੀਂ ਆ ਸਕੇ ਅਤੇ ਸਰਕਾਰ ਦੀ ਤਰਫ਼ੋਂ ਮੈਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਨੂੰ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਸੇਰਾ ਬਣਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ਹੀਦ ਊਧਮ ਸਿੰਘ ਦੇ ਨਾਂ ਉੱਤੇ ਚੇਅਰ ਸਥਾਪਿਤ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੰਦੇਸ਼ ਲੈ ਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਹੀਦ ਨੂੰ ਸ਼ਰਧਾ ਭੇਟ ਕਰਦਿਆਂ ਮੁੱਖ ਮੰਤਰੀ ਦਾ ਸੰਦੇਸ਼ ਪੜ੍ਹਿਆ ਜਿਸ ਵਿੱਚ ਮੁੱਖ ਮੰਤਰੀ ਨੇ ਸ਼ਹੀਦ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਅਜ਼ਾਦੀ ਲਈ ਵੱਧ ਕੁਰਬਾਨੀਆਂ ਕੀਤੀਆਂ ਅਤੇ ਸ਼ਹੀਦ ਦਾ ਇਹ ਬੁੱਤ ਆਉਣ ਵਾਲੀ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ, ਸਾਬਕਾ ਮੰਤਰੀ ਸ੍ਰੀ ਹੰਸ ਰਾਜ ਜੋਸਨ ਅਤੇ ਸ੍ਰੀ ਦੌਲਤ ਰਾਜ ਚੌਧਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਰਾਜਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਸ੍ਰੀ ਕਰਮਦੇਵ ਰਾਜਮੰਤਰੀ ਹਰਿਆਣਾ, ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ, ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀਕਾਂਤਾ ਚਾਵਲਾ, ਸ੍ਰੀ ਰਜਿੰਦਰ ਮੋਹਨ ਸਿੰਘ ਛੀਨਾ
ਅਤੇ ਖੁਸ਼ਵੰਤਰ ਰਾਏ ਗੀਗਾ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ 13 ਅਪ੍ਰੈਲ 1919 ਵਿੱਚ ਜਨਰਲ ਡਾਇਰ ਵਲੋਂ ਜਲਿਆਂਵਾਲਾ ਬਾਗ ਵਿਖੇ ਗੋਲੀਆਂ ਚਲਾਕੇ ਸ਼ਹੀਦ ਕੀਤੇ ਪੰਜਾਬੀਆਂ ਦੀ ਮੌਤ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਨੇ 13 ਮਾਰਚ 1940 ਵਾਲੇ ਦਿਨ ਇੰਗਲੈਂਡ ਦੇ ਕੈਕਸਟਨ ਹਾਲ ਵਿੱਚ ਜਨਰਲ ਡਾਇਰ ਨੂੰ ਗੋਲੀ ਮਾਰੀ ਸੀ।ਸ਼ਹੀਦ ਊਧਮ ਸਿੰਘ ਦਾ ਬੁਤ ਸਥਾਪਿਤ ਕਰਨ ਲਈ ਵੀ ਇੱਕ ਨਿੱਜੀ ਸੰਸਥਾ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ 11 ਫੁੱਟ ਉਚੇ, 4ਫੁੱਟ ਚੌੜੇ ਸ਼ਹੀਦ ਦੇ ਬੁੱਤ ‘ਤੇ 9 ਲੱਖ ਰੁਪਏ ਖਰਚ ਆਏ ਹਨ, ਜਿਸ ਵਿਚ 52 ਹਜ਼ਾਰ 700 ਰੁਪਏ ਜੀ.ਐਸ.ਟੀ ਵਜੋਂ ਉਤਾਰੇ ਗਏ ਹਨ।
Related Topics: Rajnath Singh, shaheed Udham Singh