January 11, 2018 | By ਸਿੱਖ ਸਿਆਸਤ ਬਿਊਰੋ
-ਰਾਜਿੰਦਰ ਸਿੰਘ ਰਾਹੀ
ਇਹ ਇਤਿਹਾਸ ਦਾ ਦੁਖਾਂਤ ਕਹਿ ਲਿਆ ਜਾਵੇ ਜਾਂ ਸਰਾਪ ਕਿ ਜਿਥੇ ਜਿਥੇ ਵੀ ਸਿੱਖਾਂ ਨੇ ਕੋਈ ਥਾਂ (ਸਪੇਸ) ਹਾਸਲ ਕੀਤੀ ਹੈ ਉਹ ਸਿਰਫ਼ ਸਿਰ ਦੇ ਕੇ ਹੀ ਕੀਤੀ ਹੈ। ਇਹ ਭਾਵੇਂ ਪੰਜਾਬ ਦੀ ਧਰਤੀ ਹੋਵੇ, ਭਾਵੇਂ ਭਾਰਤ ਦੀ ਤੇ ਭਾਵੇਂ ਵਿਦੇਸ਼ਾਂ ਦੀ, ਸਿੱਖਾਂ ਨੂੰ ਹਮੇਸ਼ਾ ਸਿਰ ਦੇਣੇ ਪਏ ਹਨ। ਕੈਨੇਡਾ ਦੀ ਧਰਤੀ ‘ਤੇ ਜੇਕਰ ਅੱਜ ਚਾਰੇ ਪਾਸੇ ਖ਼ਾਲਸੇ ਦੇ ਝੰਡੇ ਝੂਲਦੇ ਹਨ ਤਾਂ, ਇਹ ਵੀ ਸ਼ਹਾਦਤਾਂ ਦੀ ਬਦੌਲਤ ਹੀ ਹੈ। ਕੈਨੇਡਾ ਦੀ ਧਰਤੀ ‘ਤੇ ਭਾਈ ਮੇਵਾ ਸਿੰਘ ਅਜਿਹਾ ਪਹਿਲਾ ਸਿੱਖ ਸ਼ਹੀਦ ਹੋਇਆ ਹੈ, ਜਿਸ ਨੇ ਸਿੱਖੀ ਦੀ ਸ਼ਹੀਦੀ ਪ੍ਰੰਪਰਾ ‘ਤੇ ਪਹਿਰਾ ਦਿੰਦਿਆਂ ਹੋਇਆਂ ਪੂਰਨ ਖ਼ਾਲਸਾਈ ਜੋਸ਼ ਅਤੇ ਚੜ੍ਹਦੀ ਕਲਾ ਨਾਲ ਫਾਂਸੀ ਦਾ ਰੱਸਾ ਚੁੰਮਿਆ ਸੀ।
ਪਿਛੇ ਗੱਲ ਕਰ ਆਏ ਹਾਂ ਕਿ ਜਿਥੇ ਜਿਥੇ ਵੀ ਬੇਗਾਨੀਆਂ ਧਰਤੀਆਂ ‘ਤੇ ਸਿੱਖ ਗਏ ਹਨ, ਰੋਟੀ ਦੀ ਭੁੱਖ ਤੋਂ ਇਲਾਵਾ ਉਹਨਾਂ ਦੀ ਸਭ ਤੋਂ ਵੱਡੀ ਤੇ ਤੀਬਰ ਤਾਂਘ ਰੂਹਾਨੀ ਹੁੰਦੀ ਹੈ, ਜਿਸ ਕਰਕੇ ਉਹ ਅਪਣੇ ਨਿਜੀ ਮਕਾਨ ਨਾਲੋਂ ਪੰਥ ਦਾ ‘ਸਮੂਹਕ ਘਰ’ (ਗੁਰਦੁਆਰਾ) ਉਸਾਰਨ ਨੂੰ ਤਰਜੀਹ ਦਿੰਦੇ ਹਨ। ਪਰ ਸਿੱਖ ਦੀ ਤਾਂਘ ਗੁਰਦੁਆਰਾ ਉਸਾਰਨ ਨਾਲ ਹੀ ਸ਼ਾਂਤ ਨਹੀਂ ਹੋ ਜਾਂਦੀ, ਗੁਰਦੁਆਰੇ ਦੀ ਮਰਿਆਦਾ ਤੇ ਇਸ ਦੀ ਇੱਜ਼ਤ-ਆਬਰੂ ਦੀ ਰਾਖੀ ਕਰਨਾ ਉਹ ਅਪਣਾ ਦੈਵੀ ਫ਼ਰਜ਼ ਸਮਝਦਾ ਹੈ ਅਤੇ ਇਸ ਵਾਸਤੇ ਆਪਣੀ ਜਾਨ ਤਕ ਦਾਅ ਤੇ ਲਾ ਦਿੰਦਾ ਹੈ।ਗੁਰਦੁਆਰੇ ਨਾਲ ਇਕ ਸਿੱਖ ਦੇ ਲਗਾਓ ਦੀ ਕੈਮਿਸਟਰੀ ਕਿਸੇ ਗ਼ੈਰ-ਸਿੱਖ ਨੂੰ ਛੇਤੀ ਕੀਤਿਆਂ ਸਮਝ ਨਹੀਂ ਆ ਸਕਦੀ। ਸਿੱਖ ਹੋਰ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਪਰ ਆਪਣੇ ਗੁਰਦੁਆਰੇ ਦੀ ਬੇਅਦਬੀ ਨਹੀਂ ਸਹਾਰ ਸਕਦਾ। ਉਘੇ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰੀਅਨ ਨੇ ਸਿੱਖ ਹਿਰਦਿਆਂ ਦੀ ਇਸ ਭਾਵਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ : ‘ਖ਼ਾਲਸਈ ਖੂਨ ਨੂੰ ਕੋਈ ਗੱਲ ਐਡੀ ਛੇਤੀ ਜੋਸ਼ ਵਿਚ ਨਹੀਂ ਲਿਆਉਂਦੀ, ਜਿੱਡੀ ਛੇਤੀ ਕਿ ਗੁਰਦੁਆਰਿਆਂ ਦੀ ਬੇਅਦਬੀ ਦੀ ਖ਼ਬਰ। ਅਤੇ ਕੁਰਬਾਨੀ ਕਰਨ ਲਈ ਖ਼ਾਲਸਾ ਐਤਨਾ ਕਾਹਲਾ ਕਦੇ ਨਹੀਂ ਹੋਇਆ ਜਿਤਨਾ ਕਿ ਗੁਰਦੁਆਰਿਆਂ ਦੀ ਖਾਤਰ਼਼਼’।
ਭਾਈ ਮੇਵਾ ਸਿੰਘ ਅੰਦਰ ਮਚਲਦੇ ਸ਼ਹੀਦੀ ਦੇ ਚਾਅ ਨੂੰ ਵੀ ਇਹਨਾ ਸਤਰਾਂ ਦੀ ਰੋਸ਼ਨੀ ਵਿਚ ਹੀ ਸਮਝਿਆ ਜਾ ਸਕਦਾ ਹੈ। ਉਸ ਨੇ ਵੀ ਆਪਣੇ ਹਰਮਨ ਪਿਆਰੇ ਸਿੱਖ ਆਗੂਆਂ ਦੇ ਗੁਰਦੁਆਰੇ ਅੰਦਰ ਹੋਏ ਕਤਲਾਂ, ਜਿਸ ਕਾਰੇ ਨਾਲ ਗੁਰਦੁਆਰੇ ਦੀ ਵੀ ਘੋਰ ਬੇਅਦਬੀ ਹੋਈ ਸੀ, ਦਾ ਬਦਲਾ ਲੈਣ ਲਈ ਸ਼ਹੀਦੀ ਪਾਉਣ ਦਾ ਰਾਹ ਚੁਣਿਆ ਸੀ।
ਭਾਈ ਮੇਵਾ ਸਿੰਘ ਦਾ ਜਨਮ 1880 ਈਸਵੀ ਨੂੰ ਪਿਤਾ ਨੰਦ ਸਿੰਘ ਦੇ ਗ੍ਰਹਿ ਵਿਖੇ ਪਿੰਡ ਲੋਪੋਕੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਚ ਹੋਇਆ ਸੀ। ਲੋਪੋਕੇ ਪਿੰਡ ਸ੍ਰੀ ਅੰਮ੍ਰਿਤਸਰ ਤੋਂ ਪੰਦਰਾਂ ਮੀਲ ਪੂਰ ਪੱਛਮ ਵੱਲ ਪ੍ਰੀਤ ਨਗਰ ਦੇ ਨੇੜੇ ਪੈਂਦਾ ਹੈ। ਗ਼ਦਰੀ ਬਾਬਿਆਂ ਅਨੁਸਾਰ ‘ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਸਿੱਖ ਇਤਿਹਾਸ ਵਿਚ ਸਦਾ ਲਈ ਕਾਇਮ ਰਹੇਗਾ ਕਿਉਂਕਿ ਇਸ ਨਗਰ ਨੂੰ ਭਾਈ ਸਾਹਿਬ ਭਾਈ ਮੇਵਾ ਸਿੰਘ ਜੀ ਸ਼ਹੀਦ ਦੀ ਜਨਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ।’
ਭਾਈ ਸਾਹਿਬ ਭਾਈ ਮੇਵਾ ਸਿੰਘ ਪਿੰਡ ਤਾਂ ਖੇਤੀਬਾੜੀ ਦਾ ਕੰਮ ਹੀ ਕਰਦੇ ਸਨ ਪਰ ਉਹ 1906 ਵਿਚ ਵੈਨਕੂਵਰ ਪਹੁੰਚ ਗਏ। ਧਾਰਮਿਕ ਬਿਰਤੀ ਅਤੇ ਸ਼ਾਂਤ ਸਾਊ ਸੁਭਾਅ ਦੇ ਮਾਲਕ ਹੋਣ ਕਾਰਨ ਉਹ ਪਹੁੰਚਣ ਸਾਰ ਹੀ ਵੈਨਕੂਵਰ ਦੇ ਸਿੱਖ ਆਗੂਆਂ ਦੀ ਸੰਗਤ ਵਿਚ ਸ਼ਾਮਲ ਹੋ ਗਏ। ਜਿਸ ਸਮੇਂ ਸਿੱਖ ਸੰਗਤ ਵਲੋਂ ਵੈਨਕੂਵਰ ਵਿਚ ਕੈਨੇਡਾ ਦਾ ਪਹਿਲਾ ਗੁਰਦੁਆਰਾ ਬਣਾਉਣ ਦਾ ਉਦਮ ਆਰੰਭਿਆ ਗਿਆ ਤਾਂ ਭਾਈ ਮੇਵਾ ਸਿੰਘ ਨੇ ਵੱਧ ਚੜ੍ਹ ਕੇ ਇਸ ਸੇਵਾ ਵਿੱਚ ਹਿੱਸਾ ਲਿਆ। ਉਸ ਨੇ ਪੰਜਾਬ ਤੋਂ ਆਏ ਭਾਈਵੰਦਾਂ ਕੋਲੋਂ ਉਹਨਾਂ ਦੇ ਡੇਰਿਆਂ ‘ਤੇ ਜਾ ਜਾ ਕੇ ਉਗਰਾਹੀ ਕੀਤੀ। ਭਾਈ ਮੇਵਾ ਸਿੰਘ 21 ਜੂਨ 1908 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਹੋਏ ਅੰਮ੍ਰਿਤ ਸੰਚਾਰ ਦੌਰਾਨ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸਜ ਗਿਆ। ਭਾਵੇਂ ਭਾਈ ਮੇਵਾ ਸਿੰਘ ਹਰ ਧਾਰਮਿਕ ਤੇ ਸਮਾਜੀ ਕਾਰਜ ਵਿਚ ਪੂਰੀ ਤਨਦੇਹੀ ਨਾਲ ਭਾਗ ਲੈਂਦਾ ਸੀ, ਪਰ ਉਸ ਦੀ ਬਿਰਤੀ ਚੁੱਪ ਚੁਪੀਤੇ ਹੀ ਪਿਛੇ ਰਹਿ ਕੇ ਕੰਮ ਕਰਨ ਦੀ ਸੀ। ਭਾਈ ਮੇਵਾ ਸਿੰਘ ਦੀ ਰਿਹਾਇਸ਼ ਭਾਈ ਰਾਮ ਸਿੰਘ ਧੁਲੇਤਾ (ਜਿਸ ਦਾ ਜ਼ਿਕਰ ਅੱਗੇ ਚੱਲ ਕੇ ਆਵੇਗਾ) ਦੇ ਡੇਰੇ ਵਿਚ ਸੀ, ਪਰ ਕੰਮ ਉਹ ਨਿਊ ਵੈਸਟ ਮਨਿਸਟਰ ਦੀ ਫਰੇਜ਼ਰ ਮਿੱਲ ਵਿਚ ਕਰਦੇ ਸਨ। ਉਂਜ ਗੁਰੂ ਨਾਨਕ ਮਾੲਂਨਿੰਗ ਐਂਡ ਟਰਸਟ ਕੰਪਨੀ ਦੇ ਹਿੱਸੇਦਾਰ ਵੀ ਸਨ।
ਭਾਈ ਮੇਵਾ ਸਿੰਘ ਦੀ ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਗੁਰਦੁਆਰੇ ਦੇ ਗ੍ਰੰਥੀ ਭਾਈ ਸਾਹਿਬ ਭਾਈ ਬਲਵੰਤ ਸਿੰਘ ਨਾਲ ਦਿਲੀ ਸਾਂਝ ਸੀ। ਜਦ 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਗੁਰੂ ਨਾਨਕ ਜਹਾਜ਼ ਵਿਚ 376 ਮੁਸਾਫਰਾਂ ਨੂੰ ਲੈ ਕੇ ਵੈਨਕੂਵਰ ਦੇ ਕੰਢੇ ਪਹੁੰਚ ਗਏ ਤਾਂ ਵੈਨਕੂਵਰ ਦੇ ਸਿੱਖ ਭਾਈਚਾਰੇ ਵਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਹੇਠ, ਇਨ੍ਹਾਂ ਮੁਸਾਫਰਾਂ ਨੂੰ ਕੈਨੇਡਾ ਵਿਚ ਉਤਾਰਨ ਲਈ ਜਬਰਦਸਤ ਸੰਘਰਸ਼ ਵਿੱਢਿਆ ਗਿਆ। ਇਸ ਸਮੇਂ ਭਾਈ ਮੇਵਾ ਸਿੰਘ ਨੇ ਭਾਈ ਭਾਗ ਸਿੰਘ ਤੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਦੇ ਸੰਗੀ ਸਾਥੀ ਬਣਕੇ ਇਸ ਸੰਘਰਸ਼ ਵਿਚ ਮੋਹਰੀ ਰੋਲ ਨਿਭਾਇਆ। ਜੁਲਾਈ 1914 ਵਿਚ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ ਤੇ ਭਾਈ ਮੇਵਾ ਸਿੰਘ, ਗੁਰੂ ਨਾਨਕ ਜਹਾਜ਼ ਦੇ ਸੰਘਰਸ਼ ਸਬੰਧੀ ਅਮਰੀਕਾ ਦੀ ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਲਈ ਐਬਟਸਫੋਰਡ ਲਾਗਿਓਂ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਪਹੁੰਚੇ ਸਨ ਪਰ ਵਾਪਸੀ ‘ਤੇ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਹਰੀ ਨੂੰ ਤਾਂ ਅਮਰੀਕਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਸੂਮਾਸ ਦੀ ਜੇਲ੍ਹ ਵਿਚ ਬੰਦ ਕਰ ਦਿਤਾ, ਭਾਈ ਮੇਵਾ ਸਿੰਘ ਸਰਹੱਦ ਪਾਰ ਕਰਕੇ ਕੈਨੇਡਾ ਵਿਚ ਤਾਂ ਦਾਖ਼ਲ ਹੋ ਗਏ ਸਨ ਪਰ ਕੈਨੇਡੀਅਨ ਪੁਲਿਸ ਵਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਮੌਕੇ ਭਾਈ ਮੇਵਾ ਸਿੰਘ ਕੋਲੋਂ ਦੋ ਰਿਵਾਲਵਰ ਤੇ ਪੰਜ ਸੌ ਗੋਲੀਆਂ ਮਿਲੀਆਂ ਸਨ, ਉਸ ਵਲੋਂ ਇਨ੍ਹਾਂ ਹਥਿਆਰਾਂ ਦੀ ਕਦੋਂ, ਕਿਥੇ ਤੇ ਕਿਵੇਂ ਵਰਤੋਂ ਕੀਤੀ ਜਾਣੀ ਸੀ, ਇਹ ਸਪਸ਼ਟ ਨਹੀਂ ਹੋ ਸਕਿਆ ਪਰ ਉਹਨਾਂ ਉਪਰ ਜਾਸੂਸ ਹਾਪਕਿਨਸਨ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਹੈੱਡ ਮੈਲਕਮ ਰੀਡ ਵਲੋਂ ਦਬਾਅ ਪਾਇਆ ਗਿਆ ਸੀ ਕਿ ਉਹ ਸਿੱਖ ਆਗੂਆਂ ਵਿਰੁੱਧ ਬਿਆਨ ਦੇਵੇ ਕਿ ਇਹ ਹਥਿਆਰ ਉਹਨਾਂ ਲਈ ਲਿਜਾਏ ਜਾ ਰਹੇ ਸਨ। ਪਰ ਭਾਈ ਮੇਵਾ ਸਿੰਘ ਨੇ ਅਜਿਹਾ ਬਿਆਨ ਦੇਣ ਤੋਂ ਦ੍ਰਿੜਤਾ ਨਾਲ ਇਨਕਾਰ ਕਰ ਦਿੱਤਾ ਸੀ।
ਅਦਾਲਤ ਨੇ ਭਾਈ ਮੇਵਾ ਸਿੰਘ ਨੂੰ ਪੰਜਾਹ ਡਾਲਰ ਦਾ ਜੁਰਮਾਨਾ ਕਰਕੇ 7 ਅਗਸਤ 1914 ਨੂੰ ਰਿਹਾਅ ਕਰ ਦਿੱਤਾ ਸੀ। ਅਮਰੀਕਾ ਵਿਚ ਜਦ 1913 ਵਿਚ ਗ਼ਦਰ ਪਾਰਟੀ ਬਣ ਗਈ ਸੀ ਤਾਂ “ਗ਼ਦਰ” ਅਖ਼ਬਾਰ ਵੈਨਕੂਵਰ ਦੇ ਗੁਰਦੁਆਰੇ ਵਿਚ ਵੀ ਆਉਣ ਲੱਗ ਪਿਆ ਸੀ। ਖਾਲਸਾ ਦੀਵਾਨ ਦੇ ਆਗੂ ਭਾਈ ਭਾਗ ਸਿੰਘ ਅਤੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਵਾਂਗ ਭਾਈ ਮੇਵਾ ਸਿੰਘ ਵੀ ਗ਼ਦਰ ਲਹਿਰ ਦੇ ਰੰਗ ਵਿਚ ਰੰਗੇ ਗਏ ਸਨ। ਜਿਉਂ ਜਿਉਂ ਵੈਨਕੂਵਰ ਦੇ ਗੁਰਦੁਆਰੇ ਵਿਚੋਂ ਗ਼ਦਰ ਲਹਿਰ ਦਾ ਪਸਾਰਾ ਹੋ ਰਿਹਾ ਸੀ, ਤਿਉਂ ਤਿਉਂ ਬ੍ਰਿਿਟਸ਼ ਸਾਮਰਾਜ ਅਤੇ ਕੈਨੇਡੀਅਨ ਸਰਕਾਰ ਇਸ ਲਹਿਰ ਨੂੰ ਕੁਚਲਣ ਲਈ ਸਰਗਰਮ ਹੋ ਗਏ ਸਨ। ਇਸ ਲਹਿਰ ਦਾ ਲੱਕ ਤੋੜਨ ਲਈ ਬਰਤਾਨਵੀ ਜਾਸੂਸ ਹਾਪਕਿਨਸਨ ਵਲੋਂ ਆਪਣੇ ਹੱਥ ਠੋਕੇ ਬੇਲਾ ਸਿੰਘ ਕੋਲੋਂ 5 ਸਤੰਬਰ 1914 ਨੂੰ ਗੁਰਦੁਆਰੇ ਵਿੱਚ ਹੀ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦਾ ਕਤਲ ਕਰਵਾ ਦਿਤਾ ਗਿਆ। ਇਸ ਘਟਨਾ ਨੇ ਭਾਈ ਮੇਵਾ ਸਿੰਘ ਦੇ ਮਨ ਉਪਰ ਬਹੁਤ ਹੀ ਗਹਿਰਾ ਅਸਰ ਕੀਤਾ, ਇਸ ਕਾਰੇ ਨਾਲ ਜਿਥੇ ਉਹਨਾਂ ਦੇ ਹਰਮਨ ਪਿਆਰੇ ਆਗੂਆਂ ਦੀ ਜਾਨ ਲੈ ਲਈ ਸੀ, ਉਥੇ ਨਾਲ ਹੀ ਗੁਰਦੁਆਰੇ ਦੀ ਵੀ ਘੋਰ ਬੇਅਦਬੀ ਹੋਈ ਸੀ। ਇਸ ਸਦਮੇ ਨਾਲ ਭਾਈ ਮੇਵਾ ਸਿੰਘ ਨੇ ਢੂੰਘੀ ਚੁੱਪ ਧਾਰ ਲਈ ਸੀ। ਉਹ ਹਮੇਸ਼ਾ ਹੀ ਪਾਠ ਕਰਨ ਵਿਚ ਲੀਨ ਰਹਿਣ ਲੱਗ ਪਏ ਸਨ। ਉਹ ਅਕਸਰ ਹੀ ਦੁਖੀ ਮਨ ਨਾਲ ਆਖਿਆ ਕਰਦੇ ਸਨ ਕਿ ‘ਹੇ ਅਕਾਲ ਪੁਰਖ ਹੁਣ ਇਹ ਬੇਅਦਬੀ ਸਹਾਰਦਿਆਂ ਜੀਣਾ ਮੁਸ਼ਕਲ ਹੈ।’ ਪਰ ਮੇਵਾ ਸਿੰਘ ਦੇ ਇਹ ਸ਼ਬਦ ਸੁਣ ਕੇ ਕਿਸੇ ਸਿੱਖ ਨੇ ਇਹ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਉਹ ਅੰਦਰੋ ਅੰਦਰੀ ਕੋਈ ਵੱਡਾ ਫੈਸਲਾ ਕਰ ਚੁੱਕੇ ਹਨ। ਇਸ ਦੌਰਾਨ ਹੀ ਭਾਈ ਮੇਵਾ ਸਿੰਘ ਨੇ ਪਿਸਤੌਲ ਦੀ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ। ਹੋਰ ਸਿੱਖਾਂ ਨੇ ਇਹ ਸਮਝਿਆ ਕਿ ਭਾਈ ਮੇਵਾ ਸਿੰਘ ਗ਼ਦਰ ਲਹਿਰ ਵਿੱਚ ਹਿੱਸਾ ਲੈਣ ਲਈ ਪੰਜਾਬ ਜਾਵੇਗਾ, ਇਸੇ ਕਰਕੇ ਨਿਸ਼ਾਨੇਬਾਜ਼ੀ ਦਾ ਅਭਿਆਸ ਕਰ ਰਿਹਾ ਹੈ। ਆਪਣੇ ਨਿਸ਼ਾਨੇ ਨੂੰ ਪਰਪੱਕ ਕਰਨ ਲਈ ਭਾਈ ਮੇਵਾ ਸਿੰਘ ਨੇ ਸੌ ਡਾਲਿਆਂ ਦੇ ਕਾਰਤੂਸ ਫੂਕ ਦਿਤੇ ਸਨ।
ਵੈਨਕੂਵਰ ਦੀ ਅਦਾਲਤ ਵਿਚ ਬੇਲਾ ਸਿੰਘ ਵਿਰੁੱਧ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਸਿੱਖ ਆਮ ਹੀ ਇਸ ਮੁਕੱਦਮੇ ਦੀ ਕਾਰਵਾਈ ਦੇਖਣ ਲਈ ਕਚਿਹਰੀ ਵਿਚ ਹਾਜ਼ਰ ਹੁੰਦੇ ਸਨ। ਭਾਈ ਮੇਵਾ ਸਿੰਘ ਵੀ ਅਕਸਰ ਹੀ ਹਰ ਪੇਸ਼ੀ ‘ਤੇ ਜਾਇਆ ਕਰਦੇ ਸਨ। 21 ਅਕਤੂਬਰ 1914 ਨੂੰ ਵੀ ਭਾਈ ਮੇਵਾ ਸਿੰਘ ਆਮ ਵਾਂਗ ਹੀ ਪੇਸ਼ੀ ‘ਤੇ ਅਦਾਲਤ ਵਿਚ ਗਏ ਸਨ। ਹਰ ਪੇਸ਼ੀ ‘ਤੇ ਹਾਜ਼ਰ ਹੁੰਦਾ ਕਰਕੇ ਪੁਲਿਸ ਨੇ ਉਸ ਦਿਨ ਵੀ ਉਸ ਦੀ ਸਰਸਰੀ ਤਲਾਸ਼ੀ ਹੀ ਲਈ ਸੀ, ਕਿਉਂਕਿ ਅਕਸਰ ਹੀ ਤਲਾਸ਼ੀ ਹੁੰਦੀ ਕਰਕੇ ਉਹ ਹਮੇਸ਼ਾ ਖਾਲੀ ਹੱਥ ਹੁੰਦਾ ਸੀ, ਜਿਸ ਕਰਕੇ ਪੁਲਿਸ ਵਾਲਿਆਂ ਨੂੰ ਭਾਈ ਮੇਵਾ ਸਿੰਘ ਉਤੇ ਕਿਸੇ ਕਿਸਮ ਦਾ ਸ਼ੱਕ-ਸੁਬ੍ਹਾ ਨਹੀਂ ਸੀ। ਸਵੇਰ ਦੇ ਦਸ ਵੱਜ ਕੇ ਬਾਰਾਂ ਮਿੰਟ ਹੋਏ ਸਨ, ਜਾਸੂਸ ਹਾਪਕਿਨਸਨ ਕੋਰਟ ਵਿਚ ਦਾਖ਼ਲ ਹੋਣ ਵਾਲੇ ਦਰਵਾਜ਼ੇ ਅੱਗੇ ਬਰਾਂਡੇ ਦੇ ਥਮਲੇ ਨਾਲ ਢੋਅ ਲਾਈ ਖੜ੍ਹਾ ਸੀ। ਭਾਈ ਮੇਵਾ ਸਿੰਘ ਬਿਲਕੁਲ ਹੀ ਸ਼ਾਂਤ ਚਿੱਤ ਉਸ ਕੋਲ ਪਹੁੰਚਿਆ, ਉਸ ਨੇ ਆਪਣੇ ਦੋਵੇਂ ਹੱਥ ਪਤਲੂਣ ਦੀਆਂ ਜੇਬਾਂ ਵਿਚ ਪਾਏ ਹੋਏ ਸਨ। ਹਾਪਕਿਨਸਨ ਦੇ ਕੋਲ ਪੁੱਜ ਕੇ ਭਾਈ ਮੇਵਾ ਸਿੰਘ ਨੇ ਬੜੇ ਠਰੰਮੇ ਨਾਲ ਆਪਣਾ ਪਿਸਤੌਲ ਕੱਢਿਆ ਤੇ ਹਾਪਕਿਨਸਨ ਦੇ ਗੋਲੀਆਂ ਮਾਰ ਦਿੱਤੀਆਂ। ਹਾਪਕਿਨਸਨ ਗੋਡਿਆਂ ਭਾਰ ਡਿੱਗ ਪਿਆ। ਭਾਈ ਮੇਵਾ ਸਿੰਘ ਨੇ ਸੱਜੇ ਹੱਥ ਵਿਚ ਫੜੇ ਪਿਸਤੌਲ ਦਾ ਮੁੱਠਾ ਕਈ ਵਾਰ ਉਸ ਦੀ ਪੁੜਪੁੜੀ ਵਿਚ ਮਾਰਿਆ ਤੇ ਫਿਰ ਸੱਜੇ ਹੱਥ ਵਾਲਾ ਪਿਸਤੌਲ ਸੁੱਟ ਕੇ, ਖੱਬੇ ਹੱਥ ਵਾਲੇ (ਦੂਸਰੇ) ਪਿਸਤੌਲ ਨੂੰ ਫੁਰਤੀ ਨਾਲ ਸੱਜੇ ਹੱਥ ‘ਚ ਲੈ ਕੇ ਹਾਪਕਿਨਸਨ ਦੀ ਛਾਤੀ ਵਿਚ ਹੋਰ ਗੋਲੀਆਂ ਲੰਘਾ ਦਿੱਤੀਆਂ। ਚਲਦੀਆਂ ਗੋਲੀਆਂ ਤੇ ਹਾਪਕਿਨਸਨ ਨੂੰ ਢੇਰ ਹੋਇਆ ਦੇਖ ਕੇ ਅਦਾਲਤ ਵਿਚ ਹਫੜਾ ਤਫੜੀ ਮੱਚ ਗਈ। ਪੁਲਿਸ ਵਲੋਂ ਲਲਕਾਰਨ ‘ਤੇ ਭਾਈ ਮੇਵਾ ਸਿੰਘ ਨੇ ਪਿਸਤੌਲ ਜੱਜ ਦੀ ਮੇਜ਼ ‘ਤੇ ਰੱਖ ਕੇ ਆਖਿਆ ਕਿ ‘ਮੈਂ ਪਾਗਲ ਨਹੀਂ ਹਾਂ, ਜਿਸ ਨੂੰ ਮਾਰਨਾ ਸੀ ਉਹ ਮਾਰ ਦਿੱਤਾ ਹੈ’। ਪੁਲਿਸ ਨੇ ਭਾਈ ਮੇਵਾ ਸਿੰਘ ਨੂੰ ਪੁੱਛਿਆ ਕਿ ਉਸ ਨੇ ਹਾਪਕਿਨਸਨ ਨੂੰ ਕਿਉਂ ਮਾਰ ਦਿਤਾ ਹੈ ਤਾਂ ਭਾਈ ਮੇਵਾ ਸਿੰਘ ਨੇ ਪੁੱਛਿਆ ਕਿ ਕੀ ਉਹ ਸੱਚ ਮੁੱਚ ਮਰ ਗਿਆ ਹੈ? ਪੁਲਿਸ ਵਲੋਂ ‘ਹਾਂ’ ਕਹਿਣ ‘ਤੇ ਭਾਈ ਮੇਵਾ ਸਿੰਘ ਹੱਸਿਆ ਤੇ ਕਿਹਾ ਕਿ ਉਸ ਨੂੰ ਅੱਜ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ। ਪੁਲਿਸ ਕੋਲ ਦਿਤੇ ਬਿਆਨ ਵਿਚ ਭਾਈ ਮੇਵਾ ਸਿੰਘ ਨੇ ਕਿਹਾ ਕਿ ਉਸ ਨੇ ਤਾਂ ਮੈਲਕਮ ਰੀਡ ਨੂੰ ਵੀ ਮਾਰਨਾ ਸੀ ਪਰ ਅੱਜ ਨਾ ਆਉਣ ਕਰਕੇ ਉਹ ਬਚ ਗਿਆ ਹੈ। ਹਾਪਕਿਨਸਨ ਦੀ ਮੌਤ ਤੋਂ ਬਾਅਦ ਮੈਲਕਮ ਰੀਡ ਵੈਨਕੂਵਰ ਛੱਡ ਕੇ ਦੌੜ ਗਿਆ ਸੀ।
ਭਾਈ ਮੇਵਾ ਸਿੰਘ ਵਲੋਂ ਹਾਪਕਿਨਸਨ ਨੂੰ ਮਾਰਨ ਦੀ ਖ਼ਬਰ ਕੈਨੇਡਾ-ਅਮਰੀਕਾ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ। ਜਿਸ ਕਰਕੇ ਸਿੱਖ ਸੰਗਤ ਤੇ ਪਰਵਾਸੀ ਭਾਰਤੀ ਭਾਈ ਮੇਵਾ ਸਿੰਘ ਦੇ ਦਰਸ਼ਨਾਂ ਨੂੰ ਆਉਣ ਲੱਗ ਪਏ ਸਨ, ਜਿਨ੍ਹਾਂ ਵਿਚ ਕਈ ਅੰਗਰੇਜ਼ ਵੀ ਸ਼ਾਮਲ ਸਨ। ਕੈਨੇਡਾ ਦੀਆਂ ਬਹੁਤ ਸਾਰੀਆਂ ਅਖ਼ਬਾਰਾਂ ਨੇ ਭਾਈ ਮੇਵਾ ਸਿੰਘ ਦੇ ਫੋਟੋ ਪ੍ਰਕਾਸ਼ਤ ਕੀਤੇ ਸਨ। ਹਾਪਕਿਨਸਨ ਦੀ ਮੌਤ ਤੋਂ ਡਰ ਕੇ ਕੈਨੇਡਾ ਦਾ ਇਮੀਗ੍ਰੇਸ਼ਨ ਮਹਿਕਮਾ ਪੋਲਾ ਪੈ ਗਿਆ ਸੀ। ਇਸ ਸਾਕੇ ਦੀ ਐਨੀ ਦਹਿਸ਼ਤ ਪੈ ਚੁੱਕੀ ਸੀ ਕਿ ਜਿਹੜੇ ਕੈਨੇਡੀਅਨ ਗੋਰੇ ਭਾਰਤੀ ਪਰਵਾਸੀਆਂ ਨੂੰ ‘ਕੁਲੀ, ਕੁਲੀ’ ਕਹਿ ਕੇ ਛੇੜਦੇ ਹੁੰਦੇ ਸਨ, ਹੁਣ ਬਜ਼ਾਰਾਂ ਵਿਚ ਆਪਣੇ ਆਪ ਹੀ ਰਾਹ ਦੇਣ ਲੱਗ ਪਏ ਸਨ। ਭਾਈ ਮੇਵਾ ਸਿੰਘ ਦੀ ਬਹਾਦਰੀ ਦੀਆਂ ਥਾਂ ਥਾਂ ਗੱਲਾਂ ਹੋਣ ਲੱਗ ਪਈਆਂ ਸਨ। ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਸੀ। ਉਨ੍ਹਾਂ ਨੇ ਗੁਰਦੁਆਰੇ ਦੀ ਬੇਅਦਬੀ ਅਤੇ ਸਿੱਖ ਆਗੂਆਂ ਦੇ ਕਤਲਾਂ ਦਾ ਬਦਲਾ ਅਸਲ ਦੋਸ਼ੀ ਕੋਲੋਂ ਸ਼ਰੇਆਮ ਲਲਕਾਰ ਕੇ ਲੈ ਲਿਆ ਸੀ। ਭਾਈ ਰਾਮ ਸਿੰਘ ਧੁਲੇਤਾ ਅਕਸਰ ਹੀ ਭਾਈ ਮੇਵਾ ਸਿੰਘ ਦੀ ਪ੍ਰਸੰਸਾ ਕਰਦੇ ਹੋਏ ਇਹ ਤੁਕ ਗਾਇਆ ਕਰਦੇ ਸਨ: ‘ਸੇਵਾ ਕੀਤੀ ਮੇਵਾ ਸਿੰਘ ਨੇ ਭੂਰਾ ਰਿੱਛ ਨਰਕਾਂ ਨੂੰ ਤੋਰਿਆ।’
ਹਾਪਕਿਨਸਨ ਦਾ ਕਤਲ ਇਕ ਵਿਅਕਤੀ ਦਾ ਕਤਲ ਨਹੀਂ ਸੀ, ਇਹ ਬ੍ਰਿਿਟਸ਼ ਸਾਮਰਾਜ ਦੀ ਧੌਂਸ ਨੂੰ ਵੱਡੀ ਚੁਣੌਤੀ ਸੀ। ਭਾਈ ਮੇਵਾ ਸਿੰਘ ‘ਤੇ ਕਚਿਹਰੀ ਵਿਚ ਮੁਕੱਦਮਾ ਸ਼ੁਰੂ ਹੋਇਆ ਤਾਂ ਸਿੱਖ ਸੰਗਤ ਭਾਈ ਮੇਵਾ ਸਿੰਘ ਦੇ ਦਰਸ਼ਨ ਕਰਨ ਲਈ ਅਦਾਲਤ ਵਿਚ ਹਾਜ਼ਰ ਹੁੰਦੀ ਸੀ। ਭਾਈ ਮੇਵਾ ਸਿੰਘ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਸੰਗਤ ਨੂੰ ਵੀ ਹਮੇਸ਼ਾ ਹੌਂਸਲੇ ਅਤੇ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰੇਰਨਾ ਦਿਆ ਕਰਦੇ ਸਨ। ਜੇਲ੍ਹ ਵਿਚ ਉਹ ਹਮੇਸ਼ਾ ਹੀ ਗੁਰਬਾਣੀ ਦੇ ਪਾਠ ਅਤੇ ਭਜਨ ਬੰਦਗੀ ਵਿਚ ਲੀਨ ਰਹਿੰਦੇ ਸਨ। ਫਾਂਸੀ ਦੇ ਦਿਨ ਤੱਕ ਉਹਨਾਂ ਦਾ ਭਾਰ ਵਧ ਗਿਆ ਸੀ। ਅਦਾਲਤ ਵਿਚ ਵੀ ਉਹਨਾਂ ਨੇ ਬਹੁਤ ਹੀ ਨਿਧੜਕ ਬਿਆਨ ਦਿਤੇ ਸਨ, ਜੋ ਇਕ ਸਿੱਖ ਦੀ ਅਸਲ ਮਾਨਸਿਕ ਤਸਵੀਰ ਪੇਸ ਕਰਦੇ ਹਨ (ਇਹ ਬਿਆਨ ਇਸ ਲਿਖਤ ਦੇ ਨਾਲ ਹੀ ਅਲੱਗ ਛਾਪਿਆ ਜਾ ਰਿਹਾ ਹੈ)। ਪੁਲਿਸ ਕੋਲ ਅਤੇ ਅਦਾਲਤ ਵਿਚ ਭਾਈ ਮੇਵਾ ਸਿੰਘ ਵੱਲੋਂ ਹਾਪਕਿਨਸਨ ਦੇ ਕਤਲ ਦਾ ਦੋਸ਼ ਕਬੂਲ ਕਰਨ ਕਰਕੇ, ਸਿੱਖ ਸੰਗਤ ਨੂੰ ਹੋਣ ਵਾਲੇ ਫੈਸਲੇ ਦਾ ਪਹਿਲਾਂ ਹੀ ਪਤਾ ਸੀ।
ਅਖੀਰ 30-10-1914 ਨੂੰ ਜੱਜ ਮੌਰੀਸਨ ਨੇ ਜਿਉਰੀ ਦਾ ਫੈਸਲਾ ਸੁਣਾ ਦਿੱਤਾ ਕਿ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫਾਂਸੀ ਲਗਾਇਆ ਜਾਵੇਗਾ। ਇਹ ਫੈਸਲਾ ਸੁਣਦਿਆਂ ਹੀ ਭਾਈ ਮੇਵਾ ਸਿੰਘ ਦੇ ਚਿਹਰੇ ‘ਤੇ ਰੌਣਕ ਆ ਗਈ। ਉਸ ਨੇ ਉੱਚੀ ਆਵਾਜ਼ ਵਿਚ ਆਖਿਆ:’ਸ਼ੁਕਰ ਹੈ ਵਾਹਿਗੁਰੂ! ਤੈਂ ਮੇਰੀ ਸੰਸਾਰ ਦੇ ਨਤਾਣੇ ਲੋਕਾਂ ਖਾਤਰ ਕੀਤੀ ਕੁਰਬਾਨੀ ਨੂੰ ਕਬੂਲ ਕੀਤਾ ਹੈ।’
ਭਾਈ ਮੇਵਾ ਸਿੰਘ ਨੇ ਅਦਾਲਤ ਵਿਚ ਖ੍ਹੜੀ ਸਿੱਖ ਸੰਗਤ ਕੋਲ, ਭਾਈ ਭਾਗ ਸਿੰਘ ਦੀ ਨੌਂ ਮਹੀਨੇ ਦੀ ਬੱਚੀ ਨੂੰ ਦੇਖਣ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਬੱਚੀ ਉਥੇ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ :
‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੁ ਨਾ ਛਾਡੈ ਖੇਤੁ॥’
ਪੁਲਿਸ ਭਾਈ ਮੇਵਾ ਸਿੰਘ ਨੂੰ ਅਦਾਲਤ ਵਿਚੋਂ ਜੇਲ੍ਹ ਵਿਚ ਲੈ ਗਈ।11 ਜਨਵਰੀ 1915, ਭਾਈ ਮੇਵਾ ਸਿੰਘ ਨੂੰ ਫਾਂਸੀ ਦੇਣ ਦਾ ਦਿਨ ਆ ਗਿਆ ਸੀ। ਉਸ ਦਿਨ ਸਮੁੱਚੇ ਕੈਨੇਡਾ ਦੀ ਸੰਗਤ ਜੇਲ੍ਹ ਦੇ ਗੇਟ ਅੱਗੇ ਪਹੁੰਚ ਗਈ ਸੀ। ਸ਼ਾਇਦ ਹੀ ਕੋਈ ਅਭਾਗਾ ਸਿੱਖ ਹੋਵੇਗਾ ਜੋ ਇਸ ਮੌਕੇ ਹਾਜ਼ਰ ਨਾ ਹੋਇਆ ਹੋਵੇ। ਸੰਗਤ ‘ਚੋਂ ਤਾਂ ਕਿਸੇ ਨੂੰ ਭਾਈ ਮੇਵਾ ਸਿੰਘ ਨੂੰ ਮਿਲਣ ਦੀ ਇਜ਼ਾਜਤ ਨਾ ਦਿੱਤੀ ਗਈ ਪਰ ਭਾਈ ਮਿੱਤ ਸਿੰਘ ਪੰਡੋਰੀ ਨੂੰ ਧਾਰਮਿਕ ਆਗੂ ਹੋਣ ਦੀ ਹੈਸੀਅਤ ਵਿਚ ਭਾਈ ਮੇਵਾ ਸਿੰਘ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ। ਭਾਈ ਮੇਵਾ ਸਿੰਘ ਪਾਠ ਕਰ ਰਹੇ ਸਨ ਤੇ ਉਸ ਦੇ ਚਿਹਰੇ ‘ਤੇ ਖ਼ਾਲਸਾਈ ਜਲਾਲ ਚਮਕਾਂ ਮਾਰ ਰਿਹਾ ਸੀ। ਭਾਈ ਮਿੱਤ ਸਿੰਘ ਪੰਡੋਰੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਭਾਈ ਮੇਵਾ ਸਿੰਘ ਨੇ, ਉਹਨਾਂ ਨੂੰ ਦਲੇਰੀ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਹੀ ਡੋਲ ਗਏ ਤਾਂ ਸੰਗਤ ਨੂੰ ਹੌਂਸਲਾ ਕਿਵੇਂ ਦੇਵੋਗੇਂ? ਭਾਈ ਮਿੱਤ ਸਿੰਘ ਪੰਡੋਰੀ ਅਨੁਸਾਰ, ਭਾਈ ਮੇਵਾ ਸਿੰਘ ਕਿਸੇ ਉੱਚੇ ਰੰਗ ਵਿਚ ਰੰਗਿਆ ਹੋਇਆ ਸੀ।
ਭਾਈ ਮੇਵਾ ਸਿੰਘ ਨੇ ਭਾਈ ਪੰਡੋਰੀ ਨੂੰ ਕਿਹਾ ਕਿ ਜਿਸ ਵਕਤ ਮੈਨੂੰ ਫਾਂਸੀ ਤੋਂ ਉਤਾਰਿਆ ਜਾਵੇਗਾ ਉਸ ਵਕਤ ਮੇਰਾ ਸਰੀਰ ਤੜਫੇਗਾ, ਪਰ ਉਸ ਵਕਤ ਸੰਗਤ ਨੇ ਓਦਰਨਾ ਨਹੀਂ, ਸਿਰਫ ਗੁਰਬਾਣੀ ਦਾ ਪਾਠ ਕਰਨਾ ਹੈ। ਭਾਈ ਮੇਵਾ ਸਿੰਘ ਦੇ ਇਸ ਅੰਤਮ ਸੰਦੇਸ਼ੇ ਪਿਛੋਂ ਅਰਦਾਸਾ ਸੋਧਿਆ ਗਿਆ ਤੇ ਉਸ ਵਲੋਂ ਫਾਂਸੀ ਵਾਲੇ ਕਪੜੇ ਪਾ ਕੇ ਸਰੀਰ ਤਿਆਗਣ ਦੀ ਤਿਆਰੀ ਕੀਤੀ ਗਈ। ਭਾਈ ਸਾਹਿਬ ਦੀ ਚੜ੍ਹਦੀ ਕਲਾ ਅਤੇ ਧਾਰਮਿਕ ਸਖ਼ਸ਼ੀਅਤ ਦਾ ਜੇਲ੍ਹ ਅਮਲੇ ‘ਤੇ ਵੀ ਬੜਾ ਜਬਰਦਸਤ ਪ੍ਰਭਾਵ ਪਿਆ ਸੀ, ਇਥੋਂ ਤੱਕ ਕਿ ਜਲਾਦ ਸਮੇਤ ਸਾਰੇ ਉਨ੍ਹਾਂ ਨੂੰ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਜਿਸ ਵਕਤ ਭਾਈ ਮੇਵਾ ਸਿੰਘ ਫਾਂਸੀ ਦੇ ਤਖ਼ਤੇ ਵੱਲ ਜਾਣ ਲੱਗੇ ਤਾਂ ਉਹਨਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬੈਰਾਗਮਈ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ ਗਿਆ:
‘ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ॥
ਅਉਸੁਰ ਬੀਤਿਓ ਜਾਤੁ ਹੈ ਕਹਿਓ ਮਾਨਿ ਲੈ ਮੇਰੋ॥੨॥ ਰਹਾਉ॥
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ॥
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ॥੧॥
ਜਾਨ ਬੁਝਿ ਕੈ ਬਾਵਰੇ ਤੈ ਕਾਜੁ ਬਿਗਾਰਿਓ॥
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ॥੨॥
ਜਿਹ ਬਿਿਧ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ॥
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ॥੩॥੩॥
ਠੀਕ ਸਵੇਰ ਦੇ 7਼:45 ਵਜੇ ਭਾਈ ਸਾਹਿਬ ਮੇਵਾ ਸਿੰਘ ਦੀ ਆਤਮਾ ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਉਹਨਾਂ ਦੀ ਲਾਸ਼ ਨੂੰ ਫਾਂਸੀ ਤੋਂ ਉਤਾਰ ਕੇ ਘਰ ਵਿਚ ਲਿਆ ਕੇ ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਕੱਫਣ ਪਹਿਨਾਇਆ ਗਿਆ। ਜਦ ਭਾਈ ਸਾਹਿਬ ਮੇਵਾ ਸਿੰਘ ਦੀ ਲਾਸ਼ ਜੇਲ੍ਹ ‘ਚੋਂ ਬਾਹਰ ਕੱਢੀ ਗਈ ਤਾਂ ਬਾਹਰ ਸੰਗਤ ਦਾ ਸਮੁੰਦਰ ਉਮੜਿਆ ਹੋਇਆ ਸੀ। ਸੰਗਤ ਵਲੋਂ ਪੈਦਲ ਹੀ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਫਰੇਜ਼ਰ ਮਿੱਲ ਦੇ ਸਮਸ਼ਾਨ ਘਾਟ ਵੱਲ ਲਿਜਾਇਆ ਗਿਆ। ਭਾਈ ਸਾਹਿਬ ਮੇਵਾ ਸਿੰਘ ਦੇ ਸਸਕਾਰ ਮੌਕੇ ਜਿਨੀ ਸੰਗਤ ਜੁੜ ਚੁੱਕੀ ਸੀ ਇਹ 1908 ਵਿਚ ਵੈਨਕੂਵਰ ਦੇ ਗੁਰਦੁਆਰੇ ਦੀ ਉਦਘਾਟਨੀ ਰਸਮ ਤੋਂ ਬਾਅਦ ਐਨੀ ਵੱਡੀ ਗਿਣਤੀ ਵਿਚ ਦੂਜੀ ਵਾਰ ਜੁੜੀ ਸੀ। ਸਾਰੀ ਸੰਗਤ ਗੁਰਬਾਣੀ ਦਾ ਸ਼ਬਦ ਕੀਰਤਨ ਕਰਦੀ ਜਾ ਰਹੀ ਸੀ। ਇਸ ਸੋਗੀ ਮਹੌਲ ਨੂੰ ਦੇਖ ਕੇ ਆਕਾਸ਼ ਦੇ ਹੰਝੂ ਕੇਰਨੋ ਨਾ ਰਹਿ ਸਕਿਆ ਪਰ ਸੰਗਤ ਨੇ ਮੀਂਹ ਅਤੇ ਚਿੱਕੜ ਦੀ ਕੋਈ ਪ੍ਰਵਾਹ ਨਾ ਕੀਤੀ। ਭਾਈ ਸਾਹਿਬ ਮੇਵਾ ਸਿੰਘ ਦੀ ਮਿਰਤਕ ਦੇਹ ਦਾ ਫਰੇਜ਼ਰ ਮਿਲ ਦੇ ਸਮਸ਼ਾਨ ਘਾਟ ਵਿਚ ਪੂਰਨ ਸਿੱਖ ਮਰਿਆਦਾ ਨਾਲ ਸਸਕਾਰ ਕਰ ਦਿੱਤਾ ਗਿਆ। ਸਸਕਾਰ ਤੋਂ ਬਾਅਦ ਸਾਰੀ ਸੰਗਤ ਗੁਰਦੁਆਰੇ ਵਿਚ ਜੁੜ ਗਈ, ਜਿਥੇ ਭਾਈ ਸਾਹਿਬ ਭਾਈ ਮੇਵਾ ਸਿੰਘ ਦੀ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਗਿਆ। ਭੋਗ ਵਾਲੇ ਦਿਨ ਵਿਸ਼ਾਲ ਦੀਵਾਨ ਸਜਿਆ ਜਿਥੇ ਸਾਰੇ ਕੇਨੇਡਾ ਦੀ ਸੰਗਤ ਪੁੱਜੀ ਹੋਈ ਸੀ। ਭਾਈ ਸਾਹਿਬ ਮੇਵਾ ਸਿੰਘ ਦੀ ਯਾਦ ਵਿਚ ਸੱਤ ਦਿਨ ਲਗਾਤਾਰ ਦੀਵਾਨ ਸਜਦਾ ਰਿਹਾ। ਭਾਈ ਸਾਹਿਬ ਦੀ ਸ਼ਹਾਦਤ ਨੇ ਗ਼ਦਰ ਲਹਿਰ ਨੂੰ ਅਜਿਹਾ ਹੁਲਾਰਾ ਦਿੱਤਾ ਕਿ ਬਹੁਤ ਸਾਰੇ ਗ਼ਦਰੀ ਬ੍ਰਿਿਟਸ਼ ਸਾਮਰਾਜ ਤੋਂ ਭਾਈ ਸਾਹਿਬ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੰਜਾਬ ਵੱਲ ਵਹੀਰਾਂ ਘੱਤ ਕੇ ਤੁਰ ਪਏ।
ਭਾਈ ਮੇਵਾ ਸਿੰਘ ਦਾ ਨਿਧੜਕ ਬਿਆਨ
‘ਮੇਰਾ ਨਾਮ ਮੇਵਾ ਸਿੰਘ ਹੈ। ਮੈਂ ਹਾਪਕਿਨਸਨ ਨੂੰ ਮਾਰਿਆ ਹੈ। ਮੈਂ ਇਹ ਇਕ ਸ਼ੁਭ ਕਾਰਜ ਕੀਤਾ ਹੈ। ਮੈਂ ਅੱਜ ਤਕ ਰੱਬ ਤੋਂ ਡਰਨ ਵਾਲਾ, ਉਸ ਦੀ ਬੰਦਗੀ ਵਿਚ ਲੀਨ ਰਹਿਣ ਵਾਲਾ ਬੰਦਾ ਹਾਂ। ਵੈਨਕੂਵਰ ਅੰਦਰ ਮੇਰੇ ਨਾਲ ਜੋ ਧੱਕੇ ਅਤੇ ਅਪਮਾਨਜਨਕ ਗੱਲਾਂ ਹੋਈਆਂ ਹਨ, ਉਸ ਦੀ ਪੀੜਾ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ। ਅਸੀਂ ਸਿੱਖ ਲੋਕ ਜਦੋਂ ਗੁਰਦੁਆਰੇ ਜਾਂਦੇ ਹਾਂ ਸਾਡਾ ਮਕਸਦ ਕੇਵਲ ਭਜਨ ਬੰਦਗੀ ਕਰਨਾ ਹੁੰਦਾ ਹੈ। ਪਰ ਉਹ ਕਪਟੀ ਲੋਕ ਗੁਰਦੁਆਰੇ ਸਾਡੀਆਂ ਜੜ੍ਹਾਂ ਵੱਢਣ ਦੇ ਇਰਾਦੇ ਨਾਲ ਆਉਂਦੇ ਹਨ। ਉਨ੍ਹਾਂ ਗੁਰਦੁਆਰੇ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ।
ਕੁਝ ਦਿਨ ਹੋਏ ਬੇਲਾ ਸਿੰਘ ਨੇ ਗੁਰਦੁਆਰੇ ਅੰਦਰ ਗੋਲੀ ਚਲਾਈ ਸੀ। ਪੁਲਿਸ ਨੇ ਮੈਨੂੰ ਫੜ ਲਿਆ ਤੇ ਕਿਹਾ ਕਿ ਤੂੰ ਵੀ ਗੋਲੀ ਚਲਾਈ ਹੈ। ਜਦੋਂ ਪੁਲਿਸ ਵਾਲਿਆਂ ਬੇਲਾਂ ਸਿੰਘ ਨੂੰ ਫੜਿਆ ਤਾਂ ਉਸ ਦਾ ਜਵਾਬ ਸੀ, ‘ਮੈਂ ਕਿਸ ਵਾਸਤੇ ਗੁਰਦੁਆਰੇ ਅੰਦਰ ਗੋਲੀ ਚਲਾਉਣੀ ਸੀ।’ ਮਿਸਟਰ ਰੇਅਡ ਤੇ ਹਾਪਕਿਨਸਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਗੋਲੀ ਨਹੀਂ ਚਲਾਈ।
ਜਦੋਂ ਬੇਲਾ ਸਿੰਘ ਨੇ ਗੋਲੀ ਚਲਾਈ ਸੀ ਅਸੀਂ ਸ਼ਬਦ ਕੀਰਤਨ ਕਰ ਰਹੇ ਸਾਂ। ਗੋਲੀ ਦਾ ਨਿਸ਼ਾਨਾ ਬਣੀ ਭਾਈ ਭਾਗ ਸਿੰਘ ਦੀ ਪਤਨੀ ਮਰ ਚੁੱਕੀ ਹੈ। ਉਸ ਦੇ ਕੇਵਲ ਦੋ ਛੋਟੇ ਛੋਟੇ ਬੱਚੇ ਹਨ। ਉਨ੍ਹਾਂ ਮਾਸੂਮਾਂ ਨੂੰ ਦੇਖ ਕੇ ਮੇਰਾ ਕਾਲਜਾ ਫਟ ਗਿਆ। ਜਦ ਮੈਨੂੰ ਪਿਸਤੌਲ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਤਾਂ ਮੈਨੂੰ ਰੇਅਡ, ਹਾਪਕਿਨਸਨ ਤੇ ਬੇਲਾ ਸਿੰਘ ਨੇ ਆਖਿਆ ਕਿ ਤੈਨੂੰ ਬਰੀ ਕਰਵਾ ਦੇਵਾਂਗੇ, ਜੇ ਤੂੰ ਇਹ ਬਿਆਨ ਦੇਵੇਂ ਕਿ ਉਹ ਪਿਸਤੌਲ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਤੇ ਹਰਨਾਮ ਸਿੰਘ ਦੀ ਵਰਤੋਂ ਵਾਸਤੇ ਸਨ ਤੇ ਉਨ੍ਹਾਂ ਇਹ ਹਸਨ ਰਹੀਮ ਪਾਸ ਰੱਖਣ ਵਾਸਤੇ ਆਖਿਆ ਹੋਇਆ ਸੀ।
ਮੈਂ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ। ਬੇਲਾ ਸਿੰਘ ਨੇ ਆਖਿਆ ਕਿ ਹਾਪਕਿਨਸਨ ਨੂੰ ਕੁਝ ਡਾਲਰ ਦੇ ਤੇ ਉਹ ਸਭ ਕੁਝ ਠੀਕ ਕਰ ਦੇਵੇਗਾ। ਮੈਂ ਕਿਹਾ, ‘ਤੁਸੀਂ ਡਾਲਰ ਲੈਣੇ ਹਨ ਤਾਂ ਲੈ ਲਓ ਪਰ ਮੈਂ ਕਦਾਚਿਤ ਝੂਠ ਨਹੀਂ ਬੋਲਣਾ।’ ਜਦੋ ਮੈਂ ਇਹ ਉੱਤਰ ਦਿੱਤਾ ਤਾਂ ਹਾਪਕਿਨਸਨ ਵੀ ਉਥੇ ਹੀ ਸੀ।
ਮੇਰਾ ਧਰਮ ਕਿਸੇ ਨਾਲ ਵੈਰ ਕਰਨਾ ਨਹੀਂ ਸਿਖਾਉਂਦਾ, ਨਾ ਹੀ ਮੇਰੀ ਹਾਪਕਿਨਸਨ ਨਾਲ ਕੋਈ ਦੁਸ਼ਮਣੀ ਹੈ। ਉਹ ਗ਼ਰੀਬ ਲੋਕਾਂ ਨੂੰ ਬਹੁਤ ਦਬਾਉਂਦਾ ਲਤਾੜਦਾ ਹੈ। ਮੈਂ ਇਕ ਸੱਚੇ ਸਿੱਖ ਹੋਣ ਦੇ ਨਾਤੇ ਮੈਂ ਹੁਣ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਮੇਰੇ ਦੇਸ਼ ਵਾਸੀਆਂ ਅਥਵਾ ਕੈਨੇਡਾ ਦੀਆਂ ਅਰਧ ਬਸਤੀ ਨਾਲ ਇਹ ਭੈੜਾ ਵਰਤਾਰਾ ਹੋਵੇ। ਇਸ ਸੋਚ ਅਧੀਨ ਮੈਂ ਹਾਪਕਿਨਸਨ ਦੀ ਜਾਨ ਲਈ ਹੈ ਅਤੇ ਨਾਲ ਹੀ ਆਪਣੀ ਜਾਨ ਦੀ ਬਾਜ਼ੀ ਲਾਈ ਹੈ ਅਤੇ ਮੈਂ ਇਕ ਸੱਚੇ ਸਿੱਖ ਦੇ ਫਰਜ਼ ਨਿਭਾਉਂਦਿਆਂ ਹੋਇਆਂ, ਵਾਹਿਗੁਰੂ ਦਾ ਨਾਮ ਜਪਦਾ ਫਾਂਸੀ ਦੇ ਤਖ਼ਤੇ ਵੱਲ ਉਸੀ ਖਿੱਚ ਤੇ ਚਾਉ ਨਾਲ ਜਾਵਾਂਗਾ ਜਿਵੇਂ ਇਕ ਭੁੱਖਾ ਬਾਲਕ ਆਪਣੀ ਮਾਂ ਵੱਲ ਨੂੰ ਜਾਂਦਾ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਵਾਹਿਗੁਰੂ ਮੈਨੂੰ ਆਪਣੇ ਚਰਨ ਕੰਵਲਾਂ ਵਿਚ ਨਿਵਾਸ ਦੇਵੇਗਾ।
ਪੁਲਿਸ ਸਾਡੇ ਨਾਲ ਹਰ ਵੇਲੇ ਧੱਕਾ ਕਰਨ ਦਾ ਮੌਕਾ ਭਾਲਦੀ ਰਹਿੰਦੀ ਹੈ ਅਤੇ ਜਦੋਂ ਸਾਡੇ ਮੁਕੱਦਮੇ ਕਚਹਿਰੀ ਵਿਚ ਜਾਂਦੇ ਹਨ ਤਾਂ ਜੱਜਾਂ ਨੇ ਪਹਿਲਾਂ ਹੀ ਸਾਡੇ ਵਿਰੁੱਧ ਫੈਸਲਾ ਤਿਆਰ ਕੀਤਾ ਹੁੰਦਾ ਹੈ। ਇਹ ਕਿਧਰ ਦਾ ਇਨਸਾਫ਼ ਹੈ ਕਿ ਜੱਜ ਹਮੇਸ਼ਾ ਪੁਲਿਸ ਦਾ ਹੀ ਪੱਖ ਪੂਰਨ। ਸਾਡੇ ਵਿਰੁੱਧ ਤੁਅੱਸਬਾਂ ਨਾਲ ਭਰੇ ਮਨਾਂ ਤੋਂ ਕਿਸੇ ਇਨਸਾਫ਼ ਦੀ ਆਸ ਨਹੀਂ ਹੋ ਸਕਦੀ।
ਜਦੋਂ ਪੁਲਿਸ ਤੇ ਪ੍ਰਸ਼ਾਸਨ ਸਾਡੇ ਨਾਲ ਬੇਇਨਸਾਫ਼ੀਆਂ ਤੇ ਧੱਕਾ ਕਰਨ ਲਈ ਇਕਜੁੱਟ ਹੋ ਜਾਣ ਤਾਂ ਕਿਸੇ ਨਾ ਕਿਸੇ ਨੂੰ ਇਸ ਵਿਰੁੱਧ ਹਿੱਕ ਠੋਕ ਕੇ ਖੜ੍ਹੇ ਹੋਣਾ ਚਾਹੀਦਾ ਹੈ। ਸੋ ਮੈਂ ਥਾਪੀ ਮਾਰ ਕੇ ਉੱਠ ਖੜੋਇਆ ਹਾਂ। ਇਸ ਬੇਇਨਸਾਫ਼ੀ ਦੀ ਕੰਧ ਉਤੇ ਕਰਾਰੀ ਸੱਟ ਮਾਰਨ ਲਈ ਮੈਂ ਬਲ ਧਾਰਿਆ ਹੈ।ਅਸੀਂ ਜਿਹੜੇ ਇਥੇ ਅਜਨਬੀ ਹਾਂ, ਅਸੀਂ ਜਿਹੜੇ ਆਪਣੇ ਘਰ ਦੇ ਮਾਲਕ ਨਹੀਂ ਹਾਂ, ਸਮਾ ਸਾਥੋਂ ਬਲੀਦਾਨ ਦੀ ਮੰਗ ਕਰਦਾ ਹੈ।
‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’
ਸਤਿਗੁਰੂ ਨੇ ਕਿਹਾ ਸੀ ‘ਜਿਥੇ ਵੀ ਹੋਵੇ ਰੱਬੀ ਕਾਨੂੰਨਾਂ ਦੀ ਪਾਲਣਾ ਤੇ ਪਸਾਰ ਕਰੋ, ਅਤਿਆਚਾਰ ਅਤੇ ਅਤਿਆਚਾਰੀਆਂ ਦਾ ਖਾਤਮਾ ਕਰੋ।’
ਹਾਪਕਿਨਸਨ ਬੇਲੇ, ਬਾਬੂ ਤੇ ਗੰਗਾ ਰਾਮ ਰਾਹੀਂ ਰਿਸ਼ਵਤਾਂ ਬਟੋਰਦਾ ਹੈ ਅਤੇ ਜਿਹੜਾ ਪੈਸਾ ਨਾ ਦੇਵੇ ਉਹ ਹਾਪਕਿਨਸਨ ਦੇ ਗੁੱਸੇ ਦਾ ਨਿਸ਼ਾਨਾ ਬਣਦਾ ਹੈ। ਬੇਲਾ ਉਨ੍ਹਾਂ ਸਾਰਿਆਂ ਵਿਚੋਂ ਨੀਚ ਬੰਦਾ ਹੈ।ਜਿਹੜਾ ਆਦਮੀ ਅਤਿਆਚਾਰ ਵਿਰੁੱਧ ਲੜਨ ਦਾ ਹੌਂਸਲਾ ਨਹੀਂ ਕਰਦਾ, ਉਹ ਜਿਉਂਦਾ ਹੀ ਮਰਿਆ ਹੁੰਦਾ ਹੈ।
Related Topics: Bhai Mewa Singh Shaheed, Gadhar Movement, Rajwinder Singh Rahi, S. Rajwinder Singh Rahi