September 20, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਧਰਮ ਪ੍ਰਚਾਰ ਤੇ ਪ੍ਰਸਾਰ ਦੇ ਮਾਮਲੇ ਵਿੱਚ ਅਕਸਰ ਫਾਡੀ ਰਹਿਣ ਵਾਲੀ ਸ਼੍ਰੋਮਣੀ ਕਮੇਟੀ ਵਲੋਂ ਢਾਈ ਮਹੀਨੇ ਪਹਿਲਾਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਆਪਣੇ ਮਕਸਦ ਵਿੱਚ ਕਿੰਨੀ ਕੁ ਸਫਲ਼ ਹੋਈ ਹੈ। ਇਹ ਸਵਾਲ ਪੰਥਕ ਹਲਕਿਆਂ ਵਿੱਚ ਜ਼ਰੂਰ ਪੁੱਛਿਆ ਜਾ ਰਿਹਾ ਹੈ।
ਸਾਲ 2002 ਤੋਂ ਬਾਅਦ ਦੂਜੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਸੰਭਾਲਣ ਵਾਲੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ 1 ਜੁਲਾਈ 2017 ਤੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਦਾ ਹੁਣ ਤੀਕ ਦਾ ਲੇਖਾ-ਜੋਖਾ ਕੀਤਾ ਜਾਏ ਤਾਂ ਇਹੀ ਕਹਿਣਾ ਪਵੇਗਾ ਕਿ ਧਰਮ ਪ੍ਰਚਾਰ ਦੇ ਬੈਨਰ ਹੇਠ ਕੀਤੇ ਗਏ ਅੱਧੀ ਦਰਜਨ ਦੇ ਕਰੀਬ ਪ੍ਰਮੁਖ ਸਮਾਗਮ ਸਿਰਫ ਸਿਆਸੀ ਆਗੂਆਂ ਦੇ ਭਾਸ਼ਣਾਂ ਤੀਕ ਹੀ ਸੀਮਤ ਰਹੇ ਹਨ। ਨਾ ਤਾਂ ਇਹ ਸਮਾਗਮ ਸਬੰਧਤ ਜ਼ਿਲ੍ਹੇ ਦੇ ਕਮੇਟੀ ਮੈਂਬਰਾਨ, ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਇੱਕ ਮੰਚ ‘ਤੇ ਇਕੱਤਰ ਕਰ ਸਕੇ ਹਨ ਅਤੇ ਨਾ ਹੀ ਇਨ੍ਹਾਂ ਸਮਾਗਮਾਂ ਦੌਰਾਨ ਕੋਈ ਅੰਮ੍ਰਿਤ ਸੰਚਾਰ ਸਮਾਗਮ ਸਾਹਮਣੇ ਆਇਆ ਹੈ। ਜੇ ਕੁਝ ਸਾਹਮਣੇ ਆਇਆ ਹੈ ਤਾਂ ਉਹ ਕਮੇਟੀ ਮੈਂਬਰਾਨ ਦੇ ਨਿੱਜੀ ਪ੍ਰੀਵਾਰਕ ਜੀਆਂ ਨੂੰ ਕਮੇਟੀ ਪ੍ਰਬੰਧ ਹੇਠਲੇ ਅਦਾਰਿਆਂ ਵਿੱਚ ਮਲਾਈਦਾਰ (ਕਮਾਈ ਵਾਲੇ) ਅਹੁੱਦਿਆਂ ‘ਤੇ ਨੌਕਰੀਆਂ ਅਤੇ ਬਾਕੀ ਰਹਿੰਦੇ ਧੜਾ ਰਹਿਤ ਕਮੇਟੀ ਮੈਂਬਰਾਨ ਅਤੇ ਮੁਲਾਜਮਾਂ ਲਈ ਅਧਿਕਾਰੀਆਂ ਦੇ ਧੱਕੇ ਅਤੇ ਤ੍ਰਿਸਕਾਰ। ਪਹਿਲੀ ਜੁਲਾਈ ਨੂੰ ਬੜੇ ਹੀ ਜੋਸ਼ੋ ਖਰੋਸ਼ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਕੀਤੀ ਗਈ ਧਰਮ ਪ੍ਰਚਾਰ ਲਹਿਰ ਦਾ ਪਹਿਲਾ ਸਮਾਗਮ ਹੀ ਇਹ ਸੰਦੇਸ਼ ਦੇ ਗਿਆ ਸੀ ਕਿ ਕਮੇਟੀ ਪ੍ਰਬੰਧਕਾਂ ਨੇ ਆਪਣੇ ਧਰਮ ਪ੍ਰਚਾਰ ਸਾਮਗਮਾਂ ਵਿੱਚ ਭਰਵੀਂ ਹਾਜ਼ਰੀ ਵਿਖਾਉਣ ਲਈ, ਪ੍ਰਬੰਧ ਹੇਠਲੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਬੱਸਾਂ ਭਰਕੇ ਖਾਨਾਪੂਰਤੀ ਹੀ ਕੀਤੀ ਗਈ ਤੇ ਇਹ ਰੁਝਾਨ ਇਸਤੋਂ ਬਾਅਦ ਧਰਮ ਪ੍ਰਚਾਰ ਦੇ ਖਾਤੇ ਵਿੱਚ ਕੋਈ ਇੱਕ ਦਰਜਨ ਦੇ ਕਰੀਬ ਅਯੋਜਿਤ ਗੁਰਮਤਿ ਸਮਾਗਮਾਂ ਵਿੱਚ ਮਿਲਿਆ। ਦੂਰ ਨੇੜਲੇ ਪਿੰਡਾਂ ਤੋਂ ਸੰਗਤਾਂ ਨੂੰ ਵਿਸ਼ੇਸ਼ ਤੌਰ ‘ਤੇ ਢੋਹਣ ਲਈ ਜਿਥੇ ਕਮੇਟੀ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ‘ਤੇ ਗੱਡੀਆਂ ਮੁਹੱਈਆ ਕਰਵਾਈਆਂ ਉਥੇ ਹੀ ਪ੍ਰਬੰਧ ਹੇਠਲੇ ਪ੍ਰਚਾਰਕਾਂ, ਕਥਾਵਾਚਕਾਂ ਅਤੇ ਗ੍ਰੰਥੀ ਸਾਹਿਬਾਨ ਦੀ ਹਾਜ਼ਰੀ ਯਕੀਨੀ ਬਣਾਈ ਪਰ ਸਟੇਜ ਤੋਂ ਹਾਜ਼ਰੀ ਸਿਆਸੀ ਲੋਕਾਂ ਦੀ ਹੀ ਭਾਰੂ ਨਜ਼ਰ ਆਈ।
ਥੋੜ੍ਹਾ ਗੌਰ ਨਾਲ ਵੇਖਿਆ ਜਾਏ ਤਾਂ ਕਮੇਟੀ ਹੁਣ ਤੀਕ ਗੁ: ਫਤਿਹਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਹਰਿਆਣਾ ਦੇ ਗੁ: ਪੰਜੋਖਰਾ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਮਾਦੋ ਸਰ ਬਰਾੜ ਵਿਖੇ ਧਰਮ ਪ੍ਰਚਾਰ ਦੇ ਬੈਨਰ ਹੇਠ ਗੁਰਮਤਿ ਸਮਾਗਮ ਕਰ ਚੁੱਕੀ ਹੈ। ਕਮੇਟੀ ਨੇ ਅੰਮ੍ਰਿਤਸਰ ਵਿਖੇ ਬਾਬਾ ਨੌਧ ਸਿੰਘ ਲੰਗਰਾਂ ਵਾਲੇ, ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿੱਚ ਮਹਾਨ ਸਮਾਗਮ ਅਯੋਜਿਤ ਕੀਤੇ ਹਨ। ਜੇ ਕਿਧਰੇ ਕਿਸੇ ਸੀਨੀਅਰ ਕਮੇਟੀ ਪ੍ਰਬੰਧਕ ਜਾਂ ਧਰਮ ਪ੍ਰਚਾਰ ਸੱਕਤਰ ਪਾਸੋਂ ਹੀ ਪੁੱਛ ਲਿਆ ਜਾਵੇ ਕਿ ਇਸ ਸਮਾਗਮ ਵਿਚ ਸਿੱਖ ਇਤਿਹਾਸ ਦੇ ਇਨ੍ਹਾਂ ਦੋ ਮਹਾਨ ਸੇਵਕਾਂ ਦੀ ਜੀਵਨੀ ਬਾਰੇ ਕੋਈ ਕਿਤਾਬਚਾ, ਪੈਂਫਲੈਟ ਜਾਂ ਪੁਸਤਕ ਵੀ ਤਿਆਰ ਹੋਈ ਤਾਂ ਜਵਾਬ ਨਾਂਹ ਵਿੱਚ ਹੀ ਮਿਲੇਗਾ। ਗੁਰਦੁਆਰਾ ਮਾਦੋਸਰ ਬਰਾੜ ਵਿਖੇ ਕਰਵਾਏ ਗਏ ਸੁੰਦਰ ਦਸਤਾਰ, ਗੁਰਬਾਣੀ ਕੰਠ, ਕਵੀਸ਼ਰੀ ਮੁਕਾਬਲਿਆਂ ਬਾਰੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਮੇਟੀ ਦੇ ਪਬਲੀਸਿਟੀ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਇਸ ਸਮਾਗਮ ਵਿਚ ਨੇੜਲੇ 30 ਸਕੂਲਾਂ ਦੇ ਬੱਚਿਆਂ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਵੱਖ-ਵਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਪਰ ਇਨ੍ਹਾਂ ਮੁਕਾਬਲਿਆਂ ਦੇ ਕਿਸੇ ਇਕ ਜੇਤੂ ਦੀ ਤਸਵੀਰ ਤਾਂ ਇੱਕ ਪਾਸੇ ਪਬਲੀਸਟੀ ਵਿਭਾਗ ਨੇ ਕਿਸੇ ਬੱਚੇ ਦਾ ਨਾਮ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ। ਕਿਉਂਕਿ ਅਸਲੀਅਤ ਵਿੱਚ ਇਸ ਸਮਾਗਮ ਦੇ ਫਿੱਕੇ ਰੰਗ ਨੂੰ ਗੂਹੜਾ ਕਰਨ ਹਿੱਤ ਪ੍ਰਬੰਧਕਾਂ ਨੇ ਐਨ ਮੌਕੇ ‘ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ 6 ਦਰਜਨ ਦੇ ਕਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹਾਜ਼ਰੀ, ਸਖਤ ਹੁਕਮਾਂ ਨਾਲ ਯਕੀਨੀ ਬਣਾਈ।
ਧਰਮ ਪ੍ਰਚਾਰ ਲਹਿਰ ਦੇ 80 ਦਿਨ ਬੀਤ ਜਾਣ ‘ਤੇ ਵੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਨੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਕਿ ਢਾਈ ਮਹੀਨੇ ਚੱਲੀ ਧਰਮ ਪ੍ਰਚਾਰ ਲਹਿਰ ਤਹਿਤ ਕਿੰਨੇ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲਈ (ਇਹ ਅੰਕੜੇ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਵਿਖੇ ਹੋਣ ਵਾਲੇ ਸਥਾਪਿਤ ਦਿਨਾਂ ਤੋਂ ਵੱਖਰੇ ਹੋਣ)। ਕਮੇਟੀ ਨੇ ਆਣ ਵਾਲੇ ਦਿਨਾਂ ਵਿੱਚ ਇਸ ਧਰਮ ਪ੍ਰਚਾਰ ਲਹਿਰ ਨੂੰ ਸਿਰਫ ਗੁਰਮਤਿ ਸਮਾਗਮਾਂ ਤੀਕ ਹੀ ਸੀਮਤ ਰੱਖਣਾ ਹੈ ਜਾਂ ਇਸਨੂੰ ਹਰ ਪਿੰਡ, ਹਰ ਸ਼ਹਿਰ ਤੇ ਹਰ ਘਰ ਤੀਕ ਲੈ ਕੇ ਜਾਣਾ ਹੈ ਤੇ ਕਿਵੇਂ ਲੈਕੇ ਜਾਣਾ ਹੈ ਇਸਦਾ ਕੋਈ ਮੁਕੰਮਲ ਦਸਤਾਵੇਜ਼ ਤਾਂ ਖੁਦ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੇ ਵਧੀਕ ਸਕੱਤਰ ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਵੀ ਕਿਸੇ ਦੇ ਸਾਹਮਣੇ ਰੱਖਣ ਨੂੰ ਤਿਆਰ ਨਹੀ; ਉਨ੍ਹਾਂ ਦਾ ਇੱਕੋ ਇੱਕ ਜਵਾਬ ‘ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਬੱਸ ਨਤੀਜੇ ਵੇਖੀ ਜਾਉ’, ਇਹੀ ਸੰਕੇਤ ਦਿੰਦੇ ਹਨ ਕਿ ਧਰਮ ਪ੍ਰਚਾਰ ਲਹਿਰ ਦਾ ਅਸਲ ਮਕਸਦ ਕੁਝ ਹੋਰ ਹੈ।
ਸਾਲ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦਲ ਨੂੰ ਲੱਗੇ ਖੋਰੇ ਦੀ ਪੂਰਤੀ ਲਈ ਧਰਮ ਪ੍ਰਚਾਰ ਲਹਿਰ ਨੂੰ ਮੋਹਰਾ ਬਣਾਇਆ ਗਿਆ ਅਤੇ ਇਸਦੇ ਫੰਡ ਲੋਕਾਂ ਤੀਕ ਸਹਾਇਤਾ ਰੂਪ ਵਿੱਚ ਪੁੱਜਦੇ ਕਰਕੇ ਦਲ ਦਾ ਗੁਣ ਗਾਨ ਕਰਕੇ ਖੁੱਸੀ ਹੋਈ ਜ਼ਮੀਨ ਮੁੜ ਬਹਾਲ ਕੀਤੀ ਜਾ ਰਹੀ ਹੈ। ਕਮੇਟੀ ਦੇ ਕੁਝ ਮੈਂਬਰਾਨ ਤੇ ਅਹੁਦੇਦਾਰ ਆਪਣੇ ਨਿੱਜੀ ਪ੍ਰੀਵਾਰਕ ਜੀਆਂ ਤੇ ਚਹੇਤਿਆਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀਆਂ ਦਿਵਾਕੇ, ਧਰਮ ‘ਪ੍ਰਚਾਰ ਲਹਿਰ ਵਿੱਚ ਬਣਦਾ ਯੋਗਦਾਨ’ ਤਾਂ ਪਾ ਚੁੱਕੇ ਹਨ। ਪਰ ਜਿਨ੍ਹਾਂ ਨੂੰ ਅਜੇ ਮੌਕਾ ਨਹੀਂ ਮਿਲਿਆ ਉਹ ਕਮੇਟੀ ਸਮਾਗਮਾਂ ਤੋਂ ਹੀ ਦੂਰੀ ਬਣਾਈ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ 8-9 ਕਮੇਟੀ ਮੈਂਬਰ ਸ੍ਰ: ਪਰਕਾਸ਼ ਸਿੰਘ ਬਾਦਲ ਪਾਸ ਸ਼ਿਕਾਇਤ ਲੈਕੇ ਪੁਜੇ ਸਨ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਤੇ ਉਨ੍ਹਾਂ ਦੇ ਚਹੇਤੇ ਅਧਿਕਾਰੀ ਪੂਰੀ ਤਰ੍ਹਾਂ ਪੱਖਪਾਤੀ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਆਪਣੀ “ਜਾਇਜ਼ ਮੰਗ” ਦੀ ਪੂਰਤੀ ਲਈ ਵੀ ਭੱਜ-ਨੱਠ ਕਰਨੀ ਪੈ ਰਹੀ ਹੈ।
ਧਰਮ ਪ੍ਰਚਾਰ ਲਹਿਰ ਦੀ ਉਪਰੋਕਤ ਚਾਲ ਨੂੰ ਵੇਖਦਿਆਂ ਇਹ ਸਵਾਲ ਜ਼ਰੂਰ ਸਾਹਮਣੇ ਆਉਂਦਾ ਹੈ ਕਿ ਆਖਿਰ ਹਰ ਗੁਰਮਤਿ ਸਮਾਗਮ ਵਿਚ ਉਹੀ ਸਕੂਲੀ ਤੇ ਕਾਲਜ ਵਿਦਿਆਰਥੀ ਤੇ ਅਧਿਆਪਕ ਵੇਖਕੇ ਜੇਕਰ ਗੁਰਮਤਿ ਦੇ ਗਿਆਤਾ ਅਤੇ ਵਿਦਵਾਨ ਅਕਸ ਵਾਲੇ ਕਮੇਟੀ ਪਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੀ ਇਹ ਨਹੀਂ ਜਾਨਣਾ ਜਾਂ ਪੁਛਣਾ ਜ਼ਰੂਰੀ ਸਮਝਦੇ ਕਿ ਇਨ੍ਹਾਂ ਬੱਚਿਆਂ ਤੋਂ ਇਲਾਵਾ ਕੋਈ ਹੋਰ ਬੱਚਾ ਧਰਮ ਪ੍ਰਚਾਰ ਲਹਿਰ ਦੀ ਪਹੁੰਚ ਵਿੱਚ ਨਹੀਂ ਆਇਆ? ਇਹ ਜਾਨਣਾ ਵੀ ਜ਼ਰੂਰੀ ਨਹੀਂ ਸਮਝਦੇ ਕਿ ਆਖਿਰ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਅਤੇ ਗੁਰਮਤਿ ਸੰਗੀਤ, ਸ਼ੁਧ ਗੁਰਬਾਣੀ ਉਚਾਰਨ ਅਤੇ ਕਥਾਵਾਚਕ ਦੀ ਟਰੇਨਿੰਗ ਲੈ ਰਹੇ ਇਹ ਬੱਚੇ ਹੀ ਹਰ ਸਮਾਗਮ ਵਿੱਚ ਲਿਆਕੇ ਉਨਹਾਂ ਦੀ ਪੜ੍ਹਾਈ ਦਾ ਨੁਕਸਾਨ ਕਿਉਂ ਕੀਤਾ ਜਾ ਰਿਹਾ ਹੈ? ਤਾਂ ਸਮਝ ਲੈਣਾ ਚਾਹੀਦਾ ਕਿ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਸਿਰਫ ਫਿਰ ਬਾਦਲਾਂ ਦੀ ਖੁੱਸ ਚੁੱਕੀ ਸਿਆਸੀ ਜ਼ਮੀਨ ਬਹਾਲ ਕਰਨ ਲਈ ਮੋਹਰਾ ਹੈ ਮੋਹਰੇ ਤੋਂ ਵੱਧ ਕੁਝ ਵੀ ਨਹੀਂ ਹੈ।
Related Topics: Badal Dal, Corruption in Gurdwara Management, Dharam Parchar Committee, Prof. Kirpal Singh Badunger, Shiromani Gurdwara Parbandhak Committee (SGPC)