June 12, 2019 | By ਸਿੱਖ ਸਿਆਸਤ ਬਿਊਰੋ
ਗੁਰੂ ਸਾਹਿਬ ਦੀ ਪਰਦੇ ਜਾਂ ਸਕਰੀਨ ‘ਤੇ ਪੇਸ਼ਕਾਰੀ ਨੂੰ ਲੈ ਕੇ ਵਿਵਾਦ ਅੱਜ ਕੋਈ ਨਵੇਂ ਸ਼ੁਰੂ ਨਹੀਂ ਹੋਏ। ਇਹਨਾਂ ਵਿਵਾਦਾਂ ਦੀ ਜੜ੍ਹ ‘ਉੱਚਾ ਦਰ ਬਾਬੇ ਨਾਨਕ ਦਾ’ ਫ਼ਿਲਮ ਤੋਂ ਲੈ ਕੇ ‘ਗੁਰੂ ਮਾਨਿਓ ਗ੍ਰੰਥ’ ਅਤੇ ‘ਜੋ ਬੋਲੇ ਸੋ ਨਿਹਾਲ’ ਤੋਂ ਹੁੰਦੀ ਹੋਈ ‘ਨਾਨਕ ਸ਼ਾਹ ਫ਼ਕੀਰ’ ਨਾਮੀ ਫ਼ਿਲਮ ਤੱਕ ਫੈਲੀ ਹੋਈ ਹੈ। ਇਹ ਵਿਵਾਦ ਹੁਣ ਗੁਰੂ ਸਾਹਿਬਾਨ ਦੀ ਮੁੜ ਸਕਰੀਨ ‘ਤੇ ਪੇਸ਼ਕਾਰੀ ‘ਤੇ ਸੁਆਲ ਨੂੰ ਸਾਹਮਣੇ ਲੈ ਆਇਆ ਹੈ। ਇਸ ਵੇਲ਼ੇ ਵਿਵਾਦ ‘ਦਾਸਤਾਨ ਏ ਮੀਰੀ ਪੀਰੀ’ ਅਤੇ ‘ਮਦਰਹੁੱਡ’ ਫ਼ਿਲਮਾਂ ਰਾਹੀਂ ਸਾਹਮਣੇ ਆਇਆ ਹੈ। ਧਾਰਮਿਕ ਤੇ ਰੂਹਾਨੀ ਹਸਤੀਆਂ (ਕਿਸੇ ਵੀ ਧਰਮ ਦੇ ਪੈਗੰਬਰ, ਗੁਰੂ ਜਾਂ ਸ਼ਹੀਦ) ਨੂੰ ਫ਼ਿਲਮਾਉਣ ਤੋਂ ਪਹਿਲਾਂ ਇਹ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਸ ਧਰਮ ਦਾ ਮੂਲ ਅਕੀਦਾ ਉਸ ਕਿਰਤ ਬਾਰੇ ਜਾਂ ਰਚਨਾ ਬਾਰੇ ਆਪਣੇ ਸਿਧਾਂਤਕ ਦਾਇਰੇ ਵਿੱਚ ਕਿਸ ਕਿਸਮ ਦੀ ਤਵੱਜੋ ਅਤੇ ਮਾਨਤਾ ਰੱਖਦਾ ਹੈ।
ਹਰ ਧਾਰਮਿਕ ਅਕੀਦੇ ਦੇ ਫ਼ਿਲਮਾਕਣ ਜਾਂ ਨਾਟਕੀ ਪੇਸ਼ਕਾਰੀ ਬਾਰੇ ਵੱਖ-ਵੱਖ ਨਜ਼ਰੀਏ ਹਨ। ਜੇਕਰ ਨਾਟਕ ਦੇ ਅਤੀਤ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਉਪ ਮਹਾਂਦੀਪ ਦੇ ਖਿੱਤੇ ਵਿੱਚ ਇਸਦੀ ਜੜ੍ਹ ਸੰਸਕ੍ਰਿਤ ਨਾਟਕ ਤੱਕ ਜਾ ਪਹੁੰਚਦੀ ਹੈ ਅਤੇ ਮੁੱਖ ਰੂਪ ਵਿੱਚ ਰਾਸ ਲੀਲਾਵਾਂ ਅਤੇ ਰਾਮ ਲੀਲਾਵਾਂ ਇਸਦਾ ਸਰੂਪ ਨਿਰਧਾਰਤ ਕਰਦੀਆਂ ਹਨ। ਇਹਨਾਂ ਰਵਾਇਤਾਂ ਦਾ ਸਾਕਾਰ ਰੂਪ ਅੱਜ ਵੀ ਵੇਖਣ ਨੂੰ ਮਿਲਦਾ ਹੈ ਅਤੇ ਇਸਨੂੰ ਸਨਾਤਨ ਧਰਮ ਵੱਲੋਂ ਪ੍ਰਵਾਨ ਕੀਤਾ ਗਿਆ। ਨਵੀਨ ਹਿੰਦੂ ਧਰਮ ਦੀ ਧਾਰਾ ਦੇ ਵਹਿਣ ਵਿੱਚ ਮਹਾਤਮਾ ਬੁੱਧ ਦੀਆਂ ਅਤੇ ਮਹਾਂਵੀਰ ਜੈਨ ਦਿੰਗਬਰਾਂ ਦੀਆਂ ਮੂਰਤੀਆਂ ਦਾ ਪ੍ਰਚਲਨ ਵੀ ਹੋਇਆ ਅਤੇ ਪ੍ਰਵਾਨ ਕੀਤਾ ਗਿਆ, ਭਾਵੇਂ ਇਹ ਸਭ ਬੁੱਧ ਅਤੇ ਜੈਨ ਦਰਸ਼ਨ ਦੇ ਸਮਰੂਪ ਨਹੀਂ ਸੀ ਅਤੇ ਬਾਕਾਇਦਾ ਇਹਨਾਂ ਢੰਗਾਂ ਤਰੀਕਿਆਂ ਦਾ ਵਿਰੋਧ ਹੁੰਦਾ ਰਿਹਾ। ਪਰ ਜਦੋਂ-ਜਦੋਂ ਸਨਾਤਨ ਧਰਮ ਅਤੇ ਫਿਰ ਨਵੀਨ ਹਿੰਦੂ ਧਰਮ ਵਿਚਲੇ ਪ੍ਰਚਲਨ ਨੂੰ ਵੇਖਦੇ ਹਾਂ ਤਾਂ ਇਹ ਸਪਸ਼ਟ ਨਜ਼ਰ ਆਉਂਦਾ ਹੈ ਕਿ ਉਹਨਾਂ ਵੱਲੋਂ ਇਸਦੀ ਖ਼ਿਲਾਫ਼ਤ ਕਦੇ ਨਹੀਂ ਕੀਤੀ ਗਈ ਸਗੋਂ ਅੱਜ ਤੱਕ ਉਹਨਾਂ ਵੱਲੋਂ ਇਹਨਾਂ ਢੰਗਾਂ ਨੂੰ ਅਪਣਾਇਆ ਜਾ ਰਿਹਾ ਹੈ, ਸੋ ਉਹਨਾਂ ਦਾ ਇਸ ਨਾਲ਼ ਸਿਧਾਂਤਕ ਤੌਰ ‘ਤੇ ਕੋਈ ਟਕਰਾਅ ਨਹੀਂ ਹੈ। ਪਰ ਜਦੋਂ ਇਸੇ ਖਿੱਤੇ ਵਿੱਚ ਪਰਗਟ ਹੋਏ ਸਿੱਖ ਧਰਮ ਦੇ ਸਿਧਾਤਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਇਸ ਵਿੱਚ ਬੁੱਤਪ੍ਰਸਤੀ ਦੇ ਹਰ ਰੂਪ ਦੀ ਮਨਹਾੀ ਹੈ।ਆਧੁਨਿਕ ਸਮਿਆਂ ਵਿੱਚ ਨਵੀਨ ਕਿਸਮ ਦੀਆਂ ਤਸਵੀਰਾਂ ਅਤੇ ਗੁਰੂ ਸਾਹਿਬਾਨ ਦੀ ਕਾਰਟੂਨਨੁਮਾ ਐਨੀਮੇਸ਼ਨ ਪੇਸ਼ਕਾਰੀ ਵੀ ਉਸੇ ਲੜੀ ਵਿੱਚ ਆਉਂਦੀਆਂ ਹਨ। ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਸੰਸਕ੍ਰਿਤ ਨਾਟਕ ਦੀ ਦੀਰਘ ਰਵਾਇਤ ਦੇ ਹੁੰਦਿਆਂ ਵੀ ਗੁਰੂ ਸਾਹਿਬਾਨ ਨੇ ਇਸਨੂੰ ਕਦੇ ਵੀ ਪ੍ਰਚਾਰ ਦੇ ਮਾਧਿਅਮ ਵਜੋਂ ਪ੍ਰਵਾਨ ਨਹੀਂ ਕੀਤਾ। ਗੁਰੂ ਸਾਹਿਬ ਨੇ ਮੰਜੀਆਂ ਥਾਪੀਆਂ ਇਸ ਰੀਤ ਨੂੰ ਸਿੱਖੀ ਦਾ ਪ੍ਰਚਾਰ ਢੰਗ ਪ੍ਰਵਾਨ ਨਹੀਂ ਕੀਤਾ ਗਿਆ। ਸਿੱਖੀ ਇਸ ਕਿਸਮ ਦੀਆਂ ਰੀਤਾਂ ਨੂੰ ਮੂਲੋਂ ਨਕਾਰਦੀ ਹੈ।
ਜਦੋਂ ਫ਼ਿਲਮ ‘ਗੁਰੂ ਮਾਨਿਓ ਗ੍ਰੰਥ’ ਆਈ ਤਾਂ ਉਸਦਾ ਵਿਰੋਧ ਇਸ ਕਰਕੇ ਹੋਇਆ ਕਿਉਂਕਿ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪਰਦੇ ‘ਤੇ ਵਿਖਾਇਆ ਜਾਣਾ ਸੀ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਦੀ ਜਾਗਦੀ ਜੋਤ ਵਜੋਂ ਪ੍ਰਤੱਖ ਗੁਰੂ ਮੰਨਦੇ ਹਨ ਅਤੇ ਇਹੀ ਸਿਧਾਂਤਕ ਨੁਕਤਾ ਫ਼ਿਲਮ ‘ਗੁਰੂ ਮਾਨਿਓ ਗ੍ਰੰਥ’ ਦੇ ਵਿਰੋਧ ਦਾ ਕਾਰਨ ਬਣਿਆ। ਸੰਗਤ ਦੇ ਭਰਵੇਂ ਵਿਰੋਧ ਦੇ ਬਾਵਜੂਦ ਉਹਨਾਂ ਦਿਨਾਂ ਵਿਚ ਜੇਕਰ ਫ਼ਿਲਮ ਕੰਪਨੀ ਤੱਕ ਹੀ ਗੱਲ ਸੀਮਿਤ ਨਾ ਹੋ ਕਿ ਇਸ ਦੇ ਸਿਧਾਂਤਕ ਪੱਖਾਂ ਉਪਰ ਵਿਚਾਰ ਕੀਤੀ ਹੁੰਦੀ ਤਾਂ ਇਹਨਾਂ ਫ਼ਿਲਮਾਂ ਦਾ ਸਿਲਸਿਲਾ ਉਦੋਂ ਹੀ ਰੁਕ ਜਾਂਦਾ ਪਰ ਅੰਦਰਖਾਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ਼ ਖ਼ਾਲਸਾ ਦੀਵਾਨ ਅਤੇ ਸਤਾਬਦੀ ਕਮੇਟੀ ਉਹਨਾਂ ਨਾਲ ਮਿਲ ਕੇ ਚੱਲ ਰਹੇ ਸਨ। ਉਦੋਂ ਵੀ ਵੱਡੇ ਧਾਰਮਕ ਆਗੂ, ਸਿੰਘ ਸਾਹਿਬ ਦੀਆਂ ਪਦਵੀਆਂ ‘ਤੇ ਬਿਰਾਜਮਾਨ ਸੱਜਣ, ਸਿੰਘ ਸਭਾ ਸਤਾਬਦੀ ਕਮੇਟੀ ਦੇ ਮੁਖੀ, ਅਤੇ ਅਨੇਕਾਂ ਸਾਧੂ ਸੰਤ ਚੁੱਪ ਚਾਪ ਬੈਠੇ ਵੇਖ ਰਹੇ ਸਨ।
ਫ਼ਿਲਮਾਂ ਕਿਸੇ ਵੀ ਕਿਰਦਾਰ ਦੀ ਇਕੋ ਇੱਕ ਤਸਵੀਰ ਤੁਹਾਡੇ ਜ਼ਿਹਨ ਵਿੱਚ ਪੱਕਿਆਂ ਕਰਦੀ ਹੈ। ਇੰਝ ਹੀ ਇਹਨਾਂ ਫ਼ਿਲਮਾਂ ਨੇ ਕਰਨਾ ਹੈ ਅਤੇ ਜਦੋਂ ਵੀ ਤੁਸੀਂ ਆਪਣੇ ਤਸੱਵੁਰ ਵਿੱਚ ਗੁਰੂ ਸਾਹਿਬ ਨੂੰ ਚਿਤਵਦੇ ਹੋ ਤਾਂ ਚਿੱਤਰਕਾਰਾਂ ਦੀਆਂ ਬਣਾਈਆਂ ਤਸਵੀਰਾਂ ਹੀ ਸਾਹਮਣੇ ਆਉਂਦੀਆਂ ਹਨ। ਇਹੀ ਸਾਡੀ ਰੂਹਾਨੀ ਖ਼ੁਦਕੁਸ਼ੀ ਸਾਬਿਤ ਹੁੰਦੀ ਹੈ। ਭਾਵੇਂ ਇਹ ਕਾਰਜ ਹੁਣ ਐਨੀਮੇਟਿਡ ਫ਼ਿਲਮਾਂ ਰਾਹੀਂ ਕੀਤਾ ਜਾ ਰਿਹਾ ਹੈ। ਇਹ ਫ਼ਿਲਮਾਂ ਗੁਰੂ ਸਾਹਿਬਾਨ ਨੂੰ ਬੁੱਤ ਪ੍ਰਸਤੀ ਦਾ ਸਾਧਨ ਮਾਤਰ ਬਣਾ ਕੇ ਪੇਸ਼ ਕਰਦੀਆਂ ਹਨ। ਇਹ ਫ਼ਿਲਮਾਂ ਗੁਰੂ ਸਾਹਿਬਾਨ ਅਤੇ ਇਤਿਹਾਸਿਕ ਕਿਰਦਾਰਾਂ ਦੀ ਦੇਹ ਪ੍ਰਸਤਗੀ ਵਿੱਚ ਵਾਧਾ ਕਰਦੀਆਂ ਹਨ। ਗੁਰੂ ਸਾਹਿਬਾਨ ਦੇ ਦਰਸ਼ਨ ਨੂੰ ਇੱਕ ਚਿੱਤਰ ਦੇ ਛਿਣ ਵਿੱਚ ਬੰਨ ਦੇਣ ਦਾ ਕਾਰਜ ਕਰਦੀਆਂ ਹਨ ਇਹ ਫ਼ਿਲਮਾਂ। ਸਾਨੂੰ ਗੁਰੂ ਸਾਹਿਬਾਨ ਦਾ ਦੀਦਾਰ ਬਾਣੀ ਅਤੇ ਇਤਿਹਾਸਿਕ ਸਾਖੀਆਂ ਵਿਚੋਂ ਕਰਨਾ ਚਾਹੀਦਾ ਹੈਨਾ ਕਿ ਮਨਘੜਤ ਤਸਵੀਰਾਂ ਜਾਂ ਅਜਿਹੀਆਂ ਹੀ ਫਿਲਮਾਂ ਵਿੱਚੋਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹਕਾਰ ਕਮੇਟੀ ਦੀ ਇਕੱਤਰਤਾ 20 ਫ਼ਰਵਰੀ, 1934 ਨੂੰ ਰੱਖੀ ਗਈ ਸੀ ਅਤੇ ਉਸ ਵਿੱਚ ਕੁਝ ਖ਼ਾਸ ਵਿਚਾਰਨਯੋਗ ਫ਼ੈਸਲੇ ਕੀਤੇ ਗਏ ਸਨ। ਇਸ ਇਕੱਤਰਤਾ ਵਿੱਚ ਪ੍ਰੋ. ਜੋਧ ਸਿੰਘ, ਪ੍ਰੋ. ਤੇਜਾ ਸਿੰਘ, ਜੱਥੇਦਾਰ ਮੋਹਨ ਸਿੰਘ ਅਤੇ ਭਾਈ ਧਰਮਾਨੰਤ ਸਿੰਘ ਜੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਹਾਜ਼ਰ ਹੋਏ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਆਪਣੀ ਰਾਇ ਲਿਖਤੀ ਰੂਪ ਵਿੱਚ ਭੇਜੀ। ਉਸ ਦਿਨ ਮੁੱਖ ਤੌਰ ‘ਤੇ ਜੋ ਮਤੇ ਪ੍ਰਵਾਨ ਹੋਏ ਉਹਨਾਂ ਦਾ ਨਿਚੋੜ ਕੁਝ ਇਸ ਤਰ੍ਹਾਂ ਹੈ “ਸ਼੍ਰੋਮਣੀ ਕਮੇਟੀ ਦੀ ਧਾਰਮਕ ਸਲਾਹਕਾਰ ਕਮੇਟੀ ਦੀ ਰਾਇ ਵਿੱਚ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਆਦਿ ਮਹਾਂ ਪੁਰਖਾਂ, ਇਤਿਹਾਸਕ ਸਾਖੀਆਂ ਦੇ ਸੀਨਜ਼ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਦੀਆਂ ਫ਼ਿਲਮਾਂ ਬਨੌਣੀਆਂ ਸਿੱਖ ਅਸੂਲਾਂ ਦੇ ਵਿਰੁੱਧ ਹੈ, ਇਸ ਲਈ ਉਨ੍ਹਾਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਬਿਨਾਂ ਮੌਜੂਦਾ ਜਾਂ ਪੁਰਾਣੇ ਇਤਿਹਾਸਕ ਸਥਾਨ, ਗੁਰਦੁਆਰਿਆਂ ਅਥਵਾ ਉਨ੍ਹਾਂ ਥਾਵਾਂ ਦੇ ਜਿਥੇ ਕਿ ਸਿੱਖਾਂ ਦੀ ਮੌਜੂਦਾ ਭਾਈਚਾਰਕ ਅਤੇ ਸਮਾਜਕ ਰਹਿਣੀ ਦਾ ਪਤਾ ਲੱਗੇ, ਦੀਆਂ ਫ਼ਿਲਮਾਂ ਬਨੌਣ ਦੀ ਅਸੂਲਨ ਕੋਈ ਮਨਾਹੀ ਨਹੀਂ ਹੈ, ਪਰ ਕਿਉਂਕਿ ਇਸ ਵੇਲੇ ਸਿੱਖ ਜਨਤਾ ਇਸ ਦੇ ਬਰਖ਼ਿਲਾਫ਼ ਹੈ ਇਸ ਕਰਕੇ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਨੂੰ ਸਲਾਹ ਦੇਂਦੀ ਹੈ ਕਿ ਖ਼ਾਹ-ਮਖ਼ਾਹ ਆਮ ਸਿੱਖ ਜਨਤਾ ਦੀ ਰਾਏ ਦੇ ਵਿਰੁੱਧ ਜਾਣ ਦੀ ਲੋੜ ਨਹੀਂ।”
ਗਰੂ ਦੇ ਸਿੱਖ ਲਈ ਕਿਸੇ ਆਕਾਰ ਜਾਂ ਦੇਹ ਨੂੰ ਗੁਰੂ ਰੂਪ ਜਾਨਣਾ ਤੇ ਪੂਜਣਾ ਵਿਵਰਜਤ ਹੈ ਤਾਂ ਅਜਿਹੀ ਦੇਹ ਦਾ ਬੁੱਤ, ਤਸਵੀਰ, ਫ਼ਿਲਮ ਜਾਂ ਪਾਤਰ ਦੇ ਰੂਪ ਵਿੱਚ ਉਸ ਨੂੰ ਸਟੇਜ ‘ਤੇ ਦਿਖਾਉਣਾ ਜਾਂ ਫ਼ਿਲਮਾਉਣਾ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਹੈ?
ਇਸੇ ਤਰ੍ਹਾਂ ਭਾਈ ਗੁਰਦਾਸ ਦਾ ਕਥਨ ਹੈ–
“ਗੁਰ ਮੂਰਤਿ ਗੁਰੁ ਸਬਦੁ ਹੈ”
ਇਸ ਤਰ੍ਹਾਂ ਸਿਧਾਂਤਕ ਤੌਰ ‘ਤੇ ਜਦੋਂ ਸਿੱਖ ਧਰਮ ਵਿੱਚ ਤਸਵੀਰ, ਬੁੱਤ ਆਦਿ ਦੀ ਮਨਾਹੀ ਹੈ ਤਾਂ ਗੁਰੂ ਸਾਹਿਬ ਦੇ ਚਿੱਤਰ ਬਣਾ ਮੁੜ ਉਹਨਾਂ ਨੂੰ ਚੱਲਦੇ ਫਿਰਦੇ ਰੂਪਮਾਨ ਕਰਨਾ ਵੀ ਹਰਗਿਜ਼ ਪ੍ਰਵਾਨ ਨਹੀਂ ਹੋ ਸਕਦਾ। ਅਜਿਹਾ ਕਰਨਾ ਮੰਡੀ ਦੇ ਪ੍ਰਭਾਵ ਵਿੱਚ ਵੀ ਹੋ ਰਿਹਾ ਹੈ। ਬਾਜ਼ਾਰ ਆਪਣੀ ਕਮਾਈ ਦੇ ਸਾਧਨ ਵਜੋਂ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਨਾਮ ਹੇਠ ਪ੍ਰਤੱਖ ਰੂਪ ਚਿਤਰਨ ਦਾ ਗੁਨਾਹ ਕਰ ਰਿਹਾ ਹੈ। ਅਜਿਹਾ ਕਰਨਾ ਸਿੱਖੀ ਦੇ ਮੁੱਢਲੇ ਅਸੂਲਾਂ ਦੇ ਹੀ ਬਰਖ਼ਿਲਾਫ਼ ਹੈ।
ਅੰਮ੍ਰਿਤਸਰ ਤੋਂ ਛਪਦੇ ਰਹੇ ‘ਸੂਰਾ’ ਰਸਾਲੇ ਵਿੱਚ 1983 ਵਿੱਚ ਵੀ ਇਸੇ ਕਿਸਮ ਦਾ ਵਿਰੋਧ ਵਾਚਿਆ ਗਿਆ। ਉੱਥੇ ਲਿਖਿਆ ਹੈ ਕਿ “ਗੁਰੂ ਸਾਹਿਬਾਨ ਨੂੰ ਪਾਤਰਾਂ ਦਾ ਰੂਪ ਦੇਣਾ ਤੇ ਫ਼ਿਲਮਾਉਣਾ ਬੁੱਤ-ਪੂਜਾ ਵੱਲ ਪਹਿਲਾ ਕਦਮ ਹੋਵੇਗਾ, ਜਿਸ ਨਾਲ ਹੋਣ ਵਾਲੀ ਹਾਨੀ ਦਾ ਪਰਛਾਵਾਂ ਅੱਜ ਸ਼ਾਇਦ ਵਿਖਾਈ ਨਾ ਦੇਵੇ, ਪਰੰਤੂ ਜੇ ਉਸ ਤੇ ਰੋਕ ਨਾ ਲਈ ਗਈ ਤਾਂ ਜਲਦੀ ਹੀ ਸਿੱਖ ਧਰਮ ਵੀ ਬ੍ਰਾਹਮਣੀ ਵਿਚਾਰਧਾਰਾ ਅੰਦਰ ਉਵੇਂ ਹੀ ਜਜ਼ਬ ਹੋ ਜਾਵੇਗਾ ਜਿਵੇਂ ਬੁੱਧ ਤੇ ਜੈਨ ਆਦਿ ਮੱਤ ਉਸ ਦੀ ਵਿਸ਼ਾਲਤਾ ਵਿੱਚ ਹਜ਼ਮ ਕਰ ਲਏ ਗਏ ਹਨ।”
ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਸਿੱਖ ਵਿਦਵਾਨਾਂ ਵੱਲੋਂ ਇਸ ਕਿਸਮ ਦੀ ਨਾਟਕੀ ਪੇਸ਼ਕਾਰੀ ਜਾਂ ਫ਼ਿਲਮਾਂਕਣ ਨੂੰ ਮੂਲੋਂ ਹੀ ਨਕਾਰਿਆ ਗਿਆ ਹੈ।ਪੁਰਾਣੇ ਪੰਥਕ ਵਿਦਵਾਨਾਂ ਨੇ ਇਸ ਤਕਨੀਕ ਨੂੰ ਮੂਲੋਂ ਨਕਾਰ ਦਿੱਤਾ ਸੀ ਅਤੇ ਗੁਰੂ ਸਾਹਿਬ ਦੀ ਨਾਟਕੀ ਪੇਸ਼ਕਾਰੀ ਨੂੰ ਪ੍ਰਵਾਨ ਨਹੀਂ ਕੀਤਾ ਸੀ। ਜਦੋਂ ਹੁਣ ਦੇ ਦੌਰ ਵਿੱਚ ਫਿਰ ਤੋਂ ਇਸ ਕਿਸਮ ਦੀਆਂ ਦ੍ਰਿਸ਼ ਫ਼ਿਲਮਾਂ ਅਤੇ ਐਨੀਮੇਸ਼ਨ ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੀ ਤਸਵੀਰ-ਤਰਾਸ਼ੀ ਕੀਤੀ ਜਾ ਰਹੀ ਹੈ ਤਾਂ ਇਹ ਫਿਰ ਜ਼ਰੂਰੀ ਹੋ ਜਾਂਦਾ ਹੈ ਕਿ ਇਹਨਾਂ ਉਪਰੋਕਤ ਨੁਕਤਿਆਂ ਵੱਲ ਮੁੜ ਧਿਆਨ ਦਿੱਤਾ ਜਾਵੇ। ਇਹ ਸਿੱਖੀ ਨੂੰ ਬੁੱਤਪ੍ਰਸਤੀ ਵਿੱਚ ਜਜ਼ਬ ਹੋਣ ਤੋਂ ਰੋਕਣ ਲਈ ਬਾਕਾਇਦਾ ਜ਼ਰੂਰੀ ਹਨ। ਨਹੀਂ ਤਾਂ ਅਜਿਹੀਆਂ ਫ਼ਿਲਮਾਂ ਸਿੱਖਾਂ ਲਈ ਰੂਹਾਨੀ ਖ਼ੁਦਕੁਸ਼ੀ ਸਾਬਿਤ ਹੋਣਗੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਫਿਲਮ “ਦਾਸਤਾਨ ਏ ਮੀਰੀ-ਪੀਰੀ” ਉਪਰ ਇੱਕ ਵਾਰ ਸਮੀਖਿਆ ਕਮੇਟੀ ਦੀ ਰਿਪੋਰਟ ਆਉਣ ਤੱਕ ਰੋਕ ਲਾ ਦਿੱਤੀ ਗਈ ਸੀ ਪਰ ਪੰਜਾਬ ਅਤੇ ਪੰਜਾਬ ਤੋ ਬਾਹਰ ਸਿੱਖ ਸੰਗਤ ਦੇ ਵਿਰੋਧ ਨੂੰ ਦੇਖਦਿਆਂ ਫਿਲਮ ਦੇ ਪ੍ਰੰਬਧਕਾਂ ਨੇ ਫਿਲਮ 5 ਜੂਨ ਨੂੰ ਜਾਰੀ ਕਰਨ ਤੋ ਨਾ ਕਰ ਦਿੱਤੀ ਸੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸੇ ਚਲਾਕੀ ਨਾਲ ਫਿਲਮ ਨੂੰ ਹਰੀ ਝੰਡੀ ਦਿੱਤੀ ਜਿਹੜੀ ਚਲਾਕੀ 2017 ਵਿੱਚ “ਨਾਨਕ ਸ਼ਾਹ ਫਕੀਰ” ਫਿਲਮ ਜਾਰੀ ਕਰਨ ਲਈ ਵਰਤੀ ਸੀ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵੀ ਫੈਸਲੇ ਸਿੱਖ ਪੰਥ ਦੀ ਭਾਵਨਾ ਦੇ ਉੱਲਟ ਲਏ। ਉਹ ਫੈਸਲੇ ਉਨ੍ਹਾਂ ਨੂੰ ਤਰੁੰਤ ਵਾਪਸ ਲੈਣੇ ਪਏ।ਇਸ ਦੀ ਮਿਸਾਲ ਡੇਰਾ ਸੌਦਾ ਸਾਧ ਦੇ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਸ਼੍ਰੀ ਅਕਾਲ ਤਖਤ ਤੋ ਬਿਆਨ ਕਾਰੀ ਕਰਕੇ ਮਾਫ਼ ਕਰ ਦਿੱਤਾ ਸੀ ਪਰ ਸਿੱਖ ਸੰਗਤ ਦੇ ਵਿਰੋਧ ਨੂੰ ਦੇਖਦਿਆ ਉਨਾਂ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ ਸੀ।
ਪਰਮਿੰਦਰ ਸਿੰਘ
ਸੀਨੀਅਰ ਰਿਸਰਚ ਫੈਲੋ
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ
Related Topics: Parminder Singh, Punjabi University Patiala, Stop Animation or Cartoon Movies on Sikh Gurus, Stop Cartoon Movies or Films on Sikh Gurus, Stop Dastan-E-Miri-Piri Film