January 24, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (23 ਜਨਵਰੀ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ-ਸਾਹਿਬਾਨ ਨਾਲ ਸਬੰਧਤ ਇਤਿਹਾਸਕ ਸ਼ਸਤਰਾਂ ਦੀ ਪ੍ਰਦਰਸ਼ਨੀ ਲਈ ਇਕ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ। ਇਸ ਬੱਸ ਵਿੱਚ ਗੁਰੂ-ਸਾਹਿਬਾਨ ਦੇ ਸ਼ਸਤਰ ਵੱਖ-ਵੱਖ ਨਗਰਾਂ, ਸ਼ਹਿਰਾਂ ਵਿੱਚ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਸਮੇਂ-ਸਮੇਂ ਲੈ ਜਾਏ ਜਾਣਗੇ।
ਇਹ ਬੱਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਤਿਆਰ ਕਰਵਾਈ ਗਈ ਹੈ।ਇਸ ਬੱਸ ਨੂੰ ਤੇਜਵੀਰ ਸਿੰਘ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਹੈ ਅਤੇ ਇਹ ਮੁੰਬਈ ਦੀ ਡੀ.ਸੀ. ਛਾਬੜੀਆ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਰਾਹੀਂ ਤਿਆਰ ਕੀਤੀ ਗਈ ਇਸ ਬੱਸ ਵਿੱਚ ਵਿਸ਼ੇਸ਼ ਤੌਰ ’ਤੇ ਕੈਮਰਿਆਂ ਤੇ ਡਿਜ਼ੀਟਲ ਸਕਰੀਨ ਵਾਲਾ ਇਕ ਮੀਡੀਆ ਸੈਂਟਰ ਵੀ ਹੈ, ਜਿਸ ਨਾਲ ਦੂਰ ਬੈਠੀਆਂ ਸੰਗਤਾਂ ਸਕਰੀਨ ਰਾਹੀਂ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰ ਸਕਣਗੀਆਂ।
ਉਨ੍ਹਾਂ ਕਿਹਾ ਕਿ ਇਸ ਬੱਸ ਰਾਹੀਂ ਵੱਖ-ਵੱਖ ਸ਼ਹਿਰਾਂ ਵਿੱਚ ਬੈਠੀਆਂ ਸੰਗਤਾਂ ਜੋ ਗੁਰਦੁਆਰਾ ਸਾਹਿਬ ਵਿੱਚ ਸ਼ਸਤਰਾਂ ਦੇ ਦਰਸ਼ਨ ਕਰਨ ਨਹੀਂ ਆ ਸਕਦੀਆਂ, ਉਹ ਵੀ ਦਰਸ਼ਨ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਜਲਦੀ ਇਹ ਬੱਸ ਸੰਗਤਾਂ ਦੀ ਸੇਵਾ ਲਈ ਸ਼ੁਰੂ ਹੋ ਜਾਵੇਗੀ।
Related Topics: Shiromani Gurdwara Parbandhak Committee (SGPC)