ਸਿੱਖ ਖਬਰਾਂ

ਸਕੂਲ ਬੋਰਡ ਪੁਸਤਕਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੇ 17 ਮੈਂਬਰੀ ਸਬ-ਕਮੇਟੀ ਬਣਾਈ

May 23, 2018 | By

ਅੰਮ੍ਰਿਤਸਰ (21 ਮਈ, 2018) ਨਰਿੰਦਰ ਪਾਲ ਸਿੰਘ: ਵੱਖ-ਵੱਖ ਸਕੂਲ ਬੋਰਡਾਂ ਦੇ ਸਿਲੇਬਸਾਂ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਦੀ ਗਲਤ ਜਾਣਕਾਰੀ ਦੇਣ ਦੇ ਸਾਹਮਣੇ ਆਏ ਮਾਮਲਿਆਂ ਨੂੰ ਵੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਦਵਾਨਾਂ ਤੇ ਅਧਾਰਿਤ ਇਕ ਸਬ-ਕਮੇਟੀ ਦਾ ਗਠਨ ਕਰ ਦਿੱਤਾ ਹੈ ਜੋ ਅਜਿਹੇ ਮਾਮਲਿਆਂ ਦੀ ਘੋਖ ਪੜਤਾਲ ਕਰਨਾ ਅਤੇ ਵੱਖ-ਵੱਖ ਸਕੂਲ ਬੋਰਡਾਂ ਦੇ ਸਬੰਧਤ ਸਿਲੇਬਸਾਂ ਦਾ ਨਰੀਖਣ ਕਰਨਾ ਹੋਵੇਗਾ।ਇਹ ਕਮੇਟੀ ਸਾਰੇ ਸੂਬਿਆਂ ਦੇ ਸਕੂਲ ਬੋਰਡਾਂ ਦੀਆਂ ਪਾਠ ਪੁਸਤਕਾਂ ਵਾਚੇਗੀ ਅਤੇ ਜੇਕਰ ਇਤਿਹਾਸ ਸਬੰਧੀ ਕੋਈ ਗਲਤ ਜਾਣਕਾਰੀ ਸਾਹਮਣੇ ਆਈ ਤਾਂ ਉਸ ਬਾਰੇ ਕਾਰਵਾਈ ਲਈ ਰਿਪੋਰਟ ਵੀ ਕਰੇਗੀ।

ਪ੍ਰਤੀਕਾਤਮਕ ਤਸਵੀਰ

ਸ਼੍ਰੋਮਣੀ ਕਮੇਟੀ ਪਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੁਆਰਾ ਗਠਿਤ ਇਸ ਕਮੇਟੀ ਦੀ ਅਗਵਾਈ ਡਾ. ਤੇਜਿੰਦਰ ਕੌਰ ਧਾਲੀਵਾਲ ਨੂੰ ਸੌਂਪੀ ਗਈ ਹੈ, ਜਦਕਿ ਇਸ ਦੇ ਮੈਂਬਰਾਂ ਵਿਚ ਬੀਬੀ ਹਰਜਿੰਦਰ ਕੌਰ ਚੰਡੀਗੜ੍ਹ ਤੇ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸਕੱਤਰ ਵਿਿਦਆ ਸ਼੍ਰੋਮਣੀ ਕਮੇਟੀ, ਉੱਘੇ ਸਿੱਖ ਵਿਦਵਾਨ ਡਾ. ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ, ਡਾ. ਧਰਮਵੀਰ ਸਿੰਘ ਚੀਫ ਖਾਲਸਾ ਦੀਵਾਨ, ਬੀਬੀ ਅਮਰਜੀਤ ਕੌਰ ਸਕਾਲਰ ਸਿੱਖ ਇਤਿਹਾਸ ਰੀਸਰਚ ਬੋਰਡ, ਪ੍ਰੋਫੈਸਰ ਮਨਜੀਤ ਕੌਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਪ੍ਰਿੰਸੀਪਲ ਹਰਮੀਤ ਕੌਰ ਨਨਕਾਣਾ ਸਾਹਿਬ ਪਬਲਿਕ ਸਕੂਲ ਲੁਧਿਆਣਾ, ਪ੍ਰਿੰਸੀਪਲ ਸਤਵੰਤ ਕੌਰ ਸਹਾਇਕ ਡਾਇਰੈਕਟਰ ਵਿੱਦਿਆ ਸ਼੍ਰੋਮਣੀ ਕਮੇਟੀ, ਪ੍ਰਿੰਸੀਪਲ ਤਰਨਜੀਤ ਸਿੰਘ ਬਾਬਾ ਬੁੱਢਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ, ਸ. ਬਲਬੀਰ ਸਿੰਘ ਢੋਲ ਸਾਬਕਾ ਡੀ.ਪੀ.ਆਈ. ਪੰਜਾਬ ਸਕੂਲ ਸਿੱਖਿਆ ਬੋਰਡ, ਬੀਬੀ ਦਰਸ਼ਨ ਕੌਰ ਸਾਬਕਾ ਡੀ.ਪੀ.ਆਈ. ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰਪਾਲ ਸਿੰਘ ਗੜ੍ਹਸ਼ੰਕਰ ਅਤੇ ਪ੍ਰੋਫ਼ੈਸਰ ਬਲਦੇਵ ਸਿੰਘ ਬੱਲੂਆਣਾ ਨੂੰ ਸ਼ਾਮਲ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਦਸਿਆ ਗਿਆ ਹੈ ਕਿ ਜਲਦੀ ਹੀ ਉੱਚ ਸਿੱਖਿਆ ਨਾਲ ਸਬੰਧਤ ਪਾਠਕ੍ਰਮ ਲਈ ਵੀ ਇੱਕ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸਕੂਲ ਬੋਰਡ ਦੀ ਪਾਠ ਪੁਸਤਕ ਵਿਚ ਸਿੱਖ ਇਤਿਹਾਸ ਨਾਲ ਛੇੜ-ਛਾੜ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਵੇ ਤਾਂ ਜੋ ਇਸ ਕਮੇਟੀ ਪਾਸ ਮਾਮਲਾ ਪੇਸ਼ ਕਰਕੇ ਉਸ ਦਾ ਹੱਲ ਕੱਢਿਆ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,