May 4, 2012 | By ਬਲਜੀਤ ਸਿੰਘ
ਸ਼੍ਰੀ ਅਨੰਦਪੁਰ ਸਾਹਿਬ/ਸ਼੍ਰੀ ਅੰਮ੍ਰਿਤਸਰ, ਪੰਜਾਬ (ਸਿੱਖ ਸਿਆਸਤ – 4 ਅਪ੍ਰੈਲ, 2012): ਬੀਤੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਇਕ ਅਹਿਮ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੇਂਦਰੀ ਕਮੇਟੀ ਨੇ ਜੂਨ 1984 ਵਿਚ ਦਰਬਾਰ ਸਾਹਿਬ ਉੱਤੇ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫੌਜੀ ਹਮਲੇ ਦੀ ਯਾਦਗਾਰ ਉਸਾਰਣ ਦਾ ਫੈਸਲਾ ਲਿਆ ਹੈ। ਉਂਝ ਅਜਿਹਾ ਫੈਸਲਾ ਬੀਬੀ ਜਗੀਰ ਕੌਰ ਦੇ ਪ੍ਰਧਾਨਗੀ ਕਾਲ ਸਮੇਂ ਵੀ ਲਿਆ ਗਿਆ ਸੀ ਪਰ ਬਾਅਦ ਵਿਚ ਉਸ ਉੱਤੇ ਅਮਲੀ ਕਾਰਵਾਈ ਨਹੀਂ ਸੀ ਹੋ ਸਕੀ।
ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਸਹਿ-ਕਮੇਟੀ ਦੀ ਰਿਪੋਰਟ ਦੇ ਅਧਾਰ ਉੱਤੇ ਯਾਦਗਾਰ ਉਸਾਰਨ ਦਾ ਕੰਮ ਦਮਦਮੀ ਟਕਸਾਲ (ਚੌਂਕ ਮਹਿਤਾ ਧੜਾ) ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਸੌਂਪਿਆ ਗਿਆ ਹੈ।
ਅਖਬਾਰ ਸੂਤਰਾਂ ਅਨੁਸਾਰ 20 ਮਈ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਕਰਕੇ ਇਸ ਕਾਰਜ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਇਸ ਯਾਦਗਾਰ ਦੀ ਉਸਾਰੀ ਰਾਹੀਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਲੰਮੇ ਸਮੇਂ ਬਾਅਦ ਰੂਪਮਾਨ ਕੀਤਾ ਜਾ ਰਿਹਾ ਹੈ।
ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਇਸ ਇਤਿਹਾਸਕ ਤੇ ਦਰਦਨਾਕ ਸਾਕੇ ਦੀ ਯਾਦ ਸੰਭਾਲਣ ਲਈ ਵੱਡਾ ਉਪਰਾਲਾ ਹੋ ਸਕਦੀ ਹੈ ਤੇ ਇਸ ਰਾਹੀਂ ਅਗਲੀਆਂ ਪੀੜੀਆਂ ਨੂੰ ਇਤਿਹਾਸ ਤੇ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲੇ ਦੀ ਮੌਜੂਦਾ ਸਮੇਂ ਦੇ ਹਾਲਤਾਂ ਮੁਤਾਬਕ ਪੜਚੋਲ ਕਰਨ ਉੱਤੇ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਜੂਨ 1984 ਦੀ ਪਹਿਲਾਂ ਤੋਂ ਮੌਜੂਦ ਯਾਦਗਾਰ ਨੂੰ ਸੰਭਾਲਣ ਦੀ ਬਜਾਏ ਨਵੀਂ ਯਾਦਗਾਰ ਉਸਾਰਨ ਪਹਿਲ ਦਿੱਤੀ ਹੈ ਜਿਸ ਨਾਲ ਬੀਤੇ 27 ਸਾਲਾਂ ਤੋਂ ਅਣਗੌਲੀ ਪਈ ਜੂਨ 1984 ਦੇ ਘੱਲੂਘਾਰ ਦੀ ਕੁਦਰਤੀ ਤੇ ਆਖਰੀ ਯਾਦਗਾਰ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਦੀ ਖੱਬੀ ਬਾਹੀ ਵੱਲ ਸਥਿਤ ਬੁੰਗਾ ਮਹਾਰਾਜਾ ਸ਼ੇਰ ਸਿੰਘ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਆਖਰੀ ਬਚੀ ਨਿਸ਼ਾਨੀ ਹੈ। ਬੁੰਗੇ ਦੀ ਇਮਾਰਤ ਇੱਟਾਂ ਦੀ ਬਣੀ ਹੋਈ ਹੈ ਜਿਸ ਉੱਤੇ ਪਲਸਤਰ ਜਾਂ ਰੰਗ-ਰੋਗਨ ਆਦਿ ਨਹੀਂ ਹੋਇਆ। ਭਾਰਤੀ ਫੌਜਾਂ ਵੱਲੋਂ ਹਮਲੇ ਦੌਰਾਨ ਕੀਤੀ ਗਈ ਗੋਲੀ ਬਾਰੀ ਦੇ ਭਾਰੀ ਨਿਸ਼ਾਨ ਇਸ ਇਮਾਰਤ ਉੱਤੇ ਅੱਜ ਵੀ ਵੇਖੇ ਜਾ ਸਕਦੇ ਹਨ।
ਬੁੰਗੇ ਦੇ ਉੱਪਰ ਜਾਣ ਲਈ ਕੁਝ ਕੁ ਭੀੜੀਆਂ ਪੌੜੀਆਂ ਮੌਜੂਦ ਹਨ ਤੇ ਇਸ ਦੀ ਛੱਤ ਉੱਤੇ ਇਹ ਇੱਟਾਂ ਨਾਲ ਉਸਾਰਿਆਂ ਪਾਲਕੀਨੁਮਾ ਦਰਵਾਜਾ ਹੈ। ਭਾਰੀ ਗੋਲੀਬਾਰੀ ਦੀ ਮਾਰ ਹੇਠ ਆਈ ਇਹ ਪਾਲਕੀ ਦਰਬਾਰ ਸਾਹਿਬ ਉੱਤੇ ਹਮਲੇ ਸਮੇਂ ਹੋਈ ਤਬਾਹੀ ਦੀ ਮੂਹੋਂ-ਬੋਲਦੀ ਤਸਵੀਰ ਪੇਸ਼ ਕਰਦੀ ਹੈ।
ਭਾਵੇਂ ਕਿ ਜੂਨ 1984 ਦੀ ਕਾਰਸੇਵਾ ਸਮੇਂ ਹੀ ਇਸ ਇਮਾਰਤ ਨੂੰ ਇੰਨ-ਬਿੰਨ ਸਾਂਭਣ ਦਾ ਫੈਸਲਾ ਹੋਇਆ ਸੀ ਪਰ ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਇਕ ਯਾਦਗਾਰ ਵੱਜੋਂ ਨਹੀਂ ਸਾਂਭਿਆ ਗਿਆ। ਇਸ ਬੁੰਗੇ ਵਿਚ ਕੁਝ ਕਮਰੇ ਵੀ ਮੌਜੂਦ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਮੁਲਾਜਮਾਂ ਨੂੰ ਰਿਹਾਇਸ਼ ਲਈ ਦਿੱਤੇ ਗਏ ਹਨ, ਜਿਸ ਕਾਰਨ ਬਹੁਤੀ ਵਾਰ ਸਿੱਖ ਸੰਗਤਾਂ ਨੂੰ ਬੁੰਗੇ ਦੀ ਛੱਤ ਉੱਤੇ ਜਾਣ ਤੇ ਉੱਪਰ ਸਥਿਤ ਪਾਲਕੀ ਤੇ ਹੋਰ ਨਿਸ਼ਾਨੀਆਂ ਦੇਖਣ ਨਹੀਂ ਦਿੱਤੀਆਂ ਜਾਂਦੀਆਂ। ਸਿੱਖ ਸੰਗਤਾਂ ਨੂੰ ਇਹ ਯਾਦਗਾਰ ਦੇਖਣ ਤੋਂ ਰੋਕਣ ਲਈ ਮੁਲਾਜਮਾਂ ਦੀ ਨਿੱਜੀ ਰਿਹਾਇਸ਼ ਵਿਚ ਜਾਣ ਦੀ ਮਨਾਹੀ ਅਤੇ ਸੁਰੱਖਿਆ ਕਾਰਨਾ ਦਾ ਹਵਾਲਾ ਦਿੱਤਾ ਜਾਂਦਾ ਹੈ।
ਬੀਤੇ ਸਮੇਂ ਦੌਰਾਨ ਇਸ ਬੁੰਗੇ ਦੀ ਖੱਬੀ ਬਾਹੀ ਉੱਤੇ ਪਲਸਤਰ ਕਰ ਦਿੱਤਾ ਗਿਆ ਜਿਸ ਕਾਰਨ ਉਸ ਪਾਸੇ ਲੱਗੇ ਗੋਲੀਆਂ ਦੇ ਨਿਸ਼ਾਨ ਮਿਟ ਚੁੱਕੇ ਹਨ।
ਬੀਤੇ ਦਿਨੀਂ ਪੰਥਕ ਜਥੇਬੰਦੀਆਂ ਵੱਲੋਂ ਘੱਲੂਘਾਰੇ ਦੀ ਯਾਦਗਾਰ ਬਾਰੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਇਕ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਸੀ ਜਿਸ ਵਿਚ ਮਹਾਂਰਾਜਾ ਸ਼ੇਰ ਸਿੰਘ ਦੇ ਇਸ ਬੁੰਗੇ ਨੂੰ ਘੱਲੂਘਾਰੇ ਦੀ ਯਾਦਗਾਰ ਵੱਲੋਂ ਸਾਂਭਣ ਤੇ ਜੂਨ 1984 ਦੇ ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਸਾਰੀ ਗਈ ਸ਼ਹੀਦ ਗੈਲਰੀ ਖੋਲ੍ਹਣ ਦਾ ਸੁਝਾਅ ਦਿੱਤਾ ਗਿਆ ਹੈ।
ਪਰ ਹੁਣ ਜਦੋਂ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਯਾਦਗਾਰਾਂ ਨੂੰ ਸੰਭਾਲਣ ਦੀ ਜਗ੍ਹਾ ਨਵੀਂ ਯਾਦਗਾਰ ਉਸਾਰਨ ਦਾ ਫੈਸਲਾ ਲਿਆ ਹੈ ਤਾਂ ਘੱਲੂਘਾਰੇ ਦੇ ਦੂਸਰੇ ਨਿਸ਼ਾਨਾਂ ਵਾਙ ਮਹਾਂਰਾਜਾ ਸ਼ੇਰ ਸਿੰਘ ਦੇ ਬੁੰਗੇ ਦੀ ਭਵਿੱਖ ਵਿਚ ਮੁਰੰਮਤ ਹੋ ਜਾਣ ਕਾਰਨ ਘੱਲੂਘਾਰੇ ਦੀਆਂ ਆਖਰੀ ਨਿਸ਼ਾਨੀਆਂ ਖਤਮ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।
Related Topics: June 1984 Memorial, Martyrs' Memorial, Shaheedi Memorial, Shiromani Gurdwara Parbandhak Committee (SGPC)