November 8, 2019 | By ਸੇਵਕ ਸਿੰਘ
ਕੀ ਜਿੰਦਗੀ ਸਹਿਜ ਚਾਲ ਚਲਦੀ ਹੈ ਜਿੱਥੇ ਅਣਜਾਣਤਾ ਅਗਿਆਨਤਾ ਅਤੇ ਮੌਕਾ ਮੇਲਾਂ ਦੀ ਵੀ ਕੋਈ ਥਾਂ ਹੈ ਜਾਂ ਇਹ ਸਦਾ ਰਾਜਨੀਤੀ ਵਪਾਰ ਅਤੇ ਖ਼ਬਤ ਦੀਆਂ ਸਾਜਿਸ਼ਾਂ ਦੇ ਜ਼ੋਰ ਨਾਲ ਹੀ ਚਲਦੀ ਹੈ? ਦਲੀਲੀ ਸਿਆਣੇ ਜਿੰਦਗੀ ਦੀ ਚਾਲ ਦੇ ਮੁਢਲੇ ਨੇਮ ਸਮਝਾਉਂਦੇ ਹਨ ਕਿ ਸਭ ਤੋਂ ਮੂਲ ਥਾਂ, ਸਮਾਂ, ਹੋਂਦ ਅਤੇ ਕਰਮ ਹੈ ਜਿਸ ਨਾਲ ਸਹਿਜ/ਸਾਜਿਸ਼ ਸਭ ਕੁਝ ਬਣਦਾ ਅਤੇ ਚਲਦਾ ਹੈ। ਜੇ ਕੋਈ ਏਹ ਨੇਮਾਂ ਨੂੰ ਨਾ ਵੀ ਜਾਣੇ ਤਾਂ ਵੀ ਏਹ ਨੁਕਤੇ ਦਿਸਦੇ ਜਗਤ ਨੂੰ ਸਮਝਣ ਦੇ ਮੂਲ ਵਿਚ ਆ ਜਾਂਦੇ ਹਨ। ਮਿਸਾਲ ਵਜੋਂ ਜੇ ਕੋਈ ਹੁਣ ਕਹੇ ਕਿ ਗੁਰੂ ਸਾਹਿਬ ਦੇ ਨਾਮ ਉਤੇ ਜਾਂ ਉਹਨਾਂ ਦੀ ਯਾਦ ਵਿਚ ਜੋ ਕੁਝ ਕਿਹਾ ਜਾਂ ਕਰਿਆ ਜਾ ਰਿਹਾ ਹੈ ਉਹ ਕੋਈ ਸਾਜਿਸ਼ ਜਾਂ ਰਾਜਨੀਤੀ ਹੈ ਤਾਂ ਬਹੁਤ ਸਾਰੇ ਲੋਕ ‘ਸਾਨੂੰ ਤਾਂ ਪਹਿਲਾਂ ਈ ਪਤਾ ਸੀ’ ਜਾਂ ‘ਪਤਾ ਈ ਐ’ ਵਾਂਗ ਮੰਨ ਜਾਣਗੇ। ਪਤੇ ਬਿਨਾ ਪਤੇ ਇਸ ਤਰੀਕੇ ਲੋਕ (ਥਾਂ, ਸਮੇਂ, ਹੋਂਦ ਅਤੇ ਕਰਮ ਬਾਰੇ) ਵੱਡਾ ਦਾਅਵਾ ਕਰ ਦਿੰਦੇ ਹਨ। ਇਸ ਲਈ ਇਕ ਵਾਰ ਸੋਚਣਾ ਤਾਂ ਬਣਦਾ ਹੈ ਕਿ ਕੀ ਸਾਡੇ ਲੋਕ ਸਚਮੁਚ ਰਾਜਨੀਤੀ ਵਪਾਰ ਅਤੇ ਹੋਰ ਤਰੀਕਿਆਂ ਨੂੰ ਪਹਿਲੋਂ ਈ ਸਮਝਣ ਲੱਗ ਗਏ ਹਨ ਜਾਂ ਇਹ ਸਾਜਿਸ਼ ਮੰਨਣ ਦਾ ਰੁਝਾਣ ਹੀ ਹੈ। ਇਹ ਗੱਲ ਨੂੰ ਖੋਹਲਣ ਲਈ ਬੀਤੇ ਦੀਆਂ ਕੁਝ ਮਾਨਤਾਵਾਂ ਅਤੇ ਵਰਤਮਾਨ ਸਮੇਂ ਦੀਆਂਂ ਗੱਲਾਂ ਨੂੰ ਇਕ ਵਾਰ ਇਕੱਠਿਆਂ ਕਰਕੇ ਵੇਖਿਆਂ ਜਾਵੇ। ਇਹਦੇ ਲਈ ਕੁਝ ਵੇਰਵੇ ਚੁਣੇ ਹਨ ਜਿੱਥੋਂ ਸਾਜਿਸ਼ ਜਾਂ ਕੁਝ ਹੋਰ ਦਾ ਫਰਕ ਸਮਝਣ ਲਈ ਮਦਦ ਮਿਲ ਸਕਦੀ ਹੈ।
ਪਹਿਲਾ: ਇਕ ਮਾਨਤਾ ਹੈ ਕਿ ਇਕ ਸਦੀ ਪਹਿਲਾਂ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਨਹਿਰੂ, ਗਾਂਧੀ ਅਤੇ ਲਾਲਾ ਲਾਜਪਤ ਰਾਏ ਵਰਗੇ ਆਰੀਆ ਸਮਾਜੀਆਂ ਨੇ ਵਿਉਂਤ ਬਣਾਈ ਕਿ ਹੁਣ ਸਿੱਖਾਂ ਨੂੰ ਨਾਲ ਰਲਾਉਣ ਦਾ ਵੇਲਾ ਹੈ। ਯਾਦ ਰਹੇ ਕਿ ਉਸ ਵੇਲੇ ਕਰਤਾਰ ਸਿੰਘ ਝੱਬਰ ਅਤੇ ਕਈ ਹੋਰ ਬੰਦੇ ਆਪਣੇ ਤਰੀਕੇ ਨਾਲ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜਾਦ ਕਰਾ ਰਹੇ ਸਨ। ਪਤਾ ਨਹੀਂ ਓਹਨਾਂ ਨੇ ਕੋਈ ਵਿਉਂਤ ਬਣਾਈ ਜਾਂ ਨਹੀਂ ਪਰ ਜੋ ਉਸ ਤੋਂ ਮਗਰੋਂ ਅੱਜ ਤੀਕ ਵਾਪਰ ਰਿਹਾ ਹੈ ਉਹਦੇ ਵਿਚ ਇਹ ਗੱਲ ਸਭ ਨੂੰ ਪਤਾ ਹੈ ਕਿ ਨਨਕਾਣਾ ਸਾਹਿਬ ਅਜਿਹਾ ਸਥਾਨ ਹੈ ਜਿਸ ਦਾ ਨਾਮ 1947 ਤੋਂ ਬਾਅਦ ਸਿੱਖਾਂ ਨੇ ਅਰਦਾਸ ਵਿਚ ਜੋੜ ਲਿਆ ਹੈ। ਅਰਦਾਸ ਦਾ ਇਹ ਹਿੱਸਾ ਸਭ ਤੋਂ ਵੱਧ ਭਾਰਤੀ ਰਾਜ ਅਧੀਨ ਸਿੱਖਾਂ ਵਲੋਂ ਪੜ੍ਹਿਆ ਜਾਂਦਾ ਹੈ। ਇਹ ਹਵਾਲਾ ਮੌਜੂਦਾ ਵਰਤਾਰੇ ਦੇ ਉਹ ਪੱਖ ਨਾਲ ਜੁੜਦਾ ਹੈ ਜਿਹੜਾ ਲਾਂਘੇ ਬਾਰੇ ਹੋ ਰਹੇ ਕੰਮਾਂ ਅਤੇ ਗੱਲਾਂ ਵਿੱਚੋਂ ਸਾਜਿਸ਼ ਜਾਂ ਕੁਝ ਹੋਰ ਦਾ ਨਿਰਣਾ ਕਰਨ ਦੀ ਸੇਧ ਬਣਦਾ ਹੈ।
ਦੂਜਾ: ਪੰਜਾਬ ਵਿਚ ਅਜਿਹਾ ਦੌਰ ਸੀ ਜਦ ਕਿਤੇ ਵੀ ਕਤਲ, ਲੜਾਈ ਜਾਂ ਲੁਟ-ਖੋਹ ਹੋ ਜਾਂਦੀ ਸੀ ਤਾਂ ਭਾਰਤੀ ਖਬਰਖਾਨਾ ਅੱਖਾਂ ਮੀਚ ਕੇ ਸੰਤ ਜਰਨੈਲ ਸਿੰਘ ਹੁਰਾਂ ਦਾ ਨਾਮ ਲਿਖ ਦਿੰਦਾ ਸੀ। ਓਦੋਂ ਪਿਆਰਾ ਸਿੰਘ ਨਿਰਛਲ ਨੇ ਭਾਰਤੀ ਖਬਰਖਾਨੇ ਦੇ ਵਤੀਰੇ ਦਾ ਮਜਾਕ ਉਡਾਉਂਦਿਆ ਕਵਿਤਾ ਲਿਖੀ ਸੀ ਕਿ ‘ਕੁਕੜ ਕੱਢ ਲਏ ਕਿਸੇ ਦੇ ਸੰਤ ਜਰਨੈਲ ਸਿੰਘ ਨੇ, ਛੋਲੇ ਵੱਢ ਲਏ ਕਿਸੇ ਦੇ ਸੰਤ ਜਰਨੈਲ ਸਿੰਘ ਨੇ’। ਇਹੋ ਜਿਹਾ ਵਰਤਾਰਾ ਭਾਰਤ ਸਰਕਾਰ ਦੇ ਕੋਰੇ ਦਸਤਾਵੇਜ ਉਤੇ ਲਿਖਿਆ ਮਿਲਦਾ ਹੈ ਜਿਸ ਨੂੰ ਸਿਖ ਕੋਰਾ ਝੂਠ ਕਹਿੰਦੇ ਹਨ ਅਤੇ ਸਰਕਾਰ ਦੀ ਜਾਣ ਬੁਝ ਕੇ ਕੀਤੀ ਸਾਜਿਸ਼ ਮੰਨਦੇ ਹਨ। 1984 ਮਗਰੋਂ ਤਾਂ ਸਾਜਿਸ਼ ਪਛਾਣ ਦਾ ਕੰਮ ਪੰਜਾਬ ਦੇ ਖਬਰ ਪਰੇਮੀਆਂ ਦਾ ਮੁਖ ਰੁਝਾਣ ਬਣ ਗਿਆ ਜੋ 1996 ਮਗਰੋਂ ਪਰਾਲੀ ਦੇ ਧੂੰਏ ਜਿਉ ਹਰ ਕਿਤੇ ਛਾਅ ਗਿਆ। ਹਰ ਸਾਲ ਸਿਖ ਕਤਲੇਆਮ ਦੀ ਯਾਦ ਨੂੰ ਮੁਖ ਰੱਖ ਕੇ ਸਾਜਿਸ਼ ਦੇ ਖੋਜਕਾਰ ਸਿੱਖ ਖਬਰਖਾਨੇ ਉੱਤੇ ਹੋਰ ਅਜਿਹਾ ਕੁਝ ਹੋਣ ਦੀਆਂ ਗੱਲਾਂ ਬੜੇ ਮਾਣ ਵਾਲੀ ਖੋਜ ਵਾਂਗ ਕਰ ਰਹੇ ਹਨ। ਰੱਬ ਹੀ ਜਾਣੇ ਇਹ ਗੱਲਾਂ ਖੋਜ ਹਨ ਜਾਂ ਕੁਝ ਹੋਰ।
ਤੀਜਾ: 1 ਨਵੰਬਰ ਨੂੰ ਪਾਕਿਸਤਾਨ ਦੇ ਪਰਧਾਨ ਮੰਤਰੀ ਨੇ ਤੀਹਰਾ ਐਲਾਨ ਕੀਤਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਆਉਣ ਵਾਲੇ ਸਰਧਾਲੂ ਕੌਮਤਾਂਰੀ ਹੱਦ ਨੂੰ ਬਿਨਾ ਯਾਤਰਨਾਮੇ ਦੇ, ਬਿਨਾ ਚੁੰਗੀ ਅਤੇ ਬਿਨਾ ਅਗਾਊਂ ਆਗਿਆ ਦੇ, ਪਾਰ ਕਰ ਸਕਦੇ ਹਨ। ਇਸ ਤੋਂ ਬਾਅਦ 3 ਨਵੰਬਰ 2019 ਨੂੰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ 1500 ਬੱਸਾਂ ਸਰਧਾਲੂਆਂ ਨੂੰ ਮੁਫਤ ਸੁਲਤਾਨਪੁਰ ਲੋਧੀ ਲਿਜਾਣ ਲਈ ਚਲਾਈਆਂ ਜਾਣਗੀਆਂ ਅਤੇ ਅਗਲੇ ਦਿਨ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਹਲਣਾ ਪਾਕਿ ਸਰਕਾਰ ਦਾ ਨਾਪਾਕ ਇਰਾਦਾ ਹੈ। ਪਹਿਲਾਂ ਇਹ ਗੱਲਾਂ ਅਕਾਲੀ ਦਲ ਅਤੇ ਭਾਜਪਾ ਵਾਲੇ ਕਹਿ ਰਹੇ ਸਨ ਪਰ ਹੁਣ ਗੱਲ ਬਦਲ ਗਏ। ਇਹ ਤਾਂ ਸਭ ਜਾਣਦੇ ਹਨ ਕਿ ਪੰਜਾਬ ਇਤਿਹਾਸਕ ਰੂਪ ਵਿਚ ਸਿੱਖਾਂ ਦੀ ਜੱਦੀ ਧਰਤ ਹੈ। ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੋਵੇਂ ਗੁਰਧਾਮ ਹੁਣ ਪੱਛਮੀ ਪੰਜਾਬ ਵਿਚ ਹਨ। ਜੇ ਕਿਸੇ ਨੇ ਗੁਰੂ ਨਾਨਕ ਸਾਹਿਬ ਦੀ ਯਾਦ ਮਨਾਉਣੀ ਹੋਵੇ ਫਿਰ ਉਹ ਜਿਥੇ ਵੀ ਮੱਥਾ ਟੇਕੇ ਸਰਕਾਰਾਂ ਉਹਦੇ ਵਿੱਚ ਮਦਾਦ ਕਰਨ ਤਾਂ ਸਮਝ ਆਉਦਾ ਹੈ ਪਰ ਧੱਕਾ ਜਾਂ ਬਦਨਾਮੀ ਕਰਨਾ ਐਸੇ ਮੌਕੇ ਕੀ ਰੰਗ ਲਿਆਵੇਗਾ? ਜਿਹੜੀ ਗੱਲ ਸਿੱਖਾਂ ਲਈ ਅਰਦਾਸ ਹੋ ਗਈ ਹੈ ਉਹਦੇ ਲਾਂਘੇ ਬਾਰੇ ਏਹ ਸਾਰੇ ਲੋਕ ਬਿਆਨ ਦੇ ਕੇ ਕੀ ਕਰ ਰਹੇ ਹਨ ਸਾਜਿਸ਼ , ਰਾਜਨੀਤੀ ਜਾਂ ਕੁਝ ਹੋਰ?
ਇਹ ਗੱਲ ਤਾਂ ਰਾਜਨੀਤੀ ਦੇ ਜਾਣਕਾਰਾਂ ਨੂੰ ਭਲੀ ਭਾਂਤ ਪਤਾ ਹੈ ਕਿ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਸਮੇਤ ਦੁਨੀਆ ਦੇ ਅਨੇਕਾਂ ਰਾਜ ਸਿੱਖਾਂ ਨਾਲ ਅਤੇ ਸਿੱਖ ਮਾਮਲਿਆਂ ਉਤੇ ਰਾਜਨੀਤੀ ਕਰ ਰਹੇ ਹਨ। ਗਹੁ ਨਾਲ ਵੇਖਣ ਵਾਲੇ ਲੋਕਾਂ ਨੂੰ ਇਹ ਤਾਂ ਜਾਣਨਾ ਬਣਦਾ ਹੀ ਹੈ ਕਿ ਸਿੱਖਾਂ ਦੀ ਮੁਖ ਵਸੋਂ ਉਤੇ ਕਾਬਜ ਹੋਣ ਦੇ ਬਾਵਜੂਦ ਪੂਰਬੀ ਪੰਜਾਬ ਦੀ ਸਰਕਾਰ ਅਤੇ ਭਾਰਤ ਸਰਕਾਰ ਸਤਾਬਦੀ ਮਨਾਉਣ ਦੀ ਰਾਜਨੀਤੀ ਵਿਚ ਬਿਆਨਾਂ ਦੀ ਪਹਿਲ ਕਦਮੀ, ਥਾਂਵਾਂ ਦੀ ਚੋਣ ਅਤੇ ਸਿੱਖਾਂ ਨੂੰ ਖੁਸ਼ ਕਰਨ ਜਾਂ ਭਰਮਾਅ ਲੈਣ ਵਿਚ ਪਾਕਿਸਤਾਨ ਤੋਂ ਵੀ ਪਿਛਾਂਹ ਕਿਉਂ ਹਨ?
ਬੀਤੇ ਦੇ ਦੋਵੇਂ ਹਵਾਲਿਆਂ ਨੂੰ ਮੌਜੂਦਾ ਪਰਸੰਗ ਵਿਚ ਰੱਖ ਕੇ ਚਾਰ ਪੰਜ ਨੁਕਤੇ ਬਣਾਏ ਹਨ ਜੋ ਸਾਜਿਸ਼ ਜਾਂ ਕੁਝ ਹੋਰ ਦੇ ਬਿਰਤਾਂਤ ਉਤੇ ਪੰਛੀ ਝਾਤ ਪਵਾਉਂਦੇ ਹਨ।
1. ਸਭ ਤੋਂ ਪਹਿਲਾਂ ਸਿੱਖਾਂ ਦੀ ਆਗੂ ਜਮਾਤ ਅਕਾਲੀ ਦਲ ਦੀ ਗੱਲ। ਜੇ ਲਾਂਘੇ ਦੀ ਸਿਆਸਤ ਉਤੇ ਅਕਾਲੀ ਦਲ ਦੇ ਕੇਂਦਰ ਵਿਚਲੇ ਨੁਮਾਇੰਦਿਆਂ ਦੇ ਬਿਆਨ ਵੇਖਣੇ ਹੋਣ ਤਾਂ ਓਹ ਮੁੱਦੇ ਦੇ ਵਿਰੁਧ, ਹੱਕ ਵਿਚ ਅਤੇ ਵਿਚ ਵਿਚਾਲੇ ਵਾਲੇ ਭਾਂਤ ਦੇ ਬਿਆਨ ਦੇ ਹਟੇ ਹਨ। ਜੇ ਕੋਈ ਸਾਜਿਸ਼ ਦੀ ਬਿਧੀ ਨਾਲ ਸੋਚੇ ਤਾਂ ਇਕ ਅਰਥ ਇਹ ਬਣਦਾ ਹੈ ਕਿ ਓਹ ਬਹੁਤ ਸਿਆਣੇ ਹਨ ਕਿ ਸਾਰੇ ਭਾਂਤ ਦੀ ਗੱਲ ਕਰਕੇ ਸਭ ਦਾ ਦਿਲ ਜਿੱਤ ਲਿਆ। ਜੇ ਬੰਦਾ ਲੋਕ ਸਿਆਣਪ ਨਾਲ ਸੋਚੇ ਤਾਂ ਏਹ ਬੰਦੇ ਲਾਂਘੇ ਬਾਰੇ ਜਾਂ ਸਿੱਖਾਂ ਬਾਰੇ ਸੋਚ ਕੇ ਬਿਆਨ ਨਹੀਂ ਦੇ ਰਹੇ ਸਗੋਂ ਮਾਲਕਾਂ ਦੇ ਮੂੰਹ ਦੇ ਤੇਵਰੇ ਵੇਖ ਵੇਖ ਕੇ ਉਸ ਬੱਚੇ ਵਾਂਗ ਬੋਲ ਰਹੇ ਹਨ ਜੋ ਆਪਣੀ ਰੁੱਸੀ ਜਾਂ ਰੁਝੀ ਮਾਂ ਨੂੰ ਖੁਸ਼ ਕਰਨ ਦਾ ਜਤਨ ਕਰਦਾ ਹੈ। ਰਾਜਨੀਤਕ ਕਦਮ ਵਜੋਂ ਵੇਖਣਾ ਹੋਵੇ ਤਾਂ ਅਕਾਲੀ ਦਲ ਨੇ ਆਪਣੀ ਕੁਲ ਅਕਲ ਵਰਤ ਕੇ ਜੋ ਕਦਮ ਚੁੱਕਿਆ ਹੈ ਉਹ ਇਹੋ ਹੈ ਕਿ ਗੁਰਦੁਆਰਾ ਪਰਬੰਧਕ ਕਮੇਟੀ ਦੇ ਖਰਚੇ ਉਤੇ ਦੋ ਮਹੀਨੇ ਲੰਮਾ ਨਗਰ ਕੀਰਤਨ ਉਲੀਕਿਆ। ਦੁਨੀਆ ਦੇ, ਪੰਜਾਬ ਦੇ ਅਤੇ ਆਪਣੇ ਹਾਲਾਤ ਦਾ ਕੋਈ ਖਿਆਲ ਨਹੀਂ ਰੱਖਿਆ ਕਿ ਏਨੇ ਖਰਚੇ ਨਾਲ ਪਰਦੂਸ਼ਣ ਅਤੇ ਬੇਅਰਾਮੀ ਵੱਧ ਹੋਣੀ ਹੈ, ਪਰਚਾਰ ਅਤੇ ਸਕੂਨ ਕਿਤੇ ਘੱਟ। ਕਿੰਨਾ ਚੰਗਾ ਹੁੰਦਾ ਜੇ ਓਹ ਆਪਣੀ ਵਿਹਲ ਦੀ ਥੋੜ੍ਹੀ ਮੋਟੀ ਵਰਤੋ ਕਰਕੇ ਆਪਣੇ ਵਿਹਲੇ ਜਥੇਦਾਰਾਂ ਅਤੇ ਭਾਗੀਦਾਰਾਂ ਨੂੰ ਪੈਦਲ ਯਾਤਰਾ ਉਤੇ ਤੋਰਦੇ, ਜਿਸ ਨਾਲ ਖਰਚਾ ਘੱਟ ਹੁੰਦਾ, ਦੋ ਚਾਰ ਆਗੂਆਂ ਦੀਆਂ ਸਿਹਤਾਂ ਬਣਦੀਆਂ, ਸੋਫੀ ਰਹਿਣ ਵਾਲਿਆਂ ਦੀ ਮਾੜੀ ਮੋਟੀ ਇਜਤ ਵਧਦੀ ਅਤੇ ਨਾਲੇ ਪਿਆਰ ਸਤਿਕਾਰ ਵਧੇਰੇ ਮਿਲਦਾ। ਜੇ ਪੰਜਾਬ ਦੇ ਲੋਕ ਨਾਲ ਨਾ ਵੀ ਤੁਰਦੇ ਤਾਂ ਵੀ ਕੋਈ ਸੰਭਾਵਨਾ ਬਣ ਸਕਦੀ ਸੀ ਕਿ ਤਾਜੇ ਤਾਜੇ ਸਿਹਤ ਚਿੰਤਤ ਹੋਏ ਦੂਰ ਦੁਰਾਡੇ ਦੇ ਲੋਕਾਂ ਨੇ ਰੀਸੋ ਰੀਸ ਪੈਦਲ ਯਾਤਰਾ (ਨਾਲੇ ਚੋਪੜੀਆਂ ਨਾਲੇ ਦੋ ਦੋ) ਦੀ ਮਨਸ਼ਾ ਨਾਲ ਵਹੀਰਾਂ ਘੱਤ ਦੇਣੀਆਂ ਸਨ। ਇਕ ਪਹਿਲ ਕਦਮੀ ਨਾਲ ਸਾਰਾ ਕੁਝ ਬਦਲ ਸਕਦਾ ਸੀ ਪਰ ਪੰਥ ਦੀ ਰਾਜਨੀਤੀ ਕਰਨ ਵਾਲੇ ਆਪਣੀ ਅੰਦਰੂਨੀ ਹਾਲਤ ਕਰਕੇ ਗੁਰੂ ਦੀ ਯਾਦ ਮਨਾਉਣ ਦਾ ਢੁਕਵਾਂ ਤਰੀਕਾ ਵੀ ਭੁੱਲ ਗਏ। ਜਿਹੜੇ ਬੰਦੇ ਗੱਡੀ ਵਿਚ ਬਿਸਤਰਾ ਧਰ ਕੇ ਪਿੰਡ ਪਿੰਡ ਫਿਰਨ ਦਾ ਦਾਅਵਾ ਕਰਦੇ ਸੀ ਓਹਨਾਂ ਨੂੰ ਵੀ ਪਤਾ ਹੀ ਨਹੀਂ ਲੱਗਾ ਕਿ ਗੁਰੂ ਦੇ ਪੈਦਲ ਤੁਰਨ ਦੀਆਂ ਜਗਤ ਪਰਸਿੱਧ ਸਾਖੀਆਂ ਦਾ ਲਾਹਾ ਕਿਵੇਂ ਲੈ ਸਕਦੇ ਹਨ। ਜੇ ਗੁਰੂ ਦੇ ਨਾਂ ਤੇ ਪੈਦਲ ਯਾਤਰਾ ਦਾ ਪਾਖੰਡ ਕਰਦਿਆਂ ਨੂੰ ਲੋਕ ਗਾਹਲਾਂ ਵੀ ਕੱਢਦੇ ਤਾਂ ਵੀ ਲਾਹਾ ਹੀ ਮਿਲਣਾ ਸੀ।
ਅਕਾਲੀਆਂ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਓਹਨਾਂ ਨੂੰ ਪੰਥ ਵਧੇਰੇ ਯਾਦ ਆਉਂਦਾ ਹੈ ਪਰ ਇਸ ਵਾਰ ਓਹਨਾਂ ਨੇ ਲੋਕਾਂ ਦੀ ਧਾਰਨਾ ਤੋੜ ਦਿੱਤੀ ਹੈ। ਉਹਨਾਂ ਨੇ ਗੁਰੂ ਦੇ ਨਾਮ ਨਾਲ ਜੁੜੇ ਥਾਂ ਸਮੇਂ ਹੋਂਦ ਅਤੇ ਕਰਮ ਦੇ ਨੁਕਤਿਆਂ ਨੂੰ ਸਮਝਣ ਅਤੇ ਵਰਤਣ ਵਿਚ ਮਾਰ ਖਾਧੀ ਹੈ ਪਰ ਇਹ ਹਾਲੇ ਵੀ ਪਾਠਕ ਜਾਂ ਸਰੋਤੇ ਦੀ ਮਰਜੀ ਹੈ ਕਿ ਓਹ ਸਤਾਬਦੀ ਸਮਾਗਮਾਂ ਬਾਰੇ ਅਕਾਲੀਆਂ ਦੇ ਕੰਮਾਂ ਅਤੇ ਬਿਆਨਾਂ ਨੂੰ ਸਾਜਿਸ, ਰਾਜਨੀਤੀ ਜਾਂ ਕੁਝ ਹੋਰ ਸਮਝੇ।
2. ਦੂਜੇ ਥਾਂ ਉਤੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਮੌਜੂਦਾ ਮੁਖੀ ਗੁਰੂ ਘਰ ਦੇ ਪੁਰਾਣੇ ਸੇਵਕਾਂ ਅਤੇ ਰਾਜਿਆਂ ਦੇ ਖਾਨਦਾਨ ਵਿਚੋਂ ਹੋਣ ਦੇ ਬਾਵਜੂਦ ਸਮਾਗਮਾਂ ਦਾ ਲਾਹਾ ਖੱਟਣ ਦੀ ਰਾਜਨੀਤੀ ਵਿਚ ਫਾਡੀ ਰਹਿ ਗਿਆ। ਮਿਸਾਲ ਵਜੋਂ ਸਿੱਖਾਂ ਨੂੰ ਮੁਫਤ ਸਫਰ ਦਾ ਲਾਲਚ ਦੇਣ ਵਿਚ ਵੀ ਉਹਨੂੰ ਪਾਕਿਸਤਾਨ ਦੀ ਰੀਸ ਹੀ ਕਰਨੀ ਪਈ। ਕੀ ਪੀੜ੍ਹੀਆਂ ਤੋਂ ਰਾਜਨੀਤੀ ਵਿਚ ਗੁੜ੍ਹੇ ਬੰਦੇ ਤੋਂ ਏਨੀ ਪਹਿਲ ਵੀ ਨਹੀਂ ਹੋ ਸਕਦੀ ਸੀ? ਜਿਸ ਦਿਨ ਪਾਕਿਸਤਾਨ ਦੀ ਸਰਕਾਰ ਨੇ ਲਾਂਘੇ ਦੀ ਰਾਹਦਾਰੀ ਦੇ ਪੈਸੇ ਐਲਾਨੇ ਸਨ ਜੇ ਉਹਦੇ ਬਰਾਬਰ ਉਤੇ ਭਾਰਤ ਜਾਂ ਪੰਜਾਬ ਸਰਕਾਰ ਕਰਤਾਰਪੁਰ ਸਾਹਿਬ ਜਾਣ ਵਾਲੇ ਸਰਧਾਲੂਆਂ ਨੂੰ ਸਰਹੱਦ ਤੱਕ ਮੁਫਤ ਲਿਜਾਣ ਦਾ ਐਲਾਨ ਕਰ ਦਿੰਦੀ ਤਾਂ ਸਭ ਤੋਂ ਘੱਟ ਖਰਚੇ ਵਿਚ ਸਤਾਬਦੀ ਸਮਾਗਮਾਂ ਦੀ ਸਭ ਤੋਂ ਵੱਧ ਸੋਭਾ ਖੱਟੀ ਜਾ ਸਕਦੀ ਸੀ। ਪੰਜਾਬ ਦੀ ਕਾਂਗਰਸੀ ਸਰਕਾਰ ਸਾਹਮਣੇ ਓਹਨਾਂ ਦੇ ਪੁਰਾਣੇ ਮੁਖ ਮੰਤਰੀ ਦੀ ਮਿਸਾਲ ਵੀ ਪਈ ਸੀ ਕਿ ਸਤਾਬਦੀ ਮੌਕੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਨਾਲ ਕਿਵੇਂ ਵਧੀਆ ਸੋਭਾ ਖੱਟੀ ਗਈ ਸੀ। ਓਹਨੂੰ ਕਿਸੇ ਪਾਸੂ ਨੇ ਇਹ ਵੀ ਯਾਦ ਨਾ ਕਰਾਇਆ ਕਿ ਫੂਲਕੀਆ ਖਾਨਦਾਨ ਵਾਲਿਆਂ ਨੇ ਫਤਿਹਗੜ੍ਹ ਸਾਹਿਬ ਦੀ ਸਭਾ ਉਤੇ ਨੰਗੇ ਪੈਰ ਜਾ ਜਾ ਕੇ ਜੋ ਇਜਤ ਖੱਟੀ ਸੀ ਉਹਦਾ ਲੇਸ ਮਾਤਰ ਹੀ ਇਹ ਸਤਾਬਦੀ ਲਈ ਵਰਤ ਲਵੇ। ਕੀ ਪਤਾ ਗੁਰੂ ਨਾਨਕ ਦੇ ਨਾਮ ਦੇ ਰੰਗ ਵਿਚ ਪੰਥ ਜਾਂ ਪੰਜਾਬ ਉਹਦੇ ਉਤੇ ਮੁੜ ਤੋਂ ਤਰਸ ਕਰ ਲੈਂਦਾ।
ਇਹ ਗੱਲ ਤਾਂ ਹਰ ਪਾਰਖੂ ਸੋਚੇਗਾ ਕਿ ਜਿਸ ਮੁੱਦੇ ਉਤੇ ਕੇਂਦਰ ਦੀ ਭਾਜਪਾ ਸਰਕਾਰ ਵੀ ਕੈਦੀਆਂ ਨੂੰ ਰਿਹਾਅ ਕਰਨ ਦੇ ਰੂਪ ਵਿਚ ਰਾਜਨੀਤੀ ਕਰ ਰਹੀ ਹੈ ਉਸ ਮੁੱਦੇ ਬਾਰੇ ਪਾਰਟੀ ਦੇ ਡੁਬਦੇ ਜਹਾਜ ਵਿਚੋਂ ਨਿਕਲੇ ਫੱਟੇ ਉਤੇ ਬੈਠ ਕੇ ਇਹ ਕਪਤਾਨ ਕੀ ਕਰ ਰਿਹਾ ਹੈ? ਕਿਉਂ ਆਸਿਓ ਪਾਸਿਓ ਗੇੜਾ ਦੇ ਦੇ ਕੇ ਸਿਖ ਅਜਾਦੀ ਦੇ ਮੁੱਦੇ ਨੂੰ ਵੇਖ ਕੇ ਮੁੜ ਮੁੜ ਕੇ ਬੁੱਕ ਰਿਹਾ ਹੈ। ਰਾਜਨੀਤੀ ਵਿਚ ਲੋਕ ਨਿੱਕੇ ਮੋਟੇ ਇਕੱਠ ਵਿਚ ਵੀ ਕੌੜਾ ਘੁੱਟ ਭਰਦੇ ਅਤੇ ਚੁੱਪ ਵਟਦੇ ਹਨ। ਪੰਜਾਬ ਦੇ ਕਿੰਨੇ ਹੀ ਖਾਹਸ਼ੇ ਮੁਖ ਮੰਤਰੀ, ਜਿਹੜੇ ਘੰਟਿਆਂ ਬੱਧੀ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ ਉਹ ਵੀ ਸਾਲਾਂ ਤੋਂ ਬੜੇ ਮਾਮਲਿਆਂ ਉਤੇ ਚੁੱਪ ਵੱਟੀ ਬੈਠੇ ਹਨ ਪਰ ਰਾਜਿਆਂ ਦੇ ਖਾਨਦਾਨ ਵਿਚ ਪੈਦਾ ਹੋਣ ਵਾਲਾ ਚਿਰਾਗ ਗੁਰੂ ਦੇ ਨਾਮ ਦੀ ਸਤਾਬਦੀ ਮੌਕੇ ਵੀ ਚੁੱਪ ਨਹੀਂ ਹੋ ਰਿਹਾ। ਇਹ ਹੁਣ ਲੋਕ ਜਾਣਨ ਜਾਂ ਆਪੇ ਵਖਤ ਤੈਅ ਕਰੇਗਾ ਕਿ ਇਹ ਉਹਦੀ ਸਾਜਿਸ਼ ਹੈ ਜਾਂ ਰਾਜਨੀਤੀ ਜਾਂ ਕੁਝ ਹੋਰ।
3. ਜੇ ਮੌਜੂਦਾ ਭਾਜਪਾਈ ਸਰਕਾਰ ਦੀ ਗੱਲ ਕਰਨੀ ਹੋਵੇ ਤਾਂ ਪਿਛਲੇ 30 ਸਾਲਾਂ ਤੋਂ ਸੰਘ ਪਰਿਵਾਰ ਸਲਾਹਾਂ ਬਣਾਉਂਦਾ ਅਤੇ ਪੁਛਦਾ ਫਿਰਦਾ ਹੈ ਕਿ ਸਿੱਖਾਂ ਨੂੰ ਕਿਵੇਂ ਪਲੋਸਿਆ ਜਾਵੇ। ਏਨੇ ਪੁਰਾਣੇ ਸੁਪਨੇ ਦੇ ਬਾਵਜੂਦ ਲਾਂਘਾ ਖੋਹਲਣ ਵਿਚ ਕਿੰਨੇ ਹੀ ਕਦਮਾਂ ਉਤੇ ਪਾਕਿਸਤਾਨ ਨੇ ਪਹਿਲ ਕਦਮੀ ਕਰ ਦਿੱਤੀ ਹੈ।
ਭਾਜਪਾਈ ਸਰਕਾਰ ਕੋਲ ਸਾਰਾ ਜੋਰ ਲਾ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ, ਜੀਹਦੀ ਗਰਮੀ ਨੂੰ ਮੁੱਠੀ ਵਿਚ ਘੁਟ ਘੁਟ ਕੇ ਨਾਪਦਿਆਂ ਓਹਨਾਂ ਨੇ ਨਪੀੜ ਹੀ ਛੱਡਿਆ ਹੈ। ਰਾਜਨੀਤੀ ਦੀ ਬਹੁ-ਚੱਕਰੀ ਚਰਖੜੀ ਵਿਚ ਪਿਛਲੇ 6 ਸਾਲਾਂ ਤੋਂ ਰਿਹਾਈਆਂ ਵਾਲੀ ਤਾਣੀ ਦੀ ਕੋਈ ਨਾ ਕੋਈ ਤੰਦ ਕਿਸੇ ਨਾ ਕਿਸੇ ਦੰਦੇ ਵਿਚ ਫਸੀ ਹੀ ਜਾਂਦੀ ਹੈ। ਹੁਣ ਤੱਕ ਬੱਚੇ ਬੱਚੇ ਨੂੰ ਗਿਆਨ ਹੋ ਗਿਆ ਹੈ ਕਿ ਰਿਹਾਈਆਂ ਦਾ ਮਾਮਲਾ ਉਹ ਕੜ੍ਹੀ ਬਣ ਗਿਆ ਹੈ ਜਿਹੜੀ ਨਾ ਓਹਨਾਂ ਤੋਂ ਰਿਝਣੀ ਏ ਤੇ ਨਾ ਡੋਹਲੀ ਹੀ ਜਾਣੀ ਏ। ਇਹ ਚਾਹੇ ਹੁਣ ਓਹਨਾਂ ਦੇ ਚੁੱਲੇ ਵਿਚ ਪੈ ਜਾਏ ਜਾਂ ਓਹਨਾਂ ਦੇ ਪੈਰਾਂ ਉਤੇ।
ਪਤਾ ਨਹੀਂ ਕਿਉਂ ਸਿਰਦਾਰ ਕਪੂਰ ਸਿੰਘ ਅਤੇ ਕੁਝ ਹੋਰਾਂ ਨੇ ਸਾਜਿਸ਼ ਦੇ ਸਿਧਾਂਤ ਮੁਤਾਬਿਕ ਇਹ ਗੱਲ ਨੂੰ ਮਾਨਤਾ ਦੇ ਦਿੱਤੀ ਕਿ ਹਿੰਦੂ 50 ਸਾਲ ਅੱਗੇ ਸੋਚਦੇ ਹਨ। ਖੌਰੇ ਮਰਹੂਮ ਕਾਂਸੀ ਰਾਮ ਦੇ ਰਵੀਇੰਦਰ ਸਿੰਘ ਨੂੰ ਮੁਖ ਮੰਤਰੀ ਬਣਨ ਦੀ ਸਲਾਹ ਦੇਣ ਵਾਂਗ ਓਹਨਾਂ ਨੇ ਵੀ ਮਸਖਰੀ ਹੀ ਕੀਤੀ ਹੋਵੇ। 50 ਸਾਲ ਅੱਗੇ ਸੋਚਣ ਵਾਲੀ ਸਮਝ ਬਾਰੇ ਆਪੇ ਆਉਣ ਵਾਲਾ ਇਤਿਹਾਸ ਦੱਸੇਗਾ ਜਿਵੇਂ ਪਿਛਲੀ ਦਹਸਦੀ ਦੱਸ ਰਹੀ ਹੈ ਪਰ ਮੌਜੂਦਾ ਹਾਲਤ ਦੀਆਂ ਗੱਲਾਂ ਦਾ ਜੋੜ/ਕੁਜੋੜ ਏਦਾਂ ਹੈ ਕਿ ਓਹਨਾਂ ਦੀ ਸਾਜਿਸ਼ੀ ਸਮਰੱਥਾ ਵੀ ਸ਼ੱਕੀ ਲਗਦੀ ਹੈ। ਜਿਸ ਮੁਲਕ ਨਾਲ ਸੰਘ ਪਰਿਵਾਰ ਅਤੇ ਭਾਰਤ ਸਰਕਾਰ ਐਲਾਨੀਆ ਦੁਸ਼ਮਣੀ ਰੱਖਦੀ ਹੈ ਉਸ ਮੁਲਕ ਦੇ ਪਰਧਾਨ ਮੰਤਰੀ ਦੇ ਜਨਮ ਦਿਨ ਉਤੇ ਭਾਜਪਾਈ ਭਾਰਤੀ ਪਰਧਾਨ ਮੰਤਰੀ ਬਿਨਾ ਬੁਲਾਏ ਜਾ ਸਕਦਾ ਹੈ ਪਰ ਗੁਰੂ ਨਾਨਕ ਸਾਹਿਬ ਦੇ ਸਤਾਬਦੀ ਦਿਹਾੜੇ ਉਤੇ ਸਿੱਖਾਂ ਨਾਲ ਰਾਜਨੀਤੀ ਕਰਨ ਜਾਂ ਸਿੱਖਾਂ ਉਤੇ ਰਾਜਨੀਤੀ ਕਰਨ ਦੇ ਨੁਕਤੇ ਤੋਂ ਜਾਣੂ ਹੋਣ ਦੇ ਬਾਵਜੂਦ ਓਥੇ ਜਾਣ ਦੀ ਮਹੱਤਤਾ ਵਿਖਾਈ ਨਹੀਂ ਦੇ ਰਹੀ। ਸਿਰਫ ਆਪ ਨਹੀਂ ਗਏ ਸਗੋਂ ਸਾਰਾ ਜ਼ੋਰ ਲਾਇਆ ਕਿ ਨਨਕਾਣਾ ਸਾਹਿਬ ਤੋਂ ਚੱਲਣ ਵਾਲੇ ਨਗਰ ਕੀਰਤਨ ਵਿੱਚ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਵੀ ਨਾ ਆਵੇ। ਇਹਦੇ ਲਈ ਬਾਦਲਾਂ ਦੀ ਬਾਂਹ ਮਰੋੜ ਕੇ ਤਾਰੀਖ਼ ਬਦਲਾਅ ਕੇ ਉਹ ਦਿਨ ਕਰਵਾਈ ਜਿਸ ਦਿਨ ਉਹ ਕਿਸੇ ਹੋਰ ਥਾਂ ਰੁੱਝਿਆ ਸੀ। ਪਾਕਿਸਤਾਨ ਤਾਂ ਗਏ ਨਹੀਂ ਪਰ ਗੁਰੂ ਦੀ ਯਾਦ ਦੇ ਸਮਾਗਮਾਂ ਨੂੰ ਪਾਕਿਸਤਾਨ ਦੇ ਮੁਕਾਬਲੇ ਕੌਮਾਂਤਰੀ ਵੀ ਕਰਨਾ ਸੀ। ਇਹਦਾ ਤੋੜ ਓਹਨਾਂ ਨੇ ਇਹ ਲੱਭਾ ਕਿ ਪੱਛਮ ਦੀਆਂ ਠਰੀਆਂ ਸੈਰਗਾਹਾਂ ਵਿਚੋਂ ਸਿੱਖ ਅਜਾਦੀ ਦੇ ਐਸੇ ਪਤੰਗੇ ਲੱਭ ਲਿਆਂਦੇ ਹਨ ਜਿਹੜਿਆਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿਚ ਪੰਥ ਦਾ ਦੀਵਾ ਕਿਥੇ ਕੁ ਬਲ਼ ਰਿਹਾ ਹੈ।
ਹੁਣ ਵਾਲ਼ਿਆਂ ਨੇ ਤਾਂ ਪਹਿਲੀ ਭਾਜਪਾਈ ਸਰਕਾਰ ਹੀ ਸਿਆਣੀ ਕਹਾ ਦਿੱਤੀ ਜਿਹੜੀ ਨੇ ਖਾਲਸਾ ਸਤਾਬਦੀ ਮੌਕੇ 300 ਕਰੋੜ ਵਿਚ ਸਾਰੇ ਅਨੰਦਪੁਰ ਸਾਹਿਬ ਨੂੰ ਚਿੱਟਾ ਰੰਗਾ ਕੀਤਾ ਅਤੇ ਇਕ ਕਮਲ ਫੁਲ ਵਰਗੀ ਸੈਰਗਾਹ ਬਣਾ ਲਈ। ਜਿਥੇ ਲੋਕ ਰਹਿੰਦੇ ਅਤੇ ਖਾਂਦੇ ਗੁਰਦੁਆਰੇ ਹਨ ਪਰ ਦਰਸ਼ਨ ਦੇ ਨਾਂ ਹੇਠ ਵੇਖਦੇ ਭਾਰਤੀ ਅਜਾਦੀ ਦੀਆਂ ਤਸਵੀਰਾਂ ਹਨ।
4. ਜੇ ਪੂਰੀ ਬ੍ਰਾਹਮਣਵਾਦੀ ਧਿਰ ਦੀ ਗੱਲ ਕਰਨੀ ਹੋਵੇ ਤਾਂ ਪਿਛਲੀਆਂ ਦੋ ਸਦੀਆਂ ਤੋਂ ਓਹ ਸਿੱਖਾਂ ਨੂੰ ਹਿੰਦੂ ਅਤੇ ਗੁਰੂ ਗਰੰਥ ਸਾਹਿਬ ਨੂੰ ਵੇਦਾਂ ਦਾ ਸਾਰ ਕਹਿੰਦੇ ਆ ਰਹੇ ਹਨ। ਇਹਦੇ ਨਾਲ ਹੀ ਓਹਨਾਂ ਦੀ ਇਕ ਧਿਰ ਸਿੱਖਾਂ ਨੂੰ ਖੜਗਭੁਜਾ ਕਹਿੰਦੀ ਆ ਰਹੀ ਹੈ ਅਤੇ ਦੂਜੀ ਧਿਰ ਹਿੰਦੂ ਮੁਸਲਮ ਦਾ ਮੇਲ/ਸੁਮੇਲ ਕਹਿ ਰਹੀ ਹੈ। ਇਹ ਗੱਲ ਹੁਣ ਸਾਜਿਸ਼ ਹੈ ਜਾਂ ਕੁਝ ਹੋਰ, ਇਹ ਸਮਝਣ ਵਾਲਿਆਂ ਦੀ ਮਰਜੀ ਹੈ ਪਰ ਏਨਾ ਕੁ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਓਹਨਾਂ ਕੋਲ ਆਪਣੀ ਕਹੀ ਗੱਲ ਉਤੇ ਅਮਲ ਕਰਨ ਦਾ ਹੌਸਲਾ ਅਤੇ ਵੇਲਾ ਨਹੀਂ ਆਇਆ। ਜੇ ਵੇਦਾਂ ਦਾ ਨਿਚੋੜ ਵੀ ਮੰਨਦੇ ਸੀ ਤਾਂ ਵੀ ਗੁਰੂ ਗਰੰਥ ਸਾਹਿਬ ਨੂੰ ਪੜ੍ਹਣਾ ਮੰਨਣਾ ਪਥਰ ਪੂਜਣ ਨਾਲੋਂ ਵਧੇਰੇ ਲਾਹੇਵੰਦ ਸੀ, ਨਾਲੇ ਬੋਲੀ ਵੀ ਸੰਸਕਿਰਤ ਨਾਲੋਂ ਸੌਖੀ ਹੈ। ਜੇ ਸਿੱਖ ਹਿੰਦੂ ਹੀ ਹਨ ਤਾਂ ਵੀ ਇਹ ਗੱਲ ਸਮਝਣੀ ਔਖੀ ਨਹੀਂ ਹੈ ਕਿ ਕਿੰਨਾ ਨੂੰ ਕਿੰਨਾ ਵਰਗੇ ਹੋਣਾ ਚਾਹੀਦਾ ਹੈ। ਕਿੰਨੇ ਹੀ ਮੁਦਿਆਂ ਬਾਰੇ ਓਹਨਾਂ ਦੇ ਬਿਆਨ ਅਤੇ ਪੈਂਤੜੇ ਅਕਾਲੀਆਂ ਦੇ ਲਾਂਘੇ ਬਾਰੇ ਬਿਆਨਾਂ ਅਤੇ ਪੈਂਤੜਿਆਂ ਨਾਲ ਮਿਲਦੇ ਹੁੰਦੇ ਹਨ।
ਇਹ ਤੱਥ ਹੈ ਕਿ ਸਿੱਖਾਂ ਨੂੰ ਤੰਗ ਕਰਨ, ਬਦਨਾਮ ਕਰਨ ਅਤੇ ਮਾਰਨ ਦਾ ਲਾਲਚ ਵੀ ਨਹੀਂ ਜਾਂਦਾ ਅਤੇ ਓਹਨਾਂ ਦੇ ਕੀਤੇ ਕੰਮਾਂ ਨੂੰ ਆਪਣੇ ਕਹਿ ਕੇ ਲਾਹਾ ਲੈਣ ਦਾ ਮੌਕਾ ਵੀ ਛੱਡ ਨਹੀਂ ਹੁੰਦਾ। ਜੋ ਲੀਹ ਮਾਰਕਸੀ ਵਿਦਵਾਨ ਰਣਧੀਰ ਸਿੰਘ ਨੇ ਚੜ੍ਹਦੀ ਉਮਰੇ ਗਦਰ ਲਹਿਰ ਬਾਬਤ ਅਪਣਾਈ ਅਤੇ ਹਰੀਸ਼ਪੁਰੀ ਨੇ ਅੱਗੇ ਵਧਾਈ ਅੱਜ ਓਹੀ ਲੀਹ ਚੱਲ ਰਹੀ ਹੈ ਕਿ ਜੋ ਕੰਮ ਚੰਗਾ ਹੋਇਆ ਉਹ ਭਾਰਤੀਆਂ ਜਾਂ ਪੰਜਾਬੀਆਂ ਨੇ ਕੀਤਾ ਹੈ ਅਤੇ ਜੋ ਬੁਰਾ ਹੋਇਆ ਉਥੇ ਸਿੱਖ ਨਾਮ ਅਤੇ ਪਛਾਣ ਦੱਸੇ ਜਾਂਦੇ ਹਨ। ਹੁਣ ਇਹ ਗੱਲ ਆਮ ਸਿੱਖਾਂ ਨੂੰ ਵੀ ਸਮਝ ਆਉਂਦੀ ਹੈ ਅਤੇ ਓਹ ਇਹਨੂੰ ਭੇਦਭਾਵ ਜਾਂ ਬੇਈਮਾਨੀ ਵਜੋਂ ਜਾਣਦੇ ਹਨ। ਇਸ ਕਿਸਮ ਦੀ ਸਿਆਣਪ/ਸਾਜਿਸ਼ ਨਾ ਤਾਂ ਸਿੱਖਾਂ ਨੂੰ ਓਹਨਾਂ ਦੇ ਨੇੜੇ ਕਰ ਸਕਦੀ ਹੈ ਜਿਸ ਨਾਲ ਓਹਨਾਂ ਦਾ ਲਾਹਾ ਲਿਆ ਜਾ ਸਕੇ ਅਤੇ ਨਾ ਹੀ ਸਿੱਖਾਂ ਨੂੰ ਮਾਤ ਦੇਣ ਦੇ ਕੰਮ ਆ ਸਕਦੀ ਹੈ ਕਿਉਂਕਿ ਓਹਨਾਂ ਨੂੰ ਤਾਂ ਪੈਰ ਪੈਰ ਤੇ ਸੁਚੇਤ ਕੀਤਾ ਜਾ ਰਿਹਾ ਹੈ। ਜਦੋਂ ਬੰਦੇ ਆਪਣੀ ਪਛਾਣ ਤਾਂ ਸਭ ਤੋਂ ਵੱਧ, ਵੱਡੇ, ਪੁਰਾਣੇ ਅਤੇ ਤਕੜਿਆਂ ਵਜੋਂ ਕਰਾਉਣ ਪਰ ਓਦੋਂ ਵੀ ਪੈਰ ਪੈਰ ਤੇ ਝੂਠ ਬੋਲਣਾ ਪਵੇ ਅਤੇ ਗੱਲ ਬਦਲਣੀ ਪਏ ਤਾਂ ਇਹ ਹਾਲਤ ਸਮਰਥ ਸਾਜਿਸ਼ਵਾਨਾਂ ਨਾਲੋਂ ਗਊ ਦੇ ਜਾਇਆਂ (ਬੜਕਾਂ ਅਤੇ ਮੋਕ ਦੋਵੇਂ ਮਾਰਨ) ਵਾਲੀ ਵਧੇਰੇ ਜਾਪਦੀ ਹੈ।
ਇਕ ਪਾਸੇ ਪੈਸੇ ਦੇ ਹਿਸਾਬ ਨਾਲ ਭਾਰਤ ਦੇ ਮਾਇਆ ਸਾਗਰ ਵਿਚ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਹਸਤੀ ਬੂੰਦ ਸਮਾਨ ਵੀ ਨਹੀਂ ਹੈ ਅਤੇ ਦੂਜੇ ਪਾਸੇ ਰਹਿਬਰਾਂ ਵਲੋਂ ਦੋਵੇਂ ਹੱਥੀ ਲੁਟਣ ਦੇ ਬਾਵਜੂਦ ਵੀ ਇਹ ਸਿੱਖਾਂ ਦੀ ਗੁਰੁਦੁਆਰਾ ਕਮੇਟੀ 1100 ਕਰੋੜ ਦੀ ਸਲਾਨਾ ਆਈ-ਚਲਾਈ ਨਾਲ ਹੀ ਹਰ ਸਾਲ ਲੱਖਾਂ ਲੋਕਾਂ ਦੇ ਮੁਫਤ ਢਿੱਡ ਭਰ ਰਹੀ ਹੈ ਅਤੇ ਲੱਖਾਂ ਲੋਕਾਂ ਲਈ ਸਸਤੀਆਂ ਸਰਾਵਾਂ ਦਾ ਪਰਬੰਧ ਕਰ ਰਹੀ ਹੈ। ਇਹਦੇ ਮੁਕਾਬਲੇ ਇਸੇ ਮੁਲਕ ਵਿਚ ਐਸੇ ਮੰਦਰ ਵੀ ਹਨ ਜਿਥੇ ਗੁਰਦੁਆਰਾ ਕਮੇਟੀ ਦੀ ਸਾਰੀ ਚੱਲ ਅਚੱਲ ਆਮਦਨ ਤੋਂ ਵੱਧ ਧਨ ਦੌਲਤ ਪਈ ਹੈ ਪਰ ਜੋ ਸਵੈ ਹਿਤ ਲੇਖੇ ਵੀ ਨਹੀਂ ਲੱਗ ਰਹੀ ਭਾਵੇਂ ਕਿ ਓਹਨਾਂ ਲੋਕਾਂ ਦੀ ਗਿਣਤੀ ਭਵਿੱਖ ਨੂੰ ਵੇਖ ਲੈਣ ਵਾਲਿਆਂ ਅਤੇ ਵੱਡੀਆਂ ਵਿਉਤਾਂ ਕਰਨ ਵਾਲਿਆਂ ਵਿਚ ਹੋ ਰਹੀ ਹੈ।
ਦੁਨੀਆ ਦੇ ਸਭ ਤੋਂ ਵੱਡੇ ਸਵੈ ਸੇਵੀ ਸੰਘ ਕਹਾਉਣ ਵਾਲੇ ਆਪਣੀ ਸਰਕਾਰ ਅਤੇ ਐਨੇ ਵੱਡੇ ਢਾਂਚੇ ਅਤੇ ਪੱਕੇ ਜਾਬਤੇ ਅਤੇ ਵੱਡੇ ਵਿਉਤੀ ਹੋਣ ਦੇ ਬਾਵਜੂਦ ਗਊ ਰੱਖਿਆ ਵਜੋਂ ਸੌ ਬੰਦੇ ਮਾਰਨ ਤੋਂ ਪਹਿਲਾਂ ਸਾਰੀ ਦੁਨੀਆ ਵਿਚ ਬਦਨਾਮ ਹੋ ਗਏ। ਇਹ ਕੰਮ ਬਾਰੇ ਕਿਤਾਬਾਂ ਛਪ ਕੇ ਆ ਗਈਆਂ ਹਨ। ਅਜਿਹੇ ਕਿੰਨੇ ਸਾਰੇ ਮਾਮਲੇ ਹਨ ਜਿਹੜੇ ਚੁਤਰਤਾ ਘੱਟ ਅਤੇ ਮੂਰਖਤਾ ਵੱਧ ਜਾਪਦੇ ਹਨ। ਇਹ 50 ਸਾਲ ਅੱਗੇ ਵੇਖਣ ਵਾਲੀ ਸਿਆਣਪ ਨੇ ਜਿਹੜੇ ਰਾਹੀਂ ਜਾਂਦਿਆਂ ਨੂੰ ਪੈਣ ਵਾਲੇ ਮਾਰਖੋਰ ਟੋਲੇ ਆਪਣਾ ਕੱਜ ਢਕਣ ਲਈ ਸਾਜ ਲਏ ਓਹ 25 ਸਾਲਾਂ ਤੋਂ ਵੀ ਪਹਿਲਾਂ ਓਹਨਾਂ ਦੇ ਸੁਪਨੀਲੇ ਦੇਸ ਦਾ ਨਕਸ਼ਾ ਵਿਗਾੜ ਦੇਣਗੇ ਤਾਂ ਤੈਅ ਹੋ ਜਾਏਗਾ ਕਿ ਇਹ ਰਕਤਬੀਜ ਦੀ ਘਾੜਤ ਸਾਜਿਸ਼ ਹੈ ਜਾਂ ਰਾਜਨੀਤੀ ਜਾਂ ਕੁਝ ਹੋਰ।
5. ਸਭਿਅਤਾਈ ਪੱਖ: ਸਿੱਖਾਂ ਦਾ ਮੁਗਲਾਂ, ਬ੍ਰਾਹਮਣਾਂ ਅਤੇ ਗੋਰਿਆਂ ਵਲੋਂ ਹੁਣ ਤੱਕ ਜੋ ਨੁਕਸਾਨ ਕੀਤਾ ਗਿਆ ਹੈ ਉਹ ਦੇ ਹਿਸਾਬ ਨਾਲ ਓਹਨਾਂ ਦੀ ਗਿਣਤੀ ਓਹ ਲੋਕਾਂ ਵਿਚ ਹੈ ਜਿਹੜਿਆਂ ਨੇ ਨੁਕਸਾਨ ਵਧਣ ਨਾਲ ਸਵੈ ਪਛਾਣ ਵਧੇਰੇ ਹਾਸਲ ਕੀਤੀ ਹੈ। ਜੇ ਕੋਈ ਆਰੀਆ ਨਸਲ (ਯਹੂਦੀਆਂ ਬ੍ਰਾਹਮਣਾਂ ਅਤੇ ਗੋਰਿਆਂ) ਦੀ ਉਤਮਤਾ ਦੀ ਐਨਕ ਲਾਹ ਕੇ ਸਭ ਪੱਖਾਂ ਤੋਂ ਲੇਖਾ ਕਰੇ ਤਾਂ ਬੜੇ ਸੌਖਿਆਂ ਹੀ ਸਮਝ ਆ ਜਾਏਗਾ ਕਿ ਸਿੱਖ ਦੁਨੀਆਂ ਵਿਚ ਕਿਥੇ ਖੜ੍ਹੇ ਹਨ। ਜੇ ਦੱਬੇ ਕੁਚਲੇ ਲੋਕਾਂ ਵਿਚ ਵੀ ਲੇਖਾ ਕਰਨਾ ਹੋਵੇ ਤਾਂ ਸਿੱਖ ਓਹਨਾਂ ਵਿਚ ਹਨ ਜਿਹੜੇ ਘੱਟ ਗਿਣਤੀ ਅਤੇ ਘੱਟ ਸਾਧਨਾਂ ਦੇ ਬਾਵਜੂਦ ਏਨੀ ਵੱਡੀ ਸਰਕਾਰ ਨਾਲ ਖਹਿ ਕੇ ਵੀ ਸਾਰੀ ਦੁਨੀਆ ਵਿਚ ਦੂਜਿਆਂ ਦੇ ਮੁਕਾਬਲੇ ਵਧੇਰੇ ਖੁਸ਼, ਖੁਸ਼ਹਾਲ ਅਤੇ ਮਸ਼ਹੂਰ ਹਨ।
ਜਿਹੜੀ ਸਾਜਿਸ਼ ਸਿਧਾਂਤਕਾਰੀ ਆਰੀਆ ਲੋਕਾਂ ਦੀ ਉਤਮ ਪਛਾਣ ਉਤੇ ਖੜੀ ਹੈ ਉਹਦੇ ਸਾਹਮਣੇ ਇਹ ਸਵਾਲ ਤਾਂ ਹੋਣਾ ਚਾਹੀਦਾ ਹੈ ਕਿ ਯਹੂਦੀਆਂ ਅਤੇ ਬ੍ਰਾਹਮਣਵਾਦੀਆਂ ਦੀ ‘ਦੜ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ’ ਵਾਲੀ ਬਿਰਤੀ ਨੂੰ ਉਤਮ ਬੁੱਧੀ ਕਿਉਂ ਜਾਣਨਾ ਚਾਹੀਦਾ ਹੈ?ਜੋ ਲੋਕ ਸਦੀਆਂ ਬੱਧੀ ਆਪਣੀ ਗੁਲਾਮੀ ਦੇ ਜਾਲ ਨਹੀਂ ਕੱਟ ਸਕੇ ਓਹਨਾਂ ਦੀ ਦਿਮਾਗੀ ਸਮਰਥਾ ਅਤੇ ਜਾਬਤੇਕਾਰੀ ਸਮੇਤ ਬਾਕੀ ਗੁਣਾਂ ਦੀ ਉੱਤਮਤਾ ਦਾ ਲੇਖਾ ਕਿਵੇਂ ਲਗਦਾ ਹੈ ਜਿਥੋਂ ਓਹ ਦਿਮਾਗੀ ਜਾਂ ਗੁਣੀ ਸਿੱਧ ਹੁੰਦੇ ਹਨ। ਉਞ ਤੇ ਕਿਸੇ ਇਕ ਧਿਰ ਦਾ ਦੂਜੇ ਨਾਲ ਕੋਈ ਤੋਲ ਮਾਪ ਨਹੀਂ ਹੁੰਦਾ ਪਰ ਜੇ ਕੋਈ ਕਰਨਾ ਵੀ ਚਾਹੇ ਤਾਂ ਲੇਖਾ ਕਰਨ ਵੇਲੇ ਥਾਂ ਸਮੇਂ ਹੋਂਦ ਅਤੇ ਅਮਲ ਦੇ ਨੁਕਤੇ ਨੂੰ ਕਿਸੇ ਇਕ ਤਰੀਕੇ ਨਾਲ ਤਾਂ ਵਾਚਣਾ ਹੀ ਬਣਦਾ ਹੈ ਕਿ ਕਿਹੜੇ ਲੋਕ ਕਿੰਨੇ ਸਮਾਂ ਕਿੰਨੇ ਹੁੰਦਿਆਂ ਕਿਹੋ ਜਿਹੇ ਹਾਲਤਾਂ ਨਾਲ ਕਿਵੇਂ ਲੜੇ ਕਿਉਂਕਿ ਕਿਸੇ ਦੇ ਹੱਕ ਵਿਰੋਧ ਵਿਚ ਟੁਟਵੀਆਂ ਮਿਸਾਲਾਂ ਗਲਤ ਨਤੀਜਿਆਂ ਤੱਕ ਲੈ ਜਾਂਦੀਆਂ ਹਨ।
ਅਜਾਦੀ ਦੇ ਚਾਹਵਾਨ ਸਿੱਖ ਯਹੂਦੀਆਂ ਬਾਬਤ ਵਧਵੀ ਉਪਮਾ ਕਰਦੇ ਹਨ ਕਿ ਦੂਜੀ ਸੰਸਾਰ ਜੰਗ ਵਿਚ ਐਨੇ ਮਾਰੇ ਗਏ ਤਾਂ ਵੀ ਨਾਲ ਦੀ ਨਾਲ ਰਾਜ ਲੈ ਲਿਆ ਪਰ ਓਹ ਇਹ ਗੱਲ ਨੂੰ ਅਣਡਿੱਠ ਹੀ ਕਰ ਦਿੰਦੇ ਹਨ ਕਿ ਪਹਿਲਾਂ ਮੁਸਲਮ ਅਤੇ ਇਸਾਈ ਜਗਤ ਵਲੋਂ ਕਈ ਸਦੀਆਂ ਤੱਕ ਯਹੂਦੀ ਨੂੰ ਕਿਵੇਂ ਵਰਤਿਆ, ਜਲੀਲ ਕੀਤਾ ਅਤੇ ਮਾਰਿਆ ਗਿਆ ਹੈ। ਯਹੂਦੀਆਂ ਦਾ ਗੁਲਾਮੀ ਅਤੇ ਦੁਖ ਝੱਲਣ ਦਾ ਇਤਿਹਾਸ ਬ੍ਰਾਹਮਣਵਾਦੀਆਂ ਤੋਂ ਵੀ ਵੱਡਾ ਹੈ। ਸੰਸਾਰ ਜੰਗ ਮਗਰੋਂ ਵੀ ਯਹੂਦੀਆਂ ਨੂੰ ਆਪਣੇ ਜੋਰ ਨਾਲ ਰਾਜ ਨਹੀ ਮਿਲਿਆ ਸਗੋਂ ਇਸਾਈ ਜਗਤ ਨੇ ਮੁਸਲਮ ਜਗਤ ਨਾਲ ਲੜਣ ਲਈ ਖੜਗ ਭੁਜਾ ਬਣਾ ਕੇ ਓਹਨਾਂ ਦੇ ਬੂਹੇ ਬੈਠਾ ਦਿੱਤਾ। ਭੂਗੋਲ ਰਾਜਨੀਤੀ ਵਿਚ ਕੰਡਾ ਬਣ ਜਾਣ ਕਾਰਨ ਅਰਬਾਂ ਅਤੇ ਯੂਰਪ ਦੀ ਲੜਾਈ ਦਾ ਭਾਰ ਯਹੂਦੀਆਂ ਦੇ ਮੋਢਿਆਂ ਉਤੇ ਤੁਲਦਾ ਰਹਿੰਦਾ ਹੈ। ਇਹੋ ਕਾਰਨ ਹੈ ਕਿ ਪਿਛਲੀ ਪੌਣੀ ਸਦੀ ਵਿਚ ਇਜਰਾਇਲ ਇਕੋ ਇਕ ਮੁਲਕ ਹੈ ਜਿਹੜੇ ਨੇ ਏਨੇ ਛੋਟੇ ਵਿਤ ਨਾਲ ਦਰਜਨ ਤੋਂ ਵੱਧ ਛੋਟੀਆਂ ਵੱਡੀਆਂ ਜੰਗਾਂ ਲੜੀਆਂ ਹਨ। ਬਹੁਤ ਸੰਭਵ ਹੈ ਕਿ ਇਜਰਾਈਲ ਨਾ ਹੋਣ ਦੀ ਸੂਰਤ ਵਿਚ ਇਹ ਜੰਗਾਂ ਇਸਲਾਮ-ਇਸਾਈਅਤ ਅਤੇ ਅਰਬ-ਪੱਛਮ ਦੀਆਂ ਜੰਗਾਂ ਹੋਣੀਆਂ ਸਨ। ਇਸ ਲਈ ਇਹ ਗੱਲ ਸਮਝਣੀ ਬਣਦੀ ਹੈ ਕਿ ਜੋ ਹੋਇਆਂ ਉਹ ਸਭ ਓਹਨਾਂ ਦੀ ਸਿਆਣਪ ਹੀ ਸੀ ਜਾਂ ਕੁਝ ਹੋਰ ਵੀ। ਜੇ ਯਹੂਦੀ ਆਪਣੇ ਸਿਧਾਂਤ ਇਤਿਹਾਸ ਅਤੇ ਅਮਲ ਦੀ ਸੇਧ ਵਿੱਚ ਪੱਕੇ ਵੀ ਹੋਣ ਤਾਂ ਵੀ ਓਹਨਾਂ ਦੀ ਰੀਸ ਨਾ ਸਿੱਖਾਂ ਨੂੰ ਦੁਨੀਆ ਵਿਚ ਥਾਂ ਦਵਾ ਸਕਦੀ ਹੈ ਅਤੇ ਨਾ ਹੀ ਪੰਥਕ ਭਾਵਨਾ ਭਰਨ ਦੇ ਕੰਮ ਆ ਸਕਦੀ ਹੈ।
6. ਸਿੱਖ ਅਤੇ ਸਾਜਿਸ਼ ਜੋ ਹੁਣ ਸਤਾਬਦੀ ਮੌਕੇ ਪੰਜਾਬ ਅਤੇ ਭਾਰਤ ਦੀ ਮੁਖਧਾਰਾ ਦਾ ਰਾਜਨੀਤਕ ਵਿਹਾਰ ਹੈ ਜੇ ਇਹ ਹੀ ਏਹਨਾਂ ਦੀ ਸਾਜਿਸ਼ੀ ਸਮਰੱਥਾ ਹੈ ਤਾਂ ਇਤਿਹਾਸ ਵਿਚ ਵੀ ਇਹੋ ਜਿਹੀ ਸਾਜਿਸ ਹੀ ਹੋਈ ਹੋਣੀ ਏ, ਜੇ ਇਹ ਕੁਝ ਹੋਰ ਹੋ ਸਕਦਾ ਹੈ ਤਾਂ ਬਹੁਤ ਸੰਭਵ ਹੈ ਕਿ ਇਤਿਹਾਸ ਵਿਚ ਵੀ ਕੁਝ ਹੋਰ ਹੋਣ ਦੀ ਸੰਭਾਵਨਾ ਅੱਜ ਤੋਂ ਵਧੇਰੇ ਪਈ ਹੋਵੇ ਕਿਉਂਕਿ ਓਦੋਂ ਅੱਜ ਵਾਂਗ ਸਾਜਿਸ਼ ਵਿਗਿਆਨ ਦੀ ਖੋਜ ਨਹੀਂ ਹੋਈ ਸੀ ਅਤੇ ਸਿੱਖਾਂ ਨੂੰ ‘ਮੈਂ ਤੇ ਬਾਪੂ ਕੱਲੇ ਅਤੇ ਚੋਰ ਤੇ ਸੋਟੀ ਦੋ ਜਣੇ’ ਵਿਖਾਈ ਨਹੀਂ ਦਿੰਦੇ ਸਨ।
ਮੂਲ ਸਵਾਲ ਹੈ ਕਿ ਬ੍ਰਾਹਮਣਵਾਦੀਆਂ ਦੇ ਬਹੁਤੇ ਸਿਆਣੇ ਅਤੇ ਵੱਡੇ ਸਾਜਿਸ਼ੀ ਹੋਣ ਦੀ ਗੱਲ ਵਿਦਵਤਾ ਦੇ ਖਾਤੇ ਵਿਚ ਮਸ਼ਹੂਰ ਕਿਵੇਂ ਹੋਈ? ਜੇ ਉਪਰਲੇ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਇਹਦੇ ਉਤਰ ਵਜੋਂ ਕੋਈ ਵਜਹ ਮੰਨਣੀ ਹੋਵੇ ਤਾਂ ਇਹ ਲਗਦਾ ਹੈ ਇਤਿਹਾਸਕਾਰੀ ਦੀ ਉਧਾਰੀ ਉਲਾਰੂ ਵਿਧੀ। ਸਿੱਖਾਂ ਬਾਰੇ ਸਿੱਖ ਅਤੇ ਗੈਰ ਸਿੱਖ ਲਿਖਾਰੀਆਂ ਨੇ ਬਹੁਤੇ ਲੇਖੇ ‘ਸੰਭਵ ਕੀ ਸੀ ’ ਦੇ ਨੁਕਤੇ ਤੋਂ ਲਾਏ ਹਨ ਪਰ ਮਾਪਦੰਡ ਵਾਰ ਵਾਰ ‘ਚਾਹੀਦਾ ਸੀ/ਹੈ’ ਦਾ ਰੱਖਿਆ ਹੋਇਆ ਹੈ। ਸੰਭਵ ਅਤੇ ਚਾਹੀਦੇ ਵਿਚ ਅਕਸਰ ਵੱਡਾ ਫਰਕ ਹੁੰਦਾ ਹੈ। ਸਭ ਤੋਂ ਵੱਡਾ ਕਾਣ ਇਹ ਸੀ ਕਿ ਚਾਹੀਦਾ ਵੀ ਦੂਜਿਆਂ ਦੇ ਹਿਸਾਬ ਦਾ ਹੈ ਜਿਥੇ ਸਿੱਖਾਂ ਦੀ ਪਰਾਪਤੀ ਨੂੰ ਹੋਰਾਂ ਦੀ ਪਰਾਪਤੀ ਦੇ ਮੇਚੇ ਨਾਲ ਮਿਣਿਆ ਜਾਂਦਾ ਹੈ। ਮਿਸਾਲ ਵਜੋਂ ਸਿੱਖਾਂ ਸਾਹਮਣੇ ਸਿਆਣਪ ਦੇ ਮਾਪਦੰਡ ਹੀ ਆਰੀਆ ਨਸਲ ਵਾਲੇ ਬਣੇ ਕਿ ਵੇਖੋ ਯਹੂਦੀਆਂ ਅਤੇ ਬ੍ਰਾਹਮਣਵਾਦੀਆਂ ਨੇ ਦਿਮਾਗ ਨਾਲ ਦੁਨੀਆਂ ਉਤੇ ਰਾਜ ਕਰ ਲਿਆ ਹੈ। ਤਕੜੇ ਅਤੇ ਹੁਨਰੀ ਗੋਰਿਆਂ ਨੂੰ ਮੰਨ ਲਿਆ ਕਿ ਵੇਖੋ ਓਹਨਾਂ ਨੇ ਕਾਢਾਂ ਕੱਢੀਆਂ, ਵੇਖੋ ਓਹਨਾਂ ਨੇ ਦੁਨੀਆ ਜਿੱਤ ਲਈ। ਇਹ ਮਿਥ ਨੂੰ ਐਡਵਰਡ ਸਈਅਦ ਨੇ 1960 ਤੇ ਨੇੜੇ ਭੰਨਿਆ ਤਾਂ ਸਭ ਨੇ ਮੰਨ ਲਿਆ ਪਰ ਭਾਰਤੀ ਅਤੇ ਪੰਜਾਬੀ ਵਿਦਵਤਾ ਨੇ ਫਿਰ ਵੀ ਨਹੀਂ ਮੰਨਿਆ ਕਿਉਂਕਿ ਇਹ ਗੱਲ ਓਹਨਾਂ ਦੇ ਹਿਤਾਂ ਨੂੰ ਠੀਕ ਨਹੀਂ ਬੈਠਦੀ ਸੀ। ਇਸੇ ਕਰਕੇ ਪੰਜਾਬੀ ਵਾਲਿਆਂ ਨੇ ਪੂਰਨ ਸਿੰਘ ਨੂੰ ਦਾਰਸ਼ਨਿਕ ਮੰਨਣ ਦੀ ਥਾਂ ਅਲਬੇਲੇ ਸ਼ਾਇਰ ਤੱਕ ਬੰਨ੍ਹ ਰੱਖਿਆ।
ਜੇ ਸਿੱਖ ਲਿਖਾਰੀਆਂ ਨੇ ਜਾਂ ਸਿੱਖਾਂ ਬਾਰੇ ਇਤਿਹਾਸਕਾਰੀ ਕਰਨ ਵਾਲਿਆਂ ਨੇ ਮਾਪਦੰਡ ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਨੂੰ ਵੀ ਬਣਾ ਲਿਆ ਹੁੰਦਾ ਕਿ ਸਿੱਖ ਸਿਧਾਂਤ ਦੋਵੇਂ ਦਰਸ਼ਨ ਧਾਰਾਂ ਅਤੇ ਜੀਵਨ ਦੇ ਸਾਰੇ ਰਾਹਾਂ ਨੂੰ ਕਿਵੇਂ ਅੰਗਦਾ ਹੈ ਤਾਂ ਸਾਰੀ ਇਤਿਹਾਸਕਾਰੀ ਅਤੇ ਅਜੋਕੀ ਵਿਆਖਿਆ ਦਾ ਬਿਰਤਾਂਤ ਹੋਰ ਹੋਣਾ ਸੀ। ਸਚਮੁਚ ਸਭ ਕੁਛ ਬਦਲ ਜਾਣਾ ਸੀ। ਮੁਗਲਾਂ ਦੀ ਮੰਦੀ ਹਾਲਤ ਵੇਲੇ ਬੁਲ਼ੇ ਸ਼ਾਹ ਇਸੇ ਲਈ ਕਹਿ ਰਿਹਾ ਸੀ ਕਿ ਉਲਟੇ ਹੋਰ ਜਮਾਨੇ ਆਏ ਕਿਉਂਕਿ ਉਹਨੂੰ ਸਾਹਮਣੇ ਦਿਸ ਰਿਹਾ ਸੀ ਕਿ ਜਿੰਦਗੀ ਦਾ ਮਾਪਦੰਡ ਬਦਲਣ ਨਾਲ ਪਦਾਰਥਕ ਸਚਾਈ ਵਰਗੇ ਹਾਲਾਤ ਬਦਲ ਗਏ। ਅਣਹੋਣੀਆਂ ਹੋ ਰਹੀਆਂ ਸਨ ਉਹਨੇ ਸੱਤਾਧਾਰੀ ਧਿਰ ਦੀ ਬਦਲਦੀ ਸਚਾਈ ਬਿਆਨੀ ਹੈ ਕਿ ‘ਬਾਜਾਂ ਨੂੰ ਖਰਗੇਸਾਂ ਖਾਧਾ ਜੁਰੇ ਚਿੜੀਆ ਮਾਰ ਗੁਆਏ’।ਜਿਵੇਂ ਅੱਜ ਇਕ ਹੋਰ ਸ਼ਾਇਰ ਕਹਿੰਦਾ ਹੈ ਕਿ ‘ਇਕ ਸਦੀ ਪਹਿਲਾਂ ਅਸੀਂ ਸ਼ੇਰੇ ਪੰਜਾਬ ।ਇਕ ਸਦੀ ਪਿਛੋ ਅਸੀਂ ਹਾਜਰ ਜਨਾਬ’। ਜਾਂ ‘ਸਾਡਾ ਚੰਨ ਓਹਨਾਂ ਦਾ ਜੁਗਨੂੰ ਕਰਦੇ ਬੜੀ ਕੁਪੱਤ’। ਦੋਵੇ ਸ਼ਾਇਰ ਆਪਣੇ ਵੇਲਿਆਂ ਦਾ ਜੀਵਨ ਮਾਪਦੰਡ ਬਦਲ ਜਾਣ ਨਾਲ ਬਦਲੇ ਹਾਲਾਤ ਦਾ, ਅਜਾਦਾਂ ਤੋਂ ਗੁਲਾਮ ਹੋਣ ਦਾ ਸੱਚ ਕਹਿ ਰਹੇ ਹਨ।
ਚਾਹੇ ਅਮਰੀਕਾ ਵਾਲੇ ਹੈਤੀ ਖਿਲਾਫ ਹੀ ਸਾਜਿਸ਼ ਕਿਉਂ ਨਾ ਕਰਦੇ ਹੋਣ ਪਰ ਬੰਦਾ ਡਰ ਬਿਨਾ ਦੂਜੇ ਦੇ ਨੁਕਸਾਨ ਦੀ ਵਿਉਂਤ ਨਹੀ ਬਣਾਉਦਾ। ਜੇ ਸਾਨੂੰ ਅੰਦਾਜਾ ਲਗਦਾ ਹੈ ਕਿ ਫਲਾਨਿਆਂ ਦੀ ਫਲਾਨੀ ਚਾਲ ਨਾਲ ਸਾਡਾ ਭਵਿਖ ਧੁੰਦਲਾ ਹੋ ਜਾਵੇਗਾ ਤਾਂ ਓਹਨਾਂ ਦੇ ਭਵਿਖ ਬਾਬਤ ਵੀ ਅੰਦਾਜਾ ਕਰਨਾ ਚਾਹੀਦਾ ਹੈ ਕਿ ਜਿਸ ਨੂੰ ਸਾਜਿਸ਼ ਕਰਨ ਦੀ ਲੋੜ ਪੈ ਰਹੀ ਹੈ, ਓਹਦਾ ਭਵਿਖ ਕਿਹੋ ਜਿਹਾ ਹੋਣ ਵਾਲਾ ਹੈ। ਡਰ ਦੇ ਮਾਰਿਆਂ ਕੱਠੇ ਹੋਣ ਵਿਚ ਅਤੇ ਔਖ ਵੇਲੇ ਇਕੱਠੇ ਹੋਣ ਵਿਚ ਬਹੁਤ ਫਰਕ ਹੁੰਦਾ ਹੈ। ਅਗਿਆਨਤਾ ਅਣਜਾਣਤਾ ਹਰ ਧਿਰ ਦੇ ਬੰਦਿਆਂ ਵਿਚ ਹੁੰਦੀ ਹੈ ਅਤੇ ਮੌਕਾ ਮੇਲ ਵੀ ਜਿੰਦਗੀ ਦੀ ਸਹਿਜ ਚਾਲ ਦੇ ਚਮਤਕਾਰ ਹੀ ਹੁੰਦੇ ਹਨ। ਇਸਲਾਮੀ ਪੈਗੰਬਰ ਨਾਲ ਜੁੜੀ ਵਾਰਤਾ ਹੈ ਕਿ ਰੱਬ ਤੇ ਭਰੋਸਾ ਹੋਵੇ ਤਾਂ ਇਕ ਮਕੜੀ ਜਾਲਾ ਤਣਕੇ ਹੀ ਸਾਰੀ ਦੁਨੀਆ ਦਾ ਇਤਿਹਾਸ ਬਦਲ ਦਿੰਦੀ ਹੈ। ਜਿਹੜੇ ਗੁਰੂ ਤੇ ਭਰੋਸਾ ਰਖਦੇ ਹਨ ਓਹ ਮਹਿਸੂਸ ਕਰ ਸਕਦੇ ਹਨ ਕਿ
ਨੀਕੀ ਕੀਰੀ ਮਹਿ ਕਲ ਰਾਖੈ|| ਭਸਮ ਕਰੈ ਲਸਕਰ ਕੋਟਿ ਲਾਖੈ||
ਪੰਥ ਅੰਦਰ ‘ਸਵਾ ਲਾਖ ਸੇ ਏਕ ਲੜਾਊ’ ਦਾ ਯਕੀਨ ਹਵਾ ਵਿਚੋ ਪੈਦਾ ਨਹੀਂ ਹੋਇਆ। ਇਹ ਦੋਹਰੇ ਨੂੰ ਸਿਰਫ ਜੰਗ ਦੇ ਅਰਥਾਂ ਵਿਚ ਨਹੀਂ ਜਾਣਨਾ ਚਾਹੀਦਾ ਸਗੋਂ ਇਹ ਦਿਸਦੇ ਸੰਸਾਰ ਦੀ ਟੇਕ ਅਤੇ ਅਰਥ ਬਦਲਣ ਵਾਲਾ ਹੈ। ਜਿਥੋਂ ਪਤਾ ਲਗਦਾ ਹੈ ਕਿ ਜਿੰਦਗੀ ਦੇ ਅਥਾਹ ਸਮੁੰਦਰ ਵਿਚ ਸਾਜਿਸ਼ਾਂ ਦੀ ਹਸਤੀ ਬੂੰਦ ਸਮਾਨ ਵੀ ਨਹੀਂ ਹੈ ਇਥੇ ਕੁਝ ਹੋਰ ਨੇਮ ਚਲਦੇ ਹਨ ਜਿਹੜੇ ਸਾਜਿਸ਼ਾਂ ਕਰਨ ਵਾਲਿਆਂ ਅਤੇ ਸਾਜਿਸ਼ਾਂ ਤੋਂ ਡਰਨ ਵਾਲਿਆਂ ਨੂੰ ਚਾਹ ਕੇ ਵੀ ਸਮਝ ਨਹੀਂ ਲਗਦੇ। ਜਿਹੜੇ ਬੰਦੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਗਾ ਸਕਦੇ ਹਨ ਅਤੇ ਜਿਹੜਿਆਂ ਨੂੰ ਨਿਸ਼ਚਾ ਹੈ ਕਿ ਹਰਿ ਬਿਨੁ ਕੋਈ ਮਾਰ ਜੀਵਾਲਿ ਨ ਸਕੈ ਓਹ ਜਾਣਦੇ ਹਨ ਕਿ ਹੋਂਦ ਅਤੇ ਕਰਮ ਦੇ ਨੇਮ ਸਿਰਫ ਥਾਂ ਅਤੇ ਸਮੇ ਦੀ ਦਲੀਲੀ ਅਤੇ ਲਕੀਰੀ ਸਮਝ ਦੇ ਮੁਥਾਜ ਨਹੀਂ ਹਨ। ਇਹ ਮੁਥਾਜੀ ਹੀ ਉਹ ਸਮਰਥਾ ਹੈ ਜਿਸ ਨੇ ਸਾਜਿਸ਼ਾਂ ਕਰਨ ਵਾਲੇ ਅਤੇ ਓਹਨਾਂ ਤੋਂ ਡਰਨ ਵਾਲੇ ਮਨਾਂ ਵਿਚ ਘੋਰਨੇ ਬਣਾਏ ਹੁੰਦੇ ਹਨ।
ਸਮੇਂ ਦੀ ਛਾਂ ਹੇਠ ਥਾਂ ਦੀ ਲਕੀਰ ਨਾਲ ਬਣੇ ਦਲੀਲੀ ਅਮਲ ਦੇ ਘੇਰੇ ਜੀਵ ਦੀ ਹੋਂਦ ਦੁਆਲਿਓਂ ਉਹਦੀ ਰਜਾ ਬਿਨ ਨਹੀਂ ਟੁਟਦੇ।
⊕ ਇਹ ਵੀ ਪੜ੍ਹੋ – ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…
Related Topics: 550th Gurpurab of Guru Nanak Sahib, 550th Parkash Gurpurab of Guru Nanak Ji, Articles by Dr. Sewak Singh, Dera Baba Nanak to Kartarpur Sahib Corridor, Dr. Sewak Singh, Gurduara Kartarpur Sahib, Gurdwara Kartarpur Sahib, Gurdwara Sri Darbar Sahib Narowal Kartarpur Pakistan, Guru Nanak Dev jI 550th Birth Celebrations, Kartarpur Corridor, Sewak Singh