ਸਿਆਸੀ ਖਬਰਾਂ » ਸਿੱਖ ਖਬਰਾਂ

ਦਲ ਖਾਲਸਾ ਦੀ ਕਾਨਫਰੰਸ ਵਿਚ ਸੰਯੁਕਤ ਰਾਸ਼ਟਰ ਅਧੀਨ ਪੰਜਾਬ ਅੰਦਰ ਰੈਫਰੈਡਮ ਕਰਵਾਉਣ ਦੀ ਮੰਗ ਦਾ ਮਤਾ ਪਾਸ

August 14, 2017 | By

ਜਲੰਧਰ: ਅਜ਼ਾਦੀ ਦੇ ਮੌਲਿਕ ਅਧਿਕਾਰ ਦੀ ਬਹਾਲੀ ਲਈ ਆਪਣੀ ਵਚਨਬੱਧਤਾ ਦੁਹਰਾਉਦਿਆਂ, ਦਲ ਖਾਲਸਾ ਨੇ ਭਾਰਤੀ ਆਗੂਆਂ ਉੱਤੇ ਉਹਨਾਂ ਸਾਰੇ ਲਿਖਤੀ ਅਤੇ ਜ਼ਬਾਨੀ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਇਆ ਜੋ ਉਹਨਾਂ ਵੰਡ ਮੌਕੇ ਸਿੱਖਾਂ ਨੂੰ ਭਾਰਤੀ ਯੂਨੀਅਨ ਵਿੱਚ ਸ਼ਾਮਿਲ ਕਰਨ ਲਈ ਸਿੱਖ ਲੀਡਰਸ਼ਿਪ ਨਾਲ ਕੀਤੇ ਸਨ।

ਦਲ ਖਾਲਸਾ ਵਲੋਂ ਜਲੰਧਰ ਵਿਖੇ ਕੱਢੇ ਗਏ ਮਾਰਚ ਦਾ ਦ੍ਰਿਸ਼-1

ਦਲ ਖਾਲਸਾ ਵਲੋਂ ਜਲੰਧਰ ਵਿਖੇ ਕੱਢੇ ਗਏ ਮਾਰਚ ਦਾ ਦ੍ਰਿਸ਼-1

ਬ੍ਰਿਟੇਨ ਵਲੋਂ ਸਕੌਟਲੈਂਡ ਅਤੇ ਕੈਨੇਡਾ ਵਲੋਂ ਕਿਊਬੈਕ ਵਿਚ ਦੋ ਵਾਰ ਰੈਫਰੈਂਡਮ ਕਰਾਉਣ ਦਾ ਹਵਾਲਾ ਦਿੰਦਿਆਂ ਜਥੇਬੰਦੀ ਨੇ ਦਿੱਲੀ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਉਹ ਪੰਜਾਬ ਅਤੇ ਕਸ਼ਮੀਰ ਵਿਚ ਰਾਇਸ਼ੁਮਾਰੀ ਕਰਾਉਣ ਤੋਂ ਕਿਉਂ ਭੱਜ ਰਹੀ ਹੈ। ਭਾਰਤ ਦੇ 70ਵੇਂ ਅਜ਼ਾਦੀ ਦਿਹਾੜੇ ਮੌਕੇ ਸਿੱਖ ਅਜ਼ਾਦੀ ਪਸੰਦ ਪਾਰਟੀ ਦਲ ਖਾਲਸਾ ਵਲੋਂ ਕਰਵਾਈ ਗਈ ਇਕ ਕਾਨਫਰੰਸ ਵਿਚ ਸੰਯੁਕਤ ਰਾਸ਼ਟਰ ਅਧੀਨ ਪੰਜਾਬ ਅੰਦਰ ਰੈਫਰੈਡਮ ਕਰਵਾਉਣ ਦੀ ਮੰਗ ਸਬੰਧੀ ਮਤਾ ਪਾਸ ਕੀਤਾ ਗਿਆ।

ਦਲ ਖਾਲਸਾ ਵਲੋਂ ਜਲੰਧਰ ਵਿਖੇ ਕੱਢੇ ਗਏ ਮਾਰਚ ਦਾ ਦ੍ਰਿਸ਼-2

ਦਲ ਖਾਲਸਾ ਵਲੋਂ ਜਲੰਧਰ ਵਿਖੇ ਕੱਢੇ ਗਏ ਮਾਰਚ ਦਾ ਦ੍ਰਿਸ਼-2

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਕਰਵਾਈ ਗਈ ਕਾਨਫਰੰਸ ਦੇ ਇਕੱਠ ਵਿਚ ਬਸਤੀਵਾਦੀ ਦੇਸ਼ਧ੍ਰੋਹ ਕਾਨੂੰਨ ਦੀ ਦੁਰਵਰਤੋ, ਨਸਲੀ ਘੱਟ-ਗਿਣਤੀਆਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਖੋਹਣ, ਗਊ-ਰੱਖਿਅਕਾਂ ਵਲੋਂ ਦਲਿਤਾਂ ਅਤੇ ਮੁਸਲਮਾਨਾਂ ‘ਤੇ ਹੋ ਰਹੇ ਹਮਲਿਆਂ ਅਤੇ ਘੱਟ-ਗਿਣਤੀਆਂ ‘ਤੇ ਠੋਸੇ ਜਾ ਰਹੇ ਝੂਠੇ-ਰਾਸ਼ਟਰਵਾਦ ਪ੍ਰਤੀ ਚਿੰਤਾ ਪ੍ਰਗਟ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ 15 ਅਗਸਤ ਨੂੰ ਕਾਲਾ ਦਿਨ ਦੱਸਦਿਆਂ ਸਰਕਾਰੀ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ।

ਦਲ ਖਾਲਸਾ ਵਲੋਂ ਜਲੰਧਰ ਵਿਖੇ ਕੱਢੇ ਗਏ ਮਾਰਚ ਦਾ ਦ੍ਰਿਸ਼-3

ਦਲ ਖਾਲਸਾ ਵਲੋਂ ਜਲੰਧਰ ਵਿਖੇ ਕੱਢੇ ਗਏ ਮਾਰਚ ਦਾ ਦ੍ਰਿਸ਼-3

ਵੱਖ-ਵੱਖ ਸਮੇਂ ‘ਤੇ ਵੱਖ-ਵੱਖ ਪਾਰਟੀਆਂ ਅਤੇ ਅਫਸਰਸ਼ਾਹੀ ਦੇ ਸਮਰਥਨ ਨਾਲ ਵਹਿਸ਼ੀ ਭੀੜਾਂ ਵਲੋਂ ਦਲਿਤਾਂ, ਸਿੱਖਾਂ, ਇਸਾਈਆਂ ਅਤੇ ਮੁਸਲਮਾਨਾਂ ਦੇ ਕਤਲੇਆਮਾਂ ਦਾ ਹਵਾਲਾ ਦਿੰਦਿਆਂ ਉਹਨਾਂ ਸਵਾਲ ਪੁੱਛਿਆ ਕਿ ਭਾਰਤ ਅੰਦਰ ਗਾਂ ਹੱਤਿਆ ‘ਤੇ ਹੀ ਪਾਬੰਦੀ ਕਿਉਂ ਅਤੇ ਮਨੁੱਖੀ ਹੱਤਿਆ ‘ਤੇ ਪਾਬੰਦੀ ਕਿਉਂ ਨਹੀਂ। ਸੱਤਾਧਾਰੀ ਧਿਰ ‘ਤੇ ਤੰਜ਼ ਕਸਦਿਆਂ, ਬੁਲਾਰਿਆਂ ਦਾ ਕਹਿਣਾ ਸੀ ਕਿ ਪਸ਼ੂ ਦੀ ਸੁਰੱਖਿਆ ਦੀ ਆੜ ਹੇਠ ਹਿੰਦੁਤਵ ਨਾਲ ਜੁੜੀਆਂ ਧਿਰਾਂ ਇਸ ਨੂੰ ਚੋਣ ਫਾਇਦੇ ਲਈ ‘ਦੁਧਾਰੂ’ ਗਾਂ ਵਾਂਗ ਵਰਤ ਰਹੇ ਸਨ।

ਦਲ ਖਾਲਸਾ ਦੇ ਬੁਲਾਰੇ ਨੇ ਕਿਹਾ ਕਿ ਉਹ ਸਵੈ-ਨਿਰਣੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ ਭਾਵੇਂ ਕਿ ਭਾਰਤ ਨੇ ਇਸ ਸਬੰਧੀ ਸਾਜਸ਼ੀ ਚੁੱਪ ਧਾਰ ਰੱਖੀ ਹੈ। ਉਹਨਾਂ ਦਾ ਕਹਿਣਾ ਸੀ ਕਿ ਸਿੱਖਾਂ ਅਤੇ ਸਿੱਖ ਲੀਡਰਸ਼ਿਪ ਦਾ ਬਾਹਰੀ ਰਵਈਆ ਕਿਸ ਤਰ੍ਹਾਂ ਦਾ ਵੀ ਹੋਵੇ ਇੱਕ ਗੱਲ ਸਾਫ ਹੈ ਕਿ ਸਿੱਖਾਂ ਨਾਲ ਭਾਰਤ ਅੰਦਰ ਹੋ ਰਹੇ ਵਿਹਾਰ ਤੋਂ ਉਹਨਾਂ ਅੰਦਰ ਗੁੱਸਾ ਅਤੇ ਬੇਗਾਨਗੀ ਪਨਪ ਰਹੀ ਹੈ।

ਦਲ ਖਾਲਸਾ ਵਲੋਂ ਜਲੰਧਰ ਵਿਖੇ ਕੱਢੇ ਗਏ ਮਾਰਚ ਦਾ ਦ੍ਰਿਸ਼-4

ਦਲ ਖਾਲਸਾ ਵਲੋਂ ਜਲੰਧਰ ਵਿਖੇ ਕੱਢੇ ਗਏ ਮਾਰਚ ਦਾ ਦ੍ਰਿਸ਼-4

ਪਾਰਟੀ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਰਾਸ਼ਟਰਵਾਦ ਦੇ ਨਾਂ ਹੇਠ ਅਦਾਲਤਾਂ ਅਤੇ ਪ੍ਰਸ਼ਾਸਨ ਵਲੋਂ ਲੋਕਾਂ ‘ਤੇ ਜ਼ਬਰੀ ਠੋਸੇ ਜਾ ਰਹੇ ‘ਜਨ ਗਨ ਮਨ’ ਨੂੰ ਰੱਦ ਕਰਦੇ ਹੋਏ ਸਪੱਸ਼ਟ ਕੀਤਾ ਕਿ ਇਹ ਸਤਰਾਂ ਸਿੱਖ ਭਾਈਚਾਰੇ ਦੇ ਸੁਤੰਤਰ ਸਟੇਟਸ ਦੀ ਨੁਮਾਇੰਦਗੀ ਨਹੀਂ ਕਰਦੀਆਂ।

36 ਸਾਲ ਪੁਰਾਣੇ ਜਹਾਜ਼ ਅਗਵਾ ਕੇਸ ਵਿਚ ਦਲ ਖਾਲਸਾ ਦੇ ਪੰਜ ਆਗੂਆਂ ਖਿਲਾਫ ਦੇਸ਼ਧ੍ਰੋਹ ਦੇ ਦੋਸ਼ਾਂ ਹੇਠ ਨਵੇਂ ਸਿਰਿਉਂ ਦੁਬਾਰਾ ਕੇਸ ਚਲਾਉਣ ਲਈ ਬੁਲਾਰਿਆਂ ਨੇ ਭਾਰਤ ਸਰਕਾਰ ਖਿਲਾਫ ਗੁੱਸਾ ਪ੍ਰਗਟ ਕੀਤਾ। ਹਾਲ ਵਿਚ ਇਹਨਾਂ ਪੰਜ ਆਗੂਆਂ ਦੀ ਤਸਵੀਰ ਵਾਲਾ ਇਕ ਵੱਡਾ ਪੋਸਟਰ ਲਾਇਆ ਗਿਆ ਸੀ ਜਿਸ ‘ਤੇ ਲਿਖਿਆ ਸੀ- ਸਿੱਖਾਂ ਲਈ, ਹਮੇਸ਼ਾ ਵਾਂਗ, ਭਾਰਤ ਵਿਚ ਕਾਨੂੰਨ ਅੰਨ੍ਹਾ ਹੈ। ਉਹਨਾਂ ਇੰਦਰਾ ਗਾਂਧੀ ਲਈ ਜਹਾਜ਼ ਅਗਵਾ ਦੀ ਘਟਨਾ ਦਾ ਹਵਾਲਾ ਦਿੰਦਿਆਂ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਹਿੰਦੂ ਆਗੂ ਦੀ ਰਿਹਾਈ ਲਈ ਜਹਾਜ਼ ਅਗਵਾ ਦੇਸ਼-ਭਗਤੀ ਅਤੇ ਸਿੱਖ ਆਗੂ (ਸੰਤ ਭਿੰਡਰਾਂਵਾਲਿਆਂ) ਦੀ ਰਿਹਾਈ ਲਈ ਜਹਾਜ਼ ਅਗਵਾ ਦੇਸ਼-ਧ੍ਰੋਹ।

ਦੇਸ਼ ਧਰੋਹ ਬਾਰੇ ਗੱਲ ਕਰਦਿਆਂ ਬੁਲਾਰਿਆਂ ਨੇ ਇਸ ਨੂੰ ਪੁਰਾਣੇ ਯੁਗ ਦਾ ਕਾਨੂੰਨ ਦੱਸਿਆ। ਇਸ ਕਾਨੂੰਨ ਨੂੰ “ਇਤਰਾਜ਼ਯੋਗ ਅਤੇ ਘਿਣਾਉਣਾ ਮੰਨਦੇ ਹੋਏ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਹ ਕਾਨੂੰਨ ਆਮ ਲੋਕਾਂ ਨੂੰ ਜ਼ਲੀਲ ਅਤੇ ਤੰਗ ਕਰਨ ਲਈ ਅਧਿਕਾਰੀਆਂ ਦੇ ਹੱਥਾਂ ਵਿਚ ਇਕ ਸੰਦ ਵਾਂਗ ਹੈ।

ਇਕੱਠ ਵਿਚ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਇਹ ਸ਼ਰਮਨਾਕ ਗੱਲ ਹੈ ਕਿ ਭਾਰਤ 70 ਸਾਲ ਬਾਅਦ ਵੀ ਇਸ ਬਸਤੀਵਾਦੀ ਯੁੱਗ ਦੇ ਕਾਨੂੰਨ ਨੂੰ ਖਤਮ ਕਰਨ ਵਿੱਚ ਅਸਫਲ ਰਿਹਾ। ਬ੍ਰਿਟੇਨ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਦੇਸ਼ਧ੍ਰੋਹ ਕਾਨੂੰਨ ਖ਼ਤਮ ਕਰ ਦਿੱਤੇ ਹਨ ਅਤੇ ਹੁਣ ਸਮਾਂ ਹੈ ਕਿ ਭਾਰਤ ਵੀ ਇਸ ਕਾਲੇ ਕਾਨੂੰਨ ਨੂੰ ਖਤਮ ਕਰ ਦੇਵੇ।

ਦਿੱਲੀ ਤੋਂ ਜੇ.ਐਨ.ਯੂ ਦੇ ਵਿਦਿਆਰਥੀ ਆਗੂ ਉਮਰ ਖਾਲਿਦ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਯੂਥ ਆਗੂ ਮਨਧੀਰ ਸਿੰਘ, ਸਾਬਕਾ ਫੈਡਰੇਸ਼ਨ ਆਗੂ ਪਰਮਜੀਤ ਸਿੰਘ ਗਾਜ਼ੀ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਦਲਿਤ ਆਗੂ ਰਜਿੰਦਰ ਰਾਣਾ, ਬਾਬਾ ਅਵਤਾਰ ਸਿੰਘ ਸਾਂਧਾਵਾਲਾ ਨੇ ਵੀ ਸੰਬੋਧਨ ਕੀਤਾ।

ਪਾਰਟੀ ਨਾਲ ਜੁੜੇ ਸੈਂਕੜੇ ਨੌਜਵਾਨ ਕਾਰਕੁਨਾਂ ਨੇ ਸ਼ਹਿਰ ਦੀਆਂ ਸੜਕਾਂ ‘ਤੇ ਮਾਰਚ ਕਰਦਿਆਂ 70 ਸਾਲਾਂ ਦੀ ਗ਼ੁਲਾਮੀ, ਬੇਇਨਸਾਫੀ ਅਤੇ ਵਿਤਕਰੇ ਦੇ ਵਿਰੁੱਧ ਆਪਣਾ ਵਿਰੋਧ ਦਰਜ਼ ਕਰਵਾਇਆ। ਉਹਨਾਂ ਆਜ਼ਾਦੀ ਦੇ ਹੱਕ ਵਿੱਚ ਅਤੇ ਪੰਜਾਬ ਬਣੇਗਾ ਖਾਲਿਸਤਾਨ ਦੇ ਨਾਹਰੇ ਲਾਏ। ਉਹਨਾਂ ਹੱਥਾਂ ਵਿੱਚ ਕਾਲੇ ਝੰਡੇ ਅਤੇ 15 ਅਗਸਤ ਦੇ ਬਾਈਕਾਟ ਦਾ ਸੰਦੇਸ਼ ਦਿੰਦੀਆਂ ਤਖਤੀਆਂ ਫੜੀਆਂ ਹੋਈਆਂ ਸਨ।

ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਰਣਬੀਰ ਸਿੰਘ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਗੁਰਵਿੰਦਰ ਸਿੰਘ ਬਠਿੰਡਾ, ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਦੀਪ ਸਿੰਘ ਕਾਲਕੱਟ, ਨੋਬਲਜੀਤ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਸਤਾਨੀ, ਸਤਨਾਮ ਸਿੰਘ ਭਾਰਾਪੁਰ, ਕੁਲਵੰਤ ਸਿੰਘ ਫੇਰੂਮਾਨ, ਸੁਖਦੇਵ ਸਿੰਘ, ਦਲੇਰ ਸਿੰਘ ਆਦਿ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,