January 11, 2016 | By ਸਿੱਖ ਸਿਆਸਤ ਬਿਊਰੋ
ਬਟਾਲਾ (10 ਜਨਵਰੀ, 2015): ਦੇਸ਼ ਧਰੋਹ ਦੇ ਕੇਸ ਵਿੱਚੋਂ ਜ਼ਮਾਨਤ ਮਿਲਣ ਤੇ ਰਿਹਾਅ ਹੋਏ ਅਮਰੀਕੀ ਨਾਗਰਿਕ ਭੁਪਿੰਦਰ ਸਿੰਘ ਨੂੰ ਜੇਲ ਤੋਂ ਨਿਕਲਣ ਸਮੇਂ ਪੰਜਾਬ ਪੁਲਿਸ ਨੇ ਇੱਕ ਹੋਰ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ।
ਅਮਰੀਕਾ ਤੋਂ ਸਰਬੱਤ ਖਾਲਸਾ (2015) ਦੇ ਸਮਾਗਮ ਵਿੱਚ ਹਿੱਸਾ ਲੈਣ ਆਏ ਭੁਪਿੰਦਰ ਸਿੰਘ ਨੂੰ ਪੰਜਾਬ ਪੁਲਿਸ ਨੇ ਦੇਸ਼ ਧਰੋਹ ਦੇ ਕੇਸ ਵਿੱਚ ਬੰਦ ਕੀਤਾ ਹੋਇਆ ਸੀ। ਪਿਛਲੇ ਦਿਨੀ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਮਿਲ ਗਈ ਸੀ।
9 ਜਨਵਰੀ ਨੂੰ ਜਦ ਉਹ ਰਿਹਾਈ ਤੋਂ ਬਾਅਦ ਜੇਲ ਤੋਂ ਬਾਹਰ ਨਿਕਲੇ ਤਾਂ ਜੇਲ ਦੇ ਬਾਹਰ ਉਨ੍ਹਾਂ ਦੀ ਇੰਤਜ਼ਾਰ ਕਰ ਰਹੀ ਪੁਲਿਸ ਨੇ ਉਨ੍ਹਾਂ ਨੂਮ ਚੁੱਕ ਲਿਆ ਅਤੇ ਅੱਜ ਬਟਾਲਾ ਦੇ ਸਿਵਲ ਜੱਜ (ਜੂਨੀਅਰ ਡਵੀਜਨ) ਸ੍ਰੀਮਤੀ ਮੋਨਿਕਾ ਚੌਹਾਨ ਦੀ ਅਦਾਲਤ ‘ਚ ਪੇਸ਼ ਕੀਤਾ।ਪੁਲਿਸ ਨੇ ਅਦਲਾਤ ਤੋਂ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ, ਜਿਸਤੇ ਅਦਾਲਤ ਨੇ ਇਨਕਾਰ ਕਰਦਿਆਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ।
ਅੱਜ ਭੁਪਿੰਦਰ ਸਿੰਘ ਚੀਮਾਂ ਨੂੰ ਜੱਜ ਸ੍ਰੀਮਤੀ ਮੋਨਿਕਾ ਚੌਹਾਨ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਪੁਲਿਸ ਨੂੰ ਉਸ ਦਾ ਰਿਮਾਂਡ ਨਾ ਮਿਲਿਆ ਤੇ ਮੁੜ ਗੁਰਦਾਸਪੁਰ ਜ਼ੇਲ੍ਹ ਭੇਜ ਦਿੱਤਾ ਗਿਆ । ਇਸ ਮੌਕੇ ਸ: ਚੀਮਾਂ ਨੇ ਕਿਹਾ ਕਿ ਮੈਨੂੰ ਪੁਲਿਸ ਵੱਲੋਂ ਸਿਆਸੀ ਸ਼ਹਿ ‘ਤੇ ਝੂਠੇ ਕੇਸਾਂ ‘ਚ ਫਸਾਇਆ ਜਾ ਰਿਹਾ ਹੈ, ਕਿਉਂਕਿ ਮੇਰਾ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ (ਅ) ਨਾਲ ਸਬੰਧਿਤ ਹੈ ।
ਉਨ੍ਹਾਂ ਕਿਹਾ ਕਿ ਮੇਰਾ ਪਿਛੋਕੜ ਬਿਲਕੁਲ ਸਾਫ ਹੈ, ਪਰ ਪੁਲਿਸ ਮੈਨੂੰ ਝੂਠੇ ਕੇਸਾਂ ‘ਚ ਫਸਾ ਰਹੀ ਹੈ । ਸ: ਚੀਮਾਂ ਦੇ ਵਕੀਲ ਰਘਬੀਰ ਸਿੰਘ ਬਾਜਵਾ ਨੇ ਕਿਹਾ ਕਿ ਪੁਲਿਸ ਨੇ ਚੀਮਾਂ ‘ਤੇ ਧਾਰਾ 216 ਲਗਾਈ ਹੈ ਤੇ ਅਦਾਲਤ ਨੇ ਰਿਮਾਂਡ ਨਾ ਦਿੰਦਿਆਂ ਅਗਲੀ ਸੁਣਵਾਈ ਲਈ 22 ਜਨਵਰੀ ਦੀ ਤਰੀਕ ਦਿੰਦਿਆਂ ਗੁਰਦਾਸਪੁਰ ਜ਼ੇਲ੍ਹ ਭੇਜਿਆ ਹੈ ।
Related Topics: Punjab Police, Sarbat Kalsa(2015), Sedition Case