May 30, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਇਸ ਵੇਲੇ ਜਲ ਸੰਕਟ ਦੀਆਂ ਬਰੂਹਾਂ ਤੇ ਹੈ। ਸਮੇਂ-ਸਮੇਂ ਤੇ ਅਨੇਕਾਂ ਅੰਤਰ – ਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ, ਸਰਕਾਰੀ, ਗੈਰ – ਸਰਕਾਰੀ ਸੰਸਥਾਵਾਂ ਵੱਲੋਂ ਇਸ ਬਾਰੇ ਚੇਤੰਨ ਵੀ ਕੀਤਾ ਜਾਂਦਾ ਹੈ । ਪਿਛਲੇ ਦਿਨਾਂ ‘ਚ ਪੰਜਾਬ ਦੇ ਵੱਖ-ਵੱਖ ਖਿੱਤਿਆਂ ‘ਚੋਂ ਪਾਣੀ ਨਾਲ ਸੰਬੰਧਿਤ ਸਮੱਸਿਆਵਾਂ ਸਾਡੇ ਤੱਕ ਅਖ਼ਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਪਹੁੰਚ ਰਹੀਆਂ ਹਨ। ਇਹ ਸਮੱਸਿਆਵਾਂ ਮੁੱਖ ਤੌਰ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ, ਪੀਣਯੋਗ ਪਾਣੀ ਦੀ ਥੁੜ, ਨਹਿਰੀ ਪਾਣੀ ਜ਼ਹਿਰੀਲਾ ਹੋਣ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸੰਬੰਧਿਤ ਹਨ।
ਸਮੱਸਿਆਵਾਂ ਬਾਰੇ ਸਰਕਾਰਾਂ ਅਤੇ ਕੁਝ ਕੁ ਜਾਗਰੂਕ ਲੋਕ ਚੰਗੀ ਤਰ੍ਹਾਂ ਜਾਣਕਾਰ ਵੀ ਹਨ ਪਰ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਰਕਾਰੀ, ਸਮਾਜਿਕ ਅਤੇ ਨਿੱਜੀ ਪੱਧਰ ਤੇ ਹੱਲ ਨਹੀਂ ਕੀਤੇ ਗਏ। ਸਮਾਂ ਮੰਗ ਕਰਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਾਗਰੂਕ ਹੋਇਆ ਜਾਵੇ ਅਤੇ ਫੌਰੀ ਤੌਰ ਤੇ ਕਾਰਜਸ਼ੀਲ ਹੋਣ ਲਈ ਜਥੇਬੰਦ ਹੋਇਆ ਜਾਵੇ।
ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥਾ ਮਾਲਵਾ ਦੇ ਸਹਿਯੋਗ ਨਾਲ ਇਸ ਸਬੰਧੀ ਇੱਕ ਵਿਚਾਰ ਗੋਸ਼ਟੀ ਅਕਾਲ ਕਾਲਜ, ਮਸਤੂਆਣਾ ਸਾਹਿਬ ਵਿਖੇ ਕਰਵਾਈ ਗਈ। ਪ੍ਰੋ. ਹਰਬੀਰ ਕੌਰ ਵੱਲੋਂ ਪੀਣਯੋਗ ਪਾਣੀ ਦੇ ਹਲਾਤਾਂ ਤੇ ਛਪੀਆਂ ਵੱਖ ਵੱਖ ਰਿਪੋਰਟਾਂ ਦੇ ਹਵਾਲੇ ਨਾਲ ਸਥਿਤੀ ਦੀ ਗੰਭੀਰਤਾ ਬਾਰੇ ਸ੍ਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ। ਦਰਪੇਸ਼ ਅਤੇ ਭਵਿੱਖ ਦੀਆਂ ਸਮੱਸਿਆਵਾਂ ਦੇ ਰਾਜਨੀਤਿਕ, ਸਮਾਜਿਕ ਅਤੇ ਹੋਰ ਸੰਬੰਧਿਤ ਕਾਰਨਾਂ ਬਾਰੇ ਪ੍ਰੋ. ਸੁਖਜੀਤ ਸਿੰਘ ਵੱਲੋਂ ਗੱਲਬਾਤ ਕੀਤੀ ਗਈ। ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਨਿੱਜੀ ਅਤੇ ਸਮੂਹਿਕ ਤੌਰ ਤੇ ਕਾਰਜਸ਼ੀਲ ਹੋਣ ਦੀ ਗੱਲ ਸ. ਮਲਕੀਤ ਸਿੰਘ ਬਸੰਤਕੋਟ ਵੱਲੋਂ ਰੱਖੀ ਗਈ।
ਸ. ਹਰਿੰਦਰਪ੍ਰੀਤ ਸਿੰਘ ਨੇ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਲਈ ਮੁਢਲੇ ਢਾਂਚਿਆਂ ਬਾਰੇ ਸ੍ਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਸ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਥਿਤੀ ਨੂੰ ਹੋਰ ਸਪੱਸ਼ਟ ਕਰਦਿਆਂ ਕਾਰਜਸ਼ੀਲ ਅਤੇ ਜਥੇਬੰਦ ਹੋਣ ਲਈ ਸੁਨੇਹਾ ਦਿੱਤਾ ਗਿਆ।
ਵਿਚਾਰ ਗੋਸ਼ਟੀ ਦੌਰਾਨ ਨਾਮੀਂ ਉੱਦਮੀ ਕਿਸਾਨ ਵੀਰ, ਸਮਾਜ ਸੇਵੀ, ਅਤੇ ਪੰਥਕ ਸਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ।ਇਹ ਵੀ ਜ਼ਿਕਰਯੋਗ ਹੈ ਕਿ ਜਾਗਰੂਕਤਾ ਕੇਂਦਰ ਦੇ ਝੋਨਾ ਘਟਾਉਣ, ਬਰਸਾਤੀ ਪਾਣੀ ਦੀ ਸਾਂਭ ਸੰਭਾਲ ਅਤੇ ਝਿੜੀਆਂ ਲਗਾਉਣ ਦੇ ਉੱਦਮਾਂ ਨੂੰ ਪੰਜਾਬ ਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।