November 20, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਕੱਲ੍ਹ (19 ਨਵੰਬਰ, 2017) ਨਵੰਬਰ 2015 ‘ਚ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਚਾਲੇ ਪੈਦਾ ਹੋਈਆਂ ਗ਼ਲਤਫਹਿਮੀਆਂ ਦੂਰ ਹੋ ਗਈਆਂ ਹਨ ਤੇ ਭਵਿੱਖ ਵਿੱਚ ਉਹ ਇਕੱਠੇ ਹੋ ਕੇ ਕੰਮ ਕਰਨਗੇ।
ਇਸ ਸਬੰਧੀ ਸੱਦੀ ਮੀਟਿੰਗ ਵਿੱਚ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਮੀਟਿੰਗ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ ਸ਼ਾਮਲ ਨਹੀਂ ਹੋਏ। ਮੁਤਵਾਜ਼ੀ ਜਥੇਦਾਰਾਂ ਵਿਚਾਲੇ ਮਤਭੇਦਾਂ ਕਾਰਨ ਭਾਈ ਅਜਨਾਲਾ ਨੇ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਛੱਡ ਦਿੱਤੀ ਸੀ।
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਪ੍ਰਬੰਧਕਾਂ ਵਿਚਾਲੇ ਆਪਸੀ ਗ਼ਲਤਫਹਿਮੀਆਂ ਦੂਰ ਹੋ ਗਈਆਂ ਹਨ। ਭਾਈ ਮੋਹਕਮ ਸਿੰਘ ਨੇ ਸਮੂਹ ਆਗੂਆਂ ਨੂੰ ਆਪਣਾ ਪੱਖ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਦੀ ਸਾਬਕਾ ਮੁਖੀ ਮਰਹੂਮ ਕੇ.ਪੀ.ਐਸ. ਗਿੱਲ ਨੂੰ ਕੋਈ ਸਿਰੋਪਾਓ ਨਹੀਂ ਦਿੱਤਾ ਅਤੇ ਨਾ ਹੀ ਕਦੇ ਕਾਂਗਰਸ ਨੂੰ ਸਹਿਯੋਗ ਦਿੱਤਾ ਹੈ। ਉਨ੍ਹਾਂ ਆਖਿਆ ਕਿ ਮੀਟਿੰਗ ਵਿੱਚ ਗ਼ਲਤਫਹਿਮੀਆਂ ਦੂਰ ਹੋਣ ਮਗਰੋਂ ਸਮੂਹਿਕ ਤੌਰ ’ਤੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਕੇ.ਪੀ.ਐਸ. ਗਿੱਲ ਸਬੰਧੀ ਪੈਨਸ਼ਨ ਬੰਦ ਕੀਤੀ ਜਾਵੇ ਅਤੇ ਸਿੱਖ ਨਸਲਕੁਸ਼ੀ ਦਾ ਕੇਸ ਚਲਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਕੌਮੀ ਹਿੱਤਾਂ ਖਾਤਰ ਮੁੜ ਇਕੱਠੇ ਹੋ ਕੇ ਚੱਲਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਸਿੱਖਾਂ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਇਕ ਵਾਰ ਮੁੜ ਗ਼ਲਤੀ ਕੀਤੀ ਹੈ। ਬੀਤੇ ਦਿਨੀਂ ਭਾਰਤੀ ਰਾਸ਼ਟਰਪਤੀ ਦੇ ਦਰਬਾਰ ਸਾਹਿਬ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਨੂੰ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣਾ ਚਾਹੀਦਾ ਸੀ, ਜਿਸ ਰਾਹੀਂ ਭਾਰਤੀ ਫ਼ੌਜ ਵੱਲੋਂ ਚੁੱਕੀ ਸਿੱਖ ਰੈਫਰੈਂਸ ਲਾਇਬਰੇਰੀ ਦੀ ਵਾਪਸੀ ਦੀ ਮੰਗ ਕੀਤੀ ਜਾਣੀ ਚਾਹੀਦੀ ਸੀ।
ਸਬੰਧਤ ਖ਼ਬਰ:
ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਕਾਰਜਕਾਰੀ ਜਥੇਦਾਰ ਵਜੋਂ ਅਸਤੀਫਾ (13 ਨਵੰਬਰ, 2017) …
Related Topics: Acting Jathedars, Babu Baljit Singh Daduwal, Bhai Amreek Singh Ajnala, Bhai Dhian Singh Mand, mohkam singh, Sarbat Khalsa(2015), Simranjeet Singh Mann