August 25, 2015 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (24 ਅਗਸਤ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ‘ਚ ਬਣੀ ਸੰਘਰਸ਼ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਕ ਮੰਗ ਪੱਤਰ ਸੌਾਪਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਪੰਥ ਰਤਨ ਫ਼ਖਰ-ਏ-ਕੌਮ ਖਿਤਾਬ ਵਾਪਸ ਲੈਣ ਦੀ ਮੰਗ ਕੀਤੀ ਗਈ ।

ਬਾਦਲ ਨੂੰ ਦਿੱਤਾ ਪੰਥ ਰਤਨ ਅਤੇ ਫ਼ਖਰ-ਏ-ਕੌਮ ਖਿਤਾਬ ਵਾਪਸ ਲੈਣ ਦੀ ਮੰਗ
ਸੰਘਰਸ਼ ਕਮੇਟੀ ਦੇ ਮੈਂਬਰਾਂ ਗੁਰਦੀਪ ਸਿੰਘ ਬਠਿੰਡਾ, ਜਸਪਾਲ ਸਿੰਘ ਹੇਰਾਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਕਾਲਾ ਬੂਲਾ, ਜਰਨੈਲ ਸਿੰਘ ਸਖੀਰਾ, ਲਖਵੀਰ ਸਿੰਘ ਤੇ ਹਰਬੀਰ ਸਿੰਘ ਸੰਧੂ ਨੇ ਗਿਆਨੀ ਗੁਰਬਚਨ ਸਿੰਘ ਨਾਲ ਸਕਤਰੇਤ ਵਿਖੇ ਮੁਲਾਕਾਤ ਦੌਰਾਨ ਕਿਹਾ ਕਿ ਸਿੱਖ ਕੌਮ ਦੀ ਆਜ਼ਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹਮੇਸ਼ਾ ਹੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਾਲੀ ਸੁਯੋਗ ਅਗਵਾਈ ਦਿੱਤੀ ਹੈ ।
ਉਨ੍ਹਾਂ ਦਾਅਵਾ ਕੀਤਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਕਾਰਜਸ਼ੈਲੀ ਪੰਜਾਬ ‘ਚ ਸਿੱਖੀ ਦੇ ਨਿਘਾਰ ਲਈ ਜ਼ਿੰਮੇਵਾਰ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸਟੂਡੈਂਟਸ ਫੈੱਡਰੇਸ਼ਨਾਂ ਉਨ੍ਹਾਂ ਦੀ ਵਜ੍ਹਾ ਨਾਲ ਸਿੱਖੀ ਸਿਧਾਤਾਂ ਤੋਂ ਕੋਹਾਂ ਦੂਰ ਹੋ ਰਹੀਆਂ ਹਨ ।
ਉਨ੍ਹਾਂ ਕਿਹਾ ਕਿ ਵਰਤਮਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਸਰਕਾਰੀ ਡੰਡਾ ਤੰਤਰ ਨਾਲ ਦਬਾਉਣਾ ਵੀ ਮੁੱਖ ਮੰਤਰੀ ਦੀ ਸੋਚ ਦਾ ਸਿੱਟਾ ਹੈ, ਜਿਸ ਕਾਰਨ ਉਨ੍ਹਾਂ ਕੋਲੋਂ ‘ਫਖਰ-ਏ-ਕੌਮ, ਪੰਥ ਰਤਨ’ ਜਿਹੇ ਮਹਾਨ ਰੁਤਬੇ ਵਾਪਸ ਲੈ ਲੈਣੇ ਚਾਹੀਦੇ ਹਨ । ਉਨ੍ਹਾਂ ਦੋਸ਼ ਲਾਉਦਿਆਂ ਕਿਹਾ ਕਿ ਬਾਦਲ ਨੇ ਸਿੱਖ ਮਾਮਲਿਆਂ ਨੂੰ ਅਨਦੇਖਾ ਕਰਦਿਆਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਬਰਬਾਦ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜੇਕਰ ਮੰਗ ਪੱਤਰ ‘ਤੇ 30 ਅਗਸਤ ਤੱਕ ਕੋਈ ਫੈਸਲਾ ਨਾ ਲਿਆ ਗਿਆ ਤਾਂ ਸਮੁੱਚਾ ਪੰਥ ਅਗਾਮੀ ਫੈਸਲਾ ਲੈਣ ਲਈ ਮਜ਼ਬੂਰ ਹੋਵੇਗਾ ।
Related Topics: Bandi Singhs Rihai Sangharsh Committee, Giani Gurbachan Singh, Parkash Singh Badal