ਫ਼ਤਹਿਗੜ੍ਹ ਸਾਹਿਬ (3 ਅਪ੍ਰੈਲ, 2011): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਾਅਦਾ ਨਾ ਨਿਭਾਉਣ ਤੋਂ ਨਾਰਾਜ਼ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਨੂੰ ਭੰਗ ਕਰਨ ਦੇ ਐਲਾਨ ਨੂੰ ਅਮਲੀ ਜਾਮਾ ਪਹਿਣਾਉਣ ਲਈ ਕਮਰਕਸੇ ਕਰ ਲਏ ਹਨ ਤੇ ਇਸ ਸਬੰਧੀ ਮੀਟਿੰਗਾ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਅਜਿਹੀ ਹੀ ਇਕ ਮੀਟਿੰਗ ਅੱਜ ਇੱਥੇ ਮਾਲਵਾ ਜ਼ੋਨ ਦੇ ਪ੍ਰਧਾਨ ਮਨਦੀਪ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸ਼ਾਮਿਲ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਫਰੰਟ ਦੇ ਆਗੂਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੰਗਰੂਰ ਜਿਲ੍ਹੇ ਦੇ ਛਾਜਲੀ ਪਿੰਡ ਵਿੱਚ 5 ਅਪ੍ਰੈਲ ਨੂੰ ਅਤੇ ਖੰਨਾ ਵਿਚ 11 ਅਪ੍ਰੈਲ ਨੂੰ ਕੀਤੇ ਜਾ ਰਹੇ ਸੰਗਤ ਦਰਸ਼ਨ ਪ੍ਰੋਗਰਾਮਾਂ ਨੂੰ ਭੰਗ ਕਰਨ ਦਾ ਫੈਸਲਾ ਕਰ ਲਿਆ ਹੈ ਇਸਦੇ ਨਾਲ ਹੀ ਉਹ ਖੰਨਾ ਵਿਖੇ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਸੰਗਤ ਦਰਸ਼ਨ ਵਾਲੀ ਥਾਂ ’ਤੇ ਇੱਕ ਦਿਨ ਪਹਿਲਾਂ ਹੀ 10 ਅਪ੍ਰੈਲ ਨੂੰ ਪੰਜਾਬ ਸਰਕਾਰ ਵਿਰੁੱਧ ਪੋਲ-ਖੋਲ੍ਹ ਰੈਲੀ ਵੀ ਕਰਨਗੇ। ਇਸ ਨਾਲ ਸਰਕਾਰ ਤੇ ਬੇਰਜ਼ਗਾਰਾਂ ਵਿਚਕਾਰ ਟਕਰਾਅ ਹੋਣ ਦੇ ਅਸਾਰ ਬਣੇ ਹੋਏ ਹਨ।
ਮੀਟਿੰਗ ਤੋਂ ਬਾਆਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਧਿਆਪਕ ਆਗੂਆਂ ਨੇ ਦੱਸਿਆ ਕਿ 17 ਅਪ੍ਰੈਲ ਨੂੰ ਪੰਜਾਬ ਭਰ ਵਿਚ ਜਿਲ੍ਹਾ ਪੱਧਰ ’ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਝੰਡਾ ਮਾਰਚ ਵੀ ਕੀਤੇ ਜਾਣਗੇ। ਅੱਜ ਦੀ ਇਸ ਮੀਟਿੰਗ ਵਿਚ ਪਵਨ ਕੁਮਾਰ ਤੇ ਰਮਨਦੀਪ ਸੰਗਰੂਰ ਤੋਂ, ਹਰਪ੍ਰੀਤ ਸਿੰਘ ਉੱਪਲ ਪਟਿਆਲਾ, ਅਵਤਾਰ ਸਿੰਘ ਟੋਡਰਪੁਰ, ਅਮਨ ਲੁਧਿਆਣਾ, ਗੁਰਿੰਦਰ ਸਿੰਘ ਤਧੌਂਦਾ, ਕਰਨਵੀਰ ਸਿੰਘ ਗਿੱਲ ਅਮਲੋਹ, ਜਸਵੀਰ ਸਿੰਘ ਫ਼ਤਿਹਗੜ੍ਹ ਸਾਹਿਬ, ਈਸ਼ਵਰ ਚੰਦਰ ਅਮਲੋਹ, ਰਾਜੇਸ਼ ਮੋਗਾ, ਨਾਮਦੇਵ ਮੋਗਾ, ਗੁਰਜੀਤ ਮੋਹਾਲੀ, ਵਰੁਣ ਕੁਮਾਰ ਆਨੰਦਪੁਰ ਸਾਹਿਬ ਆਦਿ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਫਰੰਟ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਉਕਤ ਆਗੂਆਂ ਨੇ ਦੱਸਿਆ ਕਿ 13 ਜਨਵਰੀ 2011 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨਾਲ ਸਮਝੌਤਾ ਕੀਤਾ ਸੀ ਕਿ ਮੈਰਿਟ ਦੇ ਆਧਾਰ ’ਤੇ 70:30 ਦੇ ਅਨੁਪਾਤ ਨਾਲ 6500 ਅਧਿਆਪਕਾਂ ਨੂੰ ਜਿਲ੍ਹਾ ਪ੍ਰੀਸ਼ਦ ਅਧੀਨ ਅਤੇ 1500 ਅਧਿਆਪਕਾਂ ਨੂੰ ਸਰਵ ਸਿੱਖਿਆ ਅਭਿਆਨ ਤਹਿਤ ਨਿਯੁਕਤ ਕਰਨ ਲਈ ਇਸ਼ਤਿਹਾਰ 26 ਜਨਵਰੀ ਤੱਕ ਜਾਰੀ ਕਰ ਦਿੱਤਾ ਜਾਵੇਗਾ ਜੋ ਅੱਜ ਤੱਕ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਪੰਜਾਬ ਦੇ ਹਰ ਵਰਗ ਨਾਲ ਵਾਅਦੇ ਖਿਲਾਫੀ ਕਰ ਰਹੀ ਹੈ ਇਸ ਸਰਕਾਰ ਦੀ ਲੋਕ ਮਾਰੂ ਕਾਰਗੁਜ਼ਾਰੀ ਨੂੰ ਲੋਕਾਂ ਦੀ ਕਚਿਹਰੀ ਵਿੱਚ ਹੀ ਨੰਗਾ ਕਰਨ ਦਾ ਫੈਸਲਾ ਅਸੀਂ ਕਰ ਲਿਆ ਹੈ।