September 14, 2012 | By ਕਰਮਜੀਤ ਸਿੰਘ ਚੰਡੀਗੜ੍ਹ
– ਕਰਮਜੀਤ ਸਿੰਘ
ਮੋਬਾਇਲ ਨੰ: 99150-91063
ਸਰਬੱਤ ਦੇ ਭਲੇ ਉਤੇ ਅਧਾਰਿਤ ਸਿੱਖੀ ਸਿਧਾਂਤਾਂ ਨਾਲ ਜੁੜੇ ਧਾਰਮਿਕ ਤੇ ਵਿਸ਼ੇਸ਼ ਕਰਕੇ ਰਾਜਨੀਤਿਕ ਰੰਗ ਵਿੱਚ ਰੰਗੇ ਸਿੱਖਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਗ਼ਦਰ ਪਾਰਟੀ ਲ਼ਹਿਰ ਦਾ ਇਤਿਹਾਸ ਖੱਬੇਪੱਖੀ ਇਤਿਹਾਸਕਾਰਾਂ,‘ ਧਰਮ ਨਿਰਪੱਖ’ ਵਿਦਵਾਨਾਂ ਅਤੇ ‘ਭਾਰਤੀ ਰਾਸ਼ਟਰਵਾਦ’ ਦੇ ਸਾਂਝੇ ਜਾਲ ਨੂੰ ਤੋੜ ਕੇ ਹੁਣ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ। ਅਗਲੇ ਸਾਲ 2013 ਵਿੱਚ ਗ਼ਦਰ ਪਾਰਟੀ ਲ਼ਹਿਰ ਦੀ 100ਵੀਂ ਵਰ੍ਹੇਗੰਢ ਦੇ ਮੌਕੇ ਜਿਥੇ ਸਾਰੀ ਦੁਨੀਆਂ ਵਿਚ ਆਪਣੀ ਆਪਣੀ ਆਜ਼ਾਦੀ ਅਤੇ ਪ੍ਰਭੂ ਸੱਤਾ ਲਈ ਸੰਘਰਸ਼ ਕਰ ਰਹੀਆਂ ਕੌਮਾਂ ਇਸ ਮਹਾਨ ਲਹਿਰ ਨੂੰ ਸ਼ਰਧਾਂਜਲੀ ਭੇਂਟ ਕਰਨਗੀਆਂ ਉਥੇ ਇਸ ਇਤਿਹਾਸਿਕ ਲ਼ਹਿਰ ਵਿੱਚ ਖਾਲਸਾ ਪੰਥ ਦੇ ਭੁੱਲੇ ਵਿਸਰੇ ਜਾਂ ਵਿਸਾਰੇ ਜਾ ਰਹੇ ਮੋਹਰੀ ਰੋਲ ਤੇ ਕੁਰਬਾਨੀਆਂ ਦਾ ਪਰਚਮ ਵੀ ਬੁਲੰਦ ਕੀਤਾ ਜਾਵੇਗਾ ਜਿਸ ਨੂੰ ਖੱਬੇਪੱਖੀ ਪੈਰੋਕਾਰਾਂ ਨੇ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਦਾ ਇਤਿਹਾਸਿਕ ਗੁਨਾਹ ਕੀਤਾ ਹੈ।
ਵਿਦੇਸ਼ਾਂ ਵਿੱਚ ਜਨਮੀ ਗ਼ਦਰ ਪਾਰਟੀ ਲ਼ਹਿਰ ਦੇ ਅਸਲ ਅਤੇ ਮਹਾਨ ਨਾਇਕਾਂ ਦਾ ਖੁਰਾ ਖੋਜ ਲੱਭਣ ਦਾ ਸਿਹਰਾ ਇੱਕ ਵਿਦਵਾਨ ਰਾਜਵਿੰਦਰ ਸਿੰਘ ਰਾਹੀ ਨੂੰ ਜਾਂਦਾ ਹੈ ਜੋ ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਖੱਬੇਪੱਖੀ ਲ਼ਹਿਰਾਂ ਅਤੇ ਵਿਸ਼ੇਸ਼ ਕਰਕੇ ਨਕਸਲੀ ਲਹਿਰ ਨਾਲ ਵੀ ਜੁੜੇ ਰਹੇ ਸਨ ਅਤੇ ਉਨ੍ਹਾਂ ਦੇ ਆਪਣੇ ਲਫ਼ਜ਼ਾਂ ਅਨੁਸਾਰ, ਹੁਣ ਖੱਬੇਪੱਖੀ ਪਾਰਟੀਆਂ ਤੋਂ ਮੇਰਾ ਮੋਹ ਭੰਗ ਹੋਇਆ ਹੈ ਅਤੇ ਆਪਣੇ ਧਰਮ ਇਤਿਹਾਸ ਤੇ ਵਿਰਸੇ ਨਾਲ ਜੁੜ ਕੇ ਮੇਰਾ ਨਵਾਂ ਜਨਮ ਹੋਇਆ ਹੈ। ਰਾਜਵਿੰਦਰ ਸਿੰਘ ਰਾਹੀ ਦੀ ਖੋਜ ਨੇ ‘ਗ਼ਦਰ ਲਹਿਰ ਦੀ ਅਸਲ ਗਾਥਾ’ ਨਾਲ ਜੁੜੀਆਂ ਦੋ ਪੁਸਤਕਾਂ ਸੰਪਾਦਿਤ ਕੀਤੀਆਂ ਹਨ। ਇਹ ਪੁਸਤਕਾਂ ਗ਼ਦਰ ਪਾਰਟੀ ਲ਼ਹਿਰ ਦੇ ਸਿੱਖ ਨਾਇਕਾਂ ਦੀਆਂ ਲਿਖ਼ਤਾਂ ਉਤੇ ਅਧਾਰਿਤ ਹਨ ਜਦ ਕਿ ਤੀਜੀ ਪੁਸਤਕ ਬਾਬਾ ਸੋਹਣ ਸਿੰਘ ਭਕਨਾ ਦੀ ਸਵੈਜੀਵਨੀ ‘ਮੇਰੀ ਰਾਮ ਕਹਾਣੀ’ ਦੇ ਸਿਰਲੇਖ ਹੇਠ ਛਾਪੀ ਗਈ ਹੈ। ਇਹ ਪੁਸਤਕ ਵੀ ਖੱਬੇਪੱਖੀ ਲੇਖਕਾਂ ਨੇ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਸ਼ਾਇਦ ਉਨ੍ਹਾਂ ਦੇ ਆਪਣੇ ਰਾਜਸੀ ਉਦੇਸ਼ਾਂ ਅਨੁਸਾਰ ਇਸ ਪੁਸਤਕ ਵਿਚੋਂ ਫਿਰਕਾਪ੍ਰਸਤੀ ਦੀ ਬੋਅ ਆਉਂਦੀ ਸੀ। ਇਹ ਦਿਲਚਸਪ ਜਾਣਕਾਰੀ ਵੀ ਇਥੇ ਦੇਣੀ ਜ਼ਰੂਰੀ ਬਣਦੀ ਹੈ ਕਿ ਸੋਹਣ ਸਿੰਘ ਜੋਸ਼ ਵਰਗੇ ਇਨਕਲਾਬੀ ਵਿਦਵਾਨ ਨੇ ‘ਮੇਰੀ ਰਾਮ ਕਹਾਣੀ’ ਦਾ ਕਦੇ ਜ਼ਿਕਰ ਨਾ ਕੀਤਾ ਹਾਲਾਂਕਿ ਉਨ੍ਹਾਂ ਨੇ ਬਾਬਾ ਸੋਹਣ ਸਿੰਘ ਭਕਨਾ ਦੀ ਜੀਵਨੀ ਉਤੇ ਇੱਕ ਕਿਤਾਬ ਵੀ ਲਿਖੀ ਹੈ। ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਜਾਂ ਇਹ ਸੁਭਾਵਿਕ ਹੀ ਹੋ ਗਿਆ, ਇਨ੍ਹਾਂ ਸਵਾਲਾਂ ਦਾ ਅਸੀਂ ਪਾਠਕਾਂ ਉਤੇ ਛੱਡਦੇ ਹਾਂ । ਰਾਜਵਿੰਦਰ ਸਿੰਘ ਰਾਹੀ ਦੀ ਚੌਥੀ ਪੁਸਤਕ ਵੀ ਛੇਤੀ ਹੀ ਛਪ ਕੇ ਆ ਰਹੀ ਹੈ ਜਿਸ ਵਿੱਚ ਗ਼ਦਰ ਪਾਰਟੀ ਲ਼ਹਿਰ ਦੇ ਬਾਬਿਆਂ ਅਤੇ ਹੋਰ ਸਿੱਖਾਂ ਦੀਆਂ ਮੌਲਿਕ ਲਿਖ਼ਤਾਂ ਉਤੇ ਅਧਾਰਿਤ ਇਕ ਉਚਪਾਏ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਜਦੋਂ ਗ਼ਦਰ ਪਾਰਟੀ ਲ਼ਹਿਰ ਦੇ ਇਤਿਹਾਸ ਬਾਰੇ ਗਹਿਰ-ਗੰਭੀਰ ਤੇ ਨਿਰਪੱਖ ਪੜਚੋਲ ਕੀਤੀ ਜਾਵੇਗੀ ਤਾਂ ਉਦੋਂ ਲਾਜ਼ਮੀ ਹੀ ਵਿਦਵਾਨ ਇਸ ਵੱਡੇ ਸਵਾਲ ਨੂੰ ਵੀ ਮੁਖਾਤਬ ਹੋਣਗੇ ਕਿ ਕੀ ਕਾਰਨ ਸੀ ਕਿ ਕਨੇਡਾ, ਅਮਰੀਕਾ ਵਿੱਚ ਏਨੀ ਵੱਡੀ ਗਿਣਤੀ ਵਿੱਚ ਤੇ ਏਨੇ ਵੱਡੇ ਚਾਅ ਨੂੰ ਨਾਲ ਲੈ ਕੇ ਸਿੱਖ ਹੀ ਗ਼ਦਰ ਕਰਨ ਲਈ ਵਹੀਰਾਂ ਘੱਤ ਕੇ ਕਿਉਂ ਤੁਰੇ? ਉਹ ਵਿਦਵਾਨ ਹੁਣ ਤੱਕ ਜਾਣਬੁੱਝ ਕੇ ਲੁਕਾਏ ਗਏ ਇਸ ਸਵਾਲ ਦਾ ਵੀ ਜਵਾਬ ਲੱਭਣਗੇ ਕਿ ਦੂਸਰੇ ਹਿੰਦੋਸਤਾਨੀਆਂ ਵਿੱਚ ਅਤੇ ਖਾਸ ਤੌਰ ਤੇ ਹਿੰਦੂਆਂ ਵਿੱਚ ਆਪਣੇ ਵਤਨ ਲਈ ਮਰ ਮਿਟਨ ਲਈ ਤਾਂਘ ਅਤੇ ਚਾਅ ਕਿਉਂ ਉੱਡ ਪੁੱਡ ਗਿਆ, ਜਦੋਂ ਕਿ ਉਨ੍ਹਾਂ ਦੀ ਗਿਣਤੀ ਕਨੇਡਾ, ਅਮਰੀਕਾ ਤੇ ਯੂਰਪ ਵਿੱਚ ਸਿੱਖਾਂ ਨਾਲੋਂ ਕਈ ਗੁਣਾਂ ਵੱਧ ਸੀ? ਰਾਜਵਿੰਦਰ ਸਿੰਘ ਰਾਹੀ ਨੇ ਵਿਦਵਾਨਾਂ ਨੂੰ ਇਨ੍ਹਾਂ ਸਵਾਲਾਂ ਦੀ ਤਹਿ ਤੱਕ ਪਹੁੰਚਣ ਅਤੇ ਇਸ ਦੇ ਮਨੋਵਿਗਿਆਨਿਕ ਅਤੇ ਇਤਿਹਾਸਿਕ ਕਾਰਨ ਲੱਭਣ ਲਈ ਵੀ ਝੰਜੋੜਿਆ ਹੈ। ਸੁਭਾਵਿਕ ਹੀ ਇਹ ਸਵਾਲ ਵੀ ਬੜਾ ਮਹੱਤਵਪੂਰਨ ਹੈ ਕਿ ਆਜ਼ਾਦੀ ਲਈ ਤਾਂਘ ਤੇ ਰੀਝ ਅਤੇ ਸਿੱਖਾਂ ਅੰਦਰ ਲੱਟ ਲੱਟ ਬਲਦੇ ਸਿੱਖੀ ਜਜ਼ਬੇ ਦੇ ਜਰਖੇਜ਼, ਹਰੇ ਕਚੂਚ, ਸਦਾ-ਬਹਾਰ ਤੇ ਸੱਦ-ਜਾਗਤ ਸਰੋਤ ਕਿਥੇ ਪਏ ਹਨ? ਰਾਹੀ ਨੇ ਉਨ੍ਹਾਂ ਇਤਿਹਾਸਕਾਰਾਂ ਨੂੰ ਜਵਾਬਦੇਹ ਬਣਾਉਣ ਲਈ ਵੀ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ, ਜਿਨ੍ਹਾਂ ਨੇ ਰਾਹੀ ਦੇ ਆਪਣੇ ਕਥਨ ਮੁਤਾਬਿਕ ਗ਼ਦਰ ਲ਼ਹਿਰ ਨੂੰ ‘ਭਾਰਤੀ ਰਾਸ਼ਟਰਵਾਦ’ ਅਤੇ ‘ਧਰਮ ਨਿਰਪੱਖ’ ਸਾਂਚੇ ਵਿੱਚ ਫਿੱਟ ਕਰਕੇ ਲ਼ਹਿਰ ਦੇ ਸੱਚ ਦਾ ਸਿੱਧੜ ਜਿਹਾ ਤੇ ਸਰਲ ਵਿਸ਼ਲੇਸ਼ਣ ਕਰ ਦਿੱਤਾ। ਜਦੋਂ ਵਿਦਵਾਨਾਂ ਦੇ ਪੱਲੇ ਸੱਚ ਦੇ ਧੁਰ ਅੰਦਰ ਲੁਕੇ ‘ਮਹੀਨ ਤੇ ਅਦਿੱਸ ਸੱਚ’ ਦੀਆਂ ਪਰਤਾਂ ਨੂੰ ਲੱਭਣ ਵਾਲੀ ਬਾਜ਼ ਅੱਖ ਹੀ ਨਹੀਂ ਤਾਂ ਫਿਰ ਉਹ ਵਿਦਵਾਨ ਇਤਿਹਾਸਕਾਰ ਜੇ ਬੇਈਮਾਨ ਨਹੀਂ ਹਨ ਤਾਂ ਇਹ ਤਾਂ ਕਹਿਣਾ ਬਣਦਾ ਹੀ ਹੈ ਕਿ ਉਹ ਇਤਿਹਾਸ ਦੀ ਮਰਿਆਦਾ ਤੋਂ ਅਨਜਾਣ ਹਨ। ਉਨ੍ਹਾਂ ਅੰਦਰ ਗਿਆਨ ਦੀ ਰੋਸ਼ਨੀ ਦੇ ਨਾਲ ਨਾਲ ਅਗਿਆਨਤਾ ਦੇ ਹਨੇਰੇ ਨੇ ਵੀ ਆਪਣਾ ਪੱਕਾ ਘਰ ਬਣਾ ਰੱਖਿਆ ਹੈ। ਜਾਂ ਇਸ ਦੇ ਉਲਟ ਉਨ੍ਹਾਂ ਨੇ ‘ਅਗਿਆਨਤਾ ਦੀ ਰੌਸ਼ਨੀ’ ਨੁੂੰ ਆਪਣੇ ਵਿਸ਼ਲੇਸ਼ਣ ਵਿੱਚ ਪ੍ਰੇਰਨਾ ਸਰੋਤ ਬਣਾ ਰੱਖਿਆ ਹੈ।
ਇਉਂ ਲੱਗਦਾ ਹੈ ਜਿਵੇਂ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਗ਼ਦਰ ਪਾਰਟੀ ਲ਼ਹਿਰ ਨੂੰ ਭਾਰਤੀ ਰਾਸ਼ਟਰਵਾਦ ਦੇ ਖਾਤੇ ਵਿੱਚ ਪਾ ਕੇ ਰਾਸ਼ਟਰਵਾਦ ਦੀ ਅਸਲ ਪ੍ਰੀਭਾਸ਼ਾ ਨੂੰ ਜੋ ਗ਼ਦਰੀ ਬਾਬਿਆਂ ਨੇ ਆਪਣੇ ਸੁਪਨਿਆਂ ਵਿੱਚ ਸੰਜੋਅ ਰੱਖੀ ਸੀ ਅਤੇ ਜਿਸ ਦਾ ਜ਼ਿਕਰ ਗ਼ਦਰ ਲਹਿਰ ਦੇ ਰਸਾਲਿਆਂ ਵਿਚ ਵੀ ਕੀਤਾ ਗਿਆ, ਜਾਂ ਤਾਂ ਉਸ ਨਜ਼ਰੀਏ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਹੈ ਅਤੇ ਜਾਂ ਫਿਰ ਉਨ੍ਹਾਂ ਦੇ ਸੌੜੇ ਰਾਜਸੀ ਉਦੇਸ਼ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਰਹੇ ਸਨ। ਇਥੇ ਹੀ ਬੱਸ ਨਹੀਂ ਸਗੋਂ ਸਾਬਕਾ ਸੋਵੀਅਤ ਯੂਨੀਅਨ ਦੇ ਕੁਝ ਵਿਦਵਾਨਾਂ ਵੱਲੋਂ ਭਾਰਤ ਦੇ ਇਤਿਹਾਸ ਉਤੇ ਲਿਖੀ ਪੁਸਤਕ ਵਿੱਚ ਗ਼ਦਰ ਪਾਰਟੀ ਲ਼ਹਿਰ ਨੂੰ ਚੰਦ ਕੁ ਸੱਤਰਾਂ ਹੀ ਦੇ ਕੇ ਪਤਾ ਨਹੀਂ ਉਨ੍ਹਾਂ ਨੇ ਕਿਸ ਇਤਿਹਾਸ ਦੀ ਮਰਿਆਦਾ ਦੀ ਪਾਲਣਾ ਕੀਤੀ ਹੈ? ਇਸੇ ਤਰ੍ਹਾਂ ਲਾਲਾ ਹਰਦਿਆਲ ਦੇ ਰੋਲ ਨੂੰ ਜਿਵੇਂ ਵਧਾ ਚੜ੍ਹਾਅ ਕੇ ਪੇਸ਼ ਕੀਤਾ ਗਿਆ ਹੈ, ਉਹ ਉਸ ਰੋਲ ਦਾ ਰਤਾ ਜਿੰਨਾ ਵੀ ਹੱਕਦਾਰ ਨਹੀਂ ਸੀ। ਬਾਬਾ ਸੋਹਣ ਸਿੰਘ ਭਕਨਾ ਦੇ ਆਪਣੇ ਲਫਜ਼ਾ ਮੁਤਾਬਿਕ ਉਸ ਵਿਚ ਤਿਆਗ ਦੀ ਭਾਵਨਾ ਤਾਂ ਭਾਵੇਂ ਸੀ ਪਰ ਉਹ ਦ੍ਰਿੜਤਾ ਦੀ ਬਰਕਤ ਤੋਂ ਕੋਰਾ ਹੀ ਸੀ। ਸਿਰਫ਼ ਚਾਰ ਮਹੀਨੇ ਗ਼ਦਰ ਪਾਰਟੀ ਵਿਚ ਕ ੰਮ ਕਰਨ ਤੋਂ ਬਾਅਦ ਉਹ ਕਿਥੇ ਅਲੋਪ ਹੋ ਗਿਆ ਤੇ ਕੀ ਕੀ ਕਰਦਾ ਰਿਹਾ, ਇਹ ਸੱਚਮੁੱਚ ਵਿਵਾਦ ਦਾ ਵਿਸ਼ਾ ਹੈ। ਰਾਜਵਿੰਦਰ ਸਿੰਘ ਰਾਹੀ ਇਸ ਵਰਤਾਰੇ ਦੀ ਵੀ ਨਿਰਪੱਖ ਪੜਚੋਲ ਕਰ ਰਿਹਾ ਹੈ।
ਬਾਬਾ ਸੋਹਣ ਸਿੰਘ ਭਕਨਾ ਦੀ ਲਿਖ਼ਤ ਵਿੱਚ ਇਸ ਤੱਥ ਨੂੰ ਵੀ ਧਿਆਨ ’ਚ ਰੱਖਣਾ ਪਵੇਗਾ ਕਿ ਗ਼ਦਰ ਲ਼ਹਿਰ ਵਿੱਚ ਸ਼ਾਮਲ ਗ਼ਦਰੀਆਂ ਵਿਚੋਂ 99ਫੀਸਦੀ ਸਿੱਖ ਹੀ ਸਨ ਜਦਕਿ ਹਿੰਦੂ ਟਾਵੇਂ ਟਾਵੇਂ ਸਨ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਨੰਗੇ ਚਿੱਟੇ ਤੇ ਖਾਸਮ-ਖਾਸ ਇਤਿਹਾਸਿਕ ਤੱਥ ਨੂੰ ਵਿਦਵਾਨਾਂ ਨੇ ਆਪਣੇ ਵਿਸ਼ੇਸ਼ ਪੜਚੋਲ ਦਾ ਹਿੱਸਾ ਕਿਉਂ ਨਾ ਬਣਾਇਆ? ਇਸ ਇਕੱਲੇ ਨੁਕਤੇ ਉਤੇ ਹੀ ਕਿਤਾਬਾਂ ਦੀ ਭਰਮਾਰ ਨਹੀਂ ਸੀ ਹੋਣੀ ਚਾਹੀਦੀ? ਖੱਬੇਪੱਖੀ ਸੋਚ ਵਿਚ ਲੁਕੀ ਉਹ ਕਿਹੜੀ ਮਾਨਸਿਕਤਾ, ਕਿਹੜੀ ਕਮਜ਼ੋਰੀ, ਕਿਹੜੀ ਈਰਖਾ ਤੇ ਖੁਣਸ ਸੀ ਜਿਸ ਨੇ ਸਿੱਖ-ਕਮਾਈ ਨਾਲ ਪੈਦਾ ਹੋਈ ਇਸ ਲ਼ਹਿਰ ਦੇ ਅਹਿਮ ਪੱਖ ਨੂੰ ਅਣਗੌਲਿਆਂ ਤੇ ਅਣਹੋਇਆ ਕਰਨ ਦੀ ਚੰਦਰੀ ਸਲਾਹ ਦਿੱਤੀ? ਕੀ ਇਸ ਦਾ ਕਾਰਨ ਇਹ ਤਾਂ ਨਹੀਂ ਸੀ ਕਿ ਉਸ ਦੌਰ ਵਿੱਚ ਭਾਰਤੀ ਰਾਸ਼ਟਰਵਾਦ ਦੀ ਕਥਿਤ ਮਹਾਨਤਾ ਅਤੇ ਇਸ ਦੇ ਚੀਕ ਚਿਹਾੜੇ ਤੇ ਚੜਤਲ ਨੇ ਖੱਬੇਪੱਖੀ ਵਿਦਵਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ? ਰਾਜਵਿੰਦਰ ਸਿੰਘ ਰਾਹੀ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਉਤੇ ਟਿੱਪਣੀ ਕਰਦਿਆਂ ਹੋਇਆਂ ਕਹਿੰਦਾ ਹੈ ਕਿ ਉਸ ਦੌਰ ਵਿਚ ਇਸ ਵਿਚਾਰਧਾਰਾ ਨੂੰ ਕਿਧਰੋਂ ਵੀ ਕੋਈ ਚੁਣੌਤੀ ਨਹੀਂ ਸੀ ਮਿਲ ਰਹੀ ਅਤੇ ਦੁੱਖ ਵਾਲੀ ਗੱਲ ਤਾਂ ਇਹ ਸੀ ਕਿ ਸਿੱਖ ਕੌਮ ਦਾ ਵੱਡਾ ਹਿੱਸਾ ਵੀ ਇਸ ਵਿਚਾਰਧਾਰਾ ਦੇ ਪ੍ਰਭਾਵ ਤੇ ਦਬਾਅ ਹੇਠ ਆ ਗਿਆ ਸੀ। ਵੈਸੇ ਵੀ ਭਾਰਤੀ ਰਾਸ਼ਟਰਵਾਦ ਨੇ ਦੇਸ਼ਭਗਤੀ ਦੇ ਪਵਿੱਤਰ ਜਜ਼ਬਿਆਂ ਦਾ ਨਕਾਬ ਪਾਇਆ ਹੋਇਆ ਸੀ ਅਤੇ ਇਹ ਕਿਸ ਨੂੰ ਪਤਾ ਸੀ ਕਿ ਰਾਸ਼ਟਰਵਾਦੀ ਵਿਚਾਰਧਾਰਾ ਅੰਦਰ ਛੁਪੇ ਤਬਾਹੀਆਂ ਦੇ ਮੰਜ਼ਰ ਇੱਕ ਦਿਨ ਅਸਲੀ ਰੂਪ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਅਤੇ ‘ਇਕੋ ਇੱਕ ਭਾਰਤੀ ਜਾਂ ਹਿੰਦੋਸਤਾਨੀ ਕੌਮ’ ਦੀ ਸਿਰਜਣਾ ਦਾ ਕਾਰਜ ਤੇ ਅਮਲ ਸਿੱਖ ਪੰਥ ਲਈ ਇਹੋ ਜਿਹੀਆਂ ਆਫ਼ਤਾਂ ਲੈ ਆਵੇਗਾ, ਜਿਨ੍ਹਾਂ ਬਾਰੇ ਗ਼ਦਰੀ ਬਾਬਿਆਂ ਨੂੰ ਚਿੱਤ ਚੇਤਾ ਵੀ ਨਹੀਂ ਸੀ। ਉਸ ਦੌਰ ਵਿਚ ਕਿਸ ਨੂੰ ਇਹ ਪਤਾ ਸੀ ਕਿ ਭਾਰਤੀ ਰਾਸ਼ਟਰਵਾਦ ਦੀ ਫੌਜ ਇੱਕ ਦਿਨ ਦਰਬਾਰ ਸਾਹਿਬ ਉਤੇ ਚੜ੍ਹਾਈ ਕਰਕੇ ਅਕਾਲ ਤਖ਼ਤ ਨੂੰ ਖੰਡਰ ਬਣਾ ਦੇਵੇਗੀ ਤੇ ਆਜ਼ਾਦੀ ਲਈ ਜੂਝ ਰਹੇ ਹਜ਼ਾਰਾਂ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡੇਗੀ। ਸ਼ਾਇਦ ਇਹੋ ਜਿਹੇ ਉਦਾਸ ਸਮਿਆਂ ਵਿਚ ਹੀ ਖਾਲਸਾ ਪੰਥ ਦੇ ਧੁਰ ਅੰਦਰੋਂ ਕੁਝ ਇਸ ਤਰ੍ਹਾਂ ਦੀ ਬਦਅਸੀਸ ਨਿਕਲੀ:
ਅਸੀਂ ਕਿਸਮਤਾਂ ਦੀ ਖੇਡ ਆਖ ਦਿੱਤਾ, ਸਾਡੇ ਨਾਲ ਜੋ ਭਰੇ ਜਹਾਨ ਬੀਤੀ,
ਵਕਤ ਉਹਦੇ ਗੁਨਾਹਾਂ ਨੂੰ ਬਖ਼ਸ਼ਦਾ ਨਹੀਂ, ਰੁੱਤ ਜਿਨੇ ਵੀ ਲਹੂ ਲੁਹਾਨ ਕੀਤੀ।
ਰਾਜਵਿੰਦਰ ਸਿੰਘ ਰਾਹੀ ਦੀਆਂ ਇਨ੍ਹਾਂ ਪੁਸਤਕਾਂ ਨੇ ਜਲੰਧਰ ਸਥਿਤ ਦੇਸ਼ ਭਗਤ ਯਾਦਗਾਰ ਹਾਲ ਵਰਗੀ ਇਤਿਹਾਸਿਕ ਸੰਸਥਾ ਨੂੰ ਵੀ ਕਸੂਤੀ ਸਥਿਤੀ ਵਿਚ ਖੜ੍ਹਾ ਕਰ ਦਿੱਤਾ ਹੈ ਜਿਸ ਸੰਸਥਾ ਵਿੱਚ ਪਿਛਲੇ ਕੁਝ ਅਰਸੇ ਤੋਂ ਕੰਮ ਕਰਦੇ ਪਬੰਧਕਾਂ ਨੇ ਗ਼ਦਰ ਲ਼ਹਿਰ ਦੇ ਇਤਿਹਾਸਿਕ ਵਿਰਸੇ ਨੂੰ ਹਾਈਜੈਕ ਕਰਕੇ ਉਸ ਮਹਾਨ ਬਹਿਸ ਲਈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਜਿਸ ਬਹਿਸ ਦਾ ਅਸਲ ਮਨੋਰਥ ਭਾਰਤੀ ਰਾਸ਼ਟਰਵਾਦ ਉਤੇ ਕਾਬਜ਼ ਉਨ੍ਹਾਂ ਧਿਰਾਂ ਨੂੰ ਨੰਗਿਆਂ ਕਰਨਾ ਸੀ ਜੋ ਗ਼ਦਰੀ ਬਾਬਿਆਂ ਦੇ ਸੁਪਨਿਆਂ ਨੂੰ ਮਲੀਆਮੇਟ ਕਰਦੇ ਆ ਰਹੇ ਹਨ। ਸੱਚ ਤਾਂ ਇਹ ਹੈ ਕਿ ਇਹ ਜਾਗਦੇ ਯੋਧੇ ਵੰਨ ਸੁਵੰਨੇ ਸੱਭਿਆਚਾਰਾਂ ਅਤੇ ਕੌਮਾਂ ਦੀ ਏਕਤਾ ਦੀ ਨੀਂਹ ਉਤੇ ਭਾਰਤ ਦਾ ਰਾਜਨੀਤਿਕ, ਆਰਥਿਕ ਤੇ ਸੱਭਿਆਚਾਰਕ ਮਹੱਲ ਉਸਾਰਨਾ ਚਾਹੁੰਦੇ ਸਨ। ਖੱਬੇਪੱਖੀ ਪੈਰੋਕਾਰ ਕੀ ਗ਼ਦਰੀਆਂ ਦੀ ਇਸ ਇਤਿਹਾਸਿਕ ਤੇ ਰਾਜਨੀਤਿਕ ਰੀਝ ਤੋਂ ਉੱਕਾ ਹੀ ਬੇਖ਼ਬਰ ਹਨ ਜਾਂ ਉਨ੍ਹਾਂ ਦੇ ਨਿਸ਼ਾਨੇ ਤੇ ਇਰਾਦੇ ਕੁਝ ਹੋਰ ਹਨ? ਸਿੱਖਾਂ ਦੀਆਂ ਕੁਰਬਾਨੀਆਂ ਤੇ ਉਨ੍ਹਾਂ ਦੇ ਰੋਲ ਬਾਰੇ ਇਸ ਸੰਸਥਾ ਦਾ ਵਰਤਮਾਨ ਨਜ਼ਰੀਆ ਇਤਿਹਾਸ ਨੂੰ ਕਿਸ ਮੋੜ ਵੱਲ ਲਿਜਾਣਾ ਚਾਹੁੰਦਾ ਹੈ? ਰਾਜਵਿੰਦਰ ਸਿੰਘ ਰਾਹੀ ਦੀਆਂ ਇਹ ਪੁਸਤਕਾਂ ਉਨ੍ਹਾਂ ਨੂੰ ਲਾਜ਼ਮੀ ਜਵਾਬਦੇਹ ਬਣਾਉਣਗੀਆਂ । ਇਸ ਤੋਂ ਇਲਾਵਾ ਧਰਮਨਿਰਪੱਖ ਦੇ ਸੰਕਲਪ ਨੂੰ ਵੀ ਖੱਬੇਪੱਖੀ ਨਜ਼ਰੀਏ ਤੋਂ ਹੀ ਵੇਖਣ ਦੇ ਸੰਕੀਰਨ ਰੁਝਾਨ ਨੇ ਉਨ੍ਹਾਂ ਤਾਕਤਾਂ ਨੂੰ ਹੀ ਬਲ ਦਿੱਤਾ ਜਿਹੜੀਆਂ ਤਾਕਤਾਂ ਨੇ ਇਸ ਭੂਗੋਲਿਕ ਖਿੱਤੇ ਵਿਚ ਵਸਦੀਆਂ ਛੋਟੀਆਂ ਕੌਮਾਂ ਅਤੇ ਘੱਟ ਗਿਣਤੀਆਂ ਦੀ ਪਛਾਣ ਤੇ ਨਿਆਰੀ ਹਸਤੀ ਨੂੰ ਖਤਮ ਕਰਕੇ ਜਾਂ ਉਨ੍ਹਾਂ ਨੂੰ ਨੀਵਾਂ ਵਿਖਾ ਕੇ ਕਿਸੇ ‘ਵਡੇਰੀ ਪਛਾਣ’ ਦੇ ਲੱਤ ਹੇਠ ਰੱਖਣ ਲਈ ਹਰ ਪਹਿਲੂ ਤੋਂ ਆਪਣੇ ਅਸੀਮ ਸਾਧਨਾਂ ਰਾਹੀਂ ਹਰ ਖੇਤਰ ਵਿਚ ਪੂਰਾ ਜ਼ੋਰ ਲਾ ਰੱਖਿਆ ਹੈ। ਰਾਹੀ ਦੀਆਂ ਕਿਤਾਬਾਂ ਇਸ ਸੰਸਥਾ ਨੂੰ ਬੜੀ ਸੰਜੀਦਗੀ ਨਾਲ ਆਪਣੀਆਂ ਪਹਿਲੀਆਂ ਪੁਜ਼ੀਸ਼ਨਾਂ ਤੇ ਮੁੜ ਵਿਚਾਰ ਕਰਨ ਤੇ ਉਨ੍ਹਾਂ ਵਿੱਚ ਬੁਨਿਆਦੀ ਤਬਦੀਲੀਆਂ ਲਿਆਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੀਆਂ ਹਨ, ਹਾਲਾਂ ਕਿ ਇਸ ਸੰਸਥਾ ਦੇ ਵਰਤਮਾਨ ਮੱਠਾਧਾਰੀਆਂ ਦਾ ਅੰਹਕਾਰ, ਉੁਨਾਂ ਦੇ ਪੱਕ ਚੁੱਕੇ ਸੰਸਕਾਰ ਤੇ ਹੱਠੀ ਸੁਭਾਅ ਫ਼ਿਲਹਾਲ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਹੀ ਨਹੀਂ ਰਹੇ ਬਲਕਿ ਇਸ ਨਵੀਂ ਖੋਜ ਉਤੇ ਬਹਿਸ ਕਰਾਉਣ ਦੀ ਖੁੱਲ੍ਹਦਿਲੀ ਵਿਖਾਉਣ ਤੋਂ ਵੀ ਗੁਰੇਜ਼ ਕਰ ਰਹੇ ਹਨ ਇਨ੍ਹਾਂ ਵੀਰਾਂ ਦੀ ਨਜ਼ਰ ਉਤੇ ਇਹ ‘ਕਿਸ ਤਰ੍ਹਾਂ’ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ ਤੇ ‘ਕਿੰਨ੍ਹਾਂ ਨੇ’ ਲਾ ਰੱਖੀਆਂ ਹਨ? ਇਸ ਸਵਾਲ ਉਤੇ ਵੀ ਉਨ੍ਹਾਂ ਨੂੰ ਆਪਣੇ ਅੰਦਰ ਝਾਤ ਮਾਰਨ ਦਾ ਮੌਕਾ ਮਿਲੇਗਾ। ਪਰ ਇੱਕ ਗੱਲ ਪੱਕੀ ਹੈ ਕਿ ਰਾਜਵਿੰਦਰ ਸਿੰਘ ਰਾਹੀ ਦੀਆਂ ਪੁਸਤਕਾਂ ਭਾਰਤੀ ਰਾਸ਼ਟਰਵਾਦ ਨਾਲ ਗੁੰਮਰਾਹ ਕੀਤੇ ਅਤੇ ਸਿੱਖ ਤੇ ਸਿੱਖੀ ਵਿਰਸੇ ਤੋਂ ਦੂਰ ਕੀਤੇ ਇਨ੍ਹਾਂ ਦੇ ਪੈਰੋਕਾਰ ਅੱਜ ਜਾਂ ਕੱਲ੍ਹ ਗ਼ਦਰੀ ਬਾਬਿਆਂ ਦੇ ਮੇਲਿਆਂ ਵਰਗੇ ਸਮਾਗਮਾਂ ਵਿੱਚ ਇਨ੍ਹਾਂ ਦੀ ਪੁੱਛਗਿੱਛ ਕਰਨ ਦਾ ਅਧਾਰ ਤਾਂ ਜ਼ਰੂਰ ਬਣਨਗੀਆਂ।
ਗ਼ਦਰੀ ਸਿੱਖਾਂ ਦੇ ਗੈਰ-ਫ਼ਿਰਕੂ ਅਤੇ ਸਭੇ ਸਾਂਝੀਵਾਲ ਸਦਾਇਣ ਦੇ ਸਿਧਾਂਤਿਕ ਰੰਗਾਂ ਤੋਂ, ਉਨ੍ਹਾਂ ਦੇ ਤਿਆਗ ਤੋਂ, ਉਨ੍ਹਾਂ ਦੇ ਨਿਰਛੱਲ ਸੁਭਾਵਾਂ ਤੋਂ ਅਤੇ ਉਨ੍ਹਾਂ ਦੇ ਮਾਸੂਮ ਚਿਹਰਿਆਂ ਅਤੇ ਮੱਥਿਆਂ ਤੇ ਨੱਚ ਰਹੀ ਸ਼ਹਾਦਤ ਤੋਂ ਅਤੇ ਰੂਹਾਨੀ ਸਾਦਗੀ ਵਿੱਚ ਰੰਗੇ ਉਨ੍ਹਾਂ ਦੇ ਅਮਲਾਂ ਤੋਂ ਦੋ ਸ਼ਹੀਦ ਹਿੰਦੂ ਗ਼ਦਰੀ ਇਸ ਕਦਰ ਖਿੱਚੇ ਗਏ ਸਨ ਕਿ ਬਰ੍ਹਮਾਂ ਦੀਆਂ ਫੌਜੀ ਛਾਉਣੀਆਂ ਵਿਚ ਬਗਾਵਤ ਕਰਾਉਣ ਦੀ ਮੰਜ਼ਿਲ ਨੂੰ ਸਰ ਕਰਨ ਲਈ ਇੱਕ ਸ਼ਹੀਦ ਸੋਹਣ ਲਾਲ ਪਾਠਕ ਨੇ ਬਰ੍ਹਮਾਂ ਦੇ ਜੰਗਲਾਂ ਵਿਚ ਗੁਪਤ ਅਖੰਡ ਪਾਠ ਕਰਾਉਣ ਦਾ ਓਟ ਆਸਰਾ ਲਿਆ। ਇਸੇ ਤਰ੍ਹਾਂ ਸ਼ਹੀਦ ਕਾਂਸ਼ੀ ਰਾਮ ਤੇ ਸ਼ਹੀਦ ਵੈਸ਼ਨੂੰ ਗਨੇਸ਼ ਪਿੰਗਲੇ ਵੀ ਸਿੱਖੀ ਦੀ ਰੂਹ ਦੇ ਕਿਤੇ ਕਰੀਬ ਕਰੀਬ ਹੀ ਵਸਦੇ ਸਨ।
Related Topics: Gadhar Movement