July 9, 2015 | By ਸਿੱਖ ਸਿਆਸਤ ਬਿਊਰੋ
ਸੰਯੁਕਤ ਰਾਸ਼ਟਰ (8 ਜੁਲਾਈ, 2015): ਬੋਸਨੀਆ ਜੰਗ ਦੌਰਾਨ ਸਰੇਬਰੇਨੀਕਾ ਵਿਚ ਹੋਈ ਮੁਸਲਮਾਨਾਂ ਦੀ ਨਸਲਕੁਸ਼ੀ ਸਬੰਧੀ ਸੰਯੁਕਤ ਰਾਸ਼ਟਰ ਵਿੱਚ ਪੇਸ਼ ਮਤੇ ਉੱਤੇ ਰੂਸ ਨੇ ਵੀਟੋ ਤਾਕਤ ਦੀ ਵਰਤੋਂ ਕਰਦਿਆਂ ਰੋਕ ਲਗਾ ਦਿੱਤੀ। ਬੋਸਨੀਆ ਜੰਗ (1992-95) ਦੌਰਾਨ ਸਰਬ ਫੌਜਾਂ ਵੱਲੋਂ 11 ਜੁਲਾਈ 1995 ਨੂੰ ਸਰੇਬਰੇਨੀਕਾ ਵਿੱਚ ਸੰਯੂਕਤ ਰਾਸ਼ਟਰ ਦੇ ਸ਼ਰਨਾਰਥੀ ਕੈਂਪ ਵਿੱਚ ਸ਼ਰਨ ਲਈ ਬੈਠੇ 8000 ਮੁਸਲਿਮ ਸ਼ਰਨਾਰਥੀਆਂ ‘ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਬਰਤਾਨੀਆ ਨੇ ਸੰਯੁਕਤ ਰਾਸ਼ਟਰ ਵਿੱਚ ਇਸ ਆਸ ਨਾਲ ਮਤਾ ਪੇਸ਼ ਕੀਤਾ ਸੀ ਕਿ ਸੁਰੱਖਿਆ ਪ੍ਰੀਸ਼ਦ ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਦੀ ਵਹਿਸ਼ੀਅਤ ਭਰੀ ਸਭ ਤੋਂ ਭੈੜੀ ਨਸਲਕੂਸ਼ੀ ਨੂੰ ਮਾਨਤਾ ਦੇਵੇਗੀ ਅਤੇ ਅਜੇ ਤੱਕ ਇਸਨੂੰ ਨਸਲਕੁਸ਼ੀ ਵਜੋਂ ਮਾਨਤਾ ਨਾ ਦੇਣ ਦੀ ਨਿੰਦਾ ਕਰੇਗੀ।
ਬਰਤਾਨਵੀ ਪ੍ਰਤੀਨਿਧ ਪੀਟਰ ਵਿਲਸਨ ਨੇ ਦੋਸ਼ ਲਾਉਦਿਆਂ ਕਿਹਾ ਕਿ ਰੂਸ ਅੱਜ ਸਚਾਈ ਨੂੰ ਨਾ ਮੰਨਣ ਵਾਲ਼ਿਆ ਦਾ ਸਾਥ ਦੇ ਰਿਹਾ ਹੈ।
ਰੁਸੀ ਪ੍ਰਤੀਨਿਧ ਵਿਟਲੇ ਚਰਕਿਨ ਨੇ ਕਿਹਾ ਕਿ ਇਹ ਮਤਾ ਸ਼ਾਂਤੀ ਸਥਾਪਿਤ ਕਰਨ ਵਿੱਚ ਕੋਈ ਮੱਦਦ ਨਹੀਂ ਕਰੇਗਾ, ਸਗੋਂ ਇਸ ਖੇਤਰ ਵਿੱਚ ਤਨਾਅ ਨੂੰ ਹੋਰ ਵਧਾਵੇਗਾ।
ਸੁਰੱਖਿਆ ਪ੍ਰੀਸ਼ਦ ਨੇ ਚੀਨ ਅਤੇ ਰੂਸ ਵੱਲੋਂ ਮਤੇ ਨੂੰ ਪੇਸ਼ ਨਾ ਕਰਨ ਦੀ ਅਪੀਲ ਕਰਨ ਦੇ ਬਾਵਜੂਦ ਵੀ ਪ੍ਰੀਸ਼ਦ ਨੇ ਮਤਾ ਪੇਸ਼ ਕਰ ਦਿੱਤਾ। ਰੂਸ ਅਤੇ ਚੀਨ ਨੇ ਪ੍ਰੀਸ਼ਦ ਵਿੱਚ ਗੁੱਟਬੰਦੀ ਹੋਣ ਦਾ ਤਰਕ ਦਿੰਦਿਆਂ ਮਤਾ ਨਾ ਪੇਸ਼ ਕਰਨ ਦੀ ਅਪੀਲ ਕੀਤੀ ਸੀ।
ਇਹ ਧਿਆਨ ਦੇਣ ਯੋਗ ਹੈ ਕਿ ਕੌਮਾਂਤਰੀ ਅਦਾਲਤਾਂ ਪਹਿਲਾਂ ਹੀ ਇਸ ਘਾਣ ਨੂੰ ਕੌਮਾਂਤਰੀ ਕਾਨੂੰਨ ਅੰਦਰ ਨਸਲਕੁਸ਼ੀ ਤਸਲੀਮ ਕਰ ਚੁੱਕੀਆ ਹਨ। ਯੂ. ਐਨ. ਦੇ ਮਤੇ ਨਾਲ ਸੰਯੁਕਤ ਰਾਸ਼ਟਰ ਨੇ ਨਸਲਕੁਸ਼ੀ ਦੇ ਇਸੇ ਤੱਥ ਨੂੰ ਹੀ ਮਾਨਤਾ ਦੇਣੀ ਸੀ।
20 ਸਾਲ ਪਹਿਲਾਂ ਹੋਈ ਨਸਲਕੁਸ਼ੀ ਦੇ ਮਤੇ ‘ਤੇ ਅੰਗੋਲਾ, ਚੀਨ, ਨਾਈਜੀਰੀਆ ਅਤੇ ਵੈਨਜ਼ੂਏਲਾਨੇ ਵੋਟ ਨਹੀਂ ਪਾਈ।
ਸਰਬਰੇਨਿਕਾ, ਜਿੱਥੇ ਇਹ ਨਸਲਕੁਸ਼ੀ ਹੋਈ ,ਉੱਥੋਂ ਦੀ ਮਾਂਵਾਂ ਦੀ ਸਭਾ ਦੀ ਪ੍ਰਧਾਨ ਮੁਨੀਰਾ ਸੁਬੇਸਿਕ ਨੇ ਕਿਹਾ ਕਿ ” ਅਸੀਂ ਰੂਸ ਵੱਲੋਂ ਲਏ ਗਏ ਫੈਸਲੇ ਤੋਂ ਹੈਰਾਨ ਨਹੀਂ ਹਾਂ।ਰੂਸ ਕਾਤਲਾਂ ਦੀ ਮੱਦਦ ਕਰ ਰਿਹਾ ਹੈ,ਜਿੰਨ੍ਹਾਂ ਨੇ ਸਾਡੇ ਬੱਚਿਆਂ ਨੂੰ ਮਾਰਿਆ।
ਬੋਸਨੀਆਂ ਦੇ ਸਰਬ ਆਗੂਆਂ ਨੇ ਰੂਸ ਨੂੰ ਇਹ ਦਲੀਲ ਦਿੰਦਿਆਂ ਇਸ ਮਤੇ ਨੂੰ ਰੋਕਣ ਦੀ ਅਪੀਲ ਕੀਤੀ ਕਿ ਇਸ ਮਤਾ ਸਰਬ ਵਿਰੋਧੀ ਹੈ।
Related Topics: Russia, Srebrenica Genocide, United Nation Organization