December 3, 2017 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: ਦਲ ਖਾਲਸਾ ਦੇ ਮੋਢੀ ਮੈਂਬਰ ਮਨਮੋਹਨ ਸਿੰਘ ਖਾਲਸਾ ਨੂੰ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਨੇ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੇ ਸੰਘਰਸ਼ਮਈ ਜੀਵਨ ਬਾਬਤ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਜ਼ਿਕਰਯੋਗ ਹੈ ਕਿ 20 ਨਵੰਬਰ ਨੂੰ ਯੂ.ਕੇ. ਦੇ ਇੱਕ ਹਸਪਤਾਲ ਵਿੱਚ ਮਨਮੋਹਨ ਸਿੰਘ ਅਕਾਲ ਚਲਾਣਾ ਕਰ ਗਏ ਸਨ।
ਜਥੇਬੰਦੀ ਵਲੋਂ ਇਸ ਮੌਕੇ ਇੱਕ ਮਤਾ ਪਾਸ ਕਰਕੇ ਕਿਹਾ ਗਿਆ ਕਿ ਭਾਈ ਮਨਮੋਹਨ ਸਿੰਘ ਖਾਲਿਸਤਾਨ ਦਾ ਸੁਪਨਾ ਆਪਣੀਆਂ ਅੱਖਾਂ ਵਿੱਚ ਲੈ ਕੇ ਸੰਸਾਰ ਤੋਂ ਚਲੇ ਗਏ ਹਨ। ਦਲ ਖਾਲਸਾ ਵਚਨਬੱਧ ਹੈ ਕਿ ਉਹ ਪੰਜਾਬ ਲਈ ਸਵੈ-ਨਿਰਣੇ ਦਾ ਹੱਕ ਲੈਣ ਲਈ ਲੜੇ ਜਾ ਰਹੇ ਸੰਘਰਸ਼ ਨੂੰ ਦ੍ਰਿੜ੍ਹਤਾ ਨਾਲ ਜਾਰੀ ਰੱਖੇਗਾ।
ਇਸ ਮੌਕੇ ਜੇਲ੍ਹਾਂ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਉਹਨਾਂ ਦੇ ਵਕੀਲਾਂ ਸਿਮਰਜੀਤ ਸਿੰਘ ਅਤੇ ਅਮਰ ਸਿੰਘ ਚਾਹਲ ਨੇ ਪੜ੍ਹਕੇ ਸੁਣਾਏ।
ਅੱਜ (3 ਦਸੰਬਰ, 2017) ਏਥੇ ਦਲ ਖਾਲਸਾ ਵਲੋਂ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਹੈਡ ਗ੍ਰੰਥੀ ਫਤਿਹਗੜ੍ਹ ਸਾਹਿਬ ਗਿਆਨੀ ਹਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਹਰਜਿੰਦਰ ਸਿੰਘ ਧਾਮੀ, ਖਾਲਸਾ ਪੰਚਾਇਤ ਮੁੱਖੀ ਰਾਜਿੰਦਰ ਸਿੰਘ, ਮਨਧੀਰ ਸਿੰਘ, ਜਗਜੀਤ ਸਿੰਘ ਗਾਬਾ ਨੇ ਮਨਮੋਹਨ ਸਿੰਘ ਵਲੋਂ ਸਿੱਖ ਸੰਘਰਸ਼ ਦੌਰਾਨ ਪਾਏ ਯੋਗਦਾਨ ਅਤੇ ਦਿਖਾਈ ਅਡੋਲਤਾ ਤੇ ਦ੍ਰਿੜਤਾ ਦੀ ਸਿਫਤ ਸਲਾਹ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਨਮੋਹਨ ਸਿੰਘ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਸੀ ਅਤੇ ਉਹ ਖਾਲਿਸਤਾਨ ਤਹਿਰੀਕ ਦਾ ਸੱਚਾ ਸਿਪਾਹੀ ਸੀ। ਉਹਨਾਂ ਦੱਸਿਆ ਕਿ ਸ. ਮਨਮੋਹਨ ਸਿੰਘ ਦੇ ਪਰਿਵਾਰ ਨੇ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀਆਂ ਅਸਥੀਆਂ ਨਨਕਾਣਾ ਸਾਹਿਬ ਲੈ ਕੇ ਜਾਣਗੇ ਅਤੇ ਰਾਵੀ ਦਰਿਆ ਵਿੱਚ ਜਲ ਪ੍ਰਵਾਹ ਕਰਨਗੇ।
ਹਰਚਰਨਜੀਤ ਸਿੰਘ ਧਾਮੀ ਨੇ ਦੱਸਿਆ ਕਿ 1 ਮਈ 1992 ਨੂੰ ਜਦੋਂ ਦਲ ਖਾਲਸਾ ਉਤੇ ਪਾਬੰਦੀ ਲਗਾਈ ਗਈ ਸੀ ਤਾਂ ਉਸ ਮੌਕੇ ਮਨਮੋਹਨ ਸਿੰਘ ਪੰਜਾਬ ਛੱਡ ਕੇ ਇੰਗਲੈਂਡ ਚਲੇ ਗਏ ਸਨ ਅਤੇ ਉਹ ਮੁੜ ਵਾਪਿਸ ਨਹੀਂ ਪਰਤੇ ਕਿਉਂਕਿ ਉਹਨਾਂ ਦਾ ਨਾਂ ਭਾਰਤ ਸਰਕਾਰ ਵਲੋਂ ਕਾਲੀ ਸੂਚੀ ਵਿੱਚ ਪਾਇਆ ਗਿਆ ਸੀ।
ਮਾਨ ਸਾਹਿਬ ਨੇ ਦੱਸਿਆ ਕਿ ਮਨਮੋਹਨ ਸਿੰਘ ਹੁਣਾਂ ਨੇ ਸਿੱਖ ਅਤੇ ਮੁਸਲਮਾਨ ਕੌਮਾਂ ਦੇ ਰਿਸ਼ਤਿਆਂ ਵਿੱਚ ਨੇੜਤਾ ਲਿਆਉਣ ਲਈ ਵਰਲਡ ਮੁਸਲਿਮ-ਸਿੱਖ ਫੈਡਰੇਸ਼ਨ ਨਾਮੀ ਸੰਸਥਾ ਬਣਾਈ ਸੀ ਅਤੇ ਉਹ ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ਵਿੱਚ ਚੰਗਾ ਅਸਰ-ਰਸੂਖ ਰੱਖਦੇ ਸਨ।
ਸਬੰਧਤ ਖ਼ਬਰ:
ਦਲ ਖ਼ਾਲਸਾ ਯੂ.ਕੇ. ਦੇ ਆਗੂ ਭਾਈ ਮਨਮੋਹਣ ਸਿੰਘ ਦਾ 70 ਸਾਲਾਂ ਦੀ ਉਮਰ ‘ਚ ਅਕਾਲ ਚਲਾਣਾ …
ਸਮਾਗਮ ਵਿੱਚ ਹਾਜ਼ਰੀਆਂ ਭਰਨ ਵਾਲਿਆਂ ਵਿੱਚ ਸਤਿਨਾਮ ਸਿੰਘ ਪਾਉਂਟਾ ਸਾਹਿਬ, ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਖੰਡ ਕੀਰਤਨੀ ਜਥੇ ਤੋਂ ਆਰ ਪੀ ਸਿੰਘ, ਇੰਟਰਨੈਸ਼ਨਲ ਅਖੰਡ ਕੀਰਤਨੀ ਜਥੇ ਵੱਲੋਂ ਗਿਆਨੀ ਬਲਦੇਵ ਸਿੰਘ, ਜਸਵੀਰ ਸਿੰਘ ਖੰਡੂਰ, ਸਰਬਜੀਤ ਸਿੰਘ ਘੁਮਾਣ, ਅਮਰੀਕ ਸਿੰਘ ਈਸੜੂ, ਪਰਮਜੀਤ ਸਿੰਘ ਟਾਂਡਾ ਅਤੇ ਪਰਮਜੀਤ ਸਿੰਘ ਮੰਡ ਵੀ ਸ਼ਾਮਿਲ ਹੋਏ।
Related Topics: Dal Khalsa International, Harcharanjeet Singh Dhami, Khalistan, Manmohan Singh Khalsa UK, Shiromani Akali Dal Amritsar (Mann), Simranjeet Singh Mann