April 2, 2020 | By ਸਿੱਖ ਸਿਆਸਤ ਬਿਊਰੋ
ਸ੍ਰੀ ਅੰਮ੍ਰਿਤਸਰ: ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਂ ਉੱਤੇ ਗਠਤ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਅਤੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਪੰਜਾਬ ਦੇ ਗਵਰਨਰ, ਸੂਬੇ ਦੇ ਮੁੱਖ ਮੰਤਰੀ ਅਤੇ ਦਿੱਲੀ ਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਚਿੱਠੀ ਲਿਖ ਕੇ ਸਬੰਧਤ ਸੂਬਿਆਂ ਵਿੱਚ ਨਜ਼ਰਬੰਦ ਸਿਆਸੀ ਬੰਦੀ ਸਿੰਘਾਂ ਨੂੰ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੈਰੋਲ ਤੇ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿਆਸੀ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਕੈਦ ਹਨ। ਕੁਝ ਬੰਦੀ ਸਿੰਘਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਛੁੱਟੀ (ਪੇਰੋਲ) ਮਿਲ ਰਹੀ ਹੈ ਅਤੇ ਉਨ੍ਹਾਂ ਦਾ ਜੇਲ੍ਹ ਰਿਕਾਰਡ ਮੁਤਾਬਕ ਚਾਲ ਚਲਣ ਵੀ ਬਹੁਤ ਵਧੀਆ ਹੈ।
ਕਮੇਟੀ ਆਗੂਆਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ “ਕਿਤੇ ਕਰੋਨੇ ਕਾਰਨ ਬੰਦੀ ਸਿੰਘਾਂ ਦੀ ਉਮਰ ਕੈਦ ਦੀ ਸਜ਼ਾ ਮੌਤ ਦੀ ਸਜ਼ਾ ਨਾ ਬਣ ਜਾਵੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੰਦੀ ਸਿੰਘ ਅਦਾਲਤ ਵੱਲੋਂ ਨਿਰਧਾਰਿਤ ਸਜ਼ਾ ਪੂਰੀ ਕਰ ਚੁੱਕੇ ਹਨ”।
ਇੱਥੇ ਵਰਨਣਯੋਗ ਹੈ ਕਿ ਸੰਸਾਰ ਦੇ ਵੱਖ-ਵੱਖ ਦੇਸ਼ਾਂ ਜਿੰਨ੍ਹਾਂ ਵਿੱਚ ਅਮਰੀਕਾ, ਕੈਨੇਡਾ, ਜਰਮਨੀ, ਈਰਾਨ, ਬ੍ਰਿਟੇਨ, ਪੋਲੈਂਡ, ਇਟਲੀ ਆਦਿ ਨੇ ਆਪਣੀਆਂ ਜੇਲ੍ਹਾਂ ਵਿੱਚੋਂ ਕਰੋਨਾ ਕਾਰਨ ਸਿਆਸੀ ਅਤੇ ਹਵਾਲਾਤੀਆਂ ਕੈਦੀਆਂ ਨੂੰ ਵੱਡੀ ਗਿਣਤੀ ਵਿੱਚ ਮਨੁੱਖੀ ਕਦਰਾਂ-ਕੀਮਤਾਂ ਨੂੰ ਧਿਆਨ ਚ ਰੱਖਦੇ ਹੋਏ ਰਿਹਾਅ ਕਰ ਦਿੱਤਾ ਹੈ।
ਜਥੇਦਾਰ ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਪਰਿਵਾਰ ਕਰੋਨਾ ਦੀ ਮਹਾਂਮਾਰੀ ਕਾਰਨ ਬੰਦੀ ਸਿੰਘਾਂ ਦੀ ਸਿਹਤਯਾਬੀ ਲਈ ਬਹੁਤ ਚਿੰਤਤ ਹਨ। ਉਨ੍ਹਾਂ ਸਬੰਧਤ ਸੂਬਾ ਸਰਕਾਰਾਂ ਅਤੇ ਪੰਜਾਬ ਗਵਰਨਰ ਨੂੰ ਕਿਹਾ ਕਿ ਜਿੱਥੇ ਉਹ ਆਮ ਨਾਗਰਿਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਵੱਖ ਵੱਖ ਕਿਸਮ ਦੀਆਂ ਸਹੂਲਤਾਂ ਅਤੇ ਹਦਾਇਤਾਂ ਦੇ ਰਹੇ ਹਨ ਉੱਥੇ ਉਨ੍ਹਾਂ ਦਾ ਫਰਜ਼ ਸਿਆਸੀ ਬੰਦੀ ਸਿੰਘਾਂ ਦੀ ਹਿਫਾਜ਼ਤ ਕਰਨਾ ਵੀ ਬਣਦਾ ਹੈ।
ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਪ੍ਰਤੀ ਪੱਖਪਾਤੀ ਨਾ ਹੁੰਦਿਆਂ ਹੋਇਆਂ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਖਾਸ ਪੈਰੋਲ ਦੇ ਕੇ ਰਿਹਾਅ ਕੀਤਾ ਜਾਵੇ। ਕਮੇਟੀ ਆਗੂਆਂ ਨੇ ਅੰਤ ਵਿਚ ਕਿਹਾ ਜੇਕਰ ਕਰੋਨਾ ਵਾਇਰਸ ਕਾਰਨ ਕਿਸੇ ਵੀ ਸਬੰਧਿਤ ਸੂਬੇ ਵਿੱਚ ਬੰਦੀ ਸਿੰਘਾਂ ਦਾ ਨੁਕਸਾਨ ਹੋਇਆ ਤਾਂ ਉਸ ਲਈ ਸਬੰਧਤ ਸਰਕਾਰ ਜ਼ਿੰਮੇਵਾਰ ਹੋਵੇਗੀ।
Related Topics: Bandi Singhs Rihai, Bhai Balwant Singh Rajoana, Bhai Hawara Committee, Bhai Jagtar Singh Hawara, coronavirus