August 20, 2014 | By ਸਿੱਖ ਸਿਆਸਤ ਬਿਊਰੋ
ਲੰਡਨ (19 ਅਗਸਤ2014): ਸਿੱਖ ਸੰਘਰਸ਼ ਨਾਲ ਸਬੰਧਿਤ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਿੱਖ ਨਜ਼ਰਬੰਦਾਂ ਨੂੰ 18-23 ਸਾਲ ਤੱਕ ਜੇਲ ਵਿੱਚ ਬਤੀਤ ਕਰਨ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ, ਦੂਜੇ ਪਾਸੇ ਸਿੱਖਾਂ ਦੇ ਕਾਤਲ ਪੁਲਿਸ ਕੈਟ ਪਿੰਕੀ ਨੂੰ ਉਮਰ ਕੈਦ ਵਿੱਚ ਸੱਤ ਸਾਲ ਕੈਦ ਕੱਟਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ, ਇਹ ਕਾਰਵਾਈ ਭਾਰਤੀ ਨਿਆਇਕ ਸਿਸਟਮ ਦੀ ਨਿਰਪੱਖਤਾ ਦਾ ਜਨਾਜ਼ਾ ਨਿਕਲਣ ਸੂਚਕ ਹੈ ਅਤੇ ਅਖੋਤੀ ਪੰਥਕ ਸਰਕਾਰ ਦਾ ਕੌਮ ਘਾਤਕ ਚਿਹਰਾ ਬੇਨਕਾਬ ਕਰਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਨਾਈਟਿਡ ਖਾਲਸਾ ਦਲ ਯੂ,ਕੇ ਅਤੇ ਆਖੰਡ ਕੀਰਤਨ ਜੱਥੇ ਦੇ ਅਹੁਦੇਦਾਰਾਂ ਨੇ ਕੀਤਾ।
ਉਨ੍ਹਾਂ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੇ ਸਤਿਕਾਰਯੋਗ ਕਈ ਨਾਇਕਾਂ ਨੂੰ ਭਾਰਤੀ ਅਦਾਲਤਾਂ ਵਲੋਂ ਪੱਖਪਾਤੀ ਰਵੱਈਏ ਅਧੀਨ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਨ । ਜਿਹਨਾਂ ਵਿੱਚ ਹੋਰਨਾਂ ਤੋਂ ਇਲਾਵਾ ਕਰਮਵਾਰ ਭਾਈ ਲਾਲ ਸਿੰਘ ਅਕਾਲ ਗੜ 23 ਸਾਲ ,ਭਾਈ ਦਇਆ ਸਿੰਘ ਲਾਹੌਰੀਆ 18 ਸਾਲ ,ਭਾਈ ਪਰਮਜੀਤ ਸਿੰਘ ਭਿਉਰਾ 18 ਸਾਲ ,ਭਾਈ ਜਗਤਾਰ ਸਿੰਘ ਹਾਵਾਰਾ 18 ਸਾਲ ,ਭਾਈ ਗੁਰਮੀਤ ਸਿੰਘ 18 ਸਾਲ,ਭਾਈ ਲਖਵਿੰਦਰ ਸਿੰਘ 18 ਸਾਲ,ਭਾਈ ਸਲਸ਼ੇਰ ਸਿੰਘ 18 ਸਾਲ ,ਪ੍ਰਫੈਸਰ ਦਵਿੰਦਰ ਪਾਲ ਸਿੰਘ ਭੁੱਲਰ 19 ਸਾਲ ਉਮਰ ਕੈਦ ਦੀ ਸਜ਼ਾ ਅਧੀਨ ਜੇਹਲਾਂ ਵਿੱਚ ਬਿਤਾ ਚੁੱਕੇ ਹਨ ,ਪਰ ਭਾਰਤੀ ਪ੍ਰਸਾਸ਼ਨ ,ਸਰਕਾਰਾਂ ਅਤੇ ਅਦਲਾਤੀ ਢਾਂਚਾ ਉਹਨਾਂ ਨੂੰ ਰਿਹਾਅ ਕਰਨਾ ਜਰੂਰੀ ਨਹੀਂ ਸਮਝ ੁਰਿਹਾ ਬਲਕਿ ਹੋਰ ਲੰਬਾ ਸਮਾਂ ਜੇਹਲਾਂ ਵਿੱਚ ਬੰਦ ਰੱਖਣ ਲਈ ਤਰਾਂ ਤਰਾਂ ਦੇ ਬਹਾਨੇ ਘੜ ਰਿਹਾ ਹੈ ।ਜਦੋਂਕਿ ਭਾਈ ਜਗਤਾਰ ਸਿੰਘ ਹਾਵਾਰਾ ਬਾਰੇ ਆਖਰੀ ਸਾਹ ਤੱਕ ਉੇਮਰ ਕੈਦ ਲਿਖੀ ਗਈ ਹੈ।
ਦੂਜੇ ਪਾਸੇ ਖਾੜਕੂ ਤੋਂ ਪੁਲਿਸ ਕੈਟ ਬਣਕੇ ਦਰਜਨਾਂ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਤਸ਼ੱਦਦ ਕਰਕੇ ਸ਼ਹੀਦ ਕਰਨ ਵਾਲੇ ,ਸਿੱਖ ਪਰਿਵਾਰਾਂ ਤੇ ਤਸ਼ੱਦਦ ਢਾਹ ਕੇ ਫਿਰੌਤੀਆਂ ਵਸੂਲਣ ਵਾਲੇ ,ਮੌਜੂਦਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਪਾਲਤੂ ਗੁਰਮੀਤ ਪਿੰਕੀ ਜਿਸ ਨੂੰ ਪੁਲਿਸ ਵਿੱਚ ਬਤੌਰ ਇੰਸਪੈਕਟਰ ਭਰਤੀ ਕੀਤਾ ਗਿਆ ਸੀ ਉਸ ਦੀ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੇਵਲ ਸੱਤ ਸਾਲ ਵਿੱਚ ਹੀ ਪੂਰੀ ਸਮਝ ਕੇ ਰਿਹਾਅ ਕਰ ਦਿੱਤਾ ਗਿਆ ਹੈ ।
ਯੂਨਾਈਟਿਡਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ,ਅਖੰਡ ਕੀਰਤਨੀ ਜਥਾ ਯੂ,ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਨੇ ਗੁਰਮੀਤ ਪਿੰਕੀ ਦੀ ਰਿਹਾਈ ਦਾ ਵਿਰੋਧ ਕਰਦਿਆਂ ਇਸ ਨੂੰ ਸਰਕਾਰ ਅਤੇ ਸੁਮੇਧ ਸੈਣੀ ਦੀ ਸਿੱਖ ਵਿਰੋਧੀ ਕਾਲੀ ਕਰਤੂਤ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੈਟ ਪਿੰਕੀ ਦੀ ਉਮਰ ਕੈਦ ਸੱਤ ਸਾਲਾਂ ਵਿੱਚ ਪੂਰੀ ਹੋ ਸਕਦੀ ਹੈ ਤਾਂ ਕੌਮੀ ਸੰਘਰਸ਼ ਦੇ ਸਤਿਕਾਰਯੋਗ ਸਿੱਖ ਨਾਇਕਾਂ ਦੀ ਉਮਰ ਕੈਦ ਇਸ ਨਾਲੋਂ ਢਾਈ ਅਤੇ ਤਿੰਨ ਗੁਣਾ ਜਿਆਦਾ ਸਮਾਂ ਜੇਹਲਾਂ ਵਿੱਚ ਗੁਜ਼ਾਰਨ ਨਾਲ ਵੀ ਪੂਰੀ ਕਿਉਂ ਨਹੀਂ ਹੋ ਰਹੀ ?
Related Topics: Akhand Kirtani Jatha International, Badal Dal, Sikhs in Jails, United Khalsa Dal U.K