December 12, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (12 ਦਸੰਬਰ, 2015): ਦਲ ਖਾਲਸਾ ਨੇ ਤਖਤਾਂ ਦੇ ਪੰਜ ਜਥੇਦਾਰਾਂ ਵਲੋਂ ੧੪ ਦਸੰਬਰ ਨੂੰ ਸੱਦੀ ਮੀਟਿੰਗ ਉਤੇ ਆਪਣੀ ਟਿਪਣੀ ਕਰਦਿਆਂ ਕਿਹਾ ਕਿ ਦਾਗੀ ਅਤੇ ਵਿਵਾਦਤ ਜਥੇਦਾਰਾਂ ਕੋਲ ਪੰਥ ਦੀ ਹੋਣੀ ਨਾਲ ਜੁੜੇ ਫੈਸਲੇ ਕਰਨ ਦਾ ਕੋਈ ਨੈਤਿਕ ਹੱਕ ਜਾਂ ਅਧਿਕਾਰ ਨਹੀਂ ਹੈ।
ਚੇਤੇ ਰਹੇ ਕਿ ਵਿਦੇਸ਼ ਅੰਦਰ ਕਿਸੇ ਗੁਰਦੁਆਰੇ ਵਲੋਂ ਅਰਦਾਸ ਦੇ ਕੁਝ ਅਖਰ ਬਦਲਣ ਨਾਲ ਉਠੇ ਵਿਵਾਦ ਉਤੇ ਵਿਚਾਰ ਕਰਨ ਲਈ ਪੰਜ ਜਥੇਦਾਰਾਂ ਨੇ ੧੪ ਦਸੰਬਰ ਨੂੰ ਅਕਾਲ ਤਖਤ ਸਾਹਿਬ ਵਿਖੇ ਮੀਟਿੰਗ ਬੁਲਾਈ ਹੈ।
ਜਥੇਬੰਦੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ, ਗੁਰਦੀਪ ਸਿੰਘ ਅਤੇ ਰਣਬੀਰ ਸਿੰਘ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਜਿਸ ਦਿਨ ਤੋਂ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨੇ ਪੰਥਕ ਭਾਵਨਾਵਾਂ ਦੇ ਖਿਲਾਫ ਜਾ ਕੇ ਸਿਰਸੇ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦੀ ਬਜਰ ਗਲਤੀ ਕੀਤੀ ਹੈ, ਉਸ ਦਿਨ ਤੋਂ ਕੌਮ ਦੇ ਵੱਡੇ ਹਿੱਸੇ ਨੇ ਇਹਨਾਂ ‘ਜਥੇਦਾਰਾਂ’ ਨੂੰ ਰੱਦ ਕਰ ਦਿੱਤਾ ਹੈ।
ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੇ ਜਥੇਦਾਰ, ਕੌਮ ਦਾ ਭਰੋਸਾ ਹੀ ਗੁਆ ਚੁੱਕੇ ਹੋਣ, ਉਹ ਪੰਥ ਵਲੋਂ ਫੈਸਲੇ ਕਰਨ ਦਾ ਹੱਕ ਨਹੀਂ ਰੱਖਦੇ। ਉਹਨਾਂ ਕਿਹਾ ਕਿ ਇੱਕ ਗੱਲ ਸਾਫ ਹੈ ਕਿ ਇਹ ਜਥੇਦਾਰ ਜਦੋਂ ਵੀ, ਜਿਥੇ ਵੀ ਅਤੇ ਜੋ ਵੀ ਫੈਸਲਾ ਕਰਨਗੇ, ਉਸ ਦਾ ਕੋਈ ਅਰਥ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਮੈਂਬਰ, ਜਿਹਨਾਂ ਦਾ ਕੰਟਰੌਲ ਅਕਾਲੀ ਦਲ ਬਾਦਲ ਕੋਲ ਹੈ, ਕੌਮੀ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਅਜਿਹੇ ਦਾਗੀ ਜਥੇਦਾਰਾਂ ਨੂੰ ਅਹੁਦਿਆਂ ਉਤੇ ਬੈਠੇ ਰਹਿਣ ਵਿੱਚ ਸਹਾਈ ਹੋ ਰਹੇ ਹਨ। ਉਹਨਾਂ ਕਿਹਾ ਕਿ ਸਤਾਧਾਰੀ ਪਾਰਟੀ ਦੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਬੋਲੋੜੀ ਅਤੇ ਸਿੱਧੀ ਦਖਲਅੰਦਾਜੀ ਖਤਰਨਾਕ ਹੈ, ਜੋ ਕਿਸੇ ਵੀ ਰੂਪ ਵਿੱਚ ਕੌਮ ਨੂੰ ਪ੍ਰਵਾਨ ਨਹੀਂ ਹੈ।
ਉਹਨਾਂ ਪੰਥ ਦੇ ਵਿਦਵਾਨਾਂ ਨੂੰ ਸਨਿਮਰ ਬੇਨਤੀ ਕੀਤੀ ਕਿ ਉਹ ਭਰੋਸੇਯੋਗਤਾ ਗੁਆ ਚੁੱਕੇ ਜਥੇਦਾਰਾਂ ਦੀ ਮੀਟਿੰਗ ਦਾ ਹਿੱਸਾ ਨਾ ਬਨਣ ਅਤੇ ਉਹਨਾਂ ਨਾਲ ਹੀ ਆਸ ਵੀ ਪ੍ਰਗਟਾਈ ਕਿ ਜਿਹਨਾਂ ਵਿਦਵਾਨਾਂ ਦੀ ਜਮੀਰ ਜਾਗਦੀ ਹੈ ਉਹ ਮੀਟਿੰਗ ਤੋਂ ਦੂਰ ਰਹਿਣਗੇ।
ਉਹਨਾਂ ਸ਼੍ਰੋਮਣੀ ਕਮੇਟੀ ਨੂੰ ਨੀਂਦਰੋ ਜਾਗਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਖਾਲਸਾ ਪੰਥ ਦੀ ਭਾਵਨਾਵਾਂ ਦਾ ਸਤਿਕਾਰ ਅਤੇ ਪੰਜ ਪਿਆਰਿਆਂ ਦੇ ਹੁਕਮਾਂ ਨੂੰ ਮੰਨਦੇ ਹੋਏ ਮੌਜੂਦਾ ਜਥੇਦਾਰਾਂ ਨੂੰ ਅਹੁਦਿਆਂ ਤੋਂ ਫਾਰਗ ਕਰੇ।ਉਹਨਾਂ ਕਿਹਾ ਕਿ ਜਦ ਤੱਕ ਇਹਨਾਂ ਮੌਜੂਦਾ ਅਯੋਗ ਜਥੇਦਾਰਾਂ ਨੂੰ ਹਟਾਇਆ ਨਹੀ ਜਾਂਦਾ ਅਤੇ ਇਹਨਾਂ ਦੀ ਥਾਂ ਪੰਥ ਦੇ ਸਾਰੇ ਵਰਗਾਂ ਦੀ ਰਾਏ ਨਾਲ ਸਰਬ-ਪ੍ਰਵਾਣਿਤ ਜਥੇਦਾਰ ਨਹੀਂ ਨਿਯੁਕਤ ਕੀਤੇ ਜਾਂਦੇ, ਤੱਦ ਤੱਕ ਸਾਰੇ ਵਿਵਾਦਿਤ ਮੁੱਦਿਆਂ ਨੂੰ ਛੋਹਿਆ ਨਾ ਜਾਵੇ।
ਉਹਨਾਂ ਕਿਹਾ ਕਿ ਅਰਦਾਸ ਨਾਲ ਆਪ-ਮੁਹਾਰੇ ਕੀਤੀ ਛੇੜ-ਛਾੜ ਬਿਨਾਂ ਸ਼ੱਕ ਚਿੰਤਾ ਦਾ ਵਿਸ਼ਾ ਹੈ ਅਤੇ ਜੇਕਰ ਇਸ ਸੰਵੇਦਣਸ਼ੀਲ ਮੁੱਦੇ ਨੂੰ ਨਜਿਠੱਣ ਲਈ ਫੌਰੀ ਕਦਮ ਚੁੱਕੇ ਜਾਣੇ ਜ਼ਰੂਰੀ ਹਨ ਤਾਂ ਇਹ ਕੇਸ ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਹਵਾਲੇ ਕੀਤਾ ਜਾਵੇ ਅਤੇ ਖੁਦਮੁਖਤਿਆਰ ਸੋਚ ਦੇ ਧਾਰਨੀ ਵਿਦਵਾਨਾਂ ਦਾ ਪੈਨਲ ਗਠਿਤ ਕਰਕੇ ਧਰਮ ਪ੍ਰਚਾਰ ਕਮੇਟੀ ਨਾਲ ਉਸ ਦੇ ਸਹਿਯੋਗ ਲਈ ਨੱਥੀ ਕਰ ਦਿੱਤਾ ਜਾਵੇ। ਉਹਨਾਂ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਜਿਹੇ ਵਿਵਾਦਿਤ ਅਤੇ ਸੰਵੇਦਣਸ਼ੀਲ ਮੁੱਦੇ ਕੌਮ ਅੰਦਰ ਅੰਦਰ ਪਈ ਪਾਟੋ-ਧਾੜ ਨੂੰ ਹੋਰ ਡੂੰਘਾ ਕਰਨਗੇ।
Related Topics: Akal Takhat Sahib, Bhai Harcharanjeet Singh Dhami, Bhai Kanwarpal Singh, Dal Khalsa International, Giani Gurbachan Singh, Shiromani Gurdwara Parbandhak Committee (SGPC)