ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਵਿਦੇਸ਼ » ਸਿੱਖ ਖਬਰਾਂ

ਸਿਖਜ਼ ਫਾਰ ਜਸਟਿਸ ਨੂੰ ਲਿਖੀ ਸਵਾਲਾਂ ਵਾਲੀ ਚਿੱਠੀ ‘ਤੇ ਸਿੱਖ ਧਿਰਾਂ ਵਿਚ ਸ਼ਬਦੀ ਜੰਗ ਛਿੜੀ

July 28, 2018 | By

ਲਾਹੌਰ/ਅੰਮ੍ਰਿਤਸਰ: ਰੈਫਰੈਂਡਮ 2020 ਮੁਹਿੰਮ ਦੀ ਸਪੱਸ਼ਟਤਾ ਸਬੰਧੀ ਸਿੱਖਜ਼ ਫਾਰ ਜਸਟਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਵਲੋਂ ਇਕ ਸਵਾਲਾਂ ਵਾਲੀ ਚਿੱਠੀ ਲਿਖਣ ਤੋਂ ਬਾਅਦ ਸਿੱਖ ਧਿਰਾਂ ਦਰਮਿਆਨ ਆਪਸੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।

ਦਲ ਖ਼ਾਲਸਾ ਯੂਕੇ ਨਾਮੀਂ ਇਕ ਧੜੇ ਨੇ ਇਹ ਸਵਾਲਾਂ ਵਾਲੀ ਚਿੱਠੀ ਲਿਖਣ ਨੂੰ ਪੰਥ ਵਿਰੋਧੀ ਅਤੇ ਖਾਲਿਸਤਾਨ ਵਿਰੋਧੀ ਕਾਰਵਾਈ ਦਸਦਿਆਂ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕਰ ਦਿੱਤਾ।

ਦਲ ਖ਼ਾਲਸਾ ਦੇ ਆਗੂਆਂ ਦੀ ਇਕ ਬੈਠਕ ਦੌਰਾਨ ਲਈ ਗਈ ਤਸਵੀਰ

ਦੂਜੇ ਪਾਸੇ ਦਲ ਖ਼ਾਲਸਾ ਨੇ ਕਿਹਾ ਕਿ ਦਲ ਖਾਲਸਾ ਦੇ ਸੀਨੀਅਰ ਆਗੂ ਰਹੇ ਭਾਈ ਮਨਮੋਹਨ ਸਿੰਘ ਯੂਕੇ ਦੇ ਪਿਛਲੇ ਸਾਲ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਦਲ ਖਲਸਾ ਨੇ ਪਾਰਟੀ ਦੇ ਮਾਮਲਿਆਂ ਨੂੰ ਚਲਾਉਣ ਲਈ ਕਿਸੇ ਵੀ ਮੈਂਬਰ ਨੂੰ ਬਰਤਾਨੀਆ ਵਿਚ ਨਾਮਜ਼ਦ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਮਨਮੋਹਨ ਸਿੰਘ ਤੋ ਬਾਅਦ ਯੂਕੇ ਵਿੱਚ ਆਪਣੀ ਸੰਸਥਾ ਦਾ ਢਾਂਚਾ ਕਾਇਮ ਨਾ ਕਰਨ ਦਾ ਫੈਸਲਾ ਕੀਤਾ ਸੀ ਕਿਉਂਕਿ ਸਿੱਖ ਫੈਡਰੇਸ਼ਨ ਯੂ.ਕੇ. ਦੇ ਨਾਲ ਸਾਡਾ ਗਠਜੋੜ ਹੈ।

ਦਲ ਖ਼ਾਲਸਾ ਦੇ ਸਕੱਤਰ ਰਣਵੀਰ ਸਿੰਘ ਨੇ ਕਿਹਾ ਕਿ ਬਰਤਾਨੀਆ ਵਿੱਚ ਹੁਣ ਕੋਈ ਦਲ ਖਾਲਸਾ ਯੂ.ਕੇ ਨਹੀਂ ਹੈ ਅਤੇ ਐਸ.ਐੱਫ ਹੀ ਸਾਡੀ ਨੁਮਾਂਇੰਦਗੀ ਕਰਦੀ ਹੈ।

ਰਣਵੀਰ ਸਿੰਘ ਨੇ ਸਾਫ ਕੀਤਾ ਕਿ ਪੰਜਾਬ ਵਿਚ ਦਲ ਖਾਲਸਾ ਸ. ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਵੈ-ਨਿਰਣੇ ਦੇ ਹੱਕ ਲਈ ਰਾਜਨੀਤਿਕ ਸੰਘਰਸ਼ ਕਰ ਰਿਹਾ ਹੈ। ਦਲ ਖਾਲਸਾ ਦੇ ਸੰਵਿਧਾਨ ਮੁਤਾਬਿਕ ਹਰ ਫ਼ੈਸਲਾ ਪਾਰਟੀ ਦੀ ਪ੍ਰਬੰਧਕੀ ਕਮੇਟੀ ਕਰਦੀ ਹੈ ਅਤੇ ਸ. ਚੀਮਾ ਦੁਆਰਾ ਰਾਏਸ਼ੁਮਾਰੀ 2020 ਸਬੰਧੀ ਦਿੱਤੇ ਬਿਆਨ ਨੂੰ ਵੀ ਪਾਰਟੀ ਪ੍ਰਬੰਧਕੀ ਕਮੇਟੀ ਦੀ ਪੂਰਨ ਹਮਾਇਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,