November 10, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਆਰਐਸਐਸ ਆਗੂ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈਂ ਤੇ ਪਾਦਰੀ ਸੁਲਤਾਨ ਮਸੀਹ ਸਮੇਤ ਮਿੱਥ ਕੇ ਕੀਤੇ ਛੇ ਕਤਲਾਂ ਦੇ ਮਾਮਲੇ ਵਿੱਚ ਮੋਗਾ ਪੁਲਿਸ ਲੁਧਿਆਣਾ ਦੇ ਥਾਣਾ ਮਿਹਰਬਾਨ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਚੂਹੜਵਾਲ ਤੋਂ ਰਮਨਦੀਪ ਸਿੰਘ ਉਰਫ਼ ਰਮਨ ਕੈਨੈਡੀਅਨ ਨੂੰ ਚੁੱਕ ਕੇ ਲੈ ਗਈ ਤੇ ਲੁਧਿਆਣਾ ਪੁਲਿਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ।
ਖ਼ਬਰਾਂ ਮੁਤਾਬਕ ਰਮਨਦੀਪ ਦੇ ਪਰਿਵਾਰ ਵਾਲੇ ਦੇਰ ਸ਼ਾਮ ਥਾਣੇ ਵਿੱਚ ਰਮਨਦੀਪ ਦੇ ਅਗਵਾ ਹੋਣ ਦੀ ਸ਼ਿਕਾਇਤ ਦੇਣ ਸਥਾਨਕ ਥਾਣੇ ਵੀ ਗਏ ਸੀ। ਜਦੋਂ ਮੋਗਾ ਪੁਲਿਸ ਨੇ ਰਮਨ ਦੀ ਗ੍ਰਿਫ਼ਤਾਰੀ ਪਾਈ ਤਾਂ ਲੁਧਿਆਣਾ ਪੁਲਿਸ ਨੂੰ ਇਸ ਦੀ ਖ਼ਬਰ ਲੱਗੀ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਗੁੱਸੇ ਵਿੱਚ ਆਏ ਪੁਲਿਸ ਕਮਿਸ਼ਨਰ ਨੇ ਥਾਣਾ ਮਿਹਰਬਾਨ ਦੇ ਐਸਐਚਓ ਨੂੰ ਬਦਲ ਕੇ ਉਸ ਦੀ ਥਾਂ ਇੰਸਪੈਕਟਰ ਜਰਨੈਲ ਸਿੰਘ ਨੂੰ ਐਸਐਚਓ ਲਾ ਦਿੱਤਾ। ਦਰਅਸਲ ਪੁਲਿਸ ਦਾ ਦਾਅਵਾ ਹੈ ਕਿ ਮਿੱਥ ਕੇ ਕੀਤੇ ਕਤਲਾਂ ਵਿੱਚ ਰਮਨਦੀਪ ਸਿੰਘ ਦਾ ਵੱਡਾ ਹੱਥ ਹੈ। ਰਮਨਦੀਪ ਲੰਮੇ ਸਮੇਂ ਤੋਂ ਪਿੰਡ ਚੂਹੜਵਾਲ ਰਹਿ ਰਿਹਾ ਸੀ, ਪੁਲਿਸ ਨੇ ਇਸ ਦੇ ਘਰ ਨੇੜੇ ਮੁਲਜ਼ਮਾਂ ਦੀ ਭਾਲ ਤੇ ਇਨਾਮ ਵਾਲੇ ਪੋਸਟਰ ਵੀ ਲਾਏ ਸਨ। ਪੁਲਿਸ ਦਾ ਦਾਅਵਾ ਹੈ ਕਿ ਰਮਨ ਕੈਨੇਡਾ ਵਿੱਚ ਬੈਠੇ ਖ਼ਾਲਿਸਤਾਨੀਆਂ ਦੇ ਸੰਪਰਕ ਵਿੱਚ ਸੀ।
ਰਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਿੰਡ ਚੂਹੜਵਾਲ ਦੇ ਵਸਨੀਕ ਹੈਰਾਨ ਹਨ। ਪਿੰਡ ਵਾਸੀਆਂ ਨੂੰ ਰਮਨ ਦੀ ਕਤਲ ਕਾਂਡਾਂ ਵਿੱਚ ਸ਼ਮੂਲੀਅਤ ’ਤੇ ਯਕੀਨ ਹੀ ਨਹੀਂ ਹੋ ਰਿਹਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਰਮਨ ਬਹੁਤ ਸ਼ਰੀਫ ਲੜਕਾ ਹੈ। ਚੂਹੜਵਾਲ ਦੇ ਸਰਪੰਚ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਰਮਨ ਗੁਰਬਾਣੀ ਪੜ੍ਹਨ ਵਾਲਾ ਨੌਜਵਾਨ ਹੈ, ਉਹ ਗਲਤ ਕੰਮ ਨਹੀਂ ਕਰ ਸਕਦਾ। ਰਮਨ ਦੀ ਗ੍ਰਿਫ਼ਤਾਰੀ ਕਾਰਨ ਉਸ ਦੇ ਮਾਪਿਆਂ ਬਹੁਤ ਪਰੇਸ਼ਾਨ ਹਨ।
Related Topics: Arrests of sikh youth in punjab, Hindu Groups, killings of hindu leaders in punjab, Punjab Police, raman canadian, Ramandeep Singh Chuharwal