March 6, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (6 ਅਪ੍ਰੈਲ, 2015): ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਅਤੇ ਪੰਜਾਬ ਵਿੱਚ ਕੀਤੇ ਪੰਜਾਬ ਪੁਲਿਸ ਦੇ ਜ਼ੁਲਮਾਂ ਦੀ ਦਾਸਤਾਨ ਨੂੰ ਵਿਖਾਉਦੀ ਹੋਈ ਫਿਲਮ ” ਪੱਤਾ ਪੱਤਾ ਸਿੰਘਾਂ ਦਾ ਵੈਰੀ” 3 ਅਪ੍ਰੈਲ 2015 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਫਤਿਹ ਕਲਾਬ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ।
ਫਤਿਹ ਕਲੱਬ ਦੇ ਹਰਸਿਮਰਨ ਸਿੰਘ ਅਤੇ ਸੰਦੀਪ ਸਿੰਘ ਜ਼ੰਟੀ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦਾ ਸੰਤਾਪ ਅਤੇ ਪੰਜਾਬ ਦਾ ਦਰਦ ਬਿਆਨ ਕਰਦੀ ਹੈ।। ਇਹ ਫਿਲਮ ਪੰਜਾਬ ਵਿੱਚ 80ਵਿਆਂ ਤੋਂ 90ਵਿਆਂ ਦੌਰਾਨ ਚੱਲੀ ਸਿੱਖ ਖਾੜਕੂ ਲਹਿਰ ‘ਤੇ ਅਧਾਰਿਤ ਹੈ।
ਇਸ ਖਾੜਕੂ ਲਹਿਰ ਦਾ ਲੋਕਾਂ ਵਿੱਚ ਕੀ ਆਧਾਰ ਸੀ ਅਤੇ ਇਸਨੇ ਸਮਾਜ ਸੁਧਾਰ ਦੇ ਕਿਹੜੇ ਕਿਹੜੇ ਕੰਮ ਕੀਤੇ, ਇਸਨੂੂੰ ਆਧਾਰ ਬਣਾਕੇ ਹੀ ਰਾਜ ਕਾਕੜਾ ਅਤੇ ਫ਼ਤਿਹ ਕਲੱਬ ਨੇ ਫਿਲਮ ਦਾ ਤਾਣਾ ਬਾਣ ਬੁਣਿਆ ਹੈ।
ਫਿਲਮ ਦੀ ਕਹਾਣੀ ਪ੍ਰਿੰਸ ਕੇ ਜੇ ਸਿੰਘ ਨੇ ਲਿਖੀ ਹੈ ਤੇ ਫਿਲਮ ਦੇ ਨਿਰਦੇਸ਼ਕ ਨਰੇਸ਼ ਗਰਗ (ਨਿਰਦੇਸ਼ਕ ਕੌਮ ਦੇ ਹੀਰੇ) ਨੇ ਇਸ ਵਿਸ਼ੇ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਫਿਲਮਾਇਆ ਹੈ।
ਫਿਲਮ ਦਾ ਜੋ ਵਾਤਾਵਰਣ ਹੈ ਉਹ ਲੱਗਭੱਗ 1984 ਤੋਂ 1990 ਦੇ ਵਿਚਕਾਰ ਦਾ ਹੈ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਇਸੇ ਲਹਿਰ ‘ਤੇ ਅਧਾਰਿਤ ਇੱਕ ਫਿਲਮ ਪੰਜਾਬ 1984 ਆ ਚੁੱਕੀ ਹੈ।ਇਸ ਫਿਲਮ ਵਿੱਚ ਜੋ ਵੀ ਵਿਖਾਇਆ ਗਿਆ ਹੈ, ਉਹ ਸਰਕਾਰ ਦ੍ਰਿਸ਼ਟੀਕੋਣ ਤੋਂ ਹੀ ਵਿਖਾਇਆ ਗਿਆ ਸੀ।
ਹਰਸਿਮਰਨ ਸਿੰਘ ਅਤੇ ਸੰਦੀਪ ਸਿੰਘ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਖਾੜਕੂਵਾਦ ਦੇ ਅਸਲ ਕਿਰਦਾਰ ਨੂੰ ਪੇਸ਼ ਕਰਦੀ ਹੈ ਅਤੇ ਇਸ ਨਾਲ ਸਮਾਜ ਨੂੰ ਜੋ ਫਾਇਦੇ ਹੋਏ ਉਹ ਸਾਡੀ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ।
ਰਾਜ ਕਾਕੜਾ ਤੋਂ ਇਲਾਵਾ ਅਦਕਾਰ ਜੋਨਿਤਾ ਡੋਡਾ, ਸਵਿੰਦਰ ਮਾਹਲ, ਨੀਟੂ ਪੰਧੇਰ, ਸ਼ੱਕੂਰਾਣਾ, ਤਰਸੇਮਪਾਲ, ਸਿਮਰਨ, ਸਹਿਜਪਾਲ ਅਤੇ ਅੰਮ੍ਰਿਤਪਾਲ ਛੋਟੂ ਤੇ ਪ੍ਰਿੰਸ ਕੇਜੇ ਸਿੰਘ ਨੇ ਅਹਿਮ ਭੁਮਕਾ ਨਿਭਾਈ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਦੇ ਸੰਗੀਤ ਵੱਲ ਅਸੀਂ ਖ਼ਾਸ ਧਿਆਨ ਦਿੱਤਾ ਹੈ। ਗੀਤ ਖੁਦ ਰਾਜ ਕਾਕੜਾ ਨੇ ਲਿਖੇ ਹਨ। ਗੀਤਾਂ ਨੂੰ ਅਵਾਜ਼ਾਂ ਰਣਜੀਤ ਬਾਵਾ, ਕਰਮਜੀਤ ਅਨਮੋਲ, ਸ਼ਾਬੜੀ ਬ੍ਰਦਰਜ਼ ਮੁੰਬਈ, ਜਾਨਵੀ ਆਰੋੜਾ, ਸ਼ਹਿਨਾਜ਼ ਅਖ਼ਤਰ ਨੇ ਦਿੱਤੀ ਹੈ।
ਇੱਕ ਸਫਲ ਗੀਤਕਾਰ/ ਗਾਇਕ ਵਜੋਂ ਸਥਾਪਤ ਹੋਣ ਤੋਂ ਬਾਅਦ ਰਾਜ ਕਾਕੜਾ ਇੱਕ ਕਾਬਲ ਅਦਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ।ਸਿੱਖ ਇਤਿਹਾਸ ਦੇ ਸ਼ਾਨਾਮਈ ਪੰਨਿਆਂ ਨੂੰ ਬਿਆਨਦੀ ਉਨ੍ਹਾਂ ਦੀ ਪਹਿਲੀ ਇਤਿਹਾਸਕ ਫਿਲਮ “ਕੌਮ ਦੇ ਹੀਰੇ” ਭਾਂਵੇਂ ਪੰਜਾਬ ਅਤੇ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ, ਪਰ ਇਸਨੇ ਵਿਦੇਸ਼ਾਂ ਵਿੱਚ ਦਰਸ਼ਕਾਂ ਦਾ ਖੂਬ ਪਿਆਰ ਹਾਸਲ ਕੀਤਾ ਹੈ।
ਬਤੌਰ “ਨਾਇਕ ਉਨ੍ਹਾਂ ਦੀ ਅਗਲੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” 3 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Related Topics: Patta Patta Singha Da Vairi Movie, Punjabi Movies, Raj Kakra