June 19, 2015 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ (18 ਜੂਨ, 2015): ਕਰਜ਼ੇ ਦੇ ਭਾਰ ਹੇਠ ਦੱਬਣ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਇਸ ਜ਼ਿਲ੍ਹੇ ਦੇ ਪਿੰਡ ਦਾਦੂਮਾਜਰਾ ਦੇ ਕਿਸਾਨ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅੱਜ ਸਵੇਰੇ 8.45 ਵਜੇ ਪਿੰਡ ਦਾਦੂਮਾਜਰਾ ਵਿਚ ਉਨ੍ਹਾਂ ਦੇ ਘਰ ਪਹੁੰਚੇ ।
ਇੱਥੇ ਇਹ ਵਰਨਣਯੋਗ ਹੈ ਕਿ ਸ੍ਰੀ ਰਾਹੁਲ ਗਾਂਧੀ ਅਨਾਜ ਮੰਡੀ ਸਰਹਿੰਦ ਵਿਖੇ 28 ਅਪ੍ਰੈਲ ਨੂੰ ਜਦੋਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਆਏ ਸੀ ਤਾਂ ਇਸ ਕਿਸਾਨ ਨੇ ਹੀ ਅੱਗੇ ਹੋ ਕੇ ਕਿਸਾਨ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ ਸੀ ।
ਸ੍ਰੀ ਰਾਹੁਲ ਗਾਂਧੀ ਇਸ ਕਿਸਾਨ ਦੇ ਘਰ ਕਰੀਬ 20 ਮਿੰਟ ਰੁਕੇ, ਇਸ ਦੌਰਾਨ ਮਿ੍ਤਕ ਕਿਸਾਨ ਸੁਰਜੀਤ ਸਿੰਘ ਦੀ ਪਤਨੀ ਜਸਵੰਤ ਕੌਰ ਨੇ ਭਾਵੁਕ ਹੁੰਦੇ ਹੋਏ ਸ੍ਰੀ ਗਾਂਧੀ ਦੇ ਗਲ ਲੱਗ ਕੇ ਰੋਣਾ ਸ਼ੁਰੂ ਕਰ
ਦਿੱਤਾ ।
ਇੱਥੇ ਇਹ ਵਰਨਣਯੋਗ ਹੈ ਕਿ ਸ੍ਰੀ ਰਾਹੁਲ ਗਾਂਧੀ ਦੀ ਫੇਰੀ ਦੌਰਾਨ ਇਸ ਕਿਸਾਨ ਨੇ ਸੁਚੇਤ ਕੀਤਾ ਸੀ ਕਿ ਜੇਕਰ ਪੰਜਾਬ ਦੇ ਕਿਸਾਨ ਦਾ ਕਿਸੇ ਨੇ ਦਰਦ ਨਾ ਸੁਣਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ, ਜਿਸ ਤੋਂ ਬਾਅਦ ਹੀ ਸ੍ਰੀ ਰਾਹੁਲ ਗਾਂਧੀ ਨੇ ਅਗਲੇ ਹੀ ਦਿਨ ਲੋਕ ਸਭਾ ਵਿਚ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਸੀ ਅਤੇ ਮੰਡੀਆਂ ਵਿਚ ਰੁਲ ਰਹੇ ਅੰਨਦਾਤਾ ਕਿਸਾਨ ਦੀ ਦੁਰਦਸ਼ਾ ਬਾਰੇ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ ਸੀ ਜਿਸ ਤੇ ਕੇਂਦਰ ਸਰਕਾਰ ਨੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਸੀ ।
ਅੱਜ ਸ੍ਰੀ ਰਾਹੁਲ ਗਾਂਧੀ ਨੇਂ ਮੀਡੀਏ ਨਾਲ ਗੱਲ ਕਰਨ ਤੋਂ ਇਹ ਕਹਿ ਕੇ ਗੁਰੇਜ਼ ਕੀਤਾ ਕਿ ਉਹ ਇੱਥੇ ਰਾਜਨੀਤੀ ਕਰਨ ਨਹੀਂ ਆਏ ਸਗੋਂ ਦਿਲੋਂ ਦੁੱਖ ਹੋਣ ਕਾਰਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਹਨ ਕਿਉਂਕਿ ਜਿਸ ਦਿਨ ਉਸ ਨੰੂ ਇਸ ਕਿਸਾਨ ਦੀ ਖ਼ੁਦਕੁਸ਼ੀ ਬਾਰੇ ਪਤਾ ਲੱਗਿਆ ਸੀ ਉਸ ਨੇ ਉਸ ਦਿਨ ਹੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਕਿਸਾਨ ਦੇ ਭੋਗ ਦੇ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦਾ ਮਨ ਬਣਾ ਲਿਆ ਸੀ ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਸ੍ਰੀ ਗਾਂਧੀ ਨੇ ਇਸ ਪੀੜਤ ਪਰਿਵਾਰ ਦੇ ਮੈਬਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਦੁਰਦਸ਼ਾ ਬਾਰੇ ਉਨ੍ਹਾਂ ਲੋਕ ਸਭਾ ਵਿਚ ਆਵਾਜ਼ ਉਠਾਈ ਸੀ ਅਤੇ ਕੇਂਦਰ ਸਰਕਾਰ ਨੇ ਕਿਸਾਨੀ ਦੀ ਮਦਦ ਦਾ ਭਰੋਸਾ ਦਿੱਤਾ ਸੀ ਲੇਕਿਨ ਦੁੱਖ ਦੀ ਗੱਲ ਹੈ ਕਿ ਦੇਸ ਦੇ ਅੰਨ ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕਿਸਾਨ ਦੀ ਕੋਈ ਵੀ ਸਾਰ ਨਹੀਂ ਲਈ, ਜਿਸ ਕਾਰਨ ਹੀ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ।
ਇਸ ਮੌਕੇ ਕੁਲ ਹਿੰਦ ਕਾਂਗਰਸ ਦੇ ਸਕੱਤਰ ਸ੍ਰੀ ਕੁਲਜੀਤ ਸਿੰਘ ਨਾਗਰਾ ਵਿਧਾਇਕ ਨੇ ਕਿਹਾ ਕਿ ਭਾਜਪਾ ਆਗੂ ਸ੍ਰੀ ਅਮਿੱਤ ਸ਼ਾਹ ਤੇ ਰਾਜ ਨਾਥ ਸਿੰਘ ਕਲ੍ਹ ਸ੍ਰੀ ਅਨੰਦਪੁਰ ਸਾਹਿਬ ਵਿਚ ਖ਼ਾਲਸੇ ਦੇ 350 ਸਾਲਾ ਸਾਜਨਾ ਦਿਵਸ ਮੌਕੇ ਪਹੁੰਚ ਰਹੇ ਹਨ, ਜੇਕਰ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਨਾਲ ਜਰਾਂ ਜਿੰਨਾ ਵੀ ਦਰਦ ਹੈ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਡਾ.ਮਨਮੋਹਨ ਸਿੰਘ ਦੀ ਸਰਕਾਰ ਨੇ 72 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਸੀ ।
Related Topics: Farmers' Issues and Agrarian Crisis in Punjab, Rahul Gandhi