May 29, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ ਰੱਖਣ ਵਾਲਿਆਂ ਦੀਆਂ ਨਿਗਾਹਾਂ ਕੁਝ ਖਾਸ ਹਲਕਿਆਂ ਉੱਪਰ ਲੱਗੀਆਂ ਹੋਈਆਂ ਹਨ। ਪੰਜਾਬ ਦੇ ਕੁੱਲ 13 ਲੋਕ ਸਭਾ ਹਲਕਿਆਂ ਵਿੱਚੋਂ ਖਡੂਰ ਸਾਹਿਬ, ਸੰਗਰੂਰ ਅਤੇ ਫਰੀਦਕੋਟ ਸਿੱਖਾਂ ਵਿੱਚ ਸਭ ਤੋਂ ਵੱਧ ਚਰਚਿਤ ਹਲਕਿਆਂ ਵਜੋਂ ਉਭਰੇ ਹਨ। ਆਮ ਲੋਕਾਂ ਤੋਂ ਲੈ ਕੇ ਸਿਆਸੀ ਵਿਸ਼ਲੇਸ਼ਕ ਇਨਾਂ ਹਲਕਿਆਂ ਦੀ ਖਾਸੀ ਚਰਚਾ ਕਰ ਰਹੇ ਹਨ।
ਖਡੂਰ ਸਾਹਿਬ – ਸਭ ਤੋਂ ਵੱਧ ਚਰਚਿਤ:
ਖਡੂਰ ਸਾਹਿਬ ਵਿੱਚ ਮਰਹੂਮ ਅਦਾਕਾਰ ਦੀਪ ਸਿੱਧੂ ਵੱਲੋਂ ਬਣਾਈ ਗਈ “ਵਾਰਸ ਪੰਜਾਬ ਦੇ” ਪਾਰਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਜੋ ਕਿ ਨੈਸ਼ਨਲ ਸਿਕਿਉਰਟੀ ਐਕਟ (ਐਨਐਸਏ) ਤਹਿਤ ਬੀਤੇ ਸਾਲ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਹੈ, ਵੱਲੋਂ ਚੋਣ ਲੜੀ ਜਾ ਰਹੀ। ਅੰਮ੍ਰਿਤਪਾਲ ਸਿੰਘ ਵੱਲੋਂ ਉਸ ਦੇ ਮਾਤਾ ਪਿਤਾ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਹਨ।
ਖਡੂਰ ਸਾਹਿਬ ਹਲਕੇ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਸਿੱਖ ਵਸੋਂ ਵਾਲੇ ਪੇਂਡੂ ਖੇਤਰਾਂ ਵਿੱਚੋਂ ਮਿਲ ਰਹੀ ਹਮਾਇਤ ਕਾਰਨ ਅੰਮ੍ਰਿਤਪਾਲ ਸਿੰਘ ਇਸ ਵੇਲੇ ਇਸ ਹਲਕੇ ਦੇ ਮੂਹਰੀ ਉਮੀਦਵਾਰਾਂ ਵਿੱਚ ਹੈ। ਬੀਬੀ ਪਰਮਜੀਤ ਕੌਰ ਖਾਲੜਾ, ਜੋ ਕਿ ਮਨੁੱਖੀ ਹੱਕਾਂ ਦੇ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਹਨ, ਵੱਲੋਂ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਬੀਬੀ ਖਾਲੜਾ ਇਸੇ ਹਲਕੇ ਤੋਂ 2019 ਵਾਲੀ ਲੋਕ ਸਭਾ ਚੋਣ ਖੁਦ ਲੜੇ ਸਨ ਪਰ ਉਹਨਾਂ ਨੂੰ ਕਾਮਯਾਬੀ ਨਹੀਂ ਸੀ ਮਿਲੀ।
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ਕੀਤੀ ਜਾ ਰਹੀ ਹੈ। ਮਾਨ ਦਲ ਨੇ ਇਸ ਹਲਕੇ ਤੋਂ ਆਪਣੇ ਉਮੀਦਵਾਰ ਦਾ ਨਾਮ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵਾਪਸ ਲੈ ਲਿਆ ਸੀ ਤੇ ਪਾਰਟੀ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਚੋਣ ਪ੍ਰ਼ਚਾਰ ਕਰ ਰਹੇ ਹਨ।
ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵਿਰਸਾ ਸਿੰਘ ਵਲਟੋਹਾ ਅਤੇ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਪੱਟੀ ਵਿਧਾਨ ਸਭਾ ਹਲਕੇ ਦੇ ਮੌਜੂਦਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ।
ਜਾਣਕਾਰਾਂ ਅਨੁਸਾਰ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਖਡੂਰ ਸਾਹਿਬ ਲੋਕ ਸਭਾ ਸੀਟ ਅੰਮ੍ਰਿਤਪਾਲ ਸਿੰਘ ਵਾਸਤੇ ਛੱਡਣ ਲਈ ਪਾਰਟੀ ਅੰਦਰੋਂ ਕਾਫੀ ਹਿੱਸਿਆਂ ਵੱਲੋਂ ਦਬਾਅ ਪਾਇਆ ਜਾ ਰਿਹਾ ਸੀ ਪਰ ਸੁਖਬੀਰ ਬਾਦਲ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਹਾਲਾਤ ਇਹ ਹਨ ਕਿ ਹਾਲ ਵਿੱਚ ਹੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਰੀਬੀ ਰਿਸ਼ਤੇਦਾਰ ਅਤੇ ਬਾਦਲ ਦਲ ਦੇ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ‘ਪਾਰਟੀ ਵਿਰੋਧੀ ਕਾਰਵਾਈਆਂ’ ਦਾ ਹਵਾਲਾ ਦਿੰਦਿਆਂ ਬਾਦਲ ਦਲ ਵਿੱਚੋਂ ਬਾਹਰ ਕੱਢ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹਮਾਇਤੀ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਦੀ ਮਦਦ ਕਰ ਰਹੇ ਸਨ। ਬਾਦਲ ਦਲ ਦੇ ਇਕ ਹੋਰ ਉੱਚ ਆਗੂ ਭਾਈ ਮਨਜੀਤ ਸਿੰਘ ਭੂਰਾਕੋਹਨਾ ਨੇ ਵੀ ਬਾਦਲ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਈ ਮਨਜੀਤ ਸਿੰਘ ਦਾ ਪੁੱਤਰ ਕੰਵਰ ਚੜ੍ਹਤਪ੍ਰਤਾਪ ਸਿੰਘ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਿਹਾ ਹੈ।
ਸੰਗਰੂਰ – ਸਿਆਸੀ ਦਿੱਗਜਾਂ ਦਾ ਮੁਕਾਬਲਾ
ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਮੁੜ ਚੋਣ ਮੈਦਾਨ ਵਿੱਚ ਉਤਰੇ ਹਨ।
ਇਸ ਹਲਕੇ ਤੋਂ ਕਾਂਗਰਸ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਹੈ। ਸਿਮਰਨਜੀਤ ਸਿੰਘ ਮਾਨ ਵਾਙ ਹੀ ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਅਤੇ ਸਿੱਖਾਂ ਦੇ ਮਾਮਲਿਆਂ ਉੱਤੇ ਗੱਲ ਕਰਨ ਲਈ ਜਾਣੇ ਜਾਂਦੇ ਹਨ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਕੀਤੀ ਜਾ ਰਹੀ ਹੈ ਜਿਸ ਦਾ ਸਿਮਰਨਜੀਤ ਸਿੰਘ ਮਾਨ ਨੇ ਬੁਰਾ ਮਨਾਇਆ ਹੈ। ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਉਨਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਇੰਡੀਆ ਦੀ ਪਾਰਲੀਮੈਂਟ ਵਿੱਚ ਚੁੱਕਿਆ ਸੀ ਅਤੇ ਉਸਦੇ ਪਿਤਾ ਬਲਕੌਰ ਸਿੰਘ ਵੱਲੋਂ ਉਹਨਾਂ ਦੇ ਵਿਰੋਧੀ ਉਮੀਦਵਾਰ ਦੀ ਹਮਾਇਤ ਕਰਨਾ ਚੰਗੀ ਗੱਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਵਿਚ ਪੈਂਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਬਗਾਵਤ ਕਰਦਿਆਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਪੰਜਾਬ ਦੇ ਮੌਜੂਦਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਬਾਦਲ ਦਲ ਵੱਲੋਂ ਪਾਰਟੀ ਆਗੂ ਇਕਬਾਲ ਸਿੰਘ ਝੂੰਦਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਫਰੀਦਕੋਟ – ਭਾਵਨਾਤਮਕ ਉਭਾਰ ਕਾਰਨ ਚਰਚਾ
ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਵੱਲੋਂ ਚੋਣ ਲੜੀ ਜਾ ਰਹੀ ਹੈ। ਹਲਕੇ ਵਿੱਚੋਂ ਮਿਲ ਰਹੀ ਜ਼ਮੀਨੀ ਜਾਣਕਾਰੀ ਮੁਤਾਬਕ ਫਰੀਦਕੋਟ ਸੀਟ ਉੱਤੇ ਸਿੱਖ ਵਸੋਂ ਵਾਲੇ ਪੇਂਡੂ ਇਲਾਕਿਆਂ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭਾਵਨਾਤਮਕ ਮਾਹੌਲ ਬਣ ਰਿਹਾ ਹੈ।
ਖਡੂਰ ਸਾਹਿਬ ਤੋਂ ਉਲਟ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣਾ ਵੱਖਰਾ ਉਮੀਦਵਾਰ ਬਲਦੇਵ ਸਿੰਘ ਗਗੜਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਇਸ ਸੀਟ ਉੱਤੇ ਮਾਨ ਦਲ ਵੱਲੋਂ ਹਿਮਾਇਤ ਨਹੀਂ ਦਿੱਤੀ ਗਈ।
ਆਮ ਆਦਮੀ ਪਾਰਟੀ ਵੱਲੋਂ ਅਦਾਕਾਰ ਕਰਮਜੀਤ ਅਨਮੋਲ ਅਤੇ ਕਾਂਗਰਸ ਪਾਰਟੀ ਵੱਲੋਂ ਅਮਰਜੀਤ ਕੌਰ ਸਾਹੋਕੇ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬਾਦਲ ਦਲ ਵੱਲੋਂ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਗੁਰਦੇਵ ਸਿੰਘ ਬਾਦਲ ਦੇ ਦੋਹਤੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਬਠਿੰਡਾ – ਬਾਦਲਾਂ ਲਈ ਸਭ ਤੋਂ ਵੱਧ ਅਹਿਮ ਸੀਟ:
ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਚੋਣ ਲੜੀ ਜਾ ਰਹੀ ਹੈ ਪਰ ਬਾਦਲ ਦਲ ਦੀ ਅਗਵਾਈ ਉੱਤੇ ਲੰਮੇ ਸਮੇਂ ਤੋਂ ਕਾਬਜ਼ ਬਾਦਲ ਪਰਿਵਾਰ ਵਾਸਤੇ ਸਭ ਤੋਂ ਵੱਧ ਮਹੱਤਵਪੂਰਨ ਬਠਿੰਡਾ ਸੀਟ ਹੈ ਜਿੱਥੋਂ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿੱਚ ਹੈ। ਸਾਲ 2015 ਦੀਆਂ ਬੇਅਦਬੀ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਪੰਜਾਬ ਦੀ ਵੋਟ ਸਿਆਸਤ ਵਿੱਚ ਬਾਦਲ ਦਲ ਦੇ ਪਤਨ ਦਾ ਸ਼ੁਰੂ ਹੋਇਆ ਦੌਰ ਬੀਤੇ ਨੌ ਸਾਲਾਂ ਤੋਂ ਜਾਰੀ ਹੈ।
ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮਾਜਕ-ਸਿਆਸੀ ਕਾਰਕੁਨ ਲੱਖਾ ਸਿਧਾਣਾ ਨੂੰ ਟਿਕਟ ਦਿੱਤੀ ਗਈ ਹੈ। ਲੱਖਾ ਸਿਧਾਣਾ ਪੰਜਾਬੀ ਬੋਲੀ ਦੀ ਅਣਦੇਖੀ ਸਮੇਤ ਪੰਜਾਬ ਦੇ ਵੱਖ ਵੱਖ ਮਸਲਿਆਂ ਬਾਰੇ ਕੀਤੀ ਜਾਂਦੀ ਸਰਗਰਮੀ ਕਾਰਨ ਲਗਾਤਾਰ ਚਰਚਾ ਵਿੱਚ ਰਹਿਣ ਵਾਲਾ ਨਾਮ ਹੈ। ਕਿਸਾਨੀ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਉਣ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਮੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਗਈ ਸੀ ਪਰ ਉਸ ਨੂੰ ਕਾਮਯਾਬੀ ਨਹੀਂ ਸੀ ਮਿਲੀ।
ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਜੀਤ ਮਹਿੰਦਰ ਸਿੱਧੂ ਪਹਿਲਾਂ ਕਾਂਗਰਸ ਵਿਚ ਸੀ ਤੇ ਫਿਰ ਪਾਰਟੀ ਛੱਡ ਕੇ ਬਾਦਲ ਦਲ ਵਿਚ ਚਲੇ ਜਾਣ ਤੋਂ ਬਾਅਦ ਉਸਨੇ ਹੁਣ ਚੋਣਾਂ ਤੋਂ ਪਹਿਲਾਂ ਮੁੜ ਕਾਂਗਰਸ ਵਿਚ ਵਾਪਸੀ ਕੀਤੀ ਹੈ।
ਬਠਿੰਡਾ ਸੀਟ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਬਾਦਲ ਦਲ ਦੇ ਪ੍ਰਧਾਨ ਬਣੇ ਰਹਿਣ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਸੀਟ ਹਾਰਨ ਉੱਤੇ ਸੁਖਬੀਰ ਬਾਦਲ ’ਤੇ ਪ੍ਰਧਾਨਗੀ ਛੱਡਣ ਲਈ ਪਾਰਟੀ ਅੰਦਰੋਂ ਦਬਾਅ ਪਹਿਲਾਂ ਨਾਲੋਂ ਵੀ ਵਧੇਗਾ।
ਹੁਸ਼ਿਆਰਪੁਰ – ਦੱਖਣੀ ਉਮੀਦਵਾਰ ਦਾ ਸਿੱਖੀ ਬ੍ਰਿਤਾਂਤ
ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਇੱਕ ਨਿਵੇਕਲਾ ਉਮੀਦਵਾਰ ਦੇ ਚੋਣ ਮੈਦਾਨ ਵਿੱਚ ਹੈ। ਤਾਮਿਲਨਾਡੂ ਦੇ ਰਹਿਣ ਵਾਲੇ ਤਾਮਿਲ ਮੂਲ ਦੇ ਜੀਵਨ ਸਿੰਘ ਵੱਲੋਂ ਹੁਸ਼ਿਆਰਪੁਰ ਤੋਂ ਚੋਣ ਲੜੀ ਜਾ ਰਹੀ। ਜੀਵਨ ਸਿੰਘ ਦਾ ਪਹਿਲਾ ਨਾਮ ਜੀਵਨ ਕੁਮਾਰ ਸੀ ਅਤੇ ਉਨਾਂ ਨੇ ਕਿਸਾਨੀ ਸੰਘਰਸ਼ ਵਿੱਚ ਸਿੱਖਾਂ ਵੱਲੋਂ ਕੀਤੀ ਨਿਸ਼ਕਾਮ ਸੇਵਾ ਤੇ ਦ੍ਰਿੜ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕੀਤੀ ਅਤੇ ਉਹ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਏ।
ਜੀਵਨ ਸਿੰਘ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਸਿੱਖੀ ਦੇ ਬੁਨਿਆਦੀ ਸੰਕਲਪਾਂ ‘ਸਾਂਝੀਵਾਲਤਾ’, ‘ਸਰਬੱਤ ਦਾ ਭਲਾ’, ‘ਬੇਗਮਪੁਰਾ’ ਅਤੇ ‘ਹਲੇਮੀ ਰਾਜ’ ਦਾ ਪ੍ਰਚਾਰ ਕਰਨ ਕਰਕੇ ਖਬਰਖਾਨੇ ਵੱਲੋਂ ਜੀਵਨ ਸਿੰਘ ਦੀ ਉਮੀਦਵਾਰੀ ਵਿੱਚ ਖਾਸੀ ਰੁਚੀ ਦਿਖਾਈ ਜਾ ਰਹੀ ਹੈ। ਕਈ ਸਿੱਖ ਵਿਚਾਰਕ ਹਲਕਿਆਂ, ਸਮੇਤ ਹੁਸ਼ਿਆਰਪੁਰ ਤੋਂ ਬਾਹਰੀ ਵਿਚਾਰਕਾਂ ਦੇ, ਵੱਲੋਂ ਵੀ ਜੀਵਨ ਸਿੰਘ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇੰਝ ਹੁਸ਼ਿਆਰਪੁਰ ਲੋਕ ਸਭਾ ਸੀਟ ਦੱਖਣੀ ਮੂਲ ਦੇ ਉਮੀਦਵਾਰ ਦੇ ਸਿੱਖੀ ਨਾਲ ਜੁੜੇ ਬ੍ਰਿਤਾਂਤ ਕਰਕੇ ਕਈ ਸਿੱਖ ਹਿੱਸਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੀ “ਸਿੱਖ ਵੋਟ ਰਾਜਨੀਤੀ” ਦਾ ਸੰਭਾਵੀ ਦ੍ਰਿਸ਼ ਕੀ ਹੋਵੇਗਾ?
ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਦਾ ‘ਪੰਜਾਬ ਦੀ ਸਿੱਖ ਵੋਟ ਰਾਜਨੀਤੀ’ ਦਾ ਬਹੁਧੁਰਾਵੀ ਦ੍ਰਿਸ਼ ਉੱਭਰਦਾ ਨਜ਼ਰ ਆ ਰਿਹਾ ਹੈ ਜਿਸ ਵਿੱਚ ਸਿੱਖ ਵੋਟ ਰਾਜਨੀਤੀ ਦੀਆਂ ਇਕ ਤੋਂ ਵੱਧ ਧਿਰਾਂ ਆਪਣਾ ਪ੍ਰਭਾਵ ਵਧਾਉਣ ਲਈ ਜੋਰ ਅਜ਼ਮਾਈ ਕਰਨ ਦੀ ਸਥਿਤੀ ਵਿੱਚ ਹੋਣਗੀਆਂ।
ਬੀਤੇ ਵਿੱਚ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਦੇ ਕਈ ਦਾਅਵੇਦਾਰਾਂ ਦੀ ਮੌਜੂਦਗੀ ਦੇ ਬਾਵਜੂਦ ਇੱਕੋ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹੀ ਵਧੇਰੇ ਪ੍ਰਭਾਵ ਰਿਹਾ ਹੈ।
ਸਾਲ 2015 ਦੇ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਦਲ ਦਲ ਦੇ ਸਿਆਸੀ ਆਧਾਰ ਨੂੰ ਲੱਗ ਰਿਹਾ ਖੋਰਾ ਮੌਜੂਦਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋਰ ਵਧੇਗਾ।
ਬਾਦਲ ਦਲ ਅੰਦਰੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਖਿਲਾਫ ਬਾਗੀ ਸੁਰਾਂ ਵਧਣਗੀਆਂ ਅਤੇ ਬਾਦਲ ਦਲ ਵਿੱਚੋਂ ਹੀ ਇੱਕ ਵੱਖਰਾ ਧੜਾ ਉਭਰਣ ਦੇ ਵੀ ਆਸਾਰ ਹਨ।
ਹਾਲੀਆ ਕੁਝ ਸਾਲਾਂ ਦੌਰਾਨ ਵੋਟ ਸਿਆਸਤ ਵਿੱਚ ਇੱਕ ਹੱਦ ਤੱਕ ਮੁੜ ਬਹਾਲ ਹੋ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦਾ ਪ੍ਰਭਾਵ ਇਹਨਾ ਚੋਣ ਨਤੀਜਿਆਂ ਤੋਂ ਬਾਅਦ ਪਹਿਲਾਂ ਨਾਲੋਂ ਕੁਝ ਹੋਰ ਵਧਣ ਦੇ ਅਸਾਰ ਹਨ।
ਅੰਮ੍ਰਿਤਪਾਲ ਸਿੰਘ ਦੇ ਵੋਟ ਰਾਜਨੀਤੀ ਵਿੱਚ ਦਾਖਲੇ ਨਾਲ ਉਹ ਵੀ ਸਿੱਖ ਵੋਟ ਰਾਜਨੀਤੀ ਦੇ ਇਕ ਹੋਰ ਦਾਅਵੇਦਾਰ ਵਜੋਂ ਉਭਰੇਗਾ।
ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹਮਾਇਤ ਕੀਤੀ ਜਾ ਰਹੀ ਹੈ ਪਰ ਇਹ ਹਮਾਇਤ ਕਿਸੇ ਵੱਡੀ ਸਾਂਝ ਵਿੱਚ ਬਦਲ ਸਕੇਗੀ ਜਾਂ ਨਹੀਂ ਇਸ ਬਾਰੇ ਅਨਿਸ਼ਚਿਤਤਾ ਬਰਕਰਾਰ ਹੈ।
ਇੰਝ ਜੋ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ ਉਨਾਂ ਅਨੁਸਾਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ‘ਪੰਜਾਬ ਦੀ ਸਿੱਖ ਵੋਟ ਰਾਜਨੀਤੀ’ ਦੇ ਚਾਰ ਕੇਂਦਰ ਬਣਨ ਦੇ ਆਸਾਰ ਹਨ।
Related Topics: Amritpal Singh, Badal Dal, Bhagwant Maan, lakha sidhana, Lakhbir Singh @ Lakha Sadhana, Punjab Politics, Sarabjit Singh khalsa, Shiromani Akali Dal (Mann), Shiromani Akali Dal Amritsar (Mann), Simranjit Singh Mann, sukhbir singh badal, Sukhpal SIngh Khaira, Virsa Singh Valtoha, Waris Punjab De, ਹਰਸਿਮਰਤ ਕੌਰ ਬਾਦਲ (Harsimrat Kaur Badal)