January 30, 2016 | By ਸਿੱਖ ਸਿਆਸਤ ਬਿਊਰੋ
ਜਲੰਧਰ (29 ਜਨਵਰੀ, 2016): ਪੰਜਾਬੀ ਬੋਲੀ ਪ੍ਰਤੀ ਜਿੱਥੇ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਬੇਰੁਖੀ ਦਾ ਰਵੱਈਆਂ ਅਪਣਾਇਆ ਅਤੇ ਪੰਜਾਬ ਵਿੱਚ ਹੀ ਪੰਜਾਬੀ ਵਿਰੋਧੀ ਲਾਭੀ ਸਰਗਰਮ ਹੈ, ਉੱਥੇ ਇਸਨੂੰ ਪਿਆਰ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀ।
ਪੰਜਾਬੀ ਨੂੰ ਜੀਅ ਜਾਣ ਨਾਲ ਪਿਆਰ ਕਰਨ ਵਾਲੇ ਇਸ ਦੇ ਪਸਾਰ ਲਈ ਤਨ ਦੇਹੀ ਨਾਲ ਕੰਮ ਕਰ ਰਹੇ ਹਨ। ਅਜਿਹੀ ਹੀ ਇੱਕ ਸੰਸਥਾ ਪੰਜਾਬ ਜਾਗਿ੍ਤੀ ਮੰਚ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ 24 ਫਰਵਰੀ ਨੂੰ ਜਲੰਧਰ ਵਿਚ ਜੋ ਵਿਸ਼ਾਲ ਪੰਜਾਬੀ ਮਾਰਚ ਕੱ ਢਿਆ ਜਾ ਰਿਹਾ ਹੈ, ਉਸ ਵਿਚ ਐਤਕੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ ਸਾਲ ਨਾਲੋਂ ਵਧੇਰੇ ਯੋਗਦਾਨ ਪਾਇਆ ਜਾਵੇਗਾ ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਐਸ. ਪੀ. ਸਿੰਘ ਓਬਰਾਏ, ਜਿਨ੍ਹਾਂ ਦਾ ਸਮਾਜ ਸੇਵਾ ਦੇ ਖੇਤਰ ਵਿਚ ਬਹੁਮੁੱਲਾ ਯੋਗਦਾਨ ਹੈ, ਦੇ ਟਰੱਸਟ ਵੱਲੋਂ ਮਾਂ ਬੋਲੀ ਪੰਜਾਬੀ ਦੀ ਮਹਾਨਤਾ ਨੂੰ ਹੋਰ ਅੱਗੇ ਲਿਜਾਣ ਲਈ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵੱਡਾ ਯੋਗਦਾਨ ਪਾਉਣ ਦਾ ਨਿਸਚਾ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਜਿਹੜੀ ਬੋਲੀ ਨਾਲ ਪੰਜਾਬੀਆਂ ਦਾ ਰਿਸ਼ਤਾ ਜੰਮਣ ਤੋਂ ਲੈ ਕੇ ਮਰਨ ਤੱਕ ਹੈ, ਉਸ ਬੋਲੀ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ।
ਇਸ ਮੌਕੇ ਸਕੱਤਰ ਦੀਪਕ ਬਾਲੀ ਨੇ ਕਿਹਾ ਕਿ ਐਸ. ਪੀ. ਸਿੰਘ ਓਬਰਾਏ ਨੇ ਆਪਣੇ ਟਰੱਸਟ ਦੇ ਮਾਧਿਅਣ ਨਾਲ ਮਨੁੱਖਤਾ ਦੀ ਜਿੰਨੀ ਸੇਵਾ ਕੀਤੀ ਹੈ ਤੇ ਕਰ ਰਹੇ ਹਨ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਉਹ ਥੋੜ੍ਹੀ ਹੈ ।ਨਾਲ ਹੀ ਉਨ੍ਹਾਂ ਕਿਹਾ ‘ਪੰਜਾਬੀ ਜਾਗਿ੍ਤੀ ਮਾਰਚ’ ਲਈ ਉਨ੍ਹਾਂ ਵੱਲੋਂ ਦਿਖਾਇਆ ਉਤਸ਼ਾਹ ਗਵਾਹੀ ਭਰਦਾ ਹੈ ਕਿ ਉਹ ਮਾਂ ਬੋਲੀ ਨਾਲ ਕਿੰਨੀ ਮੁਹੱਬਤ ਕਰਦੇ ਹਨ ।
ਉਨ੍ਹਾਂ ਕਿਹਾ ਕਿ ਇਹ ਮਾਰਚ 24 ਫਰਵਰੀ ਨੂੰ ਲਾਇਲਪੁਰ ਖ਼ਾਲਸਾ ਸਕੂਲ, ਨਕੋਦਰ ਚੌਕ ਤੋਂ ਸਵੇਰੇ ਦਸ ਵਜੇ ਸ਼ੁਰੂ ਹੋਵੇਗਾ ਤੇ ਜੋਤੀ ਚੌਕ ਤੇ ਕੰਪਨੀ ਬਾਗ਼ ਚੌਕ ਤੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਵਿਖੇ ਅੱਪੜੇਗਾ, ਜਿਥੇ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਅਤੇ ਪੰਜਾਬੀ ਪ੍ਰੇਮੀਆਂ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ ।ਇਸ ਮੌਕੇ ਐਸ. ਪੀ. ਸਿੰਘ ਓਬਰਾਏ ਅਤੇ ਉਨ੍ਹਾਂ ਦੇ ਸਾਥੀਆਂ ਅਮਰਜੋਤ ਸਿੰਘ, ਆਤਮ ਪ੍ਰਕਾਸ਼ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਰਹੀਏ ।
ਸ੍ਰ. ਓਬਰਾਏ ਨੇ ਕਿਹਾ ਕਿ ਉਨ੍ਹਾਂ ਦੇ ਟਰੱਸਟ ਦੇ ਸਾਰੇ ਸ਼ਹਿਰਾਂ ਵਿਚਲੇ ਨੁਮਾਇੰਦੇ ਇਸ ਮਾਰਚ ਵਿਚ ਕਾਫ਼ਲਿਆਂ ਦੇ ਰੂਪ ਵਿਚ ਹਾਜ਼ਰ ਹੋਣਗੇ ।ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹੋ ਜਿਹੇ ਮਹਾਨ ਉਪਰਾਲਿਆਂ ਵਿਚ ਆਪਣਾ ਤਿਲ ਫੁੱਲ ਯੋਗਦਾਨ ਪਾਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ ਤੇ ਰਹਿਣਗੇ ।ਉਨ੍ਹਾਂ ਸਤਨਾਮ ਸਿੰਘ ਮਾਣਕ, ਦੀਪਕ ਬਾਲੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਕੀਤੇ ਜਾਂਦੇ ਇਸ ਉਪਰਾਲੇ ਦੀ ਰੱਜਵੀਂ ਸ਼ਲਾਘਾ ਕੀਤੀ ।ਇਸ ਦੇ ਨਾਲ ਹੀ ਉਨ੍ਹਾਂ ਆਪਣੇ ਟਰੱਸਟ ਵੱਲੋਂ ਸਿਹਤ ਤੇ ਸਿੱ ਖਿਆ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਵੀ ਦਿੱਤੀ ।
Related Topics: Jalandhar, Punjabi Language