February 22, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਉੱਤੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਸਾਰੇ ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਿੱਚ ਨਾਵਾਂ ਅਤੇ ਹੋਰ ਜਾਣਕਾਰੀ ਵਾਲੀਆਂ ਤਖਤੀਆਂ ਮਾਂ ਬੋਲੀ ਪੰਜਾਬੀ ਵਿੱਚ ਲੱਗਣਗੀਆਂ।
ਅੱਜ (21 ਫਰਵਰੀ ਨੂੰ) ਜਾਰੀ ਕੀਤੇ ਇਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਕਤ ਅਦਾਰਿਆਂ ਦੀਆਂ ਤਖਤੀਆਂ ਅਤੇ ਸੜਕਾਂ ਦੇ ਮੀਲ ਪੱਥਰ ਗੁਰਮੁਖੀ ਲਿਪੀ ਰਾਹੀਂ ਪੰਜਾਬੀ ਬੋਲੀ ਵਿੱਚ ਲਿਖਣਾ ਲਾਜਮੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨੂੰ ਲਾਗੂ ਕਰਨ ਸਬੰਧੀ ਉੱਚੇਰੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਉਚੇਰੀ ਸਿੱਖਿਆ ਅਤੇ ਬੋਲੀਆਂ ਬਾਰੇ ਵਜੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਪਿਛਲੇ ਇਜਲਾਸ ਵਿਚ ਦਿੱਤੇ ਗਏ ਭਰੋਸੇ ਮੁਤਾਬਿਕ ਸੰਬੰਧਿਤ ਸੂਬਾ ਵਜਾਰਤ ਨੇ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 4 ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਨੇ ਇਹ ਹੁਕਮ ਜਾਰੀ ਕਰ ਦਿੱਤੇ ਹਨ ਕਿ ਸਾਰੀਆਂ ਤਖਤੀਆਂ ਅਤੇ ਮੀਲ ਪੱਥਰਾਂ ਉੱਤੇ ਸਾਰੀ ਜਾਣਕਾਰੀ ਪੰਜਾਬੀ ਬੋਲੀ (ਗੁਰਮੁਖੀ ਲਿਪੀ) ਵਿੱਚ ਲਿਖੀ ਜਾਣੀ ਜਰੂਰੀ ਹੋਵੇਗੀ।
ਉਨ੍ਹਾਂ ਦਸਿਆ ਕਿ ਜੇ ਕਿਸੇ ਹੋਰ ਬੋਲੀ ਵਿਚ ਜਾਣਕਾਰੀ ਦਿੱਤੀ ਜਾਣੀ ਜਰੂਰੀ ਹੋਵੇ ਤਾਂ ਇਹ ਪੰਜਾਬੀ ਬੋਲੀ ਤੋਂ ਹੇਠਾਂ ਅਤੇ ਘੱਟ ਥਾਂ ਉੱਤੇ ਲਿਖੀ ਜਾਵੇਗੀ।
ਉੱਚੇਰੀ ਸਿੱਖਿਆ ਅਤੇ ਬੋਲੀਆਂ ਦੇ ਮਹਿਕਮੇ ਦੇ ਸਕੱਤਰ ਰਾਹੁਲ ਭੰਡਾਰੀ ਦੇ ਦਸਤਖਤਾਂ ਹੇਠ ਪੰਜਾਬ ਸਰਕਾਰ ਦੇ ਸਮੂਹ ਮਹਿਕਮਿਆਂ ਦੇ ਮੁਖੀਆਂ, ਡਵੀਜਨਾਂ ਦੇ ਕਮਿਸ਼ਨਰਾਂ, ਜਿਲਿਆਂ ਦੇ ਡਿਪਟੀ ਕਮਿਸ਼ਨਰਾਂ, ਜਿਲਾ ਤੇ ਸੈਸ਼ਨ ਜੱਜਾਂ, ਵਿਧਾਨ ਸਭਾ ਦੇ ਸਕੱਤਰ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਖੀਆਂ ਨੂੰ ਲਿਖੀ ਗਈ ਇੱਕ ਚਿੱਠੀ ਵਿਚ ਇਨ੍ਹਾਂ ਅਧਿਕਾਰੀਆਂ ਨੂੰ ਆਪੋ ਆਪਣੇ ਖੇਤਰਾਂ ਵਿਚ ਇਹਨਾਂ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਾਉਣ ਲਈ ਕਿਹਾ ਗਿਆ ਹੈ।
ਉਚੇਰੀ ਸਿੱਖਿਆ ਮੰਤਰੀ ਨੇ ਦਸਿਆ ਕਿ ਪੰਜਾਬ ਸੂਬੇ ਦੇ ਨਿੱਜੀ ਵਪਾਰਕ, ਉਦਯੋਗਿਕ ਅਤੇ ਵਿਦਿਅਕ ਅਦਾਰਿਆਂ ਦੀਆਂ ਤਖਤੀਆਂ ਪੰਜਾਬੀ ਵਿਚ ਲਿਖੇ ਜਾਣ ਲਈ ਇੱਕ ਵੱਖਰਾ ਫੁਰਮਾਨ ਪੰਜਾਬ ਸਰਕਾਰ ਦੇ ਕਿਰਤ ਮਹਿਕਮੇਂ ਵਲੋਂ ਕੀਤਾ ਜਾਣਾ ਹੈ।
ਉਨ੍ਹਾਂ ਦਸਿਆ ਕਿ ਉਚੇਰੀ ਸਿੱਖਿਆ ਵਿਭਾਗ ਨੇ ਇਸ ਸਬੰਧੀ ਮੁੱਢਲੀ ਕਾਰਵਾਈ ਕਰ ਕੇ ਕਿਰਤ ਵਿਭਾਗ ਨੂੰ ਇਹ ਹੁਕਮ ਜਾਰੀ ਕਰਨ ਲਈ ਲਿਖ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਹੁਕਮ ਵੀ ਛੇਤੀ ਹੀ ਜਾਰੀ ਹੋ ਜਾਵੇਗਾ।
ਪੰਜਾਬ ਸਰਕਾਰ ਦੇ ਮੰਤਰੀ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਖਾਸ ਇਜਲਾਸ ਦੌਰਾਨ ਉੱਠੀ ਮੰਗ ਦੇ ਜਵਾਬ ਵਿਚ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਮਹਿਕਮਿਆਂ ਦੀਆਂ ਤਖਤੀਆਂ ਪੰਜਾਬੀ ਵਿਚ ਲਿਖੇ ਜਾਣ ਨੂੰ ਲਾਜਮੀ ਕੀਤਾ ਜਾਵੇਗਾ।
Related Topics: goverment punjab, Gurmukhi, Mother Language Day, Punjabi, Tript Rajinder Singh Bajwa