April 22, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪਟਿਆਲਾ ਜ਼ਿਲ੍ਹੇ ਦੇ ਘੱਗਰ ਦਰਿਆ ਨੇੜਲੇ ਇਲਾਕੇ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਿਕਦਾਰ ਖ਼ਤਰਨਾਕ ਹੱਦ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੈੱਡ (ਸਿੱਕੇ) ਦੀ ਮਾਤਰਾ ਵੀ ਲੋੜ ਤੋਂ ਕਾਫ਼ੀ ਜ਼ਿਆਦਾ ਪਾਈ ਗਈ ਹੈ। ਇਸ ਗੱਲ ਦਾ ਖ਼ੁਲਾਸਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਰਾਏ ਪਾਣੀ ਦੇ ਨਿਰੀਖਣ ਤੋਂ ਹੋਇਆ ਹੈ।
ਵਿਭਾਗ ਦੇ ਮੰਡਲ-2 ਦੇ ਪਟਿਆਲਾ ਸਥਿਤ ਦਫ਼ਤਰ ਦੇ ਸੂਤਰਾਂ ਅਨੁਸਾਰ ਜਾਂਚ ਰਿਪੋਰਟ ਵਿੱਚ ਦੇਵੀਗੜ੍ਹ ਤੋਂ ਇਸਲਾਮਾਬਾਦ ਦੇ ਨਜ਼ਦੀਕ ਪਿੰਡ ਅਹਿਰੂ ਕਲਾਂ ਦੀ ਟੈਂਕੀ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਲੋੜ ਨਾਲੋਂ ਕਿਤੇ ਵੱਧ ਪਾਈ ਗਈ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਤੱਤਾਂ ਦੀ ਐਨੀ ਮਿਕਦਾਰ ਜਾਨਲੇਵਾ ਰੋਗਾਂ ਦਾ ਕਾਰਨ ਬਣ ਸਕਦੀ ਹੈ।
ਰਿਪੋਰਟ ਅਨੁਸਾਰ ਇਸ ਪਿੰਡ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ 267 ਆਈ ਹੈ, ਜਦੋਂਕਿ ਨਿਯਮਾਂ ਅਨੁਸਾਰ ਇਹ 60 ਤੱਕ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਸਿੱਕੇ ਦੀ ਮਾਤਰਾ 0.01 ਪੀਪੀਐਮ ਹੋਣੀ ਜਾਇਜ਼ ਕਹੀ ਜਾਂਦੀ ਹੈ, ਪਰ ਇੱਥੇ ਦੇ ਪਿੰਡਾਂ ਹੜਾਨਾ ਵਿੱਚ 0.0215 ਪੀਪੀਐਮ, ਹਸਨਪੁਰ ਕੰਬੋਆਂ ਵਿੱਚ 0.0293, ਤਾਸਲਪੁਰ ਵਿੱਚ 0.012, ਟਿਵਾਣਾ ਵਿੱਚ 0.012, ਮਹਿਤਾਬਗੜ੍ਹ ਵਿੱਚ 0.014, ਮਾੜੂ ਵਿੱਚ 0.012, ਮੋਹਲਗੜ੍ਹ ਵਿੱਚ 0.013, ਮਹਿਮਦਪੁਰ ਜੱਟਾਂ ਵਿੱਚ 0.028, ਭੱਟੀਆਂ ਵਿੱਚ 0.017 ਪੀਪੀਐਮ ਪਾਈ ਗਈ ਹੈ। ਕੁਝ ਪਿੰਡਾਂ ਜਿਵੇਂ ਡਡੋਆ ਵਿੱਚ ਸਿਲੇਨੀਅਮ ਦੀ ਮਾਤਰਾ 0.012 ਆਈ ਹੈ, ਜਦੋਂਕਿ ਇਹ 0.01 ਹੋਣੀ ਚਾਹੀਦੀ ਹੈ।
ਮਰਕਰੀ ਦੀ ਮਾਤਰਾ ਪੰਜੇਟਾਂ ਵਿੱਚ 0.0019 ਆਈ ਹੈ, ਜੋ 0.001 ਹੋਣੀ ਚਾਹੀਦੀ ਹੈ, ਆਰਸੈਨਿਕ ਦੀ ਮਾਤਰਾ 0.01 ਹੋਵੇ ਤਾਂ ਸਹੀ ਹੈ, ਪਰ ਪਿੰਡ ਹੀਰਾ ਗੜ੍ਹ ਵਿੱਚ ਇਹ 0.07 ਆਈ ਹੈ।
Related Topics: Ghaggar River, Punjab Water Crisis