November 19, 2016 | By ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ (ਦਵਿੰਦਰ ਪਾਲ ਸਿੰਘ): ਪੰਜਾਬ ਵਿਧਾਨ ਸਭਾ 2017 ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਣ ਲੱਗਾ ਹੈ। ਇਨ੍ਹਾਂ ਚੋਣਾ ‘ਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਨੇ 69 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ‘ਚ ਮੁੱਖ ਸਿਆਸੀ ਪਾਰਟੀ ਕਾਂਗਰਸ ਵੱਲੋਂ ਵੀ ਉਮੀਦਵਾਰਾਂ ਦਾ ਐਲਾਨ ਛੇਤੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੀ ਸੂਚੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦਾ ਨਾਂਅ ਇਸ ਸੂਚੀ ‘ਚ ਸ਼ਾਮਿਲ ਨਹੀਂ ਹੈ।
ਆਮ ਆਦਮੀ ਪਾਰਟੀ ਤੇ ਕਾਂਗਰਸ ਇਨ੍ਹਾਂ ਚੋਣਾਂ ‘ਚ ਸੱਤਾਧਾਰੀ ਪਾਰਟੀ ਦੇ ਮੁੱਖ ਆਗੂਆਂ ਨੂੰ ਉਨ੍ਹਾਂ ਦੇ ਹਲਕਿਆਂ ਵਿਚ ਘੇਰਨ ਦੀ ਤਿਆਰੀ ‘ਚ ਲੱਗੀਆਂ ਹੋਈਆਂ ਹਨ। ਭਾਵੇਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜਲਾਲਾਬਾਦ ਹਲਕੇ ਤੋਂ ਬੀਤੀਆਂ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਜਲਾਲਾਬਾਦ ਹਲਕੇ ਤੋਂ ਉਪ ਮੁੱਖ ਮੰਤਰੀ ਦਾ ਨਾਂਅ ਨਾ ਐਲਾਨੇ ਜਾਣ ‘ਤੇ ਕਈ ਚਰਚਾਵਾਂ ਜਨਮ ਲੈ ਰਹੀਆਂ ਹਨ। ਜਲਾਲਾਬਾਦ ਹਲਕੇ ਨਾਲ ਸਬੰਧਿਤ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਚੱਲ ਰਹੇ ਮਤਭੇਦ ਜੱਗ ਜ਼ਾਹਿਰ ਹਨ। ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਉਪ-ਮੁੱਖ ਮੰਤਰੀ ਨਾਲ ਜਲਾਲਾਬਾਦ ਹਲਕੇ ਤੋਂ ਕੋਈ ਸਿਆਸੀ ਸਟੇਜ ਸਾਂਝੀ ਨਹੀਂ ਹੋਈ।

ਫਾਈਲ ਤਸਵੀਰਾਂ: ਭਗਵੰਤ ਮਾਨ, ਸੁਖਬੀਰ ਬਾਦਲ, ਸ਼ੇਰ ਸਿੰਘ ਘੁਬਾਇਆ, ਜਗਦੀਪ ਕੰਬੋਜ (ਗੋਲਡੀ)
17 ਨਵੰਬਰ ਨੂੰ ਜਲਾਲਾਬਾਦ ਹਲਕੇ ਅੰਦਰ ਹੀ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸੂਬਾ ਪੱਧਰੀ ਆਗੂ ਹਾਜ਼ਰ ਸਨ, ਪਰ ਇਸ ਕਬੱਡੀ ਮੁਕਾਬਲੇ ‘ਚ ਵੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸ਼ਾਮਿਲ ਨਾ ਹੋਣ ਦੀ ਚਰਚਾ ਨੇ ਨਵੀਆਂ ਸਿਆਸੀ ਚਰਚਾਵਾਂ ਨੂੰ ਜਨਮ ਦਿੱਤਾ ਹੈ। ਪਤਾ ਚੱਲਿਆ ਹੈ ਕਿ ਸਰਹੱਦ ‘ਤੇ ਬਣੇ ਤਣਾਅ ਸਮੇਂ ਮੁੱਖ ਮੰਤਰੀ ਨੇ ਜਦ ਸਰਹੱਦੀ ਖੇਤਰ ਦਾ ਦੌਰਾ ਕੀਤਾ ਸੀ ਤਾਂ ਦੌਰੇ ਸਮੇਂ ਮੁੱਖ ਮੰਤਰੀ ਬਾਦਲ ਕੋਲ ਸੰਸਦ ਮੈਂਬਰ ਘੁਬਾਇਆ ਨੇ ਆਪਣੇ ਪਰਿਵਾਰਕ ਮੈਂਬਰ ਵੱਲੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਸੀ। ਲੋਕਾਂ ‘ਚ ਇਹ ਵੀ ਚਰਚਾ ਹੈ ਕਿ ਸੰਸਦ ਮੈਂਬਰ ਘੁਬਾਇਆ ਇਸ ਵਾਰ ਲੋਕ ਸਭਾ ਹਲਕਾ ਫ਼ਿਰੋਜਪੁਰ ‘ਚ ਕਿਸੇ ਵੀ ਹਲਕੇ ‘ਚ ਕੋਈ ਵੀ ਸੀਟ ਲੈਣ ਲਈ ਤਿਆਰ ਹਨ।
ਵਿਸ਼ਵ ਕਬੱਡੀ ਕੱਪ ਦਾ ਜਲਾਲਾਬਾਦ ਵਿਚ ਹੋਣਾ ਤੇ ਆਉਂਦੇ ਹਫ਼ਤੇ ਫਿਰ ਦੁਬਾਰਾ ਉਪ ਮੁੱਖ ਮੰਤਰੀ ਵੱਲੋਂ ਹਲਕੇ ਦਾ ਦੌਰਾ ਰੱਖਣਾ ਇਹ ਸੰਕੇਤ ਦਿੰਦਾ ਕਿ ਉਹ ਜਲਾਲਾਬਾਦ ਤੋਂ ਚੋਣ ਲੜਨ ਦੇ ਇੱਛੁਕ ਹਨ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਜਲਾਲਾਬਾਦ ਹਲਕੇ ਦੇ ਦੌਰੇ ‘ਤੇ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਜਲਾਲਾਬਾਦ ਹਲਕੇ ਵਿਚ ਕਈ ਰੈਲੀਆਂ ਕਰ ਚੁੱਕੀ ਹੈ। ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ 20 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਜਲਾਲਾਬਾਦ ਹਲਕੇ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਮੀਦਵਾਰ ਐਲਾਨ ਸਕਦੇ ਹਨ। ਪਿਛਲੇ ਦਿਨੀਂ ਜਲਾਲਾਬਾਦ ਹਲਕੇ ਅੰਦਰ ਭਗਵੰਤ ਮਾਨ ਦੀ ਰੈਲੀ ਵਿਚ ਵੱਡੇ ਇਕੱਠ ਨੇ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਕੀਤੇ ਸਨ। ਮੁੱਖ ਸਿਆਸੀ ਧਿਰ ਕਾਂਗਰਸ ਪਾਰਟੀ ਵੀ ਜਲਾਲਾਬਾਦ ਹਲਕੇ ਤੋਂ ਕਿਸੇ ਮਜ਼ਬੂਤ ਉਮੀਦਵਾਰ ਦੀ ਭਾਲ ਵਿਚ ਹੈ, ਜੋ ਉਪ-ਮੁੱਖ ਮੰਤਰੀ ਨੂੰ ਸਖ਼ਤ ਟੱਕਰ ਦੇ ਸਕੇ।
ਇਸੇ ਸਬੰਧ ਵਿਚ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 27 ਨਵੰਬਰ ਨੂੰ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਜਲਾਲਾਬਾਦ ਹਲਕੇ ਤੋਂ ਟਿਕਟ ਪ੍ਰਾਪਤੀ ਲਈ ਦਿਨ ਰਾਤ ਲੋਕਾਂ ਵਿਚ ਮਿਹਨਤ ਕਰ ਰਹੇ ਜਗਦੀਪ ਕੰਬੋਜ ਗੋਲਡੀ ਨੂੰ ਸੂਬਾ ਪੱਧਰੀ ਰੈਲੀ ਲਈ ਕਿਹਾ ਹੈ। 27 ਨਵੰਬਰ ਦੀ ਰੈਲੀ ਲਈ ਯੂਥ ਕਾਂਗਰਸੀ ਆਗੂ ਜਗਦੀਪ ਕੰਬੋਜ ਗੋਲਡੀ ਆਪਣੀ ਤਾਕਤ ਦਾ ਮੁਜਾਹਰਾ ਕਰਨਗੇ। ਖ਼ਾਸ ਕਰਕੇ ਨੌਜਵਾਨਾਂ ਵਿਚ ਗੋਲਡੀ ਕੰਬੋਜ ਨੇ ਆਪਣਾ ਅਹਿਮ ਸਥਾਨ ਬਣਾਇਆ ਹੋਇਆ ਹੈ। ਇਸ ਵਾਰ ਯਕੀਨੀ ਹੈ ਕਿ ਜਲਾਲਾਬਾਦ ਵਿਚ ਪਾਰਟੀ ਦੇ ਉਮੀਦਵਾਰ ਕੋਈ ਵੀ ਹੋਣ, ਪਰ ਚੋਣ ਅਖਾੜਾ ਦਿਲਚਸਪ ਹੋਵੇਗਾ।
(ਧੰਨਵਾਦ ਸਹਿਤ: ਅਜੀਤ)
Related Topics: Bhagwant Maan, jagdeep kamboj goldy, jalalabad constituency, Punjab Politics, Punjab Polls 2017, Sher Singh Ghubaya, Sukhbir Badal