November 11, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਪੰਜਾਬ ਵਿੱਚ ਹਿੰਦੂ ਆਗੂਆਂ ਦੇ ਕਤਲਾਂ ਦੀ ਵਾਰਦਾਤ ਵਿੱਚ ਸ਼ਾਮਲ ਹਰਦੀਪ ਸਿੰਘ ਸ਼ੇਰਾ ਪੁੱਤਰ ਦਲਜੀਤ ਸਿੰਘ (23) ਵਾਸੀ ਪਿੰਡ ਮਾਜਰੀ, ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਕੱਲ੍ਹ (10 ਨਵੰਬਰ, 2017) ਸਵੇਰੇ ਫਤਿਹਗੜ੍ਹ ਸਾਹਿਬ ਵਿੱਚ ਬਾਜਵਾ ਜਿੰਮ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ।
ਬੀਤੇ ਕੱਲ੍ਹ (10 ਨਵੰਬਰ, 2017) ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੁਲਿਸ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਇਨ੍ਹਾਂ ਤੋਂ ਪੁੱਛਗਿਛ ਜਾਰੀ ਹੈ ਤੇ ਆਉਂਦੇ ਦਿਨਾਂ ’ਚ ਹੋਰ ਸਨਸਨੀਖੇਜ਼ ਖੁਲਾਸੇ ਹੋ ਸਕਦੇ ਹਨ। ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਕੋਲੋਂ ਤਿੰਨ ਮੋਟਰਸਾਈਕਲਾਂ ਸਮੇਤ ਪੰਜ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਡੀਜੀਪੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਤਲਾਂ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹੱਥ ਹੈ ਅਤੇ ਮੁਲਜ਼ਮਾਂ ਨੂੰ ਵਿਦੇਸ਼ ਤੋਂ ਪੈਸੇ ਮਿਲ ਰਹੇ ਸਨ। ਪਿਛਲੇ ਦਿਨੀਂ ਪੁਲਿਸ ਮੁਖੀ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਚਾਰ ਜਣਿਆਂ ਜਿੰਮੀ ਸਿੰਘ, ਜਗਤਾਰ ਸਿੰਘ ਜੌਹਲ ਉਰਫ਼ ਜੱਗੀ, ਧਰਮਿੰਦਰ ਸਿੰਘ ਗੁਗਨੀ ਤੇ ਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।
ਡੀਜੀਪੀ ਨੇ ਦਾਅਵਾ ਕੀਤਾ ਕਿ ਸ਼ੇਰਾ ਨੂੰ ਫੜ੍ਹਨ ਲਈ ਬਟਾਲਾ, ਮੋਗਾ ਤੇ ਖੰਨਾ ਦੀ ਪੁਲਿਸ ਨੇ ਅੱਜ (10 ਨਵੰਬਰ) ਸਵੇਰ ਤੋਂ ਘਾਤ ਲਾ ਕੇ ਬੈਠੀ ਸੀ। ਸਵੇਰੇ ਕਰੀਬ ਸਾਢੇ 5 ਵਜੇ ਸ਼ੇਰਾ ਦੇ ਫਤਿਹਗੜ੍ਹ ਸਾਹਿਬ ’ਚ ਹੋਣ ਦੀ ਜਾਣਕਾਰੀ ਮਿਲੀ ਸੀ ਅਤੇ ਪੁਲਿਸ ਨੇ ਉਸਨੂੰ 7 ਵਜੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪ੍ਰੈਸ ਕਾਨਫਰੰਸ ‘ਚ ਸੁਰੇਸ਼ ਅਰੋੜਾ ਦੇ ਨਾਲ ਪੰਜਾਬ ਪੁਲਿਸ ਦੇ ਖੁਫੀਆ ਮਹਿਕਮੇ ਦਾ ਮੁਖੀ ਦਿਨਕਰ ਗੁਪਤਾ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।
Related Topics: Arrests of sikh youth in punjab, BJP, DGP Suresh Aora, Hindu Groups, Punjab Police, RSS, Sikh Political Prisoners