December 2, 2018 | By ਸਿੱਖ ਸਿਆਸਤ ਬਿਊਰੋ
ਜਲੰਧਰ (ਮੇਜਰ ਸਿੰਘ*): ਪੰਜਾਬ ਸਰਕਾਰ ਸਿੱਖ ਭਾਈਚਾਰੇ ਪ੍ਰਤੀ ਸਦਭਾਵਨਾ ਦਾ ਪ੍ਰਗਟਾਵਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਕੈਦ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਸਰਗਰਮ ਹੋਈ ਦੱਸੀ ਜਾਂਦੀ ਹੈ ਤੇ ਅਜਿਹੇ 18 ਸਿੱਖ ਬੰਦੀਆਂ ਦੇ ਕੇਸ ਮਨਜ਼ੂਰੀ ਲਈ ਪੰਜਾਬ ਸਰਕਾਰ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਜਾ ਰਹੇ ਹਨ| ਪਤਾ ਲੱਗਾ ਹੈ ਕਿ ਇਸ ਸਬੰਧੀ ਸਾਰੇ ਵੇਰਵੇ ਤੇ ਤੱਥ ਇਕੱਤਰ ਕਰ ਲਏ ਗਏ ਹਨ| ਬਰਗਾੜੀ ਇਨਸਾਫ਼ ਮੋਰਚੇ ਦੀ ਵੀ ਇਕ ਮੰਗ ਇਹ ਹੈ ਕਿ ਸਾਰੇ ਸਿੱਖ ਬੰਦੀ ਰਿਹਾਅ ਕੀਤੇ ਜਾਣ| ਉਕਤ 18 ਬੰਦੀਆਂ ਵਿਖੇ 5 ਬੁੜੈਲ ਜੇਲ੍ਹ ਚੰਡੀਗੜ੍ਹ, 3 ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਕੇਂਦਰੀ ਜੇਲ੍ਹ ਅਤੇ ਇਕ-ਇਕ ਤਿਹਾੜ ਜੇਲ੍ਹ ਦਿੱਲੀ ਤੇ ਜੈਪੁਰ ਦੀ ਜੇਲ੍ਹ ਦੇ ਬੰਦੀ ਹਨ|
ਬਾਕੀ ਸਾਰੇ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ| ਵਰਨਣਯੋਗ ਹੈ ਕਿ ਉਕਤ ਸਾਰੇ ਬੰਦੀਆਂ ਨੂੰ ਪੰਜਾਬ ਤੋਂ ਬਾਹਰਲੇ ਰਾਜਾਂ ‘ਚ ਸਜ਼ਾਵਾਂ ਹੋਈਆਂ ਹਨ ਤੇ ਪਿਛਲੇ ਸਾਲਾਂ ‘ਚ ਪਿਤਰੀ ਰਾਜ ਹੋਣ ਕਰਕੇ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤੇ ਗਏ ਹਨ| ਸਰਕਾਰੀ ਸੂਤਰਾਂ ਅਨੁਸਾਰ ਉਕਤ ਕੈਦੀਆਂ ਵਿਚੋਂ ਕੁਝ ਹੋਰ ਨੂੰ ਪੰਜਾਬ ‘ਚ ਤਬਦੀਲ ਕੀਤੇ ਜਾਣ ਬਾਰੇ ਵੀ ਸਬੰਧਿਤ ਰਾਜਾਂ ਨਾਲ ਚਿੱਠੀ-ਪੱਤਰ ਚੱਲ ਰਿਹਾ ਹੈ| ਪਤਾ ਲੱਗਾ ਹੈ ਕਿ ਜੇਲ੍ਹਾ ‘ਚ ਬੰਦ ਸਾਰੇ ਕੈਦੀਆਂ ਦੀ ਰਿਹਾਈ ਲਈ ਸਬੰਧਿਤ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਾਂ ਤੇ ਐਸ.ਐਸ.ਪੀਜ਼ ਨੂੰ ਰਿਪੋਰਟ ਦੇਣ ਲਈ ਕਿਹਾ ਜਾ ਰਿਹਾ ਹੈ| ਪਹਿਲਾਂ ਵੀ ਸ਼ਤਾਬਦੀਆਂ ਮੌਕੇ ਕੈਦੀਆਂ ਦੀ ਰਿਹਾਈ ਬਾਰੇ ਫ਼ੈਸਲੇ ਲਏ ਜਾਂਦੇ ਹਨ ਪਰ ਕੈਪਟਨ ਸਰਕਾਰ ਇਸ ਮੌਕੇ ਸਿੱਖ ਪੰਥ ਤੇ ਸੰਗਠਨਾਂ ਦੀ ਕਾਫ਼ੀ ਸਮੇਂ ਤੋਂ ਚਲੀ ਆ ਰਹੀ ਕੈਦ ਭੁਗਤ ਚੁੱਕੇ ਬੰਦੀਆਂ ਦੀ ਰਿਹਾਈ ਦਾ ਫ਼ੈਸਲਾ ਕਰਕੇ ਸਿੱਖ ਭਾਈਚਾਰੇ ਅੰਦਰ ਚੰਗਾ ਸੰਕੇਤ ਦੇਣਾ ਚਾਹੁੰਦੀ ਹੈ| ਰਿਹਾਅ ਕੀਤੇ ਜਾਣ ਵਾਲੇ 18 ਸਿੱਖ ਬੰਦੀਆਂ ਵਿਚੋਂ ਬਹੁਤੇ ਅਜਿਹੇ ਹਨ ਜਿਨ੍ਹਾਂ ਨੇ ਅਦਾਲਤ ਵਲੋਂ ਦਿੱਤੀ ਸਜ਼ਾ ਤੋਂ ਕਈ-ਕਈ ਸਾਲ ਵੱਧ ਸਜ਼ਾ ਭੁਗਤ ਲਈ ਹੈ| 18 ਸਿੱਖ ਬੰਦੀਆਂ ਵਿਚ ਨਾਭਾ ਜੇਲ੍ਹ ‘ਚ ਬੰਦ ਲਾਲ ਸਿੰਘ, ਦਿਲਬਾਗ ਸਿੰਘ ਅਤੇ ਬਲਵੀਰ ਸਿੰਘ ਬੀਰਾ, ਅੰਮਿ੍ਤਸਰ ਜੇਲ੍ਹ ‘ਚ ਬੰਦ ਪ੍ਰੋ: ਦੇਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ, ਤਿਹਾੜ ਜੇਲ੍ਹ ‘ਚ ਦਯਾ ਸਿੰਘ ਲਾਹੌਰੀਆ, ਚੰਡੀਗੜ੍ਹ ਬੁੜੈਲ ਜੇਲ੍ਹ ‘ਚ ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘਸ ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ, ਜੈਪੁਰ ਜੇਲ੍ਹ ‘ਚ ਹਰਨੇਕ ਸਿੰਘ ਭੱਪ, ਉਤਰ ਪ੍ਰਦੇਸ਼ ਦੀ ਮੁਰਾਦਾਬਾਦ ਕੇਂਦਰੀ ਜੇਲ੍ਹ ‘ਚ ਸੁਰਿੰਦਰ ਸਿੰਘ ਛਿੰਦਾ, ਸਤਨਾਮ ਸਿੰਘ, ਦਿਆਲ ਸਿੰਘ ਅਤੇ ਸੁੱਚਾ ਸਿੰਘ ਅਤੇ ਪਟਿਆਲਾ ਕੇਂਦਰੀ ਜੇਲ੍ਹ ‘ਚ ਸੁਬੇਗ ਸਿੰਘ ਤੇ ਨੰਦ ਸਿੰਘ ਬੰਦੀ ਹਨ| ਉਕਤ ਸਾਰੇ ਕੈਦੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ| ਇਨ੍ਹਾਂ ਬੰਦੀਆਂ ਵਿਚ ਸੁਬੇਗ ਸਿੰਘ ਤੇ ਨੰਦ ਸਿੰਘ ਅਜਿਹੇ ਬੰਦੀ ਹਨ ਜਿਹੜੇ 30 ਸਾਲ ਤੋਂ ਵੱਧ ਸਮਾਂ ਕੈਦ ਭੁਗਤ ਚੁੱਕੇ ਹਨ| ਬਾਕੀ ਵੀ ਬਹੁਤੇ 25 ਸਾਲ ਤੋਂ ਵਧੇਰੇ ਸਮੇਂ ਤੋਂ ਜੇਲ੍ਹਾਂ ‘ਚ ਬੰਦ ਹਨ ਤੇ ਇਹ ਲਗਪਗ ਸਾਰੇ ਇਸ ਸਮੇਂ ਬਜ਼ੁਰਗ ਅਵਸਥਾ ਵਿਚ ਹਨ| ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਉਕਤ ਸਾਰੇ ਕੈਦੀਆਂ ਦੇ ਕੇਸ ਬਣਾ ਕੇ ਕੇਂਦਰ ਸਰਕਾਰ ਨੂੰ ਭੇਜ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਕਿਸੇ ਸਮੇਂ ਵੀ ਉਨ੍ਹਾਂ ਦੀ ਪੱਕੀ ਰਿਹਾਈ ਦੇ ਹੁਕਮ ਵੀ ਹੋ ਸਕਦੇ ਹਨ| ਵਰਨਣਯੋਗ ਹੈ ਕਿ ਉਕਤ ਸਾਰੇ ਕੈਦੀ ਪਿਛਲੇ ਸਾਲਾਂ ‘ਚ ਸਿੱਖ ਸੰਘਰਸ਼ ਦੇ ਦਬਾਅ ਕਾਰਨ ਪੈਟਰੋਲ ਉਪਰ ਰਿਹਾਅ ਹੁੰਦੇ ਰਹੇ ਹਨ ਤੇ ਕਿਸੇ ਵਲੋਂ ਵੀ ਕਾਨੂੰਨ ਨੂੰ ਹੱਥ ‘ਚ ਲੈਣ ਦਾ ਯਤਨ ਨਹੀਂ ਕੀਤਾ ਗਿਆ|
ਪੰਜਾਬ ਦੀਆਂ ਜੇਲ੍ਹਾਂ ਬਾਰੇ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਸੂਚੀ ਤਿਆਰ ਕਰਵਾਈ ਗਈ ਹੈ ਤੇ ਰਿਪੋਰਟਾਂ ਤਿਆਰ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹੇ ਬੰਦੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਭੇਜਣਗੇ| ਸ: ਰੰਧਾਵਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਸਮਾਗਮਾਂ ਮੌਕੇ ਸਜ਼ਾ ਭੁਗਤ ਚੁੱਕੇ ਸਾਰੇ ਸਿੱਖ ਬੰਦੀਆਂ ਦੀ ਰਿਹਾਈ ਨਾਲ ਸਰਕਾਰ ਵਲੋਂ ਚੰਗਾ ਸੰਕੇਤ ਦਿੱਤਾ ਜਾਵੇ ਤੇ ਸਿੱਖ ਸਮਾਜ ਦੀ ਮੰਗ ਨੂੰ ਪੂਰਾ ਕੀਤਾ ਜਾਵੇ|
Related Topics: Balbir Singh Bira, Bhai Balwant Singh Rajoana, Bhai Harnek Singh Bhapp, Bhai Jagtar Singh Hawara, Bhai Lal Singh Akalgarh, Bhai Paramjit Singh Bheora, Harnek Singh Bhapp, Prof. Devinder Pal Singh Bhullar, Sikh Political Prisoners