ਬਠਿੰਡਾ: ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਦੇ ਠੇਕੇਦਾਰਾਂ ਨੂੰ ਪੰਜਾਬੀ ਬੋਲੀ ਗੁੱਠੇ ਲਾਉਣੀ ਮਹਿੰਗੀ ਪੈ ਗਈ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਇਹ ਸ਼ਾਹਰਾਹ ਬਣਾ ਰਹੇ ਠੇਕੇਦਾਰਾਂ ਨੂੰ 20 ਦਿਨਾਂ ਅੰਦਰ ਸਾਰੇ ਸਾਈਨ ਬੋਰਡ ਬਦਲਣ ਦੇ ਹੁਕਮ ਦਿੱਤੇ ਹਨ। ਬਠਿੰਡਾ-ਅੰਮ੍ਰਿਤਸਰ ਮੁੱਖ ਸ਼ਾਹਰਾਹ ਕਰੀਬ 180 ਕਿਲੋਮੀਟਰ ਲੰਬਾ ਹੈ ਤੇ ਇਸ ਨੂੰ ਚਹੁੰ ਮਾਰਗੀ ਬਣਾਏ ਜਾਣ ਦਾ ਕੰਮ ਤਿੰਨ ਫਰਮਾਂ ਦਲੀਪ ਬਿਲਡਰਜ਼, ਸਿੰਗਲਾ ਐਂਡ ਕੰਪਨੀ ਅਤੇ ਜੀਆਰਐਫ ਇਨਫਰਾ-ਪ੍ਰਾਜੈਕਟਸ ਨੂੰ ਦਿੱਤਾ ਗਿਆ ਹੈ। ਪ੍ਰਾਜੈਕਟ ਦੀ ਕੁੱਲ ਲਾਗਤ ਕਰੀਬ ਦੋ ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ ਤੇ ਇਸ ਵਿੱਚ ਸਾਈਨ ਬੋਰਡ ਲਾਏ ਜਾਣਾ ਵੀ ਸ਼ਾਮਿਲ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਬਠਿੰਡਾ ਤੋਂ ਅੰਮ੍ਰਿਤਸਰ ਤੱਕ ਸਾਈਨ ਬੋਰਡਾਂ ਦੀ ਗਿਣਤੀ 1500 ਦੇ ਕਰੀਬ ਬਣਦੀ ਹੈ, ਜਿਨ੍ਹਾਂ ’ਤੇ ਕਰੀਬ ਤਿੰਨ ਕਰੋੜ ਰੁਪਏ ਦੀ ਲਾਗਤ ਆਈ ਸੀ ਅਤੇ ਲੇਬਰ ਦਾ ਖਰਚਾ ਵੱਖਰਾ ਸੀ। ਹੁਣ ਜਦੋਂ ਮਹਿਕਮੇ ਨੇ ਫਰਮਾਂ ਨੂੰ ਬੋਰਡ ਤਬਦੀਲ ਕਰਨ ਵਾਸਤੇ ਆਖਿਆ ਤਾਂ ਉਹ ਕਰੋੜਾਂ ਦੇ ਖਰਚ ਦੀ ਗੱਲ ਕਰਨ ਲੱਗ ਪਏ। ਸੂਤਰ ਦੱਸਦੇ ਹਨ ਕਿ ਠੇਕੇਦਾਰਾਂ ਨੂੰ ਹੁਣ ਬੋਰਡ ਤਬਦੀਲ ਕਰਾਉਣ ’ਤੇ ਕਰੀਬ ਤਿੰਨ ਤੋਂ ਚਾਰ ਕਰੋੜ ਰੁਪਏ ਦਾ ਖਰਚਾ ਸਮੇਤ ਲੇਬਰ ਪਵੇਗਾ। ਇੱਕ ਫਰਮ ਦੀ ਤਾਂ ਯੂਪੀ ਵਿੱਚ ਆਪਣੀ ਫੈਕਟਰੀ ਹੈ ਜਿੱਥੋਂ ਇਹ ਬੋਰਡ ਤਿਆਰ ਕਰਾਏ ਗਏ ਸਨ। ਉਸ ਨੂੰ ਟਰਾਂਸਪੋਟੇਸ਼ਨ ਦਾ ਵੀ ਖਰਚਾ ਪੈਣਾ ਹੈ।
ਸਬੰਧਤ ਖ਼ਬਰ:
ਪੰਜਾਬੀ ਨੂੰ ਪਹਿਲਾ ਥਾਂ ਦਿਵਾਉਣ ਲਈ ਸਰਗਰਮ ਆਗੂਆਂ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ …
ਮਾਲਵਾ ਯੂਥ ਫੈਡਰੇਸ਼ਨ ਦੇ ਲੱਖਾ ਸਧਾਣਾ ਨੇ ਕਿਹਾ ਕਿ ਇਹ ਮਾਮੂਲੀ ਗਲਤੀ ਦਾ ਮਾਮਲਾ ਨਹੀਂ ਹੈ ਬਲਕਿ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬੀ ਭਾਸ਼ਾ ਨੂੰ ਪਿੱਛੇ ਧੱਕਿਆ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਸਾਈਨ ਬੋਰਡਾਂ ’ਤੇ ਪੰਜਾਬੀ ਭਾਸ਼ਾ ਨੂੰ ਤੀਜੇ, ਅੰਗਰੇਜ਼ੀ ਨੂੰ ਦੂਜੇ ਅਤੇ ਹਿੰਦੀ ਨੂੰ ਪਹਿਲੇ ਨੰਬਰ ’ਤੇ ਰੱਖਿਆ ਗਿਆ ਸੀ। ਜੋ ਕਿ ਪੰਜਾਬ ਵਿਚ ਨਾਕਾਬਲ ਬਰਦਾਸ਼ਤ ਹੈ। ਪੰਜਾਬੀ ਪ੍ਰੇਮੀਆਂ ਨੇ ਪਿਛਲੇ ਦਿਨਾਂ ’ਚ ਇਨ੍ਹਾਂ ਸਾਈਨ ਬੋਰਡਾਂ ’ਤੇ ਹਿੰਦੀ ਅਤੇ ਅੰਗ੍ਰੇਜ਼ੀ ’ਤੇ ਕਾਲਖ ਫੇਰ ਦਿੱਤੀ ਸੀ। ਪੰਜਾਬ ‘ਚ ਵਧਦਾ ਰੋਹ ਦੇਖ ਕੇ ਮਜਬੂਰੀ ‘ਚ ਪੰਜਾਬ ਸਰਕਾਰ ਨੇ ਇਹ ਸਾਈਨ ਬੋਰਡ ਬਦਲਣ ਦੀ ਪ੍ਰਵਾਨਗੀ ਲੈ ਲਈ ਹੈ। ਹੁਣ ਤਿੰਨ ਕੰਪਨੀਆਂ ਨੇ ਇਨ੍ਹਾਂ ਸਾਈਨ ਬੋਰਡਾਂ ਨੂੰ ਤਬਦੀਲ ਕਰਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ‘ਪੰਜਾਬੀ ਹਫ਼ਤਾ’ ਵੀ ਮਨਾਇਆ ਜਾ ਰਿਹਾ ਹੈ ਅਤੇ ਪਹਿਲੀ ਨਵੰਬਰ ਨੂੰ ‘ਪੰਜਾਬ ਦਿਵਸ’ ਵੀ ਹੈ।
ਸਬੰਧਤ ਖ਼ਬਰ:
ਪੰਜਾਬੀ ਬੋਲੀ ਨਾਲ ਵਿਤਕਰਾ ਕਰਕੇ ਸਭ ਤੋਂ ਹੇਠਾਂ ਥਾਂ ਦੇਣ ‘ਤੇ ਸਿੱਖ ਜਥੇਬੰਦੀ ਨੇ ਪ੍ਰਗਟਾਇਆ ਰੋਸ …
ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਸਾਈਨ ਬੋਰਡਾਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਉਸਾਰੀ ਫਰਮਾਂ ਵੱਲੋਂ ਆਪਣੇ ਖਰਚੇ ’ਤੇ ਹੀ ਸਾਈਨ ਬੋਰਡ ਤਬਦੀਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 180 ਕਿਲੋਮੀਟਰ ਸੜਕ ’ਤੇ ਕਰੀਬ 1500 ਛੋਟੇ-ਵੱਡੇ ਸਾਈਨ ਬੋਰਡ ਲੱਗੇ ਹਨ ਜਿਨ੍ਹਾਂ ਨੂੰ ਤਬਦੀਲ ਕਰਨ ਤੇ ਕਰੀਬ ਤਿੰਨ ਕਰੋੜ ਦੀ ਲਾਗਤ ਆਉਣ ਦੀ ਸੰਭਾਵਨਾ ਹੈ।
ਸਬੰਧਤ ਖ਼ਬਰ:
ਪੰਜਾਬੀ ਬੋਲੀ ਦੇ ਮਾਣ ਲਈ ਪ੍ਰੋ. ਧਰਨੇਤਰ ਨੇ ’ਵਰਸਿਟੀ ਬੋਰਡਾਂ ’ਤੇ ਪੰਜਾਬੀ ਲਿਖਣ ਦਾ ਖ਼ਰਚਾ ਚੁੱਕਿਆ …