Site icon Sikh Siyasat News

ਪੰਜਾਬ ਸਰਕਾਰ ਨੇ ਕੇਂਦਰ ਤੋਂ ਸੀਆਰਪੀਐਫ ਦੀਆਂ 10 ਕੰਪਨੀਆਂ ਮੰਗੀਆਂ; ਕੁਝ ਤਲਵੰਡੀ ਸਾਬੋ ਪੁੱਜੀਆਂ

ਚੰਡੀਗੜ੍ਹ: 10 ਨਵੰਬਰ ਨੂੰ ਤਲਵੰਡੀ ਸਾਬੋ ਵਿੱਚ ਬੁਲਾਏ ਗਏ ‘ਸਰਬੱਤ ਖਾਲਸਾ’ ਨੂੰ ਰੋਕਣ ਲਈ ਸ਼ਹਿਰ ’ਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਕੱਲ੍ਹ (7 ਨਵੰਬਰ) ਸ਼ਾਮ ਸੀਆਰਪੀਐਫ ਦੀ ਇਕ ਕੰਪਨੀ ਵੀ ਪੁੱਜ ਗਈ ਹੈ। ਪ੍ਰਬੰਧਕਾਂ ਵੱਲੋਂ ‘ਸਰਬੱਤ ਖਾਲਸਾ’ ਲਈ ਮਨਜ਼ੂਰੀ ਵਾਸਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਦੀ ਸੁਣਵਾਈ ਟਲ ਜਾਣ ਬਾਅਦ ‘ਸਰਬੱਤ ਖਾਲਸਾ’ ਵਾਲੀ ਜਗ੍ਹਾ ਤੋਂ ਟੈਂਟ ਉਤਾਰੇ ਜਾਣ ਦਾ ਕੰਮ ਫਿਲਹਾਲ ਅੱਧ ਵਿਚਾਲੇ ਲਟਕ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਈ ਗਈ ਰੋਕ ਬਾਅਦ ਸ਼ਹਿਰ ’ਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਸੀ। ਸੂਤਰਾਂ ਅਨੁਸਾਰ ਸਰਬੱਤ ਖਾਲਸਾ ਧਿਰਾਂ ਨੂੰ ਉਮੀਦ ਹੈ ਕਿ ਅਦਾਲਤ ਵੱਲੋਂ ਹੁਣ ਮੰਗਲਵਾਰ ਨੂੰ ਸੁਣਵਾਈ ਦੌਰਾਨ ਫੈਸਲਾ ਉਨ੍ਹਾਂ ਦੇ ਪੱਖ ਵਿੱਚ ਦਿੱਤਾ ਜਾ ਸਕਦਾ ਹੈ।

ਪੁਲੀਸ ਨੇ ਸ਼ਹਿਰ ਨੂੰ ਆਉਂਦੇ ਸਾਰੇ ਮੁੱਖ ਰਸਤਿਆਂ ’ਤੇ ਨਾਕਾਬੰਦੀ ਕਰ ਦਿੱਤੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਗੁਰਦੁਆਰਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਵੀ ਪੁਲਿਸ ਨੇ ਸੀਲ ਕਰ ਦਿੱਤਾ। ਡੀਐਸਪੀ ਤਲਵੰਡੀ ਸਾਬੋ ਮੋਹਰੀ ਲਾਲ ਅਨੁਸਾਰ ਸੀਆਰਪੀਐੱਫ ਦੀ ਇੱਕ ਕੰਪਨੀ ਪੁੱਜ ਗਈ ਅਤੇ ਹੋਰ ਵੀ ਨੀਮ ਫੌਜੀ ਦਸਤੇ ਪੁੱਜ ਸਕਦੇ ਹਨ।

ਸੀਆਰਪੀਐੱਫ ਦੀਆਂ ਗੱਡੀਆਂ ਤਲਵੰਡੀ ਸਾਬੋ ਸ਼ਹਿਰ ਵਿੱਚ ਦਾਖ਼ਲ ਹੁੰਦੀਆਂ ਹੋਈਆਂ

ਬਠਿੰਡਾ ਪੁਲਿਸ ਨੇ 10 ਨਵੰਬਰ ਦੇ ਇਕੱਠ ਦੇ ਮੱਦੇਨਜ਼ਰ ਕੇਂਦਰੀ ਸੁਰੱਖਿਆ ਬਲ ਬੁਲਾ ਲਏ ਹਨ। ਜ਼ਿਲ੍ਹਾ ਪੁਲਿਸ ਨੇ ਕੇਂਦਰੀ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ ਮੰਗੀਆਂ ਸਨ, ਜੋ ਸ਼ਾਮ ਨੂੰ ਇਥੇ ਪੁੱਜਣ ਲੱਗੀਆਂ ਸਨ। ਜਾਣਕਾਰੀ ਅਨੁਸਾਰ ਹੁਣ ਤਕ ਬਠਿੰਡਾ ਜ਼ਿਲ੍ਹੇ ’ਚ ਬਾਹਰਲੇ ਜ਼ਿਲ੍ਹਿਆਂ ’ਚੋਂ ਪੰਜ ਹਜ਼ਾਰ ਪੁਲਿਸ ਮੁਲਾਜ਼ਮ ਪੁੱਜ ਗਏ ਹਨ। ਪੀਏਪੀ ਜਲੰਧਰ, ਟਰੇਨਿੰਗ ਸੈਂਟਰ ਫਿਲੌਰ ਅਤੇ ਜਹਾਨਖੇਲਾ ਤੋਂ ਇਲਾਵਾ ਬਠਿੰਡਾ ਜ਼ੋਨ ਦੇ ਅੱਧੀ ਦਰਜਨ ਜ਼ਿਲ੍ਹਿਆਂ ’ਚੋਂ ਤਕਰੀਬਨ 5 ਹਜ਼ਾਰ ਪੁਲਿਸ ਮੁਲਾਜ਼ਮ ਬਠਿੰਡਾ ਜ਼ਿਲ੍ਹੇ ’ਚ ਪੁੱਜੇ ਹਨ, ਜਿਨ੍ਹਾਂ ਨੂੰ ਬਠਿੰਡਾ, ਤਲਵੰਡੀ ਸਾਬੋ ਅਤੇ ਮੌੜ ਦੇ ਸਕੂਲਾਂ ਤੇ ਮੈਰਿਜ ਪੈਲੇਸਾਂ ਵਿੱਚ ਠਹਿਰਾਇਆ ਗਿਆ ਹੈ। ਕੇਂਦਰੀ ਸੁਰੱਖਿਆ ਬਲਾਂ ਦੇ ਤਕਰੀਬਨ ਇੱਕ ਹਜ਼ਾਰ ਮੁਲਾਜ਼ਮ ਤਾਇਨਾਤ ਰਹਿਣਗੇ। ਭਾਵੇਂ ‘ਸਰਬੱਤ ਖ਼ਾਲਸਾ’ ਦੇ ਪ੍ਰਬੰਧਕਾਂ ਅਤੇ ਪ੍ਰਮੁੱਖ ਵਰਕਰ ਪੰਜਾਬ ’ਚੋਂ ਗਾਇਬ ਹੋ ਗਏ ਹਨ ਪਰ ਪੁਲਿਸ ਨੂੰ ਡਰ ਹੈ ਕਿ 10 ਨਵੰਬਰ ਨੂੰ ਪੰਥਕ ਆਗੂ ਦਮਦਮਾ ਸਾਹਿਬ ਪੁੱਜਣ ਦੀ ਕੋਸ਼ਿਸ਼ ਕਰ ਸਕਦੇ ਹਨ।

ਪੁਲੀਸ ਨੂੰ ਪਤਾ ਲੱਗਾ ਕਿ ਬੀਤੀ ਰਾਤ ਸਿਮਰਨਜੀਤ ਸਿੰਘ ਮਾਨ ਫਤਿਆਬਾਦ ਲਾਗੇ ਤਿਰਲੋਕੇਵਾਲਾ ਵਿੱਚ ਠਹਿਰੇ ਸਨ ਜਿਥੋਂ ਉਹ ਅੱਜ ਸਵੇਰ 7 ਵਜੇ ਰਵਾਨਾ ਹੋਏ। ਉਸ ਮਗਰੋਂ ਪੁਲਿਸ ਨੂੰ ਕੁਝ ਪਤਾ ਨਹੀਂ ਲੱਗਾ। ਉਪ ਮੁੱਖ ਮੰਤਰੀ ਸੁਖਬੀਰ ਬਾਦਲ 8 ਨਵੰਬਰ ਨੂੰ ਬਠਿੰਡਾ ਜ਼ਿਲ੍ਹੇ ’ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਆ ਰਹੇ ਹਨ, ਜਿਸ ਕਰਕੇ ਜ਼ਿਲ੍ਹਾ ਪੁਲਿਸ ਖਾਸ ਪ੍ਰੋਗਰਾਮ ਵਿੱਚ ਰੁਝ ਗਈ ਹੈ। ਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਲਾਅ ਐਂਡ ਆਰਡਰ ਕਰਕੇ ਬੀਐਸਐਫ ਦੀਆਂ 10 ਕੰਪਨੀਆਂ ਸੱਦੀਆਂ ਗਈਆਂ ਹਨ, ਜੋ ਦੇਰ ਸ਼ਾਮ ਪੁੱਜ ਜਾਣੀਆਂ ਹਨ। ਕੇਂਦਰੀ ਬਲ ਨੂੰ ਪੰਜਾਬ ਹਰਿਆਣਾ ਸਰਹੱਦ ਲਾਗੇ ਸਿੰਗੋਂ ਪੁਲਿਸ ਚੌਂਕੀ ਅਤੇ ਰਾਮਾ ਮੰਡੀ ਵਿੱਚ ਤਾਇਨਾਤ ਕੀਤਾ ਜਾਵੇਗਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ‘ਸਰਬੱਤ ਖ਼ਾਲਸਾ’ ਦੇ ਪ੍ਰਬੰਧਕ ਹਰਿਆਣਾ ਵਿੱਚ ਪਿੰਡ ਦਾਦੂਵਾਲ ਤੇ ਰਾਜਸਥਾਨ ਦੇ ਪਿੰਡ ਬੁੱਢਾ ਜੋੜ ਵਿੱਚ ‘ਸਰਬੱਤ ਖਾਲਸਾ’ ਕਰਨ ’ਤੇ ਵਿਚਾਰ ਕਰਨ ਲੱਗੇ ਹਨ ਪਰ ਇਹ ਵਿਚਾਰ ਹਾਲੇ ਮੁਢਲੇ ਪੜਾਅ ’ਤੇ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਕੋਈ ਰਾਹਤ ਨਾ ਮਿਲੀ ਤਾਂ ਪੰਜਾਬ ਤੋਂ ਬਾਹਰ ਵੀ ਸਰਬੱਤ ਖਾਲਸਾ ਕਰਨ ’ਤੇ ਸੋਚ ਸਕਦੇ ਹਾਂ। ਸਾਰਿਆਂ ਦੀ ਸਲਾਹ ਨਾਲ ਬਦਲ ਬਾਰੇ ਸੋਚਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਹਾਈ ਕੋਰਟ ਤੋਂ ਰਾਹਤ ਮਿਲਣ ਦੀ ਪੂਰੀ ਉਮੀਦ ਹੈ ਅਤੇ ਪ੍ਰਬੰਧਕ ਹਰ ਹਾਲਤ ਵਿੱਚ 10 ਨਵੰਬਰ ਨੂੰ ਦਮਦਮਾ ਸਾਹਿਬ ਵਿੱਚ ਸਰਬੱਤ ਖਾਲਸਾ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਨੇਤਾ ਸੁਰੱਖਿਅਤ ਹਨ ਤੇ 10 ਨਵੰਬਰ ਨੂੰ ਦਮਦਮਾ ਸਾਹਿਬ ਪੁੱਜਣਗੇ। ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਬੱਤ ਖਾਲਸਾ ’ਤੇ ਪਾਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਮਾਂ ਆਉਣ ’ਤੇ ਇਸ ਦਾ ਢੁਕਵਾਂ ਜੁਆਬ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version