December 20, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ (20 ਦਸੰਬਰ) ਵਾਤਾਵਰਣ ਤੇ ਮੌਸਮੀ ਬਦਲਾਅ ਸਬੰਧੀ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਡਾਇਰੈਕਟੋਰੇਟ ਬਣਨ ਨਾਲ ਸਨਅਤਾਂ ਨੂੰ ਵਾਤਾਵਰਣ ਸਬੰਧੀ ਪ੍ਰਵਾਨਗੀਆਂ ਦੇਣ ਦੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਇਸ ਪ੍ਰਕਿਰਿਆ ਵਿੱਚ ਹੋਰ ਵਧੇਰੇ ਜਵਾਬਦੇਹੀ ਲਿਆਂਦੀ ਜਾ ਸਕੇਗੀ।

ਪੰਜਾਬ ਵਜ਼ਾਰਤ ਵਲੋਂ ਵਾਤਾਵਰਣ ਤੇ ਮੌਸਮੀ ਬਦਲਾਅ ਸਬੰਧੀ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਨੂੰ ਪ੍ਰਵਾਨਗੀ
ਇਸ ਤਜਵੀਜ਼ਤ ਡਾਇਰੈਕਟੋਰੇਟ ਨਾਲ ਪੰਜਾਬ ਰਾਜ ਵਿਗਿਆਨ ਤੇ ਤਕਨੀਕੀ ਕੌਂਸਲ ਵੱਲੋਂ ਤਿਆਰ ਕੀਤੇ ਜੀਵ-ਤਕਨਾਲੋਜੀ/ਜੀਵ-ਵਿਭਿੰਨਤਾ ਤੇ ਖੋਜ/ਸਿਫਾਰਸ਼ ਨਾਲ ਸਬੰਧਤ ਮੁੱਦਿਆਂ ਨੂੰ ਸੁਲਝਾਉਣ ਤੋਂ ਇਲਾਵਾ ਸਾਫ-ਸੁਥਰੇ ਵਾਤਾਵਰਣ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਜ਼ਾਰਤ ਵੱਲੋਂ ਲਏ ਫੈਸਲੇ ਬਾਰੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਡਾਇਰੈਕਟੋਰੇਟ ਵਿਗਿਆਨ, ਤਕਨਾਲੋਜੀ ਤੇ ਵਾਤਾਵਰਣ ਵਿਭਾਗ ਵਿੱਚ ਸਥਾਪਤ ਕੀਤਾ ਜਾਵੇਗਾ ਅਤੇ ਇਸ ਦਾ ਕੰਮ-ਕਾਜ ਪ੍ਰਦੂਸ਼ਣ ਦੇ ਖਤਰਿਆਂ ਨੂੰ ਖਤਮ ਕਰਨ ਸਬੰਧੀ ਤਕਨੀਕੀ ਮਾਮਲਿਆਂ ’ਤੇ ਕੇਂਦਰਤ ਹੋਵੇਗਾ।
ਇਸ ਡਾਇਰੈਕਟੋਰੇਟ ਦੀਆਂ ਦੋ ਵੱਖ-ਵੱਖ ਡਵੀਜ਼ਨਾਂ-ਵਾਤਾਵਰਣ ਤੇ ਮੌਸਮੀ ਬਦਲਾਅ ਤੇ ਪ੍ਰਦੂਸ਼ਣ ਕੰਟਰੋਲ-ਹੋਣਗੀਆਂ ਜੋ ਸਬੰਧਤ ਮੁੱਦਿਆਂ ਬਾਰੇ ਰਣਨੀਤੀ ਤੇ ਨੀਤੀਕਰਨ ਤੇ ਪ੍ਰਦੂਸ਼ਣ ਸਬੰਧੀ ਕਾਨੂੰਨਾਂ ਨੂੰ ਸਖਤੀ ਨਾਲ ਅਮਲ ਵਿੱਚ ਲਿਆਉਣ ਵੱਲ ਧਿਆਨ ਦੇਣਗੀਆਂ। ਸੂਬੇ ਦਾ ਵਿਗਿਆਨ, ਤਕਨਾਲੋਜੀ ਤੇ ਵਾਤਾਵਰਣ ਵਿਭਾਗ ਭਾਰਤ ਸਰਕਾਰ, ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਡਿਪਟੀ ਕਮਿਸ਼ਨਰਾਂ, ਸਨਅਤਾਂ, ਪੂੰਜੀਕਾਰਾਂ, ਕਿਸਾਨਾਂ, ਸ਼ਹਿਰੀਆਂ ਤੇ ਮੀਡੀਆ ਨਾਲ ਤਾਲਮੇਲ ਕਰਕੇ ਪ੍ਰਦੂਸ਼ਣ ਦੀ ਰੋਕਥਾਮ ਲਈ ਨੀਤੀਆਂ ਤੇ ਪ੍ਰੋਗਰਾਮ ਬਣਾਉਣ ਲਈ ਵਿਉਂਤਬੰਦੀ ਕਰੇਗਾ।
Related Topics: Air Pollution in Punjab, Congress Government in Punjab 2017-2022