Site icon Sikh Siyasat News

ਪੰਜਾਬ ਕੈਬਿਨਟ ਮੀਟਿੰਗ ਵਿੱਚ ਅਹਿਮ ਫੈਂਸਲੇ; ਬੇਅਦਬੀ ਦੇ ਦੋਸ਼ੀ ਦੀ ਸਜ਼ਾ ਤਿੰਨ ਸਾਲ ਤੋਂ ਵਧਾ ਕੇ ਕੀਤੀ ਉਮਰ ਕੈਦ

ਚੰਡੀਗੜ੍ਹ: ਦੋ ਮਹੀਨੇ ਤੋਂ ਲਗਾਤਾਰ ਰੋਸ ਮੁਜਾਹਰਿਆਂ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਅੱਜ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਕੁਝ ਅਹਿਮ ਫੈਂਸਲੇ ਲਏ ਗਏ।ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਨੂੰ ਰੋਕਣ ਵਿੱਚ ਫੇਲ ਹੋਣ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਕਾਰਨ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੀ ਪੰਜਾਬ ਸਰਕਾਰ ਨੇ ਲੋਕਾਂ ਦਾ ਰੋਹ ਸ਼ਾਂਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦੀ ਸਜਾ ਤਿੰਨ ਸਾਲ ਤੋਂ ਵਧਾ ਕੇ ਉਮਰ ਕੈਦ ਕਰਨ ਦਾ ਫੈਂਸਲਾ ਲਿਆ ਹੈ।

ਚੰਡੀਗੜ੍ਹ ਵਿਖੇ ਹੋਈ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ

ਇਸੇ ਤਰ੍ਹਾਂ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਸੜਕਾਂ ਤੇ ਉੱਤਰੀ ਕਿਸਾਨੀ ਦੇ ਰੋਹ ਨੂੰ ਸ਼ਾਂਤ ਕਰਨ ਲਈ ਸਰਕਾਰ ਵੱਲੋਂ ਇਹ ਫੈਂਸਲਾ ਲਿਆ ਗਿਆ ਕਿ ਪ੍ਰਾਈਵੇਟ ਖੰਡ ਮਿਲਾਂ ਵੱਲੋਂ ਖਰੀਦੇ ਗਏ ਗੰਨੇ ਤੇ ਵੀ ਕਿਸਾਨਾਂ ਨੂੰ 50 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ।

ਮੀਟਿੰਗ ਵਿੱਚ 1.14 ਲੱਖ ਸਰਕਾਰੀ ਨੌਕਰੀਆਂ ਦੇਣ ਦੇ ਫੈਂਸਲੇ ਤੇ ਵੀ ਮੋਹਰ ਲਗਾਈ ਗਈ ਹੈ।ਭਾਂਵੇਂ ਕਿ ਸਰਕਾਰੀ ਖਜਾਨੇ ਦੇ ਅੰਕੜਿਆਂ ਨੂੰ ਦੇਖਦਿਆਂ ਇਹਨਾਂ ਐਲਾਨਾਂ ਨੂੰ ਅਮਲੀ ਰੂਪ ਕਿਵੇਂ ਦਿੱਤਾ ਜਾ ਸਕੇਗਾ ਇਹ ਵੇਖਣਾ ਹੋਵੇਗਾ।

ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਇਹ ਐਲਾਨ ਕੀਤੇ ਗਏ।ਮੀਟਿੰਗ ਵਿੱਚ ਬੁਢਾਪਾ ਪੈਂਸ਼ਨ ਨੂੰ 250 ਤੋਂ ਵਧਾ ਕੇ 500 ਰੁਪਏ ਕਰਨ ਦਾ ਵੀ ਫੈਂਸਲਾ ਕੀਤਾ ਗਿਆ।ਇਸ ਤੋਂ ਇਲਾਵਾ ਵਿਧਵਾ ਪੈਸ਼ਨ, ਅਪੰਗਾਂ ਨੂੰ ਦਿੱਤੀ ਜਾਂਦੀ ਪੈਸ਼ਨ ਅਤੇ ਪੰਜਾਬ ਸੂਬਾ ਮੋਰਚਾ ਤੇ ਐਮਰਜੈਂਸੀ ਖਿਲਾਫ ਚੱਲੇ ਸੰਘਰਸ਼ ਵਿੱਚ ਹਿੱਸਾ ਲੈਣ ਵਾਲਿਆਂ ਦੀ ਪੈਂਸ਼ਨ ਵਿੱਚ ਵੀ ਵਾਧੇ ਦਾ ਐਲਾਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਵੀ ਲੋਕਾਂ ਵਿੱਚ ਸਰਕਾਰ ਪੱਖੀ ਮਾਹੌਲ ਪੈਦਾ ਕਰਨ ਲਈ ਕਈ ਐਲਾਨ ਕੀਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version