November 8, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ 1995 ‘ਚ ਹੋਏ ਕਤਲ ਮਾਮਲੇ ਵਿਚ ਫ਼ਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਘਟਾ ਕੇ ਉਮਰ ਕੈਦ ’ਚ ਤਬਦੀਲ ਕਰਨ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ।
ਇਹ ਪਟੀਸ਼ਨ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਵੱਲੋਂ ਪਾਈ ਗਈ ਸੀ। ਜਿਸ ਨੂੰ ਕੱਲ੍ਹ (7 ਨਵੰਬਰ, 2017) ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਹਾਈਕੋਰਟ ਨੇ ਇਹ ਪਟੀਸ਼ਨ ਰੱਦ ਇਸ ਆਧਾਰ ’ਤੇ ਕੀਤੀ ਹੈ ਕਿ ਬੀਬੀ ਕਮਲਦੀਪ ਕੌਰ ਦਾ ਇਸ ਪਟੀਸ਼ਨ ਸੰਬੰਧੀ ‘ਲੋਕਸ ਸਟੈਂਡਾਈ’ ਨਹੀਂ ਬਣਦਾ ਅਤੇ ਉਨ੍ਹਾਂ ਵੱਲੋਂ ਇਹ ਪਟੀਸ਼ਨ ਨਹੀਂ ਪਾਈ ਜਾ ਸਕਦੀ। ਹਾਈਕੋਰਟ ਦਾ ਕਹਿਣਾ ਹੈ ਕਿ ਇਸ ਸੰਬੰਧੀ ਕੋਈ ਵੀ ਪਟੀਸ਼ਨ ਖ਼ੁਦ ਰਾਜੋਆਣਾ ਵੱਲੋਂ ਹੀ ਪਾਈ ਜਾ ਸਕਦੀ ਹੈ। ਦਸਿਆ ਜਾਂਦਾ ਹੈ ਕਿ ਭਾਈ ਰਾਜੋਆਣਾ ਇਸ ਵੇਲੇ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਹਨ। ਉਹਨਾਂ ਦੀ ਭੈਣ ਨੇ ਇਹ ਪਟੀਸ਼ਨ ਇਸ ਆਧਾਰ ’ਤੇ ਪਾਈ ਸੀ ਕਿ ਭਾਈ ਰਾਜੋਆਣਾ ਪਿਛਲੇ 22 ਸਾਲ ਤੋਂ ਪਟਿਆਲਾ ਦੀ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਮਗਰੋਂ ਵੀ ਲਗਭਗ ਇਕ ਦਹਾਕਾ ਬੀਤ ਚੁੱਕਾ ਹੈ।
ਕਮਲਦੀਪ ਕੌਰ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਮਗਰੋਂ ਲੰਘੇ ਦੱਸ ਸਾਲਾਂ ਵਿਚ ਭਾਈ ਰਾਜੋਆਣਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਦਿਮਾਗੀ ਪਰੇਸ਼ਾਨੀ ਝੱਲੀ ਹੈ ਇਸ ਲਈ ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰਕੇ ਇਸ ਨੂੰ ਉਮਰ ਕੈਦ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।
ਯਾਦ ਰਹੇ ਕਿ ਇਸ ਮਾਮਲੇ ਵਿਚ ਪਟੀਸ਼ਨ ਕਰਤਾ ਦੀ ਵਕੀਲ ਐਡਵੋਕੇਟ ਗੁਰਸ਼ਰਨ ਕੌਰ ਮਾਨ ਨੇ ਇਹ ਤਰਕ ਵੀ ਦਿੱਤਾ ਸੀ ਕਿ ਭਾਈ ਰਾਜੋਆਣਾ ਨੇ ਆਪਣੇ ਵਿਰੁੱਧ ਚੱਲੇ ਮੁਕੱਦਮੇ ਦੀ ਕਾਰਵਾਈ ਦੌਰਾਨ ਕੋਈ ਕਾਨੂੰਨੀ ਸਹਾਇਤਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਸੁਣਾਈ ਗਈ ਫ਼ਾਂਸੀ ਦੀ ਸਜ਼ਾ ਵਿਰੁੱਧ ਵੀ ਕੋਈ ਅਪੀਲ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ ਸੀ।
Related Topics: Beant Murder Case, Bhai Balwant Singh Rajoana, Bibi Kamaljit Kaur, Punjab and Haryana High Court, Sikh Political Prisoners