June 15, 2018 | By ਸਿੱਖ ਸਿਆਸਤ ਬਿਊਰੋ
ਤਰਨਤਾਰਨ: ਪੰਜਾਬ ਦੇ ਸਰਹੱਦੀ ਖੇਤਰ ਵਿਚ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਿਚ ਖੇਤੀ ਕਰਨ ਲਈ ਕਿਸਾਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਰਹੱਦਾਂ ‘ਤੇ ਤੈਨਾਤ ਭਾਰਤੀ ਫੌਜ ਦੇ ਅਫਸਰਾਂ ਦਾ ਕਿਸਾਨਾਂ ਨਾਲ ਮਾੜਾ ਵਤੀਰਾ ਇਨ੍ਹਾਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਠਾਣਾ ਖਾਲੜਾ ਅਧੀਨ ਪੈਂਦੇ ਪਿੰਡ ਡੱਲ ਵਿਚ ਸਾਹਮਣੇ ਆਇਆ ਹੈ ਜਿੱਥੇ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਖੇਤੀ ਕਰਦੇ ਕਿਸਾਨਾਂ ਵਲੋਂ ਸਰਹੱਦ ’ਤੇ ਲੱਗੀ ਤਾਰ ਦੇ ਪਾਰ ਜਾ ਕੇ ਖੇਤੀ ਕਰਨ ਲਈ ਸਾਰੇ ਗੇਟ ਖੋਲ੍ਹੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰਦੇ ਆ ਰਹੇ ਸਨ। ਪਰ ਕਿਸਾਨਾਂ ਦੀ ਸਮੱਸਿਆ ਦੂਰ ਕਰਨ ਦੀ ਬਜਾਏ ਉਲਟਾ ਖਾਲੜਾ ਪੁਲਿਸ ਨੇ ਕਿਸਾਨਾਂ ‘ਤੇ ਹੀ ਕੇਸ ਦਰਜ ਕਰ ਦਿੱਤਾ।
ਠਾਣਾ ਖਾਲੜਾ ਦੀ ਪੁਲੀਸ ਨੇ ਸੱਤ ਕਿਸਾਨਾਂ ਵਲੋਂ ਬੀ.ਐਸ.ਐਫ. ਖਿਲਾਫ਼ ਧਰਨਾ ਦੇਣ ਮੌਕੇ ਕਥਿਤ ਤੌਰ ਤੇ ਧਮਕੀਆਂ ਦੇਣ ਅਤੇ ਉਨ੍ਹਾਂ ਦੇ ਕੰਮ ਵਿਚ ਦਖਲਅੰਦਾਜ਼ੀ ਕਰਨ ਸਬੰਧੀ ਦਫ਼ਾ 341, 186, 506, 148, 149 ਅਧੀਨ ਇਕ ਮਾਮਲਾ ਦਰਜ ਕੀਤਾ ਹੈ।
ਪੰਜਾਬ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਸੂਬਾ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਅੱਜ ਇਥੇ ਦੱਸਿਆ ਕਿ ਇਸ ਪਿੰਡ ਡੱਲ ਦੇ 40 ਦੇ ਕਰੀਬ ਕਿਸਾਨਾਂ ਦੀ ਕੋਈ 225 ਏਕੜ ਜ਼ਮੀਨ ਤਾਰ ਦੇ ਪਾਰ ਹੈ ਜਿਥੇ ਖੇਤੀ ਕਰਨ ਲਈ ਉਨ੍ਹਾਂ ਨੂੰ ਬੀ. ਐਸ. ਐਫ. ਵਾਲਿਆਂ ਕੋਲੋਂ ਉਧਰ ਜਾਣ ਵਾਸਤੇ ‘ਪਰਚੀ’ (ਆਗਿਆ) ਲੈ ਕੇ ਜਾਣਾ ਹੁੰਦਾ ਹੈ। ਕਿਸਾਨ ਆਗੂ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਡੱਲ ਦੇ ਕਿਸਾਨਾਂ ਲਈ ਸੱਤ ਗੇਟ ਉਸਾਰੇ ਹੋਏ ਹਨ। ਉਨ੍ਹਾਂ ਨਾਲ ਹੀ ਆਖਿਆ ਕਿ ਬੀ. ਐਸ. ਐਫ. ਵਾਲੇ ਇਹ ਸੱਤ ਦੇ ਸੱਤ ਗੇਟ ਰੋਜ਼ਾਨਾ ਨਹੀਂ ਖੋਲ੍ਹਦੇ ਜਿਸ ਨਾਲ ਕਿਸਾਨਾਂ ਨੂੰ ਦੂਰ ਜਾ ਕੇ ਆਪਣੀ ਜ਼ਮੀਨ ਤੱਕ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਪਿੰਡਾਂ ਵਿਖੇ ਬਣਾਏ ਸਾਰੇ ਗੇਟ ਖੋਲ੍ਹੇ ਜਾਣ ਦੇ ਮੰਗ ਨੂੰ ਲੈ ਕੇ ਇਲਾਕੇ ਦੇ ਕਿਸਾਨ ਕਈ ਦਿਨਾਂ ਤੋਂ ਡੱਲ ਪਿੰਡ ਦੀ ਬਾਬਾ ਪੀਰ ਚੌਂਕੀ ਦੇ ਸਾਹਮਣੇ ਧਰਨਾ ਦੇ ਰਹੇ ਸਨ ਜਿਸ ਤੋਂ ਖਿਝ ਕੇ ਪੁਲੀਸ ਨੇ ਸੱਤ ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਠਾਣਾ ਖਾਲੜਾ ਦੇ ਸਬ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚ ਪਿੰਡ ਦੇ ਵਾਸੀ ਸ਼ਿੰਦਰ ਸਿੰਘ, ਅੰਗਰੇਜ ਸਿੰਘ, ਦਿਆਲ ਸਿੰਘ, ਹਰਜੀਤ ਸਿੰਘ, ਸਰਦੂਲ ਸਿੰਘ, ਕਰਮਜੀਤ ਸਿੰਘ ਅਤੇ ਰੂਪ ਸਿੰਘ ਦਾ ਨਾਮ ਸ਼ਾਮਲ ਹੈ। ਇਸ ਤੋਂ ਪਹਿਲਾਂ ਇਲਾਕੇ ਦੇ ਕਿਸਾਨ ਸੁਰਜੀਤ ਸਿੰਘ ਭੂਰਾ ਦੀ ਅਗਵਾਈ ਹੇਠ ਬੀ. ਐਸ. ਐਫ. ਦੀ ਇਕ ਚੌਂਕੀ ਦੇ ਸਾਹਮਣੇ ਆਪਣੇ ਟਰੈਕਟਰ ਖੜ੍ਹੇ ਕਰਕੇ ਟਰੈਕਟਰਾਂ ਦੀਆਂ ਚਾਬੀਆਂ ਉਨ੍ਹਾਂ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕਰ ਚੁੱਕੇ ਹਨ।
Related Topics: Indian BSF, Punjab Farmers Agitation