April 20, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਭਾਰਤ ਸਰਕਾਰ ਵੱਲੋਂ ਟੈਂਕਾਂ ਅਤੇ ਤੋਪਾਂ ਨਾਲ ਫੌਜ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ‘ਤੇ ਕੀਤੇ ਗਏ ਖੂਨੀ ਘੱਲੂਘਾਰੇ ਦੀ ਯਾਦ ਅੰਦਰ ਲੰਡਨ ਵਿਖੇ ਬਰਤਾਨੀਆ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ 5 ਜੂਨ ਐਤਵਾਰ ਵਾਲੇ ਦਿਨ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਦੀ ਵਿਸ਼ੇਸ਼ ਇਕੱਤਰਤਾ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕੁਵੈਂਟਰੀ ਵਿਖੇ ਕੀਤੀ ਗਈ ।

ਘੱਲੂਘਾਰਾ ਜੂਨ 1984
ਇਸ ਵਿਚ ਰੋਸ ਮੁਜ਼ਾਹਰੇ ਸਬੰਧੀ ਰਣਨੀਤੀ ਉਲੀਕੀ ਗਈ, ਉੱਥੇ ਸਿੱਖ ਕੌਮ ਨੂੰ ਦਰਪੇਸ਼ ਭਖਦੇ ਮਸਲੇ ਵਿਚਾਰੇ ਗਏ। 5 ਜੂਨ ਨੂੰ ਸਵੇਰੇ ਗਿਆਰਾਂ ਵਜੇ ਸਿੱਖ ਸੰਗਤਾਂ ਵੱਖ-ਵੱਖ ਸ਼ਹਿਰਾਂ ਤੋਂ ਹਾਈਡ ਪਾਰਕ ਲੰਡਨ ਵਿਖੇ ਕਾਰਾਂ ਅਤੇ ਕੋਚਾਂ ਦੇ ਕਾਫਲਿਆਂ ਰਾਹੀਂ ਪੁੱਜਣਗੀਆਂ, ਜਿੱਥੇ ਦੋ ਘੰਟੇ ਸਟੇਜ ਦੀ ਕਾਰਵਾਈ ਚਲਾਈ ਜਾਵੇਗੀ, ਉਪਰੰਤ ਵਿਸ਼ਾਲ ਮਾਰਚ ਲੰਡਨ ਦੀਆਂ ਸੜਕਾਂ ‘ਤੇ ਚਾਲੇ ਪਾਵੇਗਾ। ਇਹ ਰੋਸ ਮੁਜ਼ਾਹਰਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਬੈਨਰ ਹੇਠ ਹੋਵੇਗਾ।
ਮੀਟਿੰਗ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਸਮੇਤ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਭਾਈ ਤਰਸੇਮ ਸਿੰਘ ਦਿਉਲ, ਭਾਈ ਅਵਤਾਰ ਸਿੰਘ ਸੰਘੇੜਾ, ਭਾਈ ਗੁਰਦੇਵ ਸਿੰਘ ਚੌਹਾਨ, ਭਾਈ ਚਰਨ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ ਆਦਿ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿਚ ਜਰਮਨੀ ਦੇ ਸ਼ਹਿਰ ਐਸਨ ਵਿਖੇ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ‘ਤੇ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ ਗਈ। ਜਰਮਨ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਘਿਨਾਉਣੀ ਕਰਤੂਤ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਅਤੇ ਜਰਮਨੀ ਦੇ ਸਮੂਹ ਗੁਰਦੁਆਰਿਆਂ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਵੇ।
Related Topics: Attack on Darbar Sahib, Federation Of Sikh Organizations UK, FOS UK