November 10, 2010 | By ਸਿੱਖ ਸਿਆਸਤ ਬਿਊਰੋ
ਨਸਲਕੁਸ਼ੀ ਪੀੜਤਾਂ ਵਲੋਂ ਅਮਰੀਕੀ ਰਾਜਦੂਤ ਨੂੰ ਮੰਗ ਪੱਤਰ
ਇਸ ਮੌਕੇ ਇਕ ਵਫ਼ਦ ਨੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੂੰ ਦੇਣ ਲਈ ਇਕ ਮੰਗ ਪੱਤਰ ਭਾਰਤ ਵਿਚ ਅਮਰੀਕੀ ਰਾਜਦੂਤ ਰੋਇਮਰ ਟਿਮੋਥੀ ਨੂੰ ਸੌਂਪ ਕੇ ਮੰਗ ਕੀਤੀ ਕਿ ਨਵੰਬਰ 84 ਦੌਰਾਨ ਅਤੇ ਪਿਛਲੇ ਢਾਈ ਦਹਾਕਿਆਂ ਦੌਰਾਨ ਆਜ਼ਾਦ ਭਾਰਤ ਅੰਦਰ ਸਿੱਖਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇ।ਰੋਸ ਮਾਰਚ ਤੋਂ ਬਾਅਦ 7-ਮੈਂਬਰੀ ਉੱਚ ਪੱਧਰੀ ਵਫ਼ਦ ਨੇ ਅਮਰੀਕੀ ਦੂਤਘਰ ਵਿਚ ਜਾ ਕੇ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਦੇ ਨਾਂਅ ਲਿਖਿਆ ਤਿੰਨ ਸਫ਼ਿਆਂ ਦਾ ਮੰਗ ਪੱਤਰ ਅਮਰੀਕੀ ਰਾਜਦੂਤ ਨੂੰ ਦਿੱਤਾ। ਵਫ਼ਦ ਦੇ ਮੈਂਬਰਾਂ ਵਿਚ ਸ: ਬਾਬੂ ਸਿੰਘ ਦੁੱਖੀਆ, ਸੁਧੀਰ ਮੁਹੰਮਦ, ਭਾਈ ਮੋਹਕਮ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਬੀਬੀ ਗੰਗਾ ਕੌਰ, ਬੀਬੀ ਠਾਕਰੀ ਕੌਰ, ਸ਼ਾਮਿਲ ਸਨ। ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋਈ ਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵਜੋਂ ਰਾਸ਼ਟਰਪਤੀ ਓਬਾਮਾ ਪੀੜਤਾਂ ਨੂੰ ਨਿਆਂ ਦੁਆਉਣ ਲਈ ਆਵਾਜ਼ ਬੁਲੰਦ ਕਰਨ।
ਇਸ ਪਿਛੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਨਿਆਂ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮਨੁੱਖੀ ਹੱਕਾਂ ਦੀ ਉਲੰਘਣਾ ਵਿਰੁੱਧ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਓਬਾਮਾ ਨੂੰ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸ੍ਰੀ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਕੇ ਰੱਦ ਕਰਨ ਦਾ ਸਪੱਸ਼ਟ ਅਰਥ ਹੈ ਕਿ ਉਹ ਭਾਰਤ ਦੇ ਉਨ੍ਹਾਂ ਮੌਕਾਪ੍ਰਸਤਾਂ ਦੇ ਪ੍ਰਭਾਵ ਹੇਠ ਆ ਗਏ ਹਨ ਜਿਹੜੇ ਇਹ ਨਹੀਂ ਚਾਹੁੰਦੇ ਸਨ ਕਿ ਉਹ ਦਰਬਾਰ ਸਾਹਿਬ ਜਾਣ। ਸ੍ਰੀ ਦਰਬਾਰ ਸਾਹਿਬ ਜਾਣ ਤੋਂ ਨਾਂਹ ਕਰਨ ਨਾਲ ਉਨ੍ਹਾਂ ਦੇ ਧਾਰਮਿਕ ਵਿਭਿੰਨਤਾ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦੇ ਦਾਅਵਿਆਂ ਦਾ ਪਰਦਾਫਾਸ਼ ਹੋ ਗਿਆ ਹੈ ਤੇ ਇਸ ਨਾਲ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਰੁਤਬੇ ਤੇ ਸਤਿਕਾਰ ਨੂੰ ਵੀ ਸੱਟ ਵੱਜੀ ਹੈ। ਉਨ੍ਹਾਂ ਨੇ ਕਿਹਾ ਕਿ 19 ਜਨਵਰੀ 2008 ਨੂੰ ਆਪਣੇ ਭਾਸ਼ਣ ਦੌਰਾਨ ਓਬਾਮਾ ਨੇ ਕਿਹਾ ਸੀ ਕਿ ਉਹ ਹਰ ਤਰ੍ਹਾਂ ਦੀ ਨਸਲਕੁਸ਼ੀ ਪ੍ਰਤੀ ਜ਼ੋਰਦਾਰ ਆਵਾਜ਼ ਉਠਾਉਣਗੇ। ਸ: ਪੀਰ ਮੁਹੰਮਦ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਮੁੰਬਈ ਵਿਚ ਹਮਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਰਾਸ਼ਟਰਪਤੀ ਓਬਾਮਾ 1984 ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ੍ਰੀ ਦਰਬਾਰ ਸਾਹਿਬ ਤੇ ਫ਼ਿਰ ਦਿੱਲੀ ਸਣੇ ਦੇਸ਼ ਦੇ ਅਨੇਕ ਹਿੱਸਿਆਂ ਵਿਚ ਕਤਲ ਕਰ ਦਿੱਤੇ ਗਏ ਸਿੱਖਾਂ ਨੂੰ ਅਣਗੌਲਿਆਂ ਕੀਤਾ। ਅੱਜ ਦਿੱਤੇ ਗਏ ਮੰਗ ਪੱਤਰ ਵਿਚ ਸਿੱਖਾਂ ਲਈ ਖੁਦਮੁਖਤਿਆਰੀ ਦੇ ਅਧਿਕਾਰ ਨੂੰ ਮਾਨਤਾ ਦੇਣ, ਇਸ ਸੰਬੰਧੀ ਅਮਰੀਕਾ ਵੱਲੋਂ ਜ਼ਿੰਮੇਵਾਰੀ ਨਿਭਾਏ ਜਾਣ, ਸਿੱਖ ਧਰਮ ਨੂੰ ਵੱਖਰੇ ਧਰਮ ਦਾ ਦਰਜਾ ਬਹਾਲ ਕਰਨ ਲਈ ਸੰਵਿਧਾਨ ਦੀ ਧਾਰਾ 25 ਵਿਚ ਸੋਧ, ਭਾਰਤ ਵਿਚ ਸਿੱਖਾਂ ਦੀਆਂ ਯੋਜਨਾਬੱਧ ਹਤਿਆਵਾਂ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ, ਨਸਲਕੁਸ਼ੀ ਦੇ ਦੋਸ਼ੀਆਂ ਲਈ ਸਜ਼ਾਵਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਭਾਰਤ ਵਿਚ ਖਾਸਕਰ ਪੰਜਾਬ ਵਿਚ ਦਾਖ਼ਲ ਹੋਣ ਦੀ ਆਗਿਆ ਦੇਣ ਸੰਬੰਧੀ ਮੰਗ ਕੀਤੀ ਗਈ ਹੈ।
ਇਸੇ ਦੌਰਾਨ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਪ੍ਰੈਸ ਬਿਆਨ ਵਿਚ ਅਮਰੀਕੀ ਰਾਸ਼ਟਰਪਤੀ ਵਲੋਂ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਨਜ਼ਰਅੰਦਾਜ਼ ਕਰਨ ’ਤੇ ਦੁਖ ਜ਼ਾਹਿਰ ਕੀਤਾ ਹੈ ਤੇ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੌਰਾਨ 30, 000 ਤੋਂ ਵੱਧ ਸਿਖਾਂ ਦਾ ਕਤਲ ਕੀਤਾ ਗਿਆ ਤੇ ਅਜੇ ਤੱਕ ਕੋਈ ਆਵਾਜ਼ ਨਹੀਂ ਉਠਾਈ ਗਈ ਸਗੋਂ ਉਠਾਈ ਜਾਣ ਵਾਲੀ ਹਰ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਮੁੰਬਈ ਹਮਲਿਆਂ ਦੇ ਸ਼ਿਕਾਰ ਲੋਕਾਂ ਨੂੰ ਤਾਂ ਸ਼ਰਧਾਂਜਲੀ ਦੇਣ ਲਈ ਮੁੰਬਈ ਤਾਂ ਚਲੇ ਗਏ ਪਰ ਕਿੰਨੇ ਅਫਸੋਸ ਦੀ ਗਲ ਹੈ ਕਿ ਉਨ੍ਹਾਂ ਨੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਭੁਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਦਾ ਦੁਨੀਆ ਭਰ ਵਿਚ ਅਲੰਬਰਦਾਰ ਅਖਵਾਉਂਦਾ ਹੈ ਤੇ ਹਰ ਤਰਾਂ ਦੀ ਨਸਲਕੁਸ਼ੀ ਦੀ ਅਮਰੀਕਾ ਨੇ ਨਿੰਦਾ ਕੀਤੀ ਹੈ ਤੇ ਅਮਰੀਕਾ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਤੇ ਕਿ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਆਵਾਜ਼ ਉਠਾਵੇ। ਉਨ੍ਹਾਂ ਨੇ ਕਿਹਾ ਇਹ ਹੋਰ ਵੀ ਦੁਖ ਵਾਲੀ ਗਲ ਹੈ ਕਿ ਰਾਸ਼ਟਰਪਤੀ ਓਬਾਮਾ ਨੇ ਭਾਰਤੀ ਸੰਸਦ ਨੂੰ ਸੰਬੋਧਨ ਕਰਨ ਦੌਰਾਨ ਵੀ ਨਵੰਬਰ 1984 ਸਿਖ ਨਸਲਕੁਸ਼ੀ ਬਾਰੇ ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅਮਰੀਕੀ ਰਾਸ਼ਟਰਪਤੀ ਓਬਾਮਾ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਦੀ ਆਵਾਜ਼ ਪ੍ਰਧਾਨ ਮਨਮੋਹਨ ਸਿੰਘ ਕੋਲ ਜ਼ੋਰਦਾਰ ਢੱਗ ਨਾਲ ਉਠਾਉਂਦੇ ਤੇ ਇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜ਼ੋਰ ਦਿੰਦੇ। ਉਨਾਂ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਕੇ ਮਿਸ਼ੇਲ ਓਬਾਮਾ ਦਾ ਭਾਰਤ ਦੌਰਾ ਤਾਂ ਹੀ ਸਫਲ ਹੁੰਦਾ ਜੇਕਰ ਉਹ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਦੀ ਆਵਾਜ਼ ਬੁਲੰਦ ਕਰਦੇ ਤੇ ਇਸ ਮੁੱਦੇ ਨੂੰ ਭਾਰਤੀ ਸੰਸਦ ਵਿਚ ਉਠਾਉਂਦੇ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਅਣਗੌਲਿਆ ਕਰਕੇ ਇਹ ਸਾਬਤ ਕੀਤਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਅਮਰੀਕਾ ਨੂੰ ਜ਼ਰਾ ਵੀ ਪ੍ਰਵਾਹ ਨਹੀਂ ਹੈ। ਪੂਰੀ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਦਾ ਰਾਗ ਆਲਾਪਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਨਵੰਬਰ 1984 ਸਿਖ ਨਸਲਕੁਸ਼ੀ ਦੌਰਾਨ 30,000 ਤੋਂ ਵੱਧ ਸਿਖਾਂ ਦੇ ਕੀਤੇ ਗਏ ਕਤਲ ਨੂੰ ਭੁਲ ਗਏ।
ਅੱਜ ਦੀ ਇਨਸਾਫ ਰੈਲੀ ਵਿਚ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਹਰਪਾਲ ਸਿੰਘ ਚੀਮਾ, ਜਸਬੀਰ ਸਿੰਘ ਖਡੂਰ, ਸੰਤੋਖ ਸਿੰਘ ਸਲਾਣਾ, ਸਿੱਖ ਫੈਡਰੇਸ਼ਨ (ਭੋਮਾ) ਦੇ ਆਗੂ ਡਾ: ਮਨਜੀਤ ਸਿੰਘ ਭੋਮਾ, ਅਕਾਲ ਸਹਾਏ ਜਥੇਬੰਦੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ, ਮੋਹਾਲੀ ਤੋਂ ਨਵੰਬਰ 1984 ਸਿਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ, ਮੀਤ ਪ੍ਰਧਾਨ ਬਲਦੇਵ ਸਿੰਘ, ਜਨਰਲ ਸਕੱਤਰ ਬਲਵਿੰਦਰ ਸਿੰਘ, ਬੀਬੀ ਬਿਮਲ ਕੌਰ ਸਮੇਤ ਵੱਡੀ ਗਿਣਤੀ ਵਿਚ ਪੀੜਤ ਪਰਿਵਾਰ ਚੰਡੀਗੜ੍ਹ ਅਤੇ ਮੁਹਾਲੀ ਤੋਂ ਇਨਸਾਫ ਰੈਲੀ ਵਿਚ ਸ਼ਾਮਿਲ ਹੋਏ। ਇਸੇ ਤਰਾਂ ਨਿਰਮਲ ਕੌਰ, ਗੰਗਾ ਕੌਰ, ਠਾਕਰੀ ਕੌਰ, ਮਨਜੀਤ ਕੌਰ ਸਿੱਧੂ, ਸਿੱਖ ਫੈਡਰੇਸ਼ਨ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਬਲਜੀਤ ਕੌਰ ਨੇ ਪ੍ਰਮੁੱਖ ਰੂਪ ਵਿਚ ਸ਼ਮੂਲੀਅਤ ਕੀਤੀ । ਅੱਜ ਦੀ ਇਨਸਾਫ ਰੈਲੀ ਦੌਰਾਨ ਜੰਤਰ-ਮੰਤਰ ਰੋਡ ਉੱਪਰ ਪਹੁੰਚਣ ’ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਵਲੰਟੀਅਰਾਂ ਨੇ ਵੀ ਸ਼ਾਮਿਲ ਹੋ ਕੇ ਪੀੜਤਾਂ ਦਾ ਹੌਸਲਾ ਵਧਾਇਆ।
Related Topics: Akali Dal Panch Pardhani, All India Sikh Students Federation (AISSF), Bhai Harpal Singh Cheema (Dal Khalsa), Khalsa Action Committee, Sikhs For Justice (SFJ), ਸਿੱਖ ਨਸਲਕੁਸ਼ੀ 1984 (Sikh Genocide 1984)