February 14, 2019 | By ਸਿੱਖ ਸਿਆਸਤ ਬਿਊਰੋ
ਨਵਾਂਸ਼ਹਿਰ- ਤਿੰਨ ਸਿੱਖ ਕਾਰਕੁੰਨਾਂ ਨੂੰ ਸ਼ਹੀਦਾਂ ਦੀਆਂ ਜੀਵਨੀਆਂ, ਸਿੱਖ ਸੰਘਰਸ਼ ਨਾਲ ਜੁੜੀਆਂ ਕਿਤਾਬਾਂ ਅਤੇ ਤਸਵੀਰਾਂ ਦੇ ਅਧਾਰ ‘ਤੇ ਉਮਰਕੈਦ ਦੀ ਸਜਾ ਸੁਣਾਏ ਜਾਣ ਦੇ ਫੈਸਲੇ ਵਿਰੁੱਧ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਦਲ ਖਾਲਸਾ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਿੱਖ ਜਥੇਬੰਦੀ ਦਲ ਖਾਲਸਾ ਦੇ ਕਾਰਕੁੰਨਾਂ ਨੇ ਸਿੱਖ ਸੰਘਰਸ਼ ਨਾਲ ਜੁੜਿਆ ਸਾਹਿਤ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ, ਜਿਨ੍ਹਾਂ ਨੂੰ ਆਧਾਰ ਬਣਾ ਕੇ ਨਵਾਂਸ਼ਹਿਰ ਕੋਰਟ ਦੇ ਵਧੀਕ ਜੱਜ ਨੇ ਤਿੰਨ ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਨੂੰ ਪਿਛਲੇ ਦਿਨੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਨੂੰ ਹੱਥਾਂ ਫੜ੍ਹ ਕੇ ਸ਼ਹਿਰ ਵਿੱਚ ਰੋਸ ਮਾਰਚ ਅਤੇ ਉਪਰੰਤ ਜਿਲਾ ਕਚਿਹਰੀਆਂ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ।ਉਹਨਾਂ ਸਰਕਾਰ ਨੂੰ ਵੰਗਾਰ ਪਾਈ ਕਿ ਉਹ ਉਹਨਾਂ ਨੂੰ ਵੀ ਗ੍ਰਿਫਤਾਰ ਕਰੇ।
ਬੀਤੇ ਦਿਨੀਂ ਨਵਾਂਸ਼ਹਿਰ ਸਥਾਨਕ ਅਦਾਲਤ ਦੇ ਜੱਜ ਰਣਧੀਰ ਵਰਮਾ ਨੇ ਤਿੰਨ ਸਿੱਖ ਕਾਰਕੁੰਨਾਂ ਨੂੰ ਖਾੜਕੂ ਸੰਘਰਸ਼ ਨਾਲ ਜੁੜੀਆਂ ਕਿਤਾਬਾਂ ਅਤੇ ਤਸਵੀਰਾਂ ਦੇ ਅਧਾਰ ‘ਤੇ ਉਮਰਕੈਦ ਦੀ ਸਜਾ ਸੁਣਾਈ ਗਈ ਸੀ ਸਿੱਖ ਹਲਕਿਆਂ ‘ਚ ਇਸ ਅਦਾਲਤੀ ਫੁਰਮਾਨ ਨੂੰ ਲੈ ਕੇ ਡਾਢਾ ਰੋਸ ਵੇਖਿਆ ਜਾ ਰਿਹਾ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ” ਜੱਜ ਰਣਧੀਰ ਵਰਮਾ ਦਾ ਫੈਸਲਾ ਬੋਲਣ ਦੀ ਆਜਾਦੀ ਦੇ ਸੰਵਿਧਾਨਕ ਹੱਕ ਨੂੰ ਮਨਫੀ ਕਰਨਾ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਕੰਧ ਵਲ ਧੱਕਣਾ ਹੈ। ਉਹਨਾਂ ਕਿਹਾ ਕਿ ਮਹਿਜ਼ ਖਾਲਿਸਤਾਨੀ ਸਾਹਿਤ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਰੱਖਣ ਨੂੰ ਆਧਾਰ ਬਣਾ ਕੇ ਤਿੰਨ ਨੌਜਵਾਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦੇਣਾ ਫਿਰਕਾਪ੍ਰਸਤੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਉਹਨਾਂ ਕਿਹਾ ਕਿ ਦੁਨੀਆਂ ਅੰਦਰ ਦੇਸ਼ਧ੍ਰਹ ਵਰਗੇ ਕਾਲੇ ਕਾਨੂੰਨ ਖਤਮ ਕੀਤੇ ਜਾ ਰਹੇ ਹਨ ਪਰ ਅਫਸੋਸ ਕਿ ਭਾਰਤ ਇਹਨਾਂ ਕਾਲੇ ਕਾਨੂੰਨਾਂ ਦੀ ਆੜ ਹੇਠ ਆਜ਼ਾਦੀ ਮੰਗਣ ਵਾਲਿਆਂ ਦੀ ਆਵਾਜ਼ ਨੂੰ ਅਦਾਲਤੀ ਪ੍ਰਕਿਿਰਆ ਰਾਂਹੀ ਖਾਮੋਸ਼ ਕਰ ਰਿਹਾ ਹੈ। “
ਜਥੇਬੰਦੀ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਨਵਾਂਸ਼ਹਿਰ ਜੱਜ ਨੇ ਨਿਆਂਪਾਲਿਕਾ ਦੀ ਸੀਮਾ ਤੋਂ ਅੱਗੇ ਜਾ ਕੇ ਸਰਕਾਰ ਦੀ ਭੂਮਿਕਾ ਨਿਭਾਈ ਹੈ । ਉਹਨਾਂ ਇਸ ਫੈਸਲੇ ਨੂੰ ਅਦਾਲਤੀ ਧੱਕਾ ਅਤੇ ਨਿਆਂ-ਵਿਰੋਧੀ ਦਸਿਆ ।
ਉਨ੍ਹਾਂ ਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕਤਰ ਪ੍ਰੋ ਮਹਿੰਦਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਪੰਥਕ ਫਰੰਟ ਦੇ ਆਗੂ ਸੁਖਦੇਵ ਸਿੰਘ ਭੌਰ ਵੀ ਧਰਨੇ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦ ਇਸ ਫੈਸਲੇ ਦੇ ਖਿਲਾਫ ਵਿਆਪਕ ਰੋਸ ਪਾਇਆ ਗਿਆ ਤਾਂ ਪੰਜਾਬ ਪੁਲਿਸ ਨੇ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਅਰਵਿੰਦਰ ਸਿੰਘ ‘ਤੇ ਹਥਿਆਰਾਂ ਦੀ ਸਪਲਾਈ ਦਾ ਇੱਕ ਹੋਰ ਮੁਕੱਦਮਾ ਪਾ ਦਿੱਤਾ ਜਿਸ ਤੋਂ ਪੁਲਿਸ, ਸਰਕਾਰ ਅਤੇ ਨਿਆਂ ਪ੍ਰਣਾਲੀ ਦੀ ਮਿਲੀ ਭੁਗਤ ਸਪਸ਼ਟ ਨਜ਼ਰ ਆਉਂਦੀ ਹੈ।
ਇਸ ਰੋਸ ਮੁਜ਼ਾਹਰੇ ਵਿਚ ਪੀੜਤ ਕਾਰਕੁੰਨ ਅਰਵਿੰਦਰ ਸਿੰਘ ਦੀ ਮਾਤਾ ਨੇ ਵੀ ਸ਼ਮੂਲੀਅਤ ਕੀਤੀ ।
ਜਥੇਦਾਰ ਸੁਖਦੇਵ ਸਿੰਘ ਭੌਰ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਰਤ ਮੁਲਕ ਵਿੱਚ ਵੱਖਰੀ ਰਾਏ ਰੱਖਣ ਅਤੇ ਬੋਲਣ ਵਾਲੀਆਂ ਧਿਰਾਂ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੱਜ ਰਣਧੀਰ ਵਰਮਾ ਦਾ ਇਹ ਫੈਸਲਾ ਬੋਲਣ ਦੇ ਹੱਕ ਨੂੰ ਦਬਾਉਣ ਅਤੇ ਫਿਰਕਾਪ੍ਰਸਤੀ ਵਾਲਾ ਨਜ਼ਰ ਆਉਂਦਾ ਹੈ।”
ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ, “ਦੋਸ਼ੀਆਂ ਦੇ ਖਿਲਾਫ ਇਲਜ਼ਾਮ ਹੈ ਕਿ ਉਨ੍ਹਾਂ ਕੋਲ 97 ਕਿਤਾਬਾਂ, 198 ਤਸਵੀਰਾਂ, ਸਾਕਾ 1978 ਦੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਅਤੇ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਦੀਆਂ ਕਿਤਾਬਾਂ ਮਿਲੀਆਂ ਹਨ। ਉਨ੍ਹਾਂ ਨੇ ਵਿਅੰਗਮਈ ਅੰਦਾਜ ਵਿੱਚ ਪੁੱਛਿਆ ਕਿ ਇਸ ਨਾਲ ਦੇਸ਼ ਵਿਰੁੱਧ ਜੰਗ ਕਿਵੇਂ ਹੋਈ? ਉਹਨਾਂ ਕਿਹਾ ਕਿ ਕੋਈ ਵੀ ਕਿਤਾਬ ਜਾਂ ਤਸਵੀਰ ਨੂੰ ਸਰਕਾਰ ਨੇ ਪਾਬੰਦੀਸ਼ੁਦਾ ਨਹੀਂ ਕੀਤਾ ਹੈ।
ਸਿੱਖ ਯੂਥ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਮੰਡ ਨੇ ਕਿਹਾ ਬਹੁਤ ਹੈਰਾਨੀ ਦੀ ਗੱਲ ਹੈ ਕਿ ਜੱਜ ਨੇ ਤੱਥਾਂ ਨੂੰ ਅਧਾਰ ਬਨਾਉਣ ਦੀ ਬਜਾਏ ਦੋਸ਼ੀਆਂ ਦੇ ਦਿਮਾਗ ਨੂੰ ਪੜ੍ਹਨ ਨੂੰ ਦੋਸ਼ ਸਾਬਿਤ ਕਰਨ ਲਈ ਵਰਤਿਆ ਹੈ। ਉਹਨਾਂ ਵਿਰੁੱਧ ਕੋਈ ਵੀ ਹਿੰਸਕ ਕਾਰਵਾਈ ਸਾਬਿਤ ਨਹੀਂ ਹੋਈ ਜਿਸ ਨਾਲ ਕਿ ਉਨ੍ਹਾਂ ਨੂੰ ਇੰਨੀ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਤਿੰਨੋ ਨੌਜਵਾਨਾਂ ਨੂੰ ਗੈਰ ਕਾਨੂੰਨੀ ਕਾਰਵਾਈ ਰੋਕਥਾਮ ਐਕਟ ਤਹਿਤ ਬਰੀ ਵੀ ਕੀਤਾ ਪਰ ਤਰਕ ਅਤੇ ਤੱਥਾਂ ਦੀ ਕਸਵੱਟੀ ‘ਤੇ ਫੈਸਲਾ ਲੰਗੜਾ ਅਤੇ ਨਿਆਂ-ਵਿਰੋਧੀ ਹੀ ਜਾਪਦਾ ਹੈ।
ਅੱਜ ਦੇ ਰੋਸ ਮੁਜ਼ਾਹਰੇ ਵਿੱਚ ਰਣਵੀਰ ਸਿੰਘ, ਦਲਜੀਤ ਸਿੰਘ ਮੌਲ਼ਾ, ਜਰਨੈਲ ਸਿੰਘ, ਜਸਵੀਰ ਸਿੰਘ ਖੰਡੂਰ, ਦਿਲਬਾਗ ਸਿੰਘ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਗੁਰਦੀਪ ਸਿੰਘ ਕਾਲਕੱਟ, ਪੰਜਾਬ ਯੂਨੀਵਰਸਟੀ ਤੋਂ ਐਸ.ਐਫ.ਐਸ ਦੇ ਆਗੂ ਸੰਦੀਪ ਸਿੰਘ ਨੇ ਵੀ ਹਿੱਸਾ ਲਿਆ।
Related Topics: Arwinder Singh - Sikh Activist, Dal Khalsa, H S Dhami, Indian Judicial System, Ranjit Singh - Sikh Activist, Shaheed Bhai Sukhdev Singh Babbar, Sukhdev SIngh Bhaur, Surjit Singh - Sikh Activist