February 6, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ/ਮੁੰਬਈ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ) ਦੀ ਅਰਥ-ਸ਼ਾਸਤਰ ਦੀ ਪ੍ਰੋਫੈਸਰ ਬੀਬੀ ਜੈਯਤੀ ਘੋਸ਼ ਨੇ ਲੰਘੇ ਐਤਵਾਰ ਨੂੰ ਮੁੰਬਈ ਵਿਖੇ ਕੇਂਦਰੀ ਬਜਟ ਬਾਰੇ ਬੋਲਦਿਆਂ ਆਖਿਆ ਕਿ ਬਜਟ ਵਿਚਲਾ ਹਰ ਇੱਕ ਅੰਕੜਾ ਝੂਠਾ ਹੈ।
ਸੰਸਾਰ ਦੇ ਉੱਘੇ ਅਰਥਸ਼ਾਸਤਰੀਆਂ ਵਿੱਚ ਸ਼ੁਮਾਰ ਬੀਬੀ ਜੈਯਤੀ ਘੋਸ਼ ਨੇ ਆਪਣੀ ਗੱਲ ’ਚ ਵਾਧਾ ਕਰਦਿਆਂ ਹੋਰ ਕਿਹਾ ਕਿ ਭਾਰਤ ਦੀ ਮੌਜੂਦਾ ਮੰਦੀ 1991 ਤੇ 2008 ਦੀਆਂ ਮੰਦੀਆਂ ਤੋਂ ਵੀ ਭਿਆਨਕ ਹੈ ਅਤੇ ਇਸ ਬਜਟ ਨੇ ਰੁਜ਼ਗਾਰ ਖੇਤਰ ਨੂੰ ਬਜਟ ਵਿਚ ਮਿਲਦੇ ਹਿੱਸੇ ਨੂੰ ਵੀ ਹੋਰ ਘਟਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਖੇਤਰਾਂ ਜਿਵੇਂ ਕਿ ਖੇਤੀਬਾੜੀ, ਸਿਹਤ, ਸਿੱਖਿਆ ਆਦਿ ਸਾਰਿਆਂ ਨੂੰ ਹੀ ਘਟਾ ਦਿੱਤਾ ਗਿਆ ਹੈ (ਜਿਸ ਨਾਲ ਰੁਜਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਬਜਾਏ ਪਹਿਲਿਆਂ ਉੱਤੇ ਵੀ ਮਾੜਾ ਅਸਰ ਪਵੇਗਾ)।
ਮੁੰਬਈ ਕੁਲੈਕਟਿਵ ਨਾਂ ਦੀ ਸੰਸਥਾ ਵੱਲੋਂ ਕਰਵਾਏ “ਭਾਰਤੀ ਅਰਥਚਾਰੇ – ਪਾਟਿਆ ਟਾਇਰ ਜਾਂ ਇੰਜਣ ਖਰਾਬ” (ਫਲੈਟ ਟਾਇਰ ਔਰ ਇੰਜਨ ਫੇਲੂਅਰ — ਦਾ ਇੰਡੀਅਨ ਇਕਾਨਮੀ) ਨਾਂ ਦੇ ਸਮਾਗਮ ਵਿੱਚ ਬੋਲਦਿਆਂ ਬੀਬੀ ਜਯੋਤੀ ਘੋਸ਼ ਨੇ ਆਖਿਆ ਕਿ ਬਜਟ ਵਿੱਚ ਪੇਸ਼ ਕੀਤਾ ਇਕੱਲਾ-ਇਕੱਲਾ ਅੰਕੜਾ ਗਲਤ ਹੈ, ਹਰ ਇੱਕ ਅੰਕੜਾ ਝੂਠਾ ਹੈ। ਉਨ੍ਹਾਂ ਕਿਹਾ ਕਿ ਮਾਲੀਏ ਦਾ ਹਰ ਇੱਕ ਅੰਕੜਾ, ਇਸ ਸਾਲ ਹੋਣ ਵਾਲੇ ਸਾਰੇ ਖਰਚਿਆਂ ਦੇ ਸੋਧੇ ਅੰਦਾਜ਼ੇ ਤੇ ਇਸ ਸਾਰੇ ਸਾਲ ਦਾ ਹੁਣ ਤੱਕ ਦਾ ਪ੍ਰਾਪਤ ਹੋਇਆ ਮਾਲੀਆ, ਗੱਲ ਕੀ, ਸਾਰੇ ਅੰਕੜੇ ਹੀ ਝੂਠ ਹਨ। ਇਸ ਗੱਲ ਤੇ ਹੋਰ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਬਜਟ ਘੱਟੋ ਘੱਟ ਇੱਕ ਮਹੀਨਾ ਅਗੇਤਾ ਪੇਸ਼ ਕੀਤਾ ਗਿਆ ਹੈ ਕਿਉਂਕਿ ਸਾਲ ਨੇ ਮਾਰਚ ਮਹੀਨੇ ਦੇ ਅਖੀਰ ਚ’ ਖਤਮ ਹੋਣਾ ਹੈ ਸਰਕਾਰ ਕੋਲ ਦਸੰਬਰ ਤੱਕ ਦੇ ਅੰਕੜੇ ਹਨ ਤੇ ਅਖੀਰਲੀ ਤਿਮਾਹੀ ਚ’ ਕੀ ਹੋਣਾ ਹੈ, ਇਸ ਦੇ ਸਾਰੇ ਅੰਦਾਜ਼ੇ ਹੀ ਲਾਏ ਗਏ ਹਨ ਤੇ ਇਹੀ ਉਹ ਥਾਂ ਹੈ ਜਿੱਥੇ ਇਨ੍ਹਾਂ ਨੇ ਸਾਰਾ ਝੂਠ ਬੋਲਿਆ ਹੈ।
ਬੀਬੀ ਘੋਸ਼ ਦੀ ਗੱਲ ਮੰਨੀ ਜਾਵੇ ਤਾਂ ਇਹ ਆਰਥਿਕ ਖਿਲਾਰਾ ਸੰਨ 2000 ਦੇ ਮੱਧ ਚ ਸ਼ੁਰੂ ਹੋ ਗਿਆ ਸੀ, ਉਹ ਸਮਾਂ ਜਿਸ ਨੂੰ ਕਿ ਆਰਥਿਕ ਸਿਖਰ ਦਾ ਸਮਾਂ ਦੱਸ ਕੇ ਜਸ਼ਨ ਮਨਾਏ ਗਏ ਸੀ। ਪਰ ਇਹੀ ਉਹ ਸਮਾਂ ਸੀ ਜਦੋਂ ਇਹਨਾਂ ਸਮੱਸਿਆਵਾਂ ਦੀ ਨੀਂਹ ਰੱਖੀ ਗਈ। ਇਹ ਤਰੱਕੀ ਇੱਕ ਨਾ ਬਰਾਬਰੀ ਤੇ ਖੜ੍ਹੀ ਹੋਈ ਸੀ ਤੇ ਇਸ ਨੇ ਅੱਗਿਓਂ ਹੋਰ ਨਾ ਬਰਾਬਰੀ ਨੂੰ ਜਨਮ ਦਿੱਤਾ। ਇਹ ਤਰੱਕੀ ਮਜ਼ਦੂਰ ਜਮਾਤ ਦੀ ਵੰਡ ਦੇ ਸਿਰ ਤੇ ਖੜ੍ਹੀ ਹੋਈ ਸੀ। ਇਹ ਤਰੱਕੀ ਰੁਜ਼ਗਾਰ ਦੇਣ ਵਾਲੇ ਕਾਰੋਬਾਰੀਆਂ ਦੀ ਇਸ ਕਾਬਲੀਅਤ ਦੇ ਸਿਰ ਤੇ ਹੀ ਖੜ੍ਹੀ ਹੋਈ ਸੀ ਕਿ ਓਹ ਲਿੰਗ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਖਿੱਤੇ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਮਜ਼ਦੂਰਾਂ ਦੀ ਹਰ ਤਰ੍ਹਾਂ ਦੀ ਸਮਾਜਿਕ ਵੰਡ ਰਾਹੀਂ ਮਜਦੂਰਾਂ ਦਾ ਕਿੰਨਾ ਸ਼ੋਸ਼ਣ ਕਰ ਸਕਦੇ ਹਨ। ਇਸ ਨੇ ਰੁਜ਼ਗਾਰ ਦੇਣ ਵਾਲਿਆਂ ਨੂੰ, ਕਾਰੋਬਾਰੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਕਿ ਉਹ ਮਜ਼ਦੂਰਾਂ ਦੇ ਇਸ ਸਮਾਜਿਕ ਵੰਡ ਰਾਹੀਂ ਕੀਤੇ ਜਾਂਦੇ ਸ਼ੋਸ਼ਣ ਦਾ ਪੂਰਾ ਲਾਹਾ ਲੈ ਕੇ ਸਸਤੀ ਤੋਂ ਸਸਤੀ ਮਜ਼ਦੂਰੀ ਕਰਾਉਣ ਤੇ ਇਹੋ ਇਸ ਤਰੱਕੀ ਦਾ ਮੁੱਖ ਤੱਤ ਸੀ।
ਇਸ ਸਮਾਗਮ ਦੀ ਪ੍ਰਧਾਨਗੀ ਮੁੰਬਈ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੀ ਸਾਬਕਾ ਨਿਰਦੇਸ਼ਕ ਬੀਬੀ ਰਿਤੂ ਦੀਵਾਨ ਨੇ ਕੀਤੀ। ਬੀਬੀ ਦੀਵਾਨ ਨੇ ਕਿਹਾ ਕਿ ਇਸ ਬਜਟ ਨੇ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਜਨਜਾਤਾਂ ਦੇ ਵਿਦਿਆਰਥੀਆਂ ਨੂੰ ਮਿਲਦੇ ਵਜ਼ੀਫਿਆਂ ਨੂੰ ਖੂਹ ਖਾਤੇ ਪਾ ਦਿੱਤਾ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਇਹ ਬਜਟ ਜਾਤ ਵਾਲੇ ਪੱਖ ਤੋਂ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜੇ ਬਜਟ ਵਿੱਚ ਅੰਕੜੇ ਹੀ ਨਾ ਹੋਣ ਜਾਂ ਸਹੀ ਨਾ ਹੋਣ ਤਾਂ ਅਰਥਸ਼ਾਸਤਰੀਆਂ ਲਈ ਕੰਮ ਕਰਨਾ ਔਖਾ ਹੋ ਜਾਂਦਾ ਹੈ।
ਉਨ੍ਹਾਂ ਦਿੱਲੀ ਦਰਬਾਰ ’ਤੇ ਵਿਅੰਗ ਕਰਦਿਆਂ ਕਿਹਾ ਕਿ ਅੰਕੜੇ ਅੱਜ ਦੇ ਨਵੇਂ ‘ਸ਼ਹਿਰੀ ਨਕਸਲ’ ਬਣ ਕੇ ਉੱਭਰੇ ਹਨ ਤੇ ਇਹ ਨਵੇਂ ‘ਦੇਸ਼ ਧਰੋਹੀ’ ਹਨ। ਜਿਨ੍ਹਾਂ ਨੂੰ ਕਿ ਅੰਦਰ ਬੰਦ ਕਰਕੇ ਰੱਖਣਾ ਚਾਹੀਦਾ ਹੈ ਤੇ ਜੋ ਕਿ ਮਿੰਨਤਾਂ ਕਰਨ ਤੇ ਵੀ ਬਾਹਰ ਨਹੀਂ ਆਉਣੇ ਚਾਹੀਦੇ।
Related Topics: Budget 2020-21, Indian State, JNU, Narendra Modi Led BJP Government in India (2019-2024)