December 9, 2014 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (8 ਦਸੰਬਰ, 2014): ਪਿੱਛਲੇ ਲੱਗਭਗ ਦਸ ਮਹੀਨਿਆਂ ਤੋਂ ਮਰ ਚੁੱਕੇ ਪਰ ਫਰੀਜ਼ਰ ਵਿੱਚ ਲੱਗੇ ਡੇਰੇ ਨੂਰਮਹਿਲ ਦੇ ਸਾਧ ਆਸ਼ੂਤੋਸ਼ ਦਾ ਪੁੱਤਰ ਤੇ ਕਾਨੂੰਨੀ ਵਾਰਿਸ ਹੋਣ ਦਾ ਦਾਅਵਾ ਕਰ ਰਹੇ ਬਿਹਾਰ ਵਾਸੀ ਦਲੀਪ ਕੁਮਾਰ ਝਾਅ ਵੱਲੋਂ ਹਾਈਕੋਰਟ ਦੇ ਇਕਹਿਰੇ ਬੈਂਚ ਵਾਲੇ ਆਸ਼ੂਤੋਸ਼ ਦਾ ਸਸਕਾਰ ਕਰਨ ਦੇ ਫ਼ੈਸਲੇ ਵਿਰੁੱਧ ਹਾਈਕੋਰਟ ਦੇ ਹੀ ਡਿਵੀਜ਼ਨ ਬੈਂਚ ਕੋਲ ਅਪੀਲ ਦਾਇਰ ਕਰ ਦਿੱਤੀ ਗਈ ਹੈ, ਜਿਸ ‘ਤੇ ਬੁੱਧਵਾਰ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਡੇਰੇ ਨੂਰਮਹਿਲ ਦੇ ਮ੍ਰਿਤਕ ਰੂਪ ‘ਚ ਰੱਖੇ ਹੋਏ ਮੁਖੀ ਆਸ਼ੂਤੋਸ਼ ਦਾ 15 ਦਸੰਬਰ ਤੱਕ ਅੰਤਿਮ ਸੰਸਕਾਰ ਕਰ ਦੇਣ ਵਾਲੇ ਫ਼ੈਸਲੇ ਨੂੰ ਕਰੀਬ ਇਕ ਹਫ਼ਤੇ ਬਾਅਦ ਵੀ ਚੁਣੌਤੀ ਦੇ ਦਿੱਤੀ ਗਈ ਹੈ।
ਦਲੀਪ ਝਾਅ ਵੱਲੋਂ ਆਪਣੇ ਵਕੀਲ ਐਸ.ਪੀ. ਸੋਈ ਰਾਹੀਂ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਉਨ੍ਹਾਂ ਮੁਤਾਬਿਕ ਇਕ ਪਾਸੜ ਹੈ, ਉਹ ਹਾਲੇ ਵੀ ਆਪਣੀ ਗੱਲ ‘ਤੇ ਕਾਇਮ ਹਨ ਕਿ ਆਸ਼ੂਤੋਸ਼ ਨੂੰ ਕਰੋੜਾਂ ਦੀ ਜ਼ਮੀਨ ਜਾਇਦਾਦ ਦੇ ਲਾਲਚ ਤੇ ਗੱਦੀ ਹਥਿਆਉਣ ਦੇ ਮਨਸ਼ੇ ਨਾਲ ਕਤਲ ਕੀਤਾ ਗਿਆ ਹੈ, ਜਿਸ ਕਰਕੇ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਹਰ ਹਾਲ ਪੋਸਟ ਮਾਰਟਮ ਹੋਵੇ ਤੇ ਨਿਰਪੱਖ ਜਾਂਚ ਲਈ ਮਾਮਲਾ ਸੀ.ਬੀ.ਆਈ. ਨੂੰ ਸੌਂਪਿਆ ਜਾਵੇ।
ਉਧਰ ਦੂਜੇ ਪਾਸੇ ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਵੱਲੋਂ ਵੀ ਇਕ ਦਸੰਬਰ ਦਾ ਫ਼ੈਸਲਾ ਨਾਮਨਜ਼ੂਰ ਕਰਦਿਆਂ ਇਸ ਨੂੰ ਮੁਲਤਵੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜਸਟਿਸ ਐਮ.ਐਮ.ਐਸ. ਬੇਦੀ ਕੋਲ ਅਰਜ਼ੀ ਦਾਇਰ ਕੀਤੀ ਜਾ ਚੁੱਕੀ ਹੈ, ਜਿਸ ‘ਤੇ ਅਗਲੀ ਸੁਣਵਾਈ 12 ਦਸੰਬਰ ਨੂੰ ਹੋਣ ਜਾ ਰਹੀ ਹੈ।
Related Topics: Dera noormahal ashutosh, Punjab and Haryana High Court