ਲੇਖ

ਮਰਨ-ਵਰਤਾਂ ਦੀ ਸਿਆਸਤ

April 26, 2011 | By

ਭਾਈ ਹਰਪਾਲ ਸਿੰਘ ਚੀਮਾ

ਭਾਈ ਹਰਪਾਲ ਸਿੰਘ ਚੀਮਾ

ਭਾਈ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਕ ਸੰਪਰਕ ਵਾਲੀ ਵੈਬਸਾਈਟ ਫੇਸਬੁੱਕ ਉੱਤੇ ਸਾਂਝੀ ਕੀਤੀ ਗਈ ਲਿਖਤ ਇਥੇ ਪਾਠਕਾਂ ਦੀ ਜਾਣਕਾਰੀ ਲਈ ਮੁੜ ਸਾਂਝੀ ਕਰ ਰਹੇ ਹਾਂ: ਸੰਪਾਦਕ।

ਅੰਨਾ ਹਜ਼ਾਰੇ ਵਲੋਂ ਮਰਨ ਵਰਤ ਰੱਖੇ ਜਾਣ ਕਾਰਨ ਦੇਸ਼ ਵਿਚ ਇਕ ਵਾਰ ਫਿਰ ਇਹ ਵਰਤ ਚਰਚਾ ਵਿੱਚ ਹਨ। ਪਿਛਲੇ ਦਿਨੀਂ ਨੌਜਵਾਨ ਸਿੱਖ ਪੱਤਰਕਾਰ ਸੁਰਜੀਤ ਸਿੰਘ ਗੋਪੀਪੁਰ ਨੇ ਰੋਜ਼ਾਨਾ ‘ਅਜੀਤ’ ਵਿੱਚ ਅਪਣੇ ਲੇਖ ਵਿੱਚ ਮਰਨ ਵਰਤਾਂ ਦੇ ਸਬੰਧ ਵਿਚ ਇਹ ਵਿਚਾਰ ਪੇਸ਼ ਕੀਤਾ ਹੈ ਕਿ ਜਿਹੜੀਆਂ ਮੰਗਾਂ ਸਿਸਟਮ ਨੂੰ ਸੂਖਮ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹੋਣ ਉਹ ਨਹੀਂ ਮੰਨੀਆਂ ਜਾਂਦੀਆਂ ਤੇ ਜਿਹੜੀਆਂ ਮੰਗਾਂ ਸਿਸਟਮ ਨੂੰ ਪ੍ਰਭਾਵਿਤ ਨਾ ਕਰਦੀਆਂ ਹੋਣ ਉਨ੍ਹਾਂ ਦੇ ਮੰਨ ਲਏ ਜਾਣ ਦੀ ਸੰਭਾਵਨਾ ਹੁੰਦੀ ਹੈ। ਇਹ ਸਤਰਾਂ ਪੜ੍ਹਣ ਤੋਂ ਬਾਅਦ ਸੰਤ ਫ਼ਤਿਹ ਸਿੰਘ ਵਲੋਂ 17 ਦਸੰਬਰ 1965 ਨੂੰ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੀ ਮੰਗ ਨੂੰ ਲੈ ਕੇ ਰੱਖੇ ਗਏ ‘ਮਰਨ ਵਰਤ’ ਤੇ ‘ਆਤਮ-ਦਾਹ’ (fast-undo-death and self-immolation)ਨਾਲ ਸਬੰਧਿਤ ਇਕ ਅਹਿਮ ਘਟਨਾ ਦੀ ਯਾਦ ਤਾਜ਼ਾ ਹੋ ਗਈ।ਇਸ ਲੇਖ ਵਿੱਚ ਉਨ੍ਹਾਂ ਸ਼ਹੀਦ ਦਰਸ਼ਨ ਸਿਘ ਫੇਰੂਮਾਨ ਦਾ ਜ਼ਿਕਰ ਕੀਤਾ ਹੈ।ਮਰਨ ਵਰਤ ਕਾਰਨ ਚਰਚਾ ਵਿੱਚ ਆਏ ਇਕ ਹੋਰ ਸਿੱਖ ‘ਸੰਤ’, ਜਿਨ੍ਹਾਂ ਨੇ ਸਿਆਸਤ ਵਿੱਚ ਸਿੱਖ ‘ਸੰਤਾਂ’ ਦੇ ਦਖ਼ਲ ਦੀ ਸ਼ੁਰੂਅਤ ਕੀਤੀ ਹੈ ਨਾਲ ਜੁੜੀ ਇਕ ਘਟਨਾ ਮੈਂ ਇੱਥੇ ਸਾਂਝੀ ਕਰ ਰਿਹਾ ਹਾਂ।

Partap Singh Baghiਮੈਂ ਅਤੇ ਪਰਮਜੀਤ ਸਿੰਘ ਸਿੱਧੂ, ਜਿਨ੍ਹਾਂ ਨੂੰ ਕਿ ਸਭਿਆਚਾਰਿਕ ਖੇਤਰ ਵਿੱਚ ‘ਪੰਮੀ ਬਾਈ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਜਿਨ੍ਹਾਂ ਨਾਲ ਮੈਂ ਕਾਲਜ ਦੀ ਕਾਨੂੰਨੀ ਪੜ੍ਹਾਈ (ਲਾਅ ਕਾਲਜ) ਤੋਂ ਲੈ ਕੇ ਸਭਿਆਚਾਰਿਕ ਮੰਚ ਤੱਕ ਦਾ ਸਮਾਂ ਗੁਜ਼ਾਰਿਆ। ਅੱਜ ਵੀ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਇਹ ਘਟਨਾ, ਜੋ ਮੈਂ ਇੱਥੇ ਪੇਸ਼ ਕਰ ਰਿਹਾ ਹਾਂ ਸਾਨੂੰ ਜ਼ਰੂਰ ਯਾਦ ਆ ਜਾਂਦੀ ਹੈ। 1980 ਵਿੱਚ ਜਦੋਂ ਅਸੀਂ ਲਾਅ ਕਾਲਜ ਵਿੱਚ ਪੜ੍ਹਦੇ ਸੀ ਤਾਂ ਅਸੀਂ ਇੱਕ ਦਿਨ ਦੇਰ ਰਾਤ ਸੁਨਾਮ ਤੋਂ ਇਨ੍ਹਾਂ ਦੇ ਪਿੰਡ ਜਖੇਪਲ ਪੈਦਲ ਤੁਰ ਕੇ ਗਏ। ਜਦੋਂ ਰਾਤ ਨੂੰ ਅਸੀਂ ਰੋਟੀ ਖਾਣ ਲੱਗੇ ਤਾਂ ਪੰਮੀ ਬਾਈ ਦੇ ਸਤਿਕਾਰਯੋਗ ਪਿਤਾ ਜੀ – ਸਵ: ਸ: ਪ੍ਰਤਾਪ ਸਿੰਘ ਬਾਗੀ ਜੋ 1952 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਸੁਨਾਮ ਤੋਂ ਕਮਿਊਨਿਸਟ ਧਿਰ ਦੇ ਉਮੀਦਵਾਰ ਸਨ ਤੇ ਮਹਾਰਾਜਾ ਮਹੇਸ਼ਇੰਰ ਸਿੰਘ (ਕੈਪਟਨ ਅਮਰਿੰਦਰ ਸਿੰਘ ਦੇ ਚਾਚਾ) ਤੋਂ ਕੁਝ ਕੁ ਵੋਟਾਂ ਦੇ ਫਰਕ ਨਾਲ ਹਾਰੇ ਸਨ। 1947 ਤੋਂ ਪਹਿਲਾਂ ਕਾਫੀ ਲੰਮਾ ਸਮਾਂ ਉਨ੍ਹਾ ਨੇ ਕਮਿਊਨਿਸਟ ਵਿਚਾਰਧਾਰਾ ਅਧੀਨ ਰੂਪੋਸ਼ ਰਹਿ ਕੇ ਅਜ਼ਾਦੀ ਸੰਘਰਸ਼ ਵਿੱਚ ਯੋਗਦਾਨ ਪਾਇਆ। ਮੈਂ ਸਮਝਦਾ ਹਾਂ ਕਿ, ਸਾਡੀਆਂ ਸਭਿਆਚਾਰਿਕ ਗਤੀਵਿਧੀਆਂ ਦੇ ਕਾਰਨ, ਉਨਾਂ ਦਾ ਵਿਚਾਰ ਸੀ ਕਿ ਅਸੀਂ ਅਪਣੇ ਭੱਵਿਖ ਪ੍ਰਤੀ ਗੰਭੀਰ ਨਹੀਂ ਹਾਂ। ਜਿਸ ਕਾਰਨ ਉਨ੍ਹਾਂ ਸਾਥੋਂ ਪੁੱਛਿਆ ਕਿ ਤੁਸੀਂ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ ਤਾਂ ਅਸੀਂ ਦੋਵਾਂ ਨੇ ਜਵਾਬ ਦਿੱਤਾ ਕਿ ਅਸੀਂ ਰਜਨੀਤੀ ਵਿੱਚ ਆਉਣਾ ਚਾਹੁੰਦੇ ਹਾਂ ਤਾਂ ਉਹ ਕਹਿਣ ਲੱਗੇ ਕਿ “ਜੇ ਤੁਸੀਂ ਰਾਜਨੀਤੀ ਵਿੱਚ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਅਪਣੇ ਜੀਵਨ ਦੀ ਇੱਕ ਘਟਨਾ ਸਾਂਝੀ ਕਰਨਾ ਚਾਹੁੰਦਾ ਹਾਂ। ਜੋ ਤੁਹਾਨੂੰ ਅਪਣੇ ਰਾਜਨੀਤਿਕ ਜੀਵਨ ਦੇ ਫੈਸਲੇ ਲੈਣ ਵਿਚ ਸਹਾਈ ਸਿੱਧ ਹੋਵੇਗੀ।

1965 ਵਿੱਚ ਸੰਤ ਫ਼ਤਿਹ ਸਿੰਘ ਵਲੋਂ ਰੱਖੇ ਗਏ ਮਰਨ ਵਰਤ ਨਾਲ ਜੁੜੀ ਇਕ ਬਹੁਤ ਹੀ ਅਹਿਮ ਯਾਦ ’ਤੇ ਰੌਸ਼ਨੀ ਪਾਉਂਦਿਆ ਉਨ੍ਹਾਂ ਜੋ ਸਾਨੂੰ ਦੱਸਿਆ, ਅੱਜ ਵੀ ਮੈਂ ਤੇ ਪੰਮੀ ਬਾਈ ਜਦੋਂ ਮਿਲਦੇ ਹਾਂ ਤਾਂ ਉਸ ਵਾਕਿਆਤ ਨੂੰ ਜ਼ਰੂਰ ਯਾਦ ਕਰਦੇ ਹਾਂ। ਉਨ੍ਹਾਂ ਸਾਨੂੰ ਦੱਸਿਆ ਕਿ ਉਸ ਸਮੇਂ ਉਹ ਸੰਤ ਫ਼ਤਿਹ ਸਿੰਘ ਦੇ ਪੀ.ਏ. ਹੁੰਦੇ ਸਨ। ਜਿਸ ਦਿਨ ਫ਼ਤਿਹ ਸਿੰਘ ਨੇ ਮਰਨ ਵਰਤ ਸਬੰਧੀ ਬਣਾਏ ਗਏ ਹਵਨ ਕੁੰਡ ਵਿੱਚ ਆਤਮ-ਦਾਹ ਕਰਨਾ ਸੀ, ਤੋਂ ਇਕ ਦਿਨ ਪਹਿਲਾਂ ਤੱਕ ਉਨ੍ਹਾਂ ਨੂੰ ਕੋਈ ਵੀ ਅਕਾਲੀ ਲੀਡਰ ਮਿਲਣ ਨਹੀਂ ਆਇਆ।Sant Fateh Singh

ਅੰਕਲ ਜੀ ਨੇ ਅਪਣੀ ਯਾਦ ਤਾਜ਼ਾ ਕਰਦਿਆਂ ਸਾਨੂੰ ਅੱਗੇ ਦੱਸਿਆ ਕਿ ਹਵਨ-ਕੁੰਡ ਵਿੱਚ ਆਤਮ-ਦਾਹ ਕਰਨ ਤੋਂ ਦੋ ਘੰਟੇ ਪਹਿਲਾਂ ਸੰਤ ਫ਼ਤਿਹ ਸਿੰਘ ਨੇ ਮੈਨੂੰ ਬੁਲਾਇਆ ਤੇ ਪੁੱਛਣ ਲੱਗੇ ਕਿ “ਕੀ ਕੀਤਾ ਜਾਵੇ?”

ਮੈਂ (ਅੰਕਲ ਜੀ ਨੇ) ਕਿਹਾ “ਸੰਤ ਜੀ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ? ਕੀ ਹੋਣਾ ਚਾਹੀਦੈ?

ਸੰਤ ਕਹਿਣ ਲੱਗੇ “ਆਹ ਜਿਹੜੇ ਅਕਾਲੀ ਲੀਡਰ ਨੇ ਸਾਰੇ, ਮੈਨੂੰ ਮਰਵਾਉਣਾ ਚਾਹੁੰਦੇ ਨੇ। ਉਹ ਮੈਨੂ ਜ਼ਿਊਂਦਾ ਨਹੀਂ ਵੇਖਣਾ ਚਾਹੁੰਦੇ। ਪਿਛਲੇ 24 ਘੰਟਿਆਂ ਤੋਂ ਇੱਥੇ ਕੋਈ ਨਹੀਂ ਬਹੁੜਿਆ।”

“ਮੈਂ ਸੰਤ ਨੂੰ ਪੁੱਛਿਆ, ਮੈਨੂੰ ਦੱਸੋ ਕੀ ਹੁਕਮ ਹੈ?”

ਸੰਤ ਫਤਿਹ ਸਿੰਘ ਨੇ ਕਿਹਾ ਕਿ “ਤੂੰ ਬਾਹਰ ਜਾ ਕੇ ਪ੍ਰੈਸ ਤੇ ਲੋਕਾਂ ਨੂੰ ਕਹਿ ਦੇ ਕੇ ਕੇਂਦਰ ਨੇ ਲਿਖਤੀ ਤੌਰ ’ਤੇ ਸਾਰੀਆਂ ਮੰਗਾਂ ਮੰਨ ਲਈਆਂ ਹਨ ਤੇ ਸੰਤ ਜੀ ਮਰਨ-ਵਰਤ ਤੋੜ ਦੇਣ।”

“ਮੈਂ ਸੰਤ ਫ਼ਤਿਹ ਸਿੰਘ ਦਾ ਇਹ ‘ਹੁਕਮ’ ਮੰਨਣ ਤੋਂ ਮਜ਼ਬੂਰੀ ਪ੍ਰਗਟ ਕਰ ਦਿੱਤੀ ਅਤੇ ਕਿਹਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਸ ਪਵਿੱਤਰ ਧਰਤੀ ’ਤੇ ਬੈਠੇ ਹੋ, ਘੱਟੋ-ਘੱਟ ਇਸ ਥਾਂ ’ਤੇ ਤਾਂ ਤੁਸੀਂ ਮੇਰੇ ਕੋਲੋਂ ਇੰਨਾ ਵੱਡਾ ਝੂਠ ਨਾ ਬੁਲਾਓ।”

ਇਸ ’ਤੇ ਸੰਤ ਫ਼ਤਿਹ ਸਿੰਘ ਬੋਲੇ ਕਿ “ ਪ੍ਰਤਾਪ ਸਿੰਹਾ, ਤਾਂ ਤੂੰ ਵੀ ਅਕਾਲੀਆਂ ਨਾਲ ਮਿਲਿਆ ਹੋਇਆ ਹੈਂ ਤੇ ਮੈਨੂੰ ਜ਼ਿਊਂਦਾ ਨਹੀਂ ਵੇਖਣਾ ਚਾਹੁੰਦਾ।”

ਅੰਕਲ ਜੀ ਨੇ ਦੱਸਿਆ ਮੈਂ ਚਾਰ-ਪੰਜ ਮਿੰਟ ਹੱਥ ਜੋੜ ਕੇ ਉੱਥੇ ਖੜ੍ਹਾ ਰਿਹਾ।

ਸੰਤਾਂ ਨੇ ਪੁੱਛਿਆ ਕਿ “ਤੂੰ ਕਿੱਕਰ ਸਿੰਘ ਨੂੰ ਤਾਂ ਬੁਲਾ ਸਕਦੈਂ ਨਾ?”

“ਕਿੱਕਰ ਸਿੰਘ ਸੰਤ ਫ਼ਤਿਹ ਸਿੰਘ ਦਾ ਡਰਾਈਵਰ ਸੀ ਤੇ ਬਹੁਤ ਲੰਮੇ ਸਮੇਂ ਤੋਂ ਉਨ੍ਹਾ ਦੇ ਨਾਲ ਹੀ ਰਹਿ ਰਿਹਾ ਸੀ ਤੇ ਮੈਂ ਕਿੱਕਰ ਸਿਘ ਨੂੰ ਬੁਲਾ ਲਿਆਇਆ।”

ਫ਼ਤਿਹ ਸਿੰਘ ਨੇ ਕਿੱਕਰ ਸਿੰਘ ਨੂੰ ਵੀ ਉਹੀ ਸ਼ਬਦ ਕਹੇ ਕਿ ਉਹ ਬਾਹਰ ਜਾ ਕੇ ਮੀਡੀਏ ਤੇ ਲੋਕਾਂ ਨੂੰ ਕਹਿ ਦਵੇ ਕਿ ਕੇਂਦਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ ਤੇ ਸੰਤ ਜੀ ਮਰਨ ਵਰਤ ਤੋੜ ਦੇਣ। ਨਾਲ ਇਹ ਵੀ ਕਹਿ ਦਿੱਤਾ ਕਿ ਬਾਹਰੋਂ ਵਾਪਸ ਆਉਂਦਾ ਹੋਇਆ, ਮਰਨ-ਵਰਤ ਤੋੜਨ ਲਈ ਜੂਸ ਦਾ ਗਲਾਸ ਵੀ ਆਪ ਹੀ ਫੜ ਲਿਆਵੇ।

ਕਿੱਕਰ ਸਿੰਘ ਨੇ ਸੰਤ ਫਤਿਹ ਸਿੰਘ ਨੂੰ “ਸਤਿ ਬਚਨ” ਕਹਿ ਕੇ ਬਾਹਰ ਜਾ ਕੇ ਪ੍ਰੈਸ ਤੇ ਲੋਕਾਂ ਅੱਗੇ ਸੰਤ ਜੀ ਦੇ ਸ਼ਬਦ ਦੁਹਰਾਅ ਦਿੱਤੇ।

ਅੰਕਲ ਜੀ ਨੇ ਸਾਨੂੰ ਦੱਸਿਆ ਕਿ “ਇਸ ਤੋਂ ਬਾਅਦ ਸੰਤ ਫ਼ਤਿਹ ਸਿੰਘ ਨੇ ਅੱਖਾਂ ਨਾਲ ਹੀ, ਜਿਸ ਪਾਸੇ ਮੇਰਾ ਕੱਪੜਿਆਂ ਵਾਲਾ ਬੈਗ ਪਿਆ ਸੀ, ਵੱਲ ਇਸ਼ਾਰਾ ਕੀਤਾ ਕਿ ਮੈਂ ਹੁਣ ਇੱਥੋਂ ‘ਛੁੱਟੀ’ ਕਰ ਜਾਵਾਂ। ਜੋ ਗੁੱਸਾ ਉਸ ਸਮੇਂ ਸੰਤ ਫ਼ਤਿਹ ਸਿੰਘ ਦੀਆਂ ਅੱਖਾਂ ਵਿਚ ਮੈਂ ਵੇਖਿਆ, ਉਹ ਇਹੀ ਭਾਵ ਪ੍ਰਗਟ ਕਰ ਰਿਹਾ ਸੀ ਕਿ ਮੈਂ ਹੁਣ ਮੁੜ ਕੇ ਉਨ੍ਹਾਂ ਨੂੰ ਅਪਣੀ ਸ਼ਕਲ ਨਾ ਵਿਖਾਵਾਂ… ਮੈਂ ਅਪਣਾ ਬੈਗ ਚੁੱਕ ਕੇ ਘਰ ਆ ਗਿਆ ਅਤੇ ਸਦਾ ਲਈ ਰਾਜਨੀਤੀ ਨੂੰ ਤਿਲਾਂਜਲੀ ਦੇ ਦਿੱਤੀ। ਕਿੱਕਰ ਸਿੰਘ ਵਲੋਂ ਨਿਭਾਈ ‘ਸੇਵਾ’ ਦੇ ਇਵਜ਼ ਵਿੱਚ ਉਸਨੂੰ ਲੋਕ ਸਭਾ ਦੀ ਟਿਕਟ ਮਿਲ ਗਈ ਤੇ ਉਹ ਪੰਜ ਸਾਲ ਲਈ ਲੋਕ ਸਭਾ ਦਾ ਮੈਂਬਰ ਰਿਹਾ।ਮਰਨ ਵਰਤ ਦੀ ਸਿਆਸਤ ਵਿੱਚੋਂ ਕਿੱਕਰ ਸਿੰਘ ਦੇ ਸੰਸਦ ਮੈਂਬਰ ਬਣਨ ਅਤੇ ਧੰਨਾ ਸਿੰਘ ਗੁਲਸ਼ਨ ਦੇ ਹਾਰਨ ’ਤੇ ਸੋਸ਼ਲਿਸਟ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਜ ਨਰਾਇਣ ਇਹ ਟਿੱਪਣੀ ਕਰਨ ਲਈ ਮਜ਼ਬੂਰ ਹੋ ਗਏ ਸਨ ਕਿ “ਬਾਹ ਸਿੱਖੋਂ ਕੀ ਵੀ ਕਿਆ ਬਾਤ ਹੈ, ਯਹ ‘ਗੁਲਸ਼ਨ’ ਉਖਾੜ ਕਰ ‘ਕਿੱਕਰ’ ਉਗਾਤੇ ਹੈਂ।”

ਅੰਕਲ ਜੀ ਨੇ ਸਾਨੂੰ ਸਮਝਾਉਂਦਿਆ ਕਿਹਾ ਕਿ ਰਾਜਨੀਤੀ ਵਿੱਚ ਅਣਖ ਤੇ ਗੈਰਤ ਨੂੰ ਮਾਰ ਕੇ ਹੀ ਕੋਈ ਆਦਮੀ ਅੱਗੇ ਵਧ ਸਕਦਾ ਹੈ।ਇਸ ਘਟਨਾ ਨੂੰ ਜਾਣਨ ਪਿੱਛੋਂ ਦੇਸ਼ ਵਿਚ ਵਿਚਲੇ ਮਰਨ ਵਰਤਾਂ ਦੇ ਸ਼ੁਰੂ ਤੇ ਖ਼ਤਮ ਕਰਨ ਦੀ ਸਿਆਸਤ ਆਸਾਨੀ ਨਾਲ ਸਮਝੀ ਜਾ ਸਕਦੀ ਹੈ।

ਹਾਲ ਹੀ ਵਿੱਚ ਸਿੱਖ ਕੌਮ ਵਿਚ ਵੀ ‘ਅੰਨਾ ਹਾਜ਼ਰੇ’ ਦੀ ਕੁਝ ਸਿੱਖ ਚਿੰਤਕਾਂ ਨੇ ਲੋੜ ਮਹਿਸੂਸ ਕੀਤੀ ਹੈ ਪਰ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਹੀ ਕਿਸੇ ਨੂੰ ਕੌਮ ਦੇ ‘ਅੰਨਾ ਹਜ਼ਾਰੇ’ ਵਜੋਂ ਸਾਹਮਣੇ ਆਉਣ ਚਾਹੀਦਾ ਹੈ ਕਿ ਪਹਿਲਾਂ ਸਾਹਮਣੇ ਆਏ ‘ਅੰਨਾ ਹਜ਼ਾਰੇ’ ਅਪਣੇ ਮਕਸਦ ਵਿੱਚ ਕਿੰਨਾ ਕੁ ਰੋਲ ਅਦਾ ਕਰ ਸਕੇ ਹਨ! ਅਸਲ ਵਿਚ ਸਿੱਖ ਕੌਮ ਨੂੰ ਅਪਣੀਆਂ ਮੰਗਾਂ ਮਨਵਾਉਣ ਲਈ ਕਿਸੇ ‘ਅੰਨਾ ਹਜ਼ਾਰੇ’ ਨਹੀਂ ਸਗੋਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਰਗੇ ਦ੍ਰਿੜ੍ਹ ਇਰਾਦੇ ਵਾਲੇ ਸਿੱਖਾਂ ਦੀ ਲੋੜ ਹੈ, ਜਿਨ੍ਹਾਂ ਨੇ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਸੰਕਲਪ ਨੂੰ ਅਪਣੀ ਜ਼ਿਦਗੀ ਦਾ ਮਕਸਦ ਬਣਾਇਆ ਹੋਵੇ।

– ਹਰਪਾਲ ਸਿੰਘ ਚੀਮਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: